ਸਰੀ ਵਿੱਚ ਗੁਰਦੁਆਰਾ ਸਾਹਿਬ ਬਣਿਆ ਘਰੋਂ ਦੂਰ ਗਏ ਵਿਦਿਆਰਥੀਆਂ ਲਈ ਆਸਰਾ

ਸਰੀ ਵਿੱਚ ਗੁਰਦੁਆਰਾ ਸਾਹਿਬ ਬਣਿਆ ਘਰੋਂ ਦੂਰ ਗਏ ਵਿਦਿਆਰਥੀਆਂ ਲਈ ਆਸਰਾ
ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ/ਡੈਲਟਾ

ਸਰੀ: ਆਪਣੇ ਚੰਗੇ ਭਵਿੱਖ ਲਈ ਪੰਜਾਬ ਤੋਂ ਆ ਰਹੇ ਵਿਦਿਆਰਥੀਆਂ ਨੂੰ ਘਰ-ਪਰਿਵਾਰ ਅਤੇ ਆਪਣੇ ਸਕੇ ਸਬੰਧੀਆਂ ਤੋਂ ਦੂਰ ਸੱਤ ਸਮੁੰਦਰੋਂ ਪਾਰ ਵਿਦੇਸ਼ਾਂ ਵਿੱਚ ਪੜ੍ਹਾਈ ਕਰਦਿਆਂ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤੇ ਵਿਦਿਆਰਥੀਆਂ ਨੂੰ ਦਾਲ- ਫੁਲਕਾ ਵੀ ਬਣਾਉਣਾ ਨਹੀਂ ਆਉਂਦਾ, ਕਾਲਜ ਜਾਣ ਦਾ ਪੈਂਡਾ ਵੀ ਦੂਰ ਹੁੰਦਾ ਹੈ, ਉਸ ਤੋਂ ਬਾਅਦ ਕੰਮ-ਕਾਰ ਵੀ ਕਿਤੇ ਹੋਰ ਜਗ੍ਹਾ ਜਾਣਾ ਪੈਂਦਾ ਹੈ, ਸਮਾਂ ਘੱਟ ਹੋਣ ਕਾਰਨ ਬਹੁਤੇ ਵਿਦਿਆਰਥੀ ਭੁੱਖੇ ਢਿੱਡ ਸੌਂ ਜਾਂਦੇ ਹਨ ਜਾਂ ਫਿਰ ਬਹੁਤੇ ਰਾਤਾਂ ਨੂੰ ਕੰਮਕਾਰਾਂ 'ਤੇ ਜਾਂਦੇ-ਆਉਂਦੇ ਹੋਣ ਕਰਕੇ ਮਹਿੰਗੇ- ਮੁੱਲ ਦਾ ਖਾਣਾ ਜਾਂ ਪੀਜ਼ਾ-ਬਰਗਰ ਵਗੈਰਾ ਖਾ ਕੇ ਸੌਂ ਜਾਂਦੇ ਹਨ, ਜੋ ਸਿਹਤ ਲਈ ਵੀ ਹਾਨੀਕਾਰਕ ਹੈ।

ਉਪਰੋਕਤ ਸਾਰੀਆਂ ਮੁਸ਼ਕਲਾਂ ਨੂੰ ਮੱਦੇਨਜ਼ਰ ਰੱਖਦਿਆਂ ਅਤੇ ਵਿਦਿਆਰਥੀਆਂ ਦੇ ਦੁੱਖ-ਦਰਦ ਨੂੰ ਮਹਿਸੂਸ ਕਰਦਿਆਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ/ਡੈਲਟਾ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਬਿਨਾਂ ਕਿਸੇ ਝਿਜਕ ਤੋਂ ਪ੍ਰਸ਼ਾਦਾ ਆਪਣੇ ਘਰ ਲਿਜਾ ਸਕਦੇ ਹਨ। ਛਕਣ ਵਾਸਤੇ ਤਾਂ ਲੰਗਰ ਹਮੇਸ਼ਾ ਖੁੱਲ੍ਹਾ ਹੀ ਹੈ।

ਮੁੱਖ ਸੇਵਾਦਾਰ ਹਰਦੀਪ ਸਿੰਘ ਨਿੱਝਰ ਨੇ ਉਕਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਵਿਦਿਆਰਥੀ ਹੀ ਸਾਡੀ ਕੌਮ ਦਾ ਭਵਿੱਖ ਹਨ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਸਾਡੇ ਗੁਰਦੁਆਰਿਆਂ ਦੇ ਪ੍ਰਬੰਧ ਦੀ ਸੇਵਾ-ਸੰਭਾਲ ਦੇ ਨਾਲ-ਨਾਲ ਇੱਥੋਂ ਦੀ ਰਾਜਨੀਤੀ ਵਿੱਚ ਵੀ ਆਪਣੀ ਕੌਮ ਅਤੇ ਪੰਜਾਬ ਦਾ ਨਾਮ ਉੱਚਾ ਕਰਨ ਵਿੱਚ ਵੱਡੀਆਂ ਮੱਲਾਂ ਮਾਰਨੀਆਂ ਹਨ, ਇਨ੍ਹਾਂ ਵਿਦਿਆਰਥੀਆਂ ਦੇ ਦਰਦ ਨੂੰ ਸਮਝਣਾ, ਉਸ ਦਰਦ ਦਾ ਹੱਲ ਕਰਨਾ ਅਤੇ ਇਨ੍ਹਾਂ ਨੂੰ ਗਲ਼ ਨਾਲ ਲਾਉਣਾ ਹੀ ਸਾਡਾ ਧਰਮ ਅਤੇ ਫਰਜ਼ ਬਣਦਾ ਹੈ, ਪ੍ਦੇਸਾਂ ਵਿੱਚ ਅਸੀਂ ਹੀ ਇੱਕ ਦੂਜੇ ਦੇ ਭੈਣ ਭਰਾ ਅਤੇ ਸਕੇ ਸਬੰਧੀ ਹਾਂ। ਇਸ ਲਈ ਵਿਦਿਆਰਥੀ ਬਿਨਾ ਝਿਜਕ ਗੁਰਦੁਆਰੇ ਆਣ ਕੇ ਪ੍ਸ਼ਾਦਾ ਆਪਣੇ ਘਰ ਲਿਜਾ ਸਕਦੇ ਹਨ।

ਵਿਦਿਆਰਥੀਆਂ ਵਲੋਂ ਪ੍ਸ਼ਾਦਾ ਘਰ ਲਿਜਾਣ ਲਈ ਡੱਬਿਆਂ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ। ਜੇਕਰ ਕਿਸੇ ਵੀ ਵਿਦਿਆਰਥੀ ਨੂੰ ਕੋਈ ਵੀ ਪੇ੍ਸ਼ਾਨੀ ਆਵੇ ਤਾਂ ਗੁਰਦੁਆਰਾ ਸਾਹਿਬ ਦੇ ਦਫਤਰ 604-598-1300 'ਤੇ ਸੰਪਰਕ ਕਰੇ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।