ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਸਿੱਖ ਸੰਗਤਾਂ ਨੂੰ ਹਿੰਦੂ ਰਾਸ਼ਟਰਵਾਦ ਦੇ ਹਥਕੰਡਿਆਂ ਤੋਂ ਸੁਚੇਤ ਰਹਿਣ ਦੀ ਅਪੀਲ

ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਸਿੱਖ ਸੰਗਤਾਂ ਨੂੰ ਹਿੰਦੂ ਰਾਸ਼ਟਰਵਾਦ ਦੇ ਹਥਕੰਡਿਆਂ ਤੋਂ ਸੁਚੇਤ ਰਹਿਣ ਦੀ ਅਪੀਲ

ਅੰਮ੍ਰਿਤਸਰ, (ਏ.ਟੀ ਬਿਊਰੋ): ਚੱਬਾ ਵਿਖੇ ਹੋਏ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਭਾਰਤ ਦੇ ਗਣਤੰਤਰ ਦਿਹਾੜੇ (26 ਜਨਵਰੀ) ਤੋਂ ਪਹਿਲਾਂ ਸਿੱਖ ਕੌਮ ਦੇ ਨਾਂ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਸੰਦੇਸ਼ ਜਾਰੀ ਕੀਤਾ ਗਿਆ ਹੈ। ਇਸ ਸੰਦੇਸ਼ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਮੁੱਖ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਮੀਡੀਆ ਨੂੰ ਭੇਜਿਆ ਹੈ। ਅਸੀਂ 'ਅੰਮ੍ਰਿਤਸਰ ਟਾਈਮਜ਼' ਦੇ ਪਾਠਕਾਂ ਲਈ ਇਹ ਸੰਦੇਸ਼ ਭੇਜੇ ਗਏ ਰੂਪ 'ਚ ਹੀ ਛਾਪ ਰਹੇ ਹਾਂ:

"ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਹਿੰਦੂ ਲੀਡਰਾਂ ਵੱਲੋਂ ਸਿੱਖ ਕੌਮ ਨਾਲ ਵਾਅਦਾ ਕੀਤਾ ਗਿਆ ਸੀ ਕਿ ਆਜ਼ਾਦ ਭਾਰਤ ਵਿੱਚ ਕੋਈ ਵੀ ਐਸਾ ਸੰਵਿਧਾਨ ਲਾਗੂ ਨਹੀਂ ਕੀਤਾ ਜਾਵੇਗਾ ਜੋ ਸਿੱਖਾਂ ਨੂੰ ਪ੍ਰਵਾਨ ਨਹੀਂ ਹੋਵੇਗਾ। ਪਰ 26 ਜਨਵਰੀ 1950 ਨੂੰ ਸਿੱਖਾਂ ਦੀ ਸਹਿਮਤੀ ਬਿਨਾਂ ਭਾਰਤ ਦਾ ਸਵਿਧਾਨ ਸਾਡੇ ਤੇ ਮੜ੍ਹ ਦਿੱਤਾ ਗਿਆ। ਇਤਿਹਾਸ ਗਵ ਹੈ ਕਿ ਆਜ਼ਾਦੀ ਲਈ 85% ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਸਨ ਪਰ ਆਜ਼ਾਦੀ ਤੋਂ ਬਾਅਦ ਗੁਲਾਮੀ ਦਾ ਅਹਿਸਾਸ ਕਰਾਉਂਦਿਆਂ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਘੋਸ਼ਿਤ ਕਰਕੇ ਸਿੱਖਾਂ ਨਾਲ ਵੱਡਾ ਧੋਖਾ ਕੀਤਾ ਗਿਆ।
            
ਸੱਤ ਦਹਾਕਿਆਂ ਤੋਂ ਗਣਤੰਤਰ ਦਿਵਸ ਤੇ ਲੋਕਤੰਤਰ ਦੀ ਦੁਹਾਈ ਪਾਉਣ ਵਾਲੇ ਭਾਰਤੀ ਹੁਕਮਰਾਨਾਂ ਵੱਲੋਂ ਸੰਵਿਧਾਨ, ਕਾਨੂੰਨ,ਪ੍ਰਸ਼ਾਸਨ, ਫੌਜ, ਪੁਲਿਸ ਆਦਿ ਦੀ ਵਰਤੋਂ ਕਰਕੇ ਸਿੱਖਾਂ ਦੇ ਗੁਰਧਾਮਾਂ, ਸਿਧਾਂਤਾਂ, ਸੰਸਥਾਵਾਂ,ਗੁਰਬਾਣੀ, ਇਤਿਹਾਸ, ਕਕਾਰਾਂ ਅਤੇ ਨਿਆਰੇਪਣ ਤੇ ਅਣਗਿਣਤ ਹਮਲੇ ਕੀਤੇ ਗਏ ਹਨ ਜੋ ਕਿ ਅੱਜ ਵੀ ਨਿਰੰਤਰ ਜਾਰੀ ਹਨ।
              
26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੰਵਿਧਾਨ ਸਿੱਖਾਂ ਨੂੰ ਜਿੱਥੇ ਸਿੱਖ ਹੀ ਨਹੀਂ ਮੰਨ ਰਿਹਾ। ਉੱਥੇ ਇਸੇ ਸੰਵਿਧਾਨ ਅਧੀਨ ਜੂਨ 1984 ਦੌਰਾਨ ਸਿੱਖਾਂ ਦੇ ਪਾਵਨ ਪਵਿੱਤਰ ਅਤੇ ਸਰਵ ਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਭਾਰਤੀ ਫ਼ੌਜ ਨੇ ਹਮਲਾ ਕਰ ਕੇ ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ, ਪੰਜਾਬ ਵਿਚ ਝੂਠੇ ਪੁਲਿਸ ਮੁਕਾਬਲਿਆਂ ਦਾ ਅਜਿਹਾ ਘਿਨੌਣਾ ਦੂਰ ਚਲਾਇਆ ਗਿਆ ਕਿ ਹਜ਼ਾਰਾਂ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਘਰਾਂ ਚੋਂ ਫੜ ਫੜ ਕੇ ਥਾਣਿਆਂ ਵਿੱਚ ਕੋਹ ਕੋਹ ਕੇ ਮਾਰਿਆ ਗਿਆ ਅਤੇ ਧੀਆਂ ਭੈਣਾਂ ਨੂੰ ਬੇਪੱਤ ਕੀਤਾ ਜਾਂਦਾ ਰਿਹਾ। ਨਵੰਬਰ 1984 ਦੀ ਨਸਲਕੁੱਸੀ ਵੀ ਇਸੇ ਹੀ ਸੰਵਿਧਾਨ ਅਧੀਨ ਵਾਪਰਿਆ ਇਹ ਅਜਿਹਾ ਪੱਖਪਾਤੀ ਅਤੇ ਸਰਕਾਰ ਪ੍ਰਸਤ ਸੰਵਿਧਾਨ ਹੈ ਜਿਹੜਾ ਸੈਂਕੜੇ ਸਿੱਖ ਬੀਬੀਆਂ ਤੇ ਸਰਕਾਰੀ ਅਤੇ ਗ਼ੈਰ ਸਰਕਾਰੀ ਗੁੰਡਿਆਂ ਵੱਲੋਂ ਕੀਤੇ ਅੱਤਿਆਚਾਰ ਖ਼ਿਲਾਫ਼ ਕੋਈ ਕਾਰਵਾਈ ਕਰਨ ਦੀ ਇਜਾਜ਼ਤ ਨਹੀਂ ਦਿੰਦਾ, ਪਰ ਸਿੱਖਾਂ ਨੂੰ ਫਾਂਸੀ ਦੇ ਤਖਤੇ ਚੜ੍ਹਨ ਜਾਂ ਸਜ਼ਾਵਾਂ ਦੇਣ ਵਿੱਚ ਰੱਤੀ ਭਰ ਵੀ ਚਿਰ ਨਹੀਂ ਲਾਉਂਦਾ।
               
ਹਿੰਦੂ ਰਾਸ਼ਟਰ ਦੀ ਸਥਾਪਨਾ ਕਰਨ ਵਾਲਿਆਂ ਨੇ ਸਾਡੇ ਵਿਕਾਊ ਧਾਰਮਿਕ ਅਤੇ ਸਿਆਸੀ ਆਗੂਆਂ ਦੀ ਸ਼ਹਿ ਤੇ ਗੁਰੂ ਨਾਨਕ ਪਾਤਸ਼ਾਹ ਦੀ ਯਾਦ ਨਾਲ ਸਬੰਧਤ ਗੁਰਦੁਆਰਾ ਡਾਂਗ ਮਾਰ, ਗੁਰਦੁਆਰਾ ਗਿਆਨ ਗੋਦੜੀ, ਗੁਰਦੁਆਰਾ ਪੱਥਰ ਸਾਹਿਬ, ਗੁਰਦੁਆਰਾ ਮੰਗੂ ਮੱਠ ਆਦਿ ਸਿੱਖ ਕੌਮ ਤੋਂ ਖੋਹ ਲਏ ਹਨ ਅਤੇ ਹੋਰ ਗੁਰਦੁਆਰਿਆਂ ਨੂੰ ਖੂਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸਿੱਖ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ ਇੱਕ ਪਾਸੇ ਭਾਰਤੀ ਹੁਕਮਰਾਨ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਦਿਵਸ ਮਨਾ ਕੇ ਤੋਂ ਢੋਂਗੀ ਪ੍ਰਚਾਰ ਕਰ ਰਹੇ ਹਨ ਅਤੇ ਦੂਜੇ ਪਾਸੇ ਉਸੇ ਗੁਰੂ ਦੇ ਇਤਿਹਾਸਕ ਅਸਥਾਨਾਂ ਨੂੰ ਨਿਸ਼ਤੋਨਬੂਤ ਕਰ ਰਹੇ ਹਨ। ਭਾਰਤੀ ਸੰਵਿਧਾਨ ਅਧੀਨ ਦੋ ਤਿੰਨ ਦਹਾਕਿਆਂ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਰਾਜਸੀ ਸਿੱਖ ਕੈਦੀਆਂ ਦਾ ਇਨਸਾਫ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦਾ ਇਨਸਾਫ, ਬਹਿਬਲਕਲਾਂ ਗੋਲੀ ਕਾਂਡ ਅਤੇ ਨਕੋਦਰ ਗੋਲੀ ਕਾਂਡ ਦਾ ਇਨਸਾਫ਼ ਅਜੇ ਤੱਕ ਨਹੀਂ ਮਿਲਿਆ।
             
ਪੰਜਾਬ ਨੂੰ ਭਾਰਤੀ ਹੁਕਮਰਾਨਾਂ ਨੇ ਮੰਡੀ ਦੇ ਰੂਪ ਵਿੱਚ ਵਰਤਿਆ ਹੈ ਅਤੇ ਇੱਥੋਂ ਦੇ ਕੁਦਰਤੀ ਸੋਮਿਆਂ ਉੱਤੇ ਆਪਣਾ ਪੂਰਾ ਕੰਟਰੋਲ  ਕਰਕੇ ਪੰਜਾਬ ਦੀ ਆਰਥਿਕਤਾ ਨੂੰ ਕੰਗਾਲ ਕਰਕੇ ਰੱਖ ਦਿੱਤਾ ਹੈ। ਅੱਜ ਦਾ ਨੌਜਵਾਨ ਉਚੇਰੀ ਸਿੱਖਿਆ ਤੋਂ ਆਪਣਾ ਮੂੰਹ ਮੋੜ ਚੁੱਕਿਆ ਹੈ, ਇਸ ਦੇ ਨਾਲ ਹੀ ਸਿੱਖ ਸੰਸਥਾਵਾਂ ਵੀ ਭਗਵਾਂਕਰਨ ਦਾ ਪ੍ਰਭਾਵ ਕਬੂਲ ਰਹੀਆਂ ਹਨ ਜੋ ਕਿ ਖ਼ਾਲਸਾ ਪੰਥ ਦੇ ਭਵਿੱਖ ਲਈ ਚਿੰਤਾ ਦਾ ਵਿਸ਼ਾ ਹੈ। ਪੰਜਾਬ ਦੀ ਜੁਆਨੀ ਜੋ ਨਸ਼ਿਆਂ ਵਿੱਚ ਗੁਲਤਨ ਅਤੇ ਧਰਮ ਤੋਂ ਦੂਰ ਜਾ ਚੁੱਕੀ ਹੈ। ਇਹੋ ਜਿਹੇ ਹਾਲਾਤਾਂ ਵਿਚ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਪੰਜਾਬ ਦੇ ਰਖਵਾਲੇ ਆਪ ਬਣੀਏ। ਭਾਰਤੀ ਸੰਵਿਧਾਨ ਅਤੇ ਭਾਰਤੀ ਗਣਤੰਤਰ ਦਿਵਸ ਨੇ ਪੰਜਾਬ ਦੀ ਵਿਗੜੀ ਦਾ ਕੁਝ ਨਹੀਂ ਸਵਾਰਨਾ।ਸਾਨੂੰ ਆਪ ਹੀ ਪੰਜਾਬ ਨੂੰ ਹਿੰਦੂ ਰਾਸ਼ਟਰ ਦੇ ਗਲਬੇ ਤੋਂ ਮੁਕਤ  ਕਰਵਾਉਣ ਲਈ ਹਿੰਮਤ ਕਰਨੀ ਪਵੇਗੀ। ਮੈ ਗੁਰੂ ਤੇ ਭਰੋਸਾ ਰੱਖਕੇ ਨਿਸ਼ਚੇ ਨਾਲ ਕਹਿੰਦਾ ਹਾਂ ਕਿ ਬਾਣੀ ਅਤੇ ਬਾਣੇ ਤੇ ਆਧਾਰਿਤ ਸਿੱਖ ਰਾਸ਼ਟਰ ਦਾ ਹਿੰਦੂ ਰਾਸ਼ਟਰ ਵਾਲ ਵੀ ਵਿੰਗਾ ਵੀ ਨਹੀਂ ਕਰ ਸਕਦਾ।" 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।