ਸਿੱਖ ਇਤਿਹਾਸ ਸਿਰਜਣ ਵਾਲਿਆਂ ਦਾ ਪਿੰਡ ਮਰਹਾਣਾ

ਸਿੱਖ ਇਤਿਹਾਸ ਸਿਰਜਣ ਵਾਲਿਆਂ ਦਾ ਪਿੰਡ ਮਰਹਾਣਾ

ਕੰਵਲਬੀਰ ਸਿੰਘ 
ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਮੁੱਖ ਪਿੰਡਾਂ ਵਿਚੋਂ ਅੰਮ੍ਰਿਤਸਰ-ਬਠਿੰਡਾ ਜਰਨੈਲੀ ਸੜਕ ’ਤੇ ਤਰਨ ਤਾਰਨ ਤੋਂ 30 ਕਿਲੋਮੀਟਰ ਦੀ ਦੂਰੀ ’ਤੇ ਵਸਿਆ ਮਾਝੇ ਦਾ ਇਕ ਇਤਿਹਾਸਿਕ ਪਿੰਡ ਹੈ ਮਰਹਾਣਾ। ਇਸ ਪਿੰਡ ਦੇ ਪਿਛੋਕੜ ਸਬੰਧੀ ਜੋ ਵੇਰਵੇ ਮਿਲਦੇ ਹਨ, ਉਨ੍ਹਾਂ ਮੁਤਾਬਿਕ ਇਤਿਹਾਸਕ ਪਿੰਡ ਦਦੇਹਰ ਸਾਹਿਬ ਵਿਚੋਂ ਨਿਕਲ ਕੇ ਵੱਸਣ ਵਾਲੇ ਸੰਧੂ ਗੋਤ ਦੇ 22 ਪਿੰਡਾਂ ਵਿਚੋਂ ਇਹ ਵੀ ਇਕ ਹੈ। ਸਿੱਖ ਰਾਜ ਵੇਲੇ ਪਿੰਡ ਤੋਂ ਬਾਹਰ ਬਾਬਾ ਸ੍ਰੀ ਚੰਦ ਦੀ ਸੰਪਰਦਾ ਦੇ ਉਦਾਸੀ ਸਾਧੂ ਬਾਬਾ ਰਤਨਦੇਵ ਰਹਿੰਦੇ ਸਨ, ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਮਰਹਾਣੇ ਆ ਕੇ ਮਿਲੇ ਸਨ ਅਤੇ ਇਕ ਖੂਹ ਲਗਵਾਇਆ ਸੀ। ਇਸ ਸਥਾਨ ’ਤੇ ਗੁਰਦੁਆਰਾ ਰਾਠੀਕੇ ਬਣਿਆ ਹੋਇਆ ਹੈ। ਪਿੰਡ ਦੇ ਲੋਕ ਦੱਸਦੇ ਹਨ ਕਿ ਜਦੋਂ ਪੰਜਾਬ ਵਿਚ ਅੰਗਰੇਜ਼ੀ ਰਾਜ ਸੀ ਤਾਂ ਪਿੰਡ ਵਿਚ ਪਲੇਗ ਫੈਲਣ ਕਾਰਨ ਲੋਕ ਮਰਨ ਲੱਗੇ। ਇਸ ਤੋਂ ਦੁਖੀ ਪਿੰਡ ਵਾਸੀ ਬਾਬਾ ਰਤਨਦੇਵ ਕੋਲ ਮਦਦ ਲਈ ਆਏ। ਬਾਬਾ ਜੀ ਨੇ ਲੋਕਾਂ ਦੇ ਭਲੇ ਦੀ ਅਰਦਾਸ ਕੀਤੀ ਤੇ ਅਗਲੇ ਦਿਨ ਹੀ ਆਪਣਾ ਸਰੀਰ ਤਿਆਗ ਦਿੱਤਾ, ਉਸ ਪਿੱਛੋਂ ਪਿੰਡ ਵਿਚ ਪਲੇਗ ਨਾਲ ਕੋਈ ਮੌਤ ਨਹੀਂ ਹੋਈ। ਖਾਲਸਾ ਰਾਜ ਦੇ ਸਮੇਂ ਸਿੱਖ ਪ੍ਰਚਾਰਕ ਬਾਬਾ ਬੀਰ ਸਿੰਘ ਵੀ ਇਸ ਪਿੰਡ ਆਏ, ਜਿਨ੍ਹਾਂ ਦੀ ਯਾਦ ਵਿਚ ਇੱਥੇ ਗੁਰਦੁਆਰਾ ਬਣਿਆ ਹੋਇਆ ਹੈ। ਇਸ ਪਿੰਡ ਨੇ ਆਜ਼ਾਦੀ ਲਹਿਰ ਦੀ ਜੰਗ ਵਿਚ ਵੱਡਾ ਯੋਗਦਾਨ ਪਾਇਆ ਹੈ।

ਪੰਜਾਬ ਦਾ ਕੋਈ ਟਾਂਵਾਂ ਹੀ ਪਿੰਡ ਜਾਂ ਸ਼ਹਿਰ ਹੋਵੇਗਾ, ਜਿਸ ਦੇ ਵਸਨੀਕਾਂ ਨੇ ਆਜ਼ਾਦੀ ਦੇ ਸੰਘਰਸ਼ ਵਿਚ ਹਿੱਸਾ ਨਾ ਲਿਆ ਹੋਵੇ। ਪੰਜਾਬੀ ਦੇਸ਼ ਭਗਤਾਂ ਵਿਚੋਂ ਸਭ ਤੋਂ ਵੱਧ ਗਿਣਤੀ ਮਾਝੇ ਦੇ ਪਿੰਡਾਂ ਵਿਚ ਰਹਿਣ ਵਾਲਿਆਂ ਦੀ ਹੈ। ਜਿਵੇਂ ਚੋਹਲਾ ਸਾਹਿਬ ਦੇ ਗਦਰੀ ਬਾਬਾ ਸੁਚਾ ਸਿੰਘ ਸਮੇਤ 40 ਦੇਸ਼ ਭਗਤਾਂ ਨੇ, ਦਦੇਹਰ ਸਾਹਿਬ ਦੇ ਗਦਰੀ ਬਾਬਾ ਵਿਸਾਖਾ ਸਿੰਘ, ਸ਼ਹੀਦ ਸਾਧੂ ਸਿੰਘ (21ਨੰ. ਰਸਾਲਾ), ਨੌਸ਼ਹਿਰਾ ਪਨੂੰਆ ਦੇ ਸ਼ਹੀਦ ਤੇਜਾ ਸਿੰਘ (ਆਈਐੱਨਏ), ਸ਼ਹੀਦ ਪ੍ਰਿਥੀਪਾਲ ਸਿੰਘ ਅਤੇ ਗਦਰੀ ਬਾਬਾ ਜਿੰਦਰ ਸਿੰਘ ਸਮੇਤ 50 ਦੇ ਲਗਭਗ ਹੋਰ ਸੂਰਬੀਰ, ਢੋਟੀਆਂ ਤੇ ਰੂੜੀਵਾਲਾ ਆਦਿ ਪਿੰਡਾਂ ਦੇ ਦਰਜਨਾਂ ਦੇਸ਼ ਪ੍ਰੇਮੀਆਂ ਨੇ ਅਨੇਕਾਂ ਤਸੀਹੇ ਝੱਲੇ। ਇਹੋ ਜਿਹਾ ਹੀ ਪਿੰਡ ਹੈ ਮਰਹਾਣਾ।

ਇਸ ਪਿੰਡ ਦੇ ਬਹੁਤ ਸਾਰੇ ਸੂਰਬੀਰਾਂ ਨੇ 1900 ਤੋਂ ਲੈ ਕੇ 1947 ਈ. ਤੱਕ ਦੇਸ਼ ਦੀ ਆਜ਼ਾਦੀ ਸਬੰਧੀ ਚੱਲੀਆਂ ਵੱਖ ਵੱਖ ਲਹਿਰਾਂ ਵਿਚ ਹਿੱਸਾ ਲੈਂਦਿਆ ਕਾਲੇ ਪਾਣੀ ਦੀ ਸਜ਼ਾ, ਪੁਲੀਸ ਦੇ ਤਸ਼ੱਸਦ, ਗੋਲੀਆਂ ਖਾਧੀਆਂ ਤੇ ਜਾਇਦਾਦਾਂ ਕੁਰਕ ਕਰਵਾਈਆਂ। ਇਥੇ ਅਸੀਂ ਮਰਹਾਣਾ ਪਿੰਡ ਵੱਖ ਵੱਖ ਆਜ਼ਾਦੀ ਲਹਿਰਾਂ ’ਚ ਹਿੱਸਾ ਲੈਣ ਵਾਲੇ 38 ਸੂਰਬੀਰਾਂ ਦੀਆਂ ਕੁਰਬਾਨੀਆਂ ਦਾ ਸੰਖੇਪ ਵੇਰਵਾ ਸਾਂਝਾ ਕਰਾਂਗੇ:

ਅੰਡੇਮਾਨ ਦੀ ਕਾਲੇਪਾਣੀ ਜੇਲ੍ਹ ਦੇ ਤਸੀਹੇ ਝੱਲਦੇ ਹੋਏ ਸ਼ਹੀਦ ਹੋਣ ਵਾਲੇ ਗਦਰੀ ਕੇਹਰ ਸਿੰਘ ਪੁੱਤਰ ਨਿਹਾਲ ਸਿੰਘ ਦਾ ਜਨਮ ਮਰਹਾਣਾ ਵਿਚ 1892 ਈ. ਨੂੰ ਮਾਤਾ ਚੰਦ ਕੌਰ ਦੀ ਕੁੱਖੋਂ ਹੋਇਆ। ਜਵਾਨੀ ਵੇਲੇ ਉਹ ਅਮਰੀਕਾ ਚਲੇ ਗਏ। 1914 ਈ. ਵਿਚ ਜਦ ਗਦਰ ਪਾਰਟੀ ਵਲੋਂ ਗਦਰ ਦਾ ਐਲਾਨ ਕੀਤਾ ਗਿਆ ਤਾਂ ਸਾਥੀਆਂ ਨਾਲ ਭਾਰਤ ਵੱਲ ਚੱਲ ਪਏ। ਕਟਾਨਾ ਮਾਰੂ ਜਹਾਜ਼ ਰਾਹੀਂ ਭਾਰਤ ਪੁੱਜਣ ’ਤੇ ਕਲਕੱਤੇ ਬੰਦਰਗਾਹ ’ਤੇ ਅੰਗਰੇਜ਼ ਸਰਕਾਰ ਨੇ ਗ੍ਰਿਫ਼ਤਾਰ ਕਰ ਲਿਆ। ਕੁੱਝ ਸਮਾਂ ਪਿੰਡ ਵਿਚ ਨਜ਼ਰਬੰਦ ਕਰਨ ਮਗਰੋਂ ਉਨ੍ਹਾਂ ਨੂੰ ਲਾਹੌਰ ਸਾਜਿਸ਼ ਕੇਸ (ਪਹਿਲਾ) ਵਿਚ ਸ਼ਾਮਲ ਕਰ ਦਿੱਤਾ ਗਿਆ। ਇਸ ਕੇਸ ਵਿਚ ਉਨ੍ਹਾਂ ਨੂੰ ਉਮਰ ਕੈਦ ਕਾਲੇ ਪਾਣੀ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾ ਕੇ ਅੰਡੇਮਾਨ ਨਿਕੋਬਾਰ ਦੀ ਸੈਲੂਲਰ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਦੇ ਅਣਮਨੁੱਖੀ ਤਸੀਹਿਆਂ ਅਤੇ ਤਸ਼ੱਦਦ ਨਾਲ ਉਨ੍ਹਾਂ ਦੀ ਸਿਹਤ ਸੇਹਤ ਵਿਗੜ ਗਈ ਅਤੇ 26 ਅਪਰੈਲ 1919 ਨੂੰ ਅੰਡੇਮਾਨ ਜੇਲ੍ਹ ਵਿਚ ਸ਼ਹੀਦ ਹੋ ਗਏ।

ਗਦਰੀ ਬਾਬਾ ਈਸ਼ਰ ਸਿੰਘ ਦਾ ਜਨਮ 1878 ਈ. ਨੂੰ ਜਿੰਦ ਸਿੰਘ ਤੇ ਮਾਤਾ ਚੰਦ ਕੌਰ ਦੇ ਘਰ ਹੋਇਆ। 1905-06 ਵਿਚ ਉਹ ਹਾਂਗਕਾਂਗ, ਸਿੰਘਾਪੁਰ ਤੋਂ ਪਨਾਮਾ ਹੰਦੇ ਹੋਏ ਕੈਲੇਫੋਰਨੀਆਂ ਪੁੱਜੇ। ਸਟੌਕਟਨ ਵਿਚ ਬਾਬਾ ਜਵਾਲਾ ਸਿੰਘ ਤੇ ਬਾਬਾ ਵਿਸਾਖਾ ਸਿੰਘ ਵਾਲੇ ਫਾਰਮ ਵਿਚ ਕੰਮ ਕਰਦਿਆਂ ਉਹ ਵੀ ਗਦਰ ਪਾਰਟੀ ਦੀਆਂ ਸਰਗਰਮੀਆਂ ਨਾਲ ਜੁੜ ਗਏ। 1914 ਨੂੰ ਗਦਰ ਦਾ ਐਲਾਨ ਹੋਣ ’ਤੇ ਉਹ ਗਦਰੀ ਆਗੂਆਂ ਨਾਲ ਤੋਸ਼ਾਮਾਰੂ ਜਹਾਜ਼ ਰਾਹੀਂ ਭਾਰਤ ਪੁੱਜੇ ਤਾਂ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ 1916 ਤੱਕ ਵੱਖ ਵੱਖ ਜੇਲ੍ਹਾਂ ਵਿਚ ਕੈਦ ਰੱਖਿਆ ਗਿਆ। ਮਗਰੋਂ ਪਿੰਡ ਵਿਚ ਹੀ ਜੂਹ ਬੰਦ ਰੱਖਿਆ ਗਿਆ। ਗੁਰਦੁਆਰਾ ਸੁਧਾਰ ਲਹਿਰ ਵੇਲੇ ਉਨ੍ਹਾਂ 1922 ਨੂੰ ਪਿੰਡ ਵਿਚ ਅਕਾਲੀ ਕਾਨਫਰੰਸ ਦੀ ਪ੍ਰਧਾਨਗੀ ਕੀਤੀ। 1923 ’ਚ ਉਨ੍ਹਾਂ ਨੂੰ 5 ਸਾਲ ਕੈਦ ਅਤੇ 700 ਰੁਪਏ ਜ਼ੁਰਮਾਨੇ ਦੀ ਸਜ਼ਾ ਹੋਈ। 24 ਜੁਲਾਈ 1936 ਈ. ਉਹ ਸਰਬਸੰਮਤੀ ਨਾਲ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਣੇ। ਉਹ ਦੇਸ਼ ਦੀ ਆਜ਼ਾਦੀ ਲਈ ਨਿਰੰਤਰ ਜੱਦੋ-ਜਹਿਦ ਕਰਦੇ ਹੋਏ 16 ਅਗਸਤ 1941 ਨੂੰ ਚਲਾਣਾ ਕਰ ਗਏ। ਪਿੰਡ ਦਾ ਸਰਕਾਰੀ ਹਾਈ ਸਕੂਲ ਉਨ੍ਹਾਂ ਦੇ ਨਾਂ ’ਤੇ ਚੱਲ ਰਿਹਾ ਹੈ।

ਗ਼ਦਰੀ ਮੱਘਰ ਸਿੰਘ, ਭਾਈ ਪਾਲ ਸਿੰਘ, ਤਲੋਕ ਸਿੰਘ ਅਤੇ ਭਾਈ ਸੋਭਾ ਸਿੰਘ ਵੀ ਮਰਹਾਣੇ ਦੇ ਹੀ ਜੰਮਪਲ ਸਨ, ਜੋ ਗਦਰ ਪਾਰਟੀ ਦੇ ਗਠਨ ਸਮੇਂ ਅਮਰੀਕਾ ਵਿਚ ਸਨ ਤੇ ਇਸਦੇ ਸਰਗਰਮ ਮੈਂਬਰ ਬਣ ਗਏ। 1914 ਈ. ’ਚ ਗਦਰ ਪਾਰਟੀ ਵੱਲੋਂ ਗਦਰ ਦਾ ਐਲਾਨ ਕਰਨ ’ਤੇ ਕੇਹਰ ਸਿੰਘ ਨੇ ਸਾਥੀਆਂ ਨਾਲ ਭਾਰਤ ਵੱਲ ਚਾਲੇ ਪਾ ਦਿੱਤੇ। ਤੋਸ਼ਾਮਾਰੂ ਜਹਾਜ਼ ਰਾਹੀਂ ਭਾਰਤ ਪੁੱਜਣ ’ਤੇ ਅੰਗਰੇਜ਼ ਸਰਕਾਰ ਵੱਲੋਂ ਗ੍ਰਿਫ਼ਤਾਰ ਕਰਕੇ ਸਾਢੇ ਤਿੰਨ ਸਾਲ ਮੁਲਤਾਨ, ਕੈਂਬਲਪੁਰ ਤੇ ਕਲਕੱਤੇ ਦੀਆਂ ਜੇਲ੍ਹਾਂ ਵਿੱਚ ਕੈਦ ਰੱਖਣ ਮਗਰੋਂ 3 ਸਾਲ ਪਿੰਡ ਵਿਚ ਹੀ ਨਜ਼ਰਬੰਦ ਰੱਖਿਆ ਗਿਆ। ਇਸ ਤੋਂ ਇਲਾਵਾ ਸਰਕਾਰ ਖ਼ਿਲਾਫ਼ ਗਤੀਵਿਧੀਆਂ ’ਚ ਹਿੱਸਾ ਨਾ ਲੈਣ ਦੇ 14000 ਰੁਪਏ ਦੇ ਸਕਿਉਰਟੀ ਬਾਂਡ ਵੀ ਭਰਵਾਏ ਗਏ। ਉਹ ਇਸ ਦੀ ਪਰਵਾਹ ਨਾ ਕਰਦੇ ਹੋਏ ਨਾ ਮਿਲਵਰਤਣ ਅੰਦੋਲਨ ਅਤੇ ਹੋਰ ਲਹਿਰਾਂ ਵਿਚ ਹਿੱਸਾ ਲੈਂਦੇ ਰਹੇ ਅਤੇ ਜੇਲ੍ਹਾਂ ਵਿਚ ਜਾਂਦੇ ਰਹੇ। ਉਹ 1949 ਈ. ਨੂੰ ਅਕਾਲ ਚਲਾਣਾ ਕਰ ਗਏ। ਪਾਲ ਸਿੰਘ 1953 ਈ. ਤੇ ਸੋਭਾ ਸਿੰਘ 1940 ਈ. ਨੂੰ ਚਲਾਣਾ ਕਰ ਗਏ।

ਤਰਾਸਦੀ ਹੈ ਕਿ ਇਨ੍ਹਾਂ ਸ਼ਹੀਦਾਂ ਅਤੇ ਆਜ਼ਾਦੀ ਸੰਗਰਾਮੀਆਂ ਦੀ ਪਿੰਡ ਜਾਂ ਹੋਰ ਕਿਤੇ ਵੀ ਕੋਈ ਯਾਦਗਰ ਨਹੀਂ ਬਣੀ। ਇਥੋਂ ਤੱਕ ਕਿ ਇਨ੍ਹਾਂ ਸੂਰਮਿਆਂ ਦੇ ਨਾਂ ਵੀ ਇਕੱਠੇ ਲਿਖੇ ਨਹੀਂ ਮਿਲਦੇ।

ਗੁਰੂ ਕਾ ਬਾਗ ਮੋਰਚੇ ਦੌਰਾਨ 3 ਸਤੰਬਰ 1922 ਨੂੰ ਅਕਾਲੀ ਜਥਾ ਅੰਮ੍ਰਿਤਸਰ ਦੇ 100 ਸਿੰਘਾਂ ਦਾ ਤੀਸਰਾ ਜਥਾ ਚੰਨਣ ਸਿੰਘ ਮਰਹਾਣਾ ਪੁੱਤਰ ਜਥੇਦਾਰ ਬੂਟਾ ਸਿੰਘ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਜਥੇ ਵਿਚ ਮਰਹਾਣਾ ਪਿੰਡ ਦੇ ਧਿਆਨ ਸਿੰਘ, ਬੂੜ ਸਿੰਘ, ਫਤਹਿ ਸਿੰਘ, ਕਪੂਰ ਸਿੰਘ, ਲਛਮਣ ਸਿੰਘ, ਲੱਖਾ ਸਿੰਘ, ਮੱਘਰ ਸਿੰਘ, ਨੱਥਾ ਸਿੰਘ, ਉਤਮ ਸਿੰਘ, ਉਜਾਗਰ ਸਿੰਘ, ਟਹਿਲ ਸਿੰਘ, ਸੁਰਜਨ ਸਿੰਘ, ਸੁਰਜਨ ਸਿੰਘ ਸ਼ਾਮਲ ਸਨ। ਹਰਛਾ ਛੀਨਾ ਦੇ ਪੁਲ ’ਤੇ ਅੰਗਰੇਜ਼ ਪੁਲੀਸ ਨੇ ਇਸ ਜਥੇ ਦੇ ਸਿੰਘਾਂ ਨਾਲ ਕੁੱਟਮਾਰ ਕੀਤੀ। ਜ਼ਖ਼ਮੀਆਂ ਨੂੰ ਗ੍ਰਿਫ਼ਤਾਰ ਕਰਕੇ ਵੱਖ ਵੱਖ ਜੇਲ੍ਹਾਂ ਵਿਚ ਕੈਦ ਰੱਖਿਆ ਅਤੇ ਜ਼ੁਰਮਾਨੇ ਕੀਤੇ।

ਨਨਕਾਣਾ ਸਾਹਿਬ ਮੋਰਚੇ ਵਿਚ ਹਿੱਸਾ ਲੈਣ ਵਾਲੇ ਇੰਦਰ ਸਿੰਘ ਪੁੱਤਰ ਭਗਵਾਨ ਸਿੰਘ ਦਾ ਜਨਮ 1886 ਈ ਵਿਚ ਹੋਇਆ। ਉਨ੍ਹਾਂ ਨੇ ਲੋਕਾਂ ਵਿਚ ਮੋਰਚੇ ਸਬੰਧੀ ਜਾਗ੍ਰਿਤੀ ਪੈਦਾ ਕੀਤੀ। ਨਨਕਾਣਾ ਸਾਹਿਬ ਦੇ ਮੋਰਚੇ ਵਿਚ ਉਨ੍ਹਾਂ ਨੂੰ 5 ਸਾਲ ਦੀ ਕੈਦ ਤੇ 7000 ਰੁਪਏ ਜ਼ੁਰਮਾਨਾ ਹੋਇਆ। ਕਿਸਾਨ ਮੋਰਚੇ ਦੌਰਾਨ ਵੀ ਉਨ੍ਹਾਂ 8 ਮਹੀਨੇ ਕੈਦ ਕੱਟੀ। ਜੈਤੋ ਦੇ ਮੋਰਚੇ ਵਿਚ ਈਸ਼ਰ ਸਿੰਘ ਪੁੱਤਰ ਜਵਾਲਾ ਸਿੰਘ ਅਤੇ ਲਛਮਣ ਸਿੰਘ ਪੁੱਤਰ ਖੇਮ ਸਿੰਘ ਨੇ 2-2 ਸਾਲ ਦੀ ਕੈਦ ਨਾਭਾ ਬੀੜ ਜੇਲ੍ਹ ’ਚ ਕੱਟੀ।

ਵੱਖ ਵੱਖ ਲੋਕ ਲਹਿਰਾਂ ਵਿਚ ਸ਼ਾਮਲ ਆਜ਼ਾਦੀ ਘੁਲਾਟੀਏ
* 1939 ਈ. ਦੇ ਕਿਸਾਨ ਮੋਰਚੇ ਦੌਰਾਨ ਹਿੱਸਾ ਲੈਣ ਵਾਲੇ ਅਤੇ ਸਜ਼ਾਵਾਂ ਕੱਟਣ ਵਾਲਿਆਂ ਵਿਚ ਇਸ ਪਿੰਡ ਦੇ ਆਸਾ ਸਿੰਘ ਪੁੱਤਰ ਜਿੰਦ ਸਿੰਘ, ਪਰੇਮ ਸਿੰਘ ਪੁੱਤਰ ਮੀਹਾਂ ਸਿੰਘ, ਸੁਦਾਗਰ ਸਿੰਘ ਪੁੱਤਰ ਸੁਰੈਣ ਸਿੰਘ ਤੇ ਇੰਦਰ ਸਿੰਘ ਪੁੱਤਰ ਭਗਵਾਨ ਸਿੰਘ ਸ਼ਾਮਲ ਸਨ।
* ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫਿਰਾਂ ’ਚ ਇਸ ਪਿੰਡ ਦੇ ਈਸ਼ਰ ਸਿੰਘ ਪੁੱਤਰ ਜਿੰਦ ਸਿੰਘ ਸਨ, ਜਿਨ੍ਹਾਂ ਨੇ ਗ੍ਰਿਫ਼ਤਾਰੀ ਮਗਰੋਂ ਤਿੰਨ ਸਾਲ ਦੀ ਕੈਦ ਕੱਟੀ। ਉਨ੍ਹਾਂ ਜਲ੍ਹਿਆਂ ਵਾਲਾ ਬਾਗ ਮੂਵਮੈਂਟ ਦੌਰਾਨ ਵੀ 900 ਰੁਪਏ ਜ਼ੁਰਮਾਨਾ ਅਤੇ 7 ਸਾਲ ਕੈਦ ਦੀ ਸਜਾ ਕੱਟੀ।
* ਨਾ ਮਿਲਵਰਤਣ ਅੰਦੋਲਨ ਵਿਚ ਹਿੱਸਾ ਲੈਣ ਵਾਲੇ ਸੰਤਾ ਸਿੰਘ ਪੁੱਤਰ ਸੁਰੈਣ ਸਿੰਘ ਤੇ ਲਛਮਣ ਸਿੰਘ ਪੁੱਤਰ ਪੁੱਤਰ ਖੁਸ਼ਹਾਲ ਸਿੰਘ ਸਨ, ਜਿਨ੍ਹਾਂ ਨੇ 4 ਸਾਲ ਸਾਲ ਦੀ ਜੇਲ੍ਹ ਕੱਟੀ।
* ਆਈਐੱਨਏ ਦੇ ਸ਼ਹੀਦ ਫੌਜਾ ਸਿੰਘ ਪੁੱਤਰ ਬੇਅੰਤ ਸਿੰਘ, ਜਿਨ੍ਹਾਂ ਨੂੰ 1945 ’ਚ ਲਾਲ ਕਿਲ੍ਹੇ ’ਚ ਫਾਂਸੀ ਦਿੱਤੀ ਗਈ ਸੀ, ਇਸੇ ਪਿੰਡ ਦੇ ਜੰਮਪਲ ਸਨ।

 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।