ਪੰਜਾਬ ਪਰਤਣ ਦੀ ਉਡੀਕ ਕਰ ਰਿਹਾ ਥੈਟਵਰਡ ਦੀ ਭੋਇੰ ਵਿਚ ਪਿਆ ਸਿੱਖਾਂ ਦਾ ਮਹਾਰਾਜਾ

ਪੰਜਾਬ ਪਰਤਣ ਦੀ ਉਡੀਕ ਕਰ ਰਿਹਾ ਥੈਟਵਰਡ ਦੀ ਭੋਇੰ ਵਿਚ ਪਿਆ ਸਿੱਖਾਂ ਦਾ ਮਹਾਰਾਜਾ

22 ਅਕਤੂਬਰ 1893: ਅੱਜ ਤੋਂ 126 ਸਾਲ ਪਹਿਲਾਂ ਮਹਾਰਾਜਾ ਦਲੀਪ ਸਿੰਘ ਅੱਜ ਦੇ ਦਿਨ ਪੈਰਿਸ ਦੇ ਇਕ ਛੋਟੇ ਜਿਹੇ ਹੋਟਲ ਵਿਚ ਦਮ ਤੋੜਦਾ ਹੈ। ਉਸ ਨੇ ਜਿੰਦਗੀ ਵਿਚ ਸਿਰੇ ਦੀ ਅਮੀਰੀ ਅਤੇ ਮਰਨ ਵੇਲੇ ਅੱਤ ਦਰਜੇ ਦੀ ਗਰੀਬੀ ਦੇਖੀ। ਉਸ ਨੇ ਹਕੂਮਤ ਵੀ ਕੀਤੀ ਅਤੇ ਗੁਲਾਮੀ ਵੀ। ਅੰਗਰੇਜ਼ ਨੇ ਸਾਰੀ ਖੇਡ ਇੰਨੀ ਬੇਰਹਿਮੀ ਨਾਲ ਰਚੀ ਕਿ ਜਿਸ ਦੀ ਮਿਸਾਲ ਮਿਲਣੀ ਔਖੀ ਹੈ। ਆਪਣੇ ਬਣਕੇ ਕਲਾਵੇ ਵਿਚ ਲੈ ਕੇ ਧੋਖਾ ਕਰਨਾ ਸਿੱਧੇ ਮਾਰਨ ਨਾਲੋਂ ਜ਼ਿਆਦਾ ਕਰੂਰ ਹੈ।

ਡਾਕਟਰ ਜਾਹਨ ਲੋਗਿਨ ਨੇ 6 ਮਈ 1849 ਨੂੰ ਆਪਣੀ ਪਤਨੀ ਨੂੰ ਚਿੱਠੀ ਲਿਖੀ ਜਿਸ ਵਿਚ ਉਸ ਦੇ ਧਰਮ ਅਤੇ ਖਜਾਨੇ 'ਤੇ ਡਾਕੇ ਮਾਰਨ ਦੇ ਬੀਜ਼ ਨਜ਼ਰ ਆਉਂਦੇ ਹਨ। 
ਉਹ ਲਿਖਦਾ ਹੈ,”ਅੱਜ ਐਤਵਾਰ ਹੈ ਅਤੇ ਮਹਾਰਾਜਾ ਮੇਰੇ ਕੋਲ ਆਇਆ ਅਤੇ ਉਹ ਆਪਣੇ ਨਾਲ ਉਰਦੂ ਦਾ ਅਧਿਆਪਕ ਵੀ ਲੈ ਕੇ ਆਇਆ..। ਮੈਂ ਜਲਦੀ ਸਾਰਾ ਕੰਮ ਮੁਕਾ ਉਸ ਦੇ ਲਈ ਕੁਝ ਚੰਗਾ ਕਰਨਾ ਚਾਹੁੰਦਾ ਸੀ। ਮੈਂ ਸੋਚਿਆ ਇਸ ਨੂੰ ਅੰਗਰੇਜ਼ੀ ਦਾ ਪਾਠ ਪੜਾਉਂਦਾ ਹਾਂ। ਮੈਂ ਉਸ ਨੂੰ ਇਹ ਟਰਾਂਸਲੇਟ ਕਰਨ ਲਈ ਦਿੱਤਾ,  "do unto others as you would they should do unto you"  ਇਹ ਈਸਾ ਦੇ ਬੋਲ ਹਨ। ਤੈਨੂੰ ਪਤਾ ਹੈ ਮੈਂ ਹਲੇ ਉਸ ਦੇ ਹੱਥ ਤੇ ਬਾਈਬਲ ਨਹੀਂ ਰੱਖ ਸਕਦਾ। ਉਹ ਮੇਰੇ ਨਾਲ ਬਹੁਤ ਖੁੱਲ੍ਹ ਕੇ ਗੱਲਾਂ ਕਰਦਾ ਹੈ, ਮੈਨੂੰ ਵੀ ਉਹ ਹੁਣ ਚੰਗਾ ਲੱਗਣ ਲੱਗ ਪਿਆ ਹੈ। ਮੈਂ ਕੋਹਿਨੂਰ ਨੂੰ ਤੋਸ਼ਾਖਾਨੇ ਤੋਂ ਰਾਜ ਦੇ ਖਜ਼ਾਨੇ ਭੇਜਣ ਲਈ ਬੰਦੋਬਸਤ ਕਰ ਰਿਹਾ ਹਾਂ”। 

ਅੰਗਰੇਜ਼ ਨੇ ਇਕ ਬੱਚੇ ਦਾ ਧਰਮ ਤੇ ਉਹਦਾ ਖਜ਼ਾਨਾ ਹੀ ਨਹੀਂ ਲੁੱਟਿਆ ਪਰ ਉਸਨੂੰ ਉਹ ਦੀ ਮਾਂ ਤੋਂ ਅਲੱਗ ਕਰਕੇ ਇਨਸਾਨੀਅਤ ਅਤੇ ਪਿਆਰ ਦਾ ਵੀ ਗਲਾ ਘੁੱਟਿਆ। ਅੰਗਰੇਜ਼ ਨੇ ਤਾਂ ਮਰੇ ਨਾਲ ਵੀ ਇਨਸਾਫ਼ ਨਾਂ ਕੀਤਾ। ਉਹਨੂੰ ਸਿੱਖ ਹੁੰਦੇ ਨੂੰ ਈਸਾਈ ਦੱਸ ਕੇ ਦਫ਼ਨਾਇਆ ਗਿਆ। ਉਹ ਮਹਾਰਾਜਾ ਅੱਜ ਵੀ ਥੈਟਫਰਡ ਵਿੱਚ ਪਿਆ ਹੈ। ਉਹ ਇਹ ਕਹਿੰਦਾ ਹੀ ਮਰ ਗਿਆ ਕਿ “ਮੈਨੂੰ ਦਰਦਾਂ ਵਾਲਾ ਦੇਸ਼ ਆਵਾਜ਼ਾਂ ਮਾਰਦਾ ... ਕਿੰਜ ਰੁਲ਼ਿਆ ਏ ਫ਼ਰਜ਼ੰਦ ਕਿਸੇ ਸਰਕਾਰ ਦਾ ... ਹਮਦਰਦੋ ਮੈਨੂੰ ਉਸ ਜ਼ਮੀਨ ਤੇ ਲੈ ਜਾਣਾ ਨਹੀਂ ਤੇ ਮੇਰਾ ਖਵਾਬ ਅਧੂਰਾ ਰਹਿ ਜਾਣਾ “
ਆਓ ਅਰਦਾਸ ਕਰੀਏ-ਘੱਟੋ ਘੱਟ ਮਹਾਰਾਜੇ ਦੀਆਂ ਅਸਥੀਆਂ ਪੰਜਾਬ ਲਿਆ ਕੇ ਸਿੱਖ ਰੀਤਾਂ ਨਾਲ ਸਸਕਾਰ ਹੋ ਸਕੇ।

ਜਸਜੀਤ ਸਿੰਘ

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।