ਪੰਜਾਬ ਦੀ ਹਸਤੀ ਗੁਰਮਤਿ ਕ੍ਰਾਂਤੀ ਨਾਲ ਹੀ ਕਾਇਮ ਰਹਿ ਸਕਦੀ ਹੈ
ਡਾ. ਗੁਰਭਗਤ ਸਿੰਘ
ਪੰਜਾਬ ਚਿੰਤਨ ਦੀ ਪੱਧਰ ਉੱਤੇ ਦੋ ਪ੍ਰਮੁੱਖ ਕ੍ਰਾਂਤੀਆਂ ਵਿਚੋਂ ਲੰਘਿਆ ਹੈ। ਪਹਿਲੀ ਕ੍ਰਾਂਤੀ ਰਿਗਵੇਦ ਨੇ ਲਿਆਂਦੀ। ਪਰ ਰਿਗਵੇਦਿਕ ਕ੍ਰਾਂਤੀ ਦੀ ਪ੍ਰਮੁੱਖ ਗੱਲ ਇਹ ਹੈ ਕਿ ਇਹ ਕੁੱਲ ਸ੍ਰਿਸ਼ਟੀ ਨੂੰ ਦੈਵੀ ਮੰਨਦਾ ਸੀ। ਸੰਗੀਤ, ਗੀਤ ਅਤੇ ਕਰਮਕਾਂਡ ਹੀ ਇਸ ਦੈਵੀ ਸ੍ਰਿਸ਼ਟੀ ਦਾ ਸੰਚਾਲਨ ਕਰਦੇ ਹਨ। ਪਰ ਇਸ ਕ੍ਰਾਂਤੀ ਨੂੰ ਵੇਦਾਂਤ ਦੀ ਇਕਪਾਸੜ ਸੋਚ ਨੇ ਹਥਿਆ ਲਿਆ। ਪੰਜਾਬ ਦੀ ਦੂਜੀ ਪ੍ਰਮੁੱਖ ਕ੍ਰਾਂਤੀ, ਬੋਧੀ ਸਹਜਯਾਨ ਅਤੇ ਸਿੱਖ ਗੁਰੂ ਸਾਹਿਬਾਨ ਵੱਲੋਂ ਲਿਆਂਦੀ ਗਈ। ਬੋਧੀ ਸਹਜਯਾਨੀਆਂ ਨੇ ਆਪਣੇ ਪਰਵਚਨਾਂ ਵਿਚ 'ਨਿਮਨਵਰਗਾਂ' ਵੱਲੋਂ ਕੀਤੀਆਂ ਵਿਆਖਿਆਵਾਂ ਨੂੰ ਵੀ ਪਰਮਾਣਿਕਤਾ ਦਿੱਤੀ। ਸਹਜਯਾਨੀਆਂ ਦਾ ਇਹ ਫਤਵਾ ਵੇਦਾਂਤਕ ਸ੍ਰਿਸ਼ਟੀ ਦਾ ਵਿਰੋਧ ਸੀ ਅਤੇ ਬਹੁ-ਪੱਖਤਾ ਵੱਲ ਵੱਡਾ ਕਦਮ ਸੀ। ਸਹਜਯਾਨੀ ਜਗਤ-ਦ੍ਰਿਸ਼ਟੀ ਦੀ ਪੂਰਨਤਾ ਸਿੱਖ ਗੁਰੂ ਸਾਹਿਬਾਨ ਅਤੇ ਭਗਤਾਂ ਦੇ 'ਵਿਸਮਾਦੀ ਵਾਹਿਗੁਰੂ' ਸੰਕਲਪ ਦੇ ਉਸਰਨ ਨਾਲ ਹੋਈ। ਵੈਸੇ ਵਾਹਿਗੁਰੂ ਦਾ ਅਰਥ ਵੀ ਵਿਸਮਾਦ ਦਾ ਗੁਰੂ ਹੈ। ਇਹ ਸਥਾਪਤ ਕਰ ਦਿੱਤਾ ਗਿਆ ਕਿ ਵਾਹਿਗੁਰੂ, ਬਹੁ-ਅੰਸ਼ੀ ਸਿਰਜਨਾ ਦਾ ਕਰਤਾਰ ਹੈ। ਉਸ ਦੀ ਸਿਰਜਨਾ ਵਿਚ 'ਹੁਕਮ' ਅਨੁਸਾਰ ਇਕ ਅੰਤਰ-ਸੰਵਾਦੀ ਏਕਤਾ ਹੈ, ਪਰ ਇਸ ਦੀ ਬਹੁ-ਪੱਖੀ ਵਿਆਖਿਆ ਸੰਭਵ ਹੈ। ਇਸ ਲਈ ਕਿਸੇ ਇਕ ਵਿਆਖਿਆ ਦੀ ਅਜ਼ਾਰੇਦਾਰੀ ਜਾਂ ਸਰਦਾਰੀ ਨਹੀਂ ਚੱਲ ਸਕਦੀ।
ਬ੍ਰਹਿਮੰਡ ਅਤੇ ਜੀਵਨ ਅਭਿਆਸ, ਜਿਸ ਵਿਚ ਰਾਜਨੀਤਕ ਅਤੇ ਸਮਾਜਕ ਸੰਰਚਨਾਵਾਂ ਸ਼ਾਮਿਲ ਹਨ, ਵਿਸਮਾਦੀ ਬਣਾਏ ਜਾਣ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਦਾ ਆਦੇਸ਼ ਹੈ। ਜੇ ਰਾਜਨੀਤਕ-ਸਮਾਜਕ ਸੰਰਚਨਾਵਾਂ ਵਿਸਮਾਦ ਅਨੁਸਾਰ ਸੰਗਠਿਤ ਕੀਤੀਆਂ ਜਾਣ ਤਾਂ ਉਹ ਨਿਆਂਪਾਲਿਕਾ, ਸ਼ੋਸ਼ਣ ਜਾਂ ਲੁੱਟ-ਖਸੁੱਟ ਤੋਂ ਰਹਿਤ ਹੋਣਗੀਆਂ, ਇਹ ਆਸ ਕੀਤੀ ਜਾ ਸਕਦੀ ਹੈ। ਪਰ ਪੰਜਾਬ ਦੀ ਹਸਤੀ ਨੂੰ ਵਿਸਮਾਦੀ ਪਰਿਪੇਖ ਤੋਂ ਸਮਝਣਾ ਅਤੇ ਪੁਨਰ ਨਿਸ਼ਚਿਤ ਕਰਨਾ ਕਿਸੇ ਰਾਜਨੀਤਕ ਪਾਰਟੀ ਦੇ ਪ੍ਰੋਗਰਾਮ ਵਿਚ ਸ਼ਾਮਲ ਨਹੀਂ। ਸਗੋਂ ਇਸ ਤੋਂ ਉਲਟ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਦਾ ਮਾਣ ਕਰਨ ਵਾਲਿਆਂ ਦੀ ਦਿਲਚਸਪੀ ਕੇਵਲ ਗੁਰਦੁਆਰਿਆਂ ਦੀ ਲਿੱਪਾ ਪੋਚੀ ਕਰਨ ਅਤੇ ਉਨ੍ਹਾਂ ਦੁਆਲੇ ਸੜਕਾਂ ਬਣਾਉਣ ਤਕ ਸੀਮਿਤ ਹੋ ਗਈ ਹੈ। ਇਹ ਸੇਵਾ ਵੀ ਠੀਕ ਹੈ ਪਰ ਇਸ ਤੋਂ ਅੱਗੇ ਜਾ ਕੇ ਪੰਜਾਬ ਦੀ ਹਸਤੀ ਨੂੰ ਨਿਸ਼ਚਿਤ ਕਰਨ ਵਾਲੇ ਅੰਸ਼ ਸਮਝ ਕੇ ਹਸਤੀ ਨੂੰ ਅੱਗੇ ਤੋਰਨ ਦੇ ਜਤਨ ਇਕ ਵਡੇਰੀ ਪ੍ਰਾਪਤੀ ਹੋਵੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਜੋ ਕ੍ਰਾਂਤੀ ਲਿਆਂਦੀ ਅਤੇ ਜਿਸ ਦਾ ਅਭਿਆਸ ਅਜੇ ਅਪੂਰਨ ਪਿਆ ਹੈ, ਉਸ ਨੂੰ ਆਪਣੇ ਆਪ ਨੂੰ 'ਸੈਕੂਲਰ' ਸਿੱਧ ਕਰਨ ਲਈ ਅਣਗੌਲਿਆਂ ਰੱਖਣਾ ਪੰਜਾਬ ਦਾ ਨੁਕਸਾਨ ਕਰਨਾ ਹੈ। ਇਸ ਲਈ ਪੰਜਾਬ ਦੀਆਂ ਸਭ ਰਾਜਨੀਤਕ ਪਾਰਟੀਆਂ ਬਰਾਬਰ ਦੋਸ਼ੀ ਹਨ।
ਆਪਣੀ ਹਸਤੀ ਬਾਰੇ ਕੋਈ ਸਿਧਾਂਤ ਜਾਂ ਸ੍ਵੈ-ਚੇਤਨਤਾ ਦੀ ਅਣਹੋਂਦ ਨਾਲ ਵਿਸ਼ਵ-ਆਰਥਿਕਤਾ ਵਿਚ ਪਰਵੇਸ਼ ਪੂਰੀ ਪ੍ਰਫੁੱਲਤਾ ਨਹੀਂ ਲਿਆ ਸਕਦਾ। ਅਮਰੀਕਾ ਅਤੇ ਚੀਨ ਨੂੰ ਭਲੀ ਭਾਂਤ ਪਤਾ ਹੈ ਕਿ ਉਹ ਕੀ ਹਨ, ਉਨ੍ਹਾਂ ਦੇ ਦਾਈਏ ਕੀ ਹਨ। ਉਹ ਵਿਸ਼ਵ ਆਰਥਿਕਤਾ ਵਿਚ ਪੂਰੀ ਸ੍ਵੈ-ਚੇਤਨਤਾ ਨਾਲ ਵਿਚਰਦੇ ਹਨ। ਨਹਿਰੂ ਕਾਲ ਤੋਂ ਪਿੱਛੋਂ ਭਾਰਤ ਨੇ ਵੀ ਆਪਣੇ ਬਾਰੇ ਕੋਈ ਵਿਲੱਖਣਤਾ ਦਾ ਸਿਧਾਂਤ ਕਾਇਮ ਨਹੀਂ ਰੱਖਿਆ। ਪੰਜਾਬ ਦੇ ਹਸਤੀ-ਸਿਧਾਂਤ ਨੇ ਭਾਰਤੀ ਸ੍ਵੈ-ਚੇਤਨਤਾ ਅਤੇ ਵਿਸ਼ਵ-ਆਰਥਿਕਤਾ ਦੋਹਾਂ ਵਿਚੋਂ ਲੰਘਣਾ ਹੈ, ਇਨ੍ਹਾਂ ਤੋਂ ਪ੍ਰਭਾਵਿਤ ਵੀ ਹੋਣਾ ਹੈ ਅਤੇ ਆਪਣੀ ਵਿਲੱਖਣਤਾ ਵੀ ਕਾਇਮ ਰੱਖਣੀ ਹੈ, ਪਰ ਜੇ ਵਿਲੱਖਣਤਾ ਬਾਰੇ ਕੋਈ ਸਿਧਾਂਤ ਹੀ ਮੌਜੂਦ ਨਹੀਂ ਤਾਂ ਭਾਰਤੀ ਅਤੇ ਵਿਸ਼ਵ ਸੰਰਚਨਾਵਾਂ ਵਿਚੋਂ ਲੰਘ ਜਾਣ ਦੀ ਥਾਂ ਗੁਆਚ ਜਾਣ ਦੀ ਸੰਭਾਵਨਾ ਵੱਧ ਹੈ। ਬਹੁਤ ਪ੍ਰਭਾਵਸ਼ਾਲੀ ਅਤੇ ਮੌਲਿਕ ਹਸਤੀ ਪ੍ਰਾਪਤ ਹੋਣ ਦੇ ਬਾਵਜੂਦ ਪੰਜਾਬ ਦੇ ਭਾਰਤੀ ਅਤੇ ਵਿਸ਼ਵੀ ਆਰਥਿਕਤਾ ਵਿਚ ਸ਼ਰੀਕ ਹੋਣ ਦੇ ਫੈਸਲੇ ਸਭ ਸਤੱਹੀ ਹਨ। ਦਿਸ਼ਾਹੀਣ ਹਨ। ਅਜਿਹੀ ਸ਼ਮੂਲੀਅਤ ਜੇ ਕੁਝ ਹੋਰ ਅਮੀਰੀ ਲੈ ਵੀ ਆਵੇਗੀ ਤਾਂ ਉਸ ਦਾ ਕੋਈ ਵੱਡਾ ਅਰਥ ਨਹੀਂ ਬਣਨਾ, ਕਿਉਂਕਿ ''ਅਸੀਂ ਕੌਣ ਹਾਂ?'' ਦੀ ਚੇਤਨਤਾ ਗਾਇਬ ਹੋਵੇਗੀ।
ਅੱਜ ਤੱਕ ਪੰਜਾਬ ਨੇ ਆਪਣੇ ਅਵਚੇਤਨ ਵਿਚ ਉਪਰ ਵਰਣਨਿਤ ਦੋਨੋਂ ਕ੍ਰਾਂਤੀਆਂ ਦੀਆਂ ਗੱਲਾਂ ਸਾਂਭੀਆਂ ਹੋਈਆਂ ਹਨ ਕਿ ਕੁੱਲ ਸ੍ਰਿਸ਼ਟੀ ਦੈਵੀ ਹੈ, ਵਾਹਿਗੁਰੂ ਅਤੇ ਉਸ ਦੀ ਸਿਰਜਨਾ ਬਹੁ-ਰੰਗੀ ਹੈ। ਇਸ ਦੇ ਵੱਖੋ-ਵੱਖ ਰੰਗ ਸਮਾਪਤ ਨਹੀਂ ਕੀਤੇ ਜਾ ਸਕਦੇ। ਪੂੰਜੀ ਪਰਮਾਣੀਕ ਤਾਂ ਹੀ ਹੈ ਜੋ ਇਹ ਵੀ ਵਿਸਮਾਦੀ ਹੈ। ਵਿਸਮਾਦੀ ਪੂੰਜੀ ਦਾ ਅਰਥ ਇਸ ਦੇ ਬਹੁ-ਪੱਖੀ ਸਿਰਜਨਾ ਦੇ ਨਾਲ ਅਤੇ ਇਸ ਦੇ ਕਰਤਾਰ ਨਾਲ ਇਕਸੁਰ ਹੋਣਾ ਹੈ। ਸਾਰੇ ਨੈੱਟਵਰਕ ਵੀ ਇਸ ਤਰ੍ਹਾਂ ਸਥਾਪਿਤ ਕੀਤੇ ਜਾਣ ਕਿ ਵਿਸਮਾਦ ਝਰਦਾ ਰਹੇ। ਪੂੰਜੀ ਨੂੰ ਪਾਵਨ ਪੂੰਜੀ ਵਜੋਂ ਪ੍ਰਾਪਤ ਕਰਨਾ ਅਤੇ ਅੱਗੋਂ ਵਿਕਸਿਤ ਕਰਨਾ ਤਦ ਹੀ ਸੰਭਵ ਹੈ ਜੇ ਪੂੰਜੀ ਵਿਚ ਨਿਆਂ ਦਾ ਮੁੱਦਾ ਅਤੇ ਕਾਇਨਾਤੀ ਸ਼ਾਇਰੀ ਦਾ ਮੁੱਦਾ ਕਾਇਮ ਰਹੇ। ਵਿਸ਼ਵ ਪੂੰਜੀ ਅਤੇ ਭਾਰਤੀ ਪੂੰਜੀ, ਸ੍ਰੀ ਗੁਰੂ ਗੰ੍ਰਥ ਸਾਹਿਬ ਵਿਚ ਦੱਸੀ ਦੈਵੀ ਪੂੰਜੀ ਬਾਰੇ ਚੇਤੰਨ ਨਹੀਂ। ਵਿਸ਼ਵ ਪੂੰਜੀ ਅਤੇ ਭਾਰਤੀ ਪੂੰਜੀ ਵਿਚੋਂ ਪੰਜਾਬ ਦੇ ਥੀਮ ਨਾਲ ਲੰਘਣਾ ਔਖਾ ਹੈ।
ਸਾਡੇ ਸਮਿਆਂ ਦਾ ਸਭ ਤੋਂ ਵੱਡਾ ਪ੍ਰਸ਼ਨ ਇਹੀ ਹੈ ਕਿ ਜੀਵਨ ਦੇ ਸੰਗਠਨਾਂ ਅਤੇ ਸੰਰਚਨਾਵਾਂ ਨੂੰ ਲੋਟੂ ਪੂੰਜੀ ਨਾਲ ਉਸਾਰਨਾ ਹੈ ਜਾਂ ਨਿਆਂਪਾਲਿਕ, ਦੈਵੀ ਪੂੰਜੀ ਨਾਲ। ਇੱਥੇ ਹੀ ਪੰਜਾਬ ਦਾ ਰੋਲ ਬਣਦਾ ਹੈ। ਪਰ ਇਹ ਰੋਲ ਤਦ ਹੀ ਨਿਭਾਇਆ ਜਾ ਸਕਦਾ ਹੈ ਜੇ ਪੰਜਾਬ ਆਪਣੇ ਇਸ ਰੋਲ ਨੂੰ ਸਮਝੇ। ਪੰਜਾਬ ਦਾ ਆਪਣੀ ਸਿਧਾਂਤਕ ਵਿਰਾਸਤ ਅਨੁਸਾਰ ਚੱਲਣਾ ਵਿਸ਼ਾਲ ਅਰਥਾਂ ਵਿਚ ਮਨੁੱਖਵਾਦੀ ਹੋਵੇਗਾ, ਕੱਟੜ ਪੰਥੀ ਕ੍ਰਿਆ ਨਹੀਂ। ਇਹ ਹੁਣ ਤੱਕ ਵਾਪਰਿਆ ਨਹੀਂ, ਕਿਉਂਕਿ ਪੰਜਾਬ ਦੀਆਂ ਰਾਜਸੀ ਪਾਰਟੀਆਂ ਪੰਜਾਬ ਦੀ ਇਸ ਵਿਰਾਸਤ ਬਾਰੇ ਅਗਿਆਨੀ ਹਨ। ਪੰਜਾਬ ਦੀ ਇਸ ਸਿਧਾਂਤਕ ਵਿਰਾਸਤ ਬਾਰੇ ਸਿਰਜਨਾਤਮਕ ਕੰਮ ਕਰਨ ਦੀ ਜ਼ਿੰਮੇਵਾਰੀ ਯੂਨੀਵਰਸਿਟੀਆਂ ਨੇ ਵੀ ਨਿਭਾਉਣੀ ਸੀ। ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਕਿਉਂਕਿ ਰਾਜਸੀ ਪਾਰਟੀਆਂ ਵੱਲੋਂ ਨਿਸ਼ਚਿਤ ਹੁੰਦੇ ਹਨ। ਉਨ੍ਹਾਂ ਨੇ ਯੂਨੀਵਰਸਿਟੀਆਂ ਨੂੰ ਰਾਜਸੀ ਪਾਰਟੀਆਂ ਵੱਲੋਂ ਨਿਸ਼ਚਿਤ ਹੁੰਦੇ ਹਨ। ਉਨ੍ਹਾਂ ਨੇ ਯੂਨੀਵਰਸਿਟੀਆਂ ਨੂੰ ਰਾਜਸੀ ਪਾਰਟੀਆਂ ਦੇ ਔਜ਼ਾਰ ਵਜੋਂ ਹੀ ਵਰਤਿਆ ਹੈ। ਕਿਸੇ ਵਿਭਾਗ ਨੂੰ ਪੰਜਾਬ ਦੀ ਸਿਧਾਂਤਕ ਵਿਰਾਸਤ ਬਾਰੇ ਕੋਈ ਪ੍ਰੋਜੈਕਟ ਨਹੀਂ ਸਾਂਭਿਆ ਗਿਆ, ਨਾ ਕੋਈ ਵਿਸ਼ੇਸ਼ ਵਿਭਾਗ ਹੀ ਸਥਾਪਿਤ ਕੀਤਾ ਹੈ ਜਿਸ ਦਾ ਮੁੱਖ ਕੰਮ ਇਸ ਵਿਰਾਸਤ ਨੂੰ ਅੱਗੇ ਤੋਰਨਾ ਹੋਵੇ। ਯੂਨੀਵਰਸਿਟੀਆਂ ਵਿਚ ਜੋ ਚੇਅਰਾਂ ਸਥਾਪਿਤ ਕੀਤੀਆਂ ਜਾਂਦੀਆਂ ਹਨ, ਉਹ ਚੇਅਰਾਂ ਨਾਲ ਸੰਬੰਧਿਤ ਫਿਰਕਿਆਂ ਨੂੰ ਵੋਟ ਲਈ ਹਥਿਆਉਣ ਵਾਸਤੇ।
ਵਿਸ਼ਵ ਪੂੰਜੀ ਅਤੇ ਭਾਰਤੀ ਪੂੰਜੀ ਨਾਲ ਆਪਣੀ ਹਸਤੀ ਅਨੁਸਾਰ ਰਿਸ਼ਤਾ ਬਣਾਉਣਾ ਵੀ ਸੰਭਵ ਹੈ। ਸ਼ਰਤ ਇਹ ਹੈ ਕਿ ਇਹ ਪਤਾ ਹੋਵੇ ਕਿ ਸਟੇਟ ਦੀ ਹਸਤੀ ਕੀ ਹੈ। ਗੰਭੀਰ ਚਿੰਤਨ ਨਾਲ ਇਹ ਫੈਸਲਾ ਕਰਨਾ ਪਵੇਗਾ ਕਿ ਸਟੇਟ ਨੇ ਵਿਸ਼ਾਲ ਮੰਡੀ ਦੀ ਵਸਤ ਬਣਨਾ ਹੈ ਜਾਂ ਇਕ ਸਿਧਾਂਤਕ ਚਿੰਨ੍ਹ ਵੀ ਜੋ ਮੰਡੀ ਨੂੰ ਕੁੱਝ ਹੱਦ ਤੱਕ ਪ੍ਰਭਾਵਿਤ ਕਰ ਸਕੇ। ਅਮਰੀਕਾ ਅਤੇ ਚੀਨ ਆਪਣੇ ਕੁਝ ਨਾ-ਪੱਖੀ ਫੈਸਲਿਆਂ ਅਤੇ ਅਭਿਆਸਾਂ ਦੇ ਬਾਵਜੂਦ ਇਹ ਭਾਗ ਅਦਾ ਕਰ ਰਹੇ ਹਨ। ਉੱਤਰੀ ਵੀਅਤਨਾਮ ਅਤੇ ਕਿਊਬਾ ਨੇ ਆਪਣੀਆਂ ਕ੍ਰਾਂਤੀਆਂ ਤੋਂ ਕੁਝ ਸਾਲ ਪਿੱਛੋਂ ਤੱਕ ਵਿਸ਼ਵ ਪੂੰਜੀ/ਮੰਡੀ ਨੂੰ ਪ੍ਰਭਾਵਿਤ ਕੀਤਾ ਸੀ ਪਰ ਹੁਣ ਉਨ੍ਹਾਂ ਵਿਚ ਵੀ ਖੜੋਤ ਆ ਚੁੱਕੀ ਹੈ, ਪੰਜਾਬ ਜੇਤੂ ਤਦ ਹੀ ਹੋ ਸਕਦਾ ਹੈ ਜੇ ਆਪਣੀ ਸਿਧਾਂਤਕ ਹਸਤੀ ਬਾਰੇ ਚੇਤਨਤਾ ਨਾਲ ਅੱਗੇ ਵਧੇ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)