ਅੰਮ੍ਰਿਤਪਾਲ ਸਿੰਘ ਕਾਰਣ ਖਡੂਰ ਸਾਹਿਬ ਲੋਕ ਸਭਾ ਹਲਕਾ ਦਿਲਚਸਪ ਬਣਿਆ
ਬਾਦਲ ਦਲ ਨੇ ਆਪਣਾ ਉਮੀਦਵਾਰ ਖੜਾ ਕੀਤਾ ਅਕਾਲੀ ਦਲ ਅੰਮ੍ਰਿਤਸਰ ਅੰਮ੍ਰਿਤਪਾਲ ਦੀ ਹਮਾਇਤ ਉਪਰ
*ਅੰਮ੍ਰਿਤ ਪਾਲ ਸਿੰਘ ਦੀ ਜਿਤ ਸੌਖੀ ਨਹੀਂ,ਅਕਾਲੀ ਦਲ ਦੇ ਹੋਣਗੇ ਮਾੜੇ ਹਾਲਾਤ-ਸਿਆਸੀ ਮਾਹਿਰ
*ਅਕਾਲੀ ਦਲ ਦੀ ਹਾਰ ਤੇ ਕਾਂਗਰਸ ਦੀ ਫੁਟ ਆਪ ਦੀ ਸਿਆਸੀ ਤਾਕਤ ਵਧਾਏਗੀ
ਖਡੂਰ ਸਾਹਿਬ ਪੰਜਾਬ ਦੀ ਪੰਥਕ ਸੀਟ ਹੈ ਤੇ ਇਸ ਵਜ੍ਹਾ ਕਰਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਐਨਐਸਏ ਤਹਿਤ ਬੰਦ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਚੋਣ ਲੜਣ ਦਾ ਫ਼ੈਸਲਾ ਕੀਤਾ ਹੈ। ਇਹ ਐਲਾਨ ਬੀਤੇ ਦਿਨੀਂ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਵੱਲੋਂ ਕੀਤਾ ਗਿਆ ਸੀ। ਇਸ ਪੰਥਕ ਹਲਕੇ ਵਿਚ ਮੁਕਾਬਲਾ ਕਾਫੀ ਦਿਲਚਸਪ ਹੋਣ ਵਾਲਾ ਹੈ। ਪਹਿਲਾਂ ਜਾਪਦਾ ਸੀ ਕਿ ਅਕਾਲੀ ਦਲ ਬਾਦਲ ਅੰਮ੍ਰਿਤਪਾਲ ਸਿੰਘ ਦਾ ਸਮਰਥਨ ਕਰ ਦੇਵੇਗਾ।ਪਰ ਹੁਣ ਸ਼੍ਰੋਮਣੀ ਅਕਾਲੀ ਦਲ ਵਲੋਂ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਸਾਫ ਹੋ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਅਕਾਲੀ ਦਲ ਅੰਮ੍ਰਿਤਸਰ ਤੇ ਹੋਰ ਪੰਥਕ ਧੜਿਆਂ ਦੇ ਸਹਿਯੋਗ ਨਾਲ ਇਹ ਸੀਟ ਲੜਨੀ ਪਵੇਗੀ। ਵਲਟੋਹਾ ਨੇ ਆਪਣੇ ਮੁੱਖ ਏਜੰਡੇ ਦੀ ਗੱਲ ਕਰਦਿਆਂ ਕਿਹਾ ਕਿ ਉਹ ਪੰਥ ਅਤੇ ਪੰਜਾਬ ਦੀ ਗੱਲ ਕਰਨ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਪਹਿਲ ਦੇਣਗੇ| ਉਹ ਕਿਸਾਨੀ ਦੇ ਮਸਲਿਆਂ ਦੀ ਗੱਲ ਕਰਨ ਦੇ ਨਾਲ ਪਾਕਿਸਤਾਨ ਨਾਲ ਵਾਹਗਾ ਰਸਤਿਓਂ ਵਪਾਰ ਨੂੰ ਖੋਲ੍ਹਣ ਲਈ ਵੀ ਆਵਾਜ਼ ਬੁਲੰਦ ਕਰਨਗੇ ਤੇ ਕਿਸਾਨਾਂ ਨਾਲ ਕੀਤੇ ਗਏ ਵਾਅਦਿਆਂ ਅਨੁਸਾਰ ਮੰਨੀਆਂ ਮੰਗਾਂ ਲਾਗੂ ਕਰਨ ਦੀ ਵੀ ਗੱਲ ਕਰਦੇ ਰਹਿਣਗੇ।
ਅੰਮ੍ਰਿਤਪਾਲ ਸਿੰਘ ਦੇ ਹੱਕ ਵਿਚ ਅਕਾਲੀ ਦਲ ਅੰਮ੍ਰਿਤਸਰ
ਹੁਣੇ ਜਿਹੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਵਾਪਸ ਲੈ ਲਿਆ ਸੀ ਅਤੇ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ।
ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਮੋਹਨ ਸਿੰਘ ਤੂਰ ਦੇ ਪਰਿਵਾਰ ਅਤੇ ਹੋਰ ਕਈ ਪੰਥ ਦਰਦੀਆਂ ਨੇ ਵੀ ਅੰਮ੍ਰਿਤਪਾਲ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ।ਹੋਰ ਵੀ ਪੰਥਕ ਧੜੇ ਅੰਮ੍ਰਿਤ ਪਾਲ ਸਿੰਘ ਦੀ ਹਮਾਇਤ ਉਪਰ ਆ ਸਕਦੇ ਹਨ। ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਐਕਸ 'ਤੇ ਇਕ ਪੋਸਟ ਵਿਚ ਕਿਹਾ ਸੀ ਕਿ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਨੇ ਮੀਟਿੰਗ ਕਰਕੇ ਅੰਮ੍ਰਿਤਪਾਲ ਨੂੰ ਪਾਰਟੀ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ।ਸ਼੍ਰੋਮਣੀ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਪਾਰਟੀ ਨੇ ਪਹਿਲਾਂ ਖਡੂਰ ਸਾਹਿਬ ਤੋਂ ਹਰਪਾਲ ਸਿੰਘ ਬਲੇਰ ਨੂੰ ਨਾਮਜ਼ਦ ਕਰਨ ਦਾ ਐਲਾਨ ਕੀਤਾ ਸੀ, ਪਰ ਹੁਣ ਉਨ੍ਹਾਂ ਦੀ ਨਾਮਜ਼ਦਗੀ ਵਾਪਸ ਲੈ ਲਈ ਗਈ ਹੈ। ਸੰਧੂ ਨੇ ਸਪੱਸ਼ਟ ਕੀਤਾ ਕਿ ਅੰਮ੍ਰਿਤਪਾਲ ਸਿੰਘ ਅਕਾਲੀ ਦਲ (ਅ) ਵਿੱਚ ਸ਼ਾਮਲ ਨਹੀਂ ਹੋਇਆ ਹੈ । ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਪਾਲ ਦੇ ਹੱਕ ਵਿੱਚ ਰੈਲੀਆਂ ਵੀ ਕਰਨਗੇ। ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੇ ਜੇਲ੍ਹ ਵਿੱਚ ਰਹਿੰਦਿਆਂ 1989 ਦੀਆਂ ਸੰਸਦੀ ਚੋਣਾਂ ਰਿਕਾਰਡ ਫਰਕ ਨਾਲ ਜਿੱਤ ਕੇ ਇਤਿਹਾਸ ਰਚਿਆ ਸੀ। ਇਸ ਵਾਰ ਇਤਿਹਾਸ ਦੁਹਰਾਇਆ ਜਾਵੇਗਾ।
ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਅਕਾਲੀ ਦਲ (ਅ) ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ।ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਉਦੇਸ਼ ਐਨਐਸਏ ਵਿਰੁੱਧ ਅਵਾਜ਼ ਬੁਲੰਦ ਕਰਨਾ ਅਤੇ ਪੰਜਾਬ ਦੇ ਮੁੱਦਿਆਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਉਠਾਉਣਾ ਹੈ।
ਬਾਦਲ ਦਲ ਉਪਰ ਉਠੇ ਸੁਆਲ
ਸ਼੍ਰੋਮਣੀ ਅਕਾਲੀ ਦਲ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੇ ਪੰਜਾਬ, ਪੰਥ ਤੇ ਬੰਦੀ ਸਿੰਘਾਂ ਦੇ ਮੁੱਦੇ ਨੂੰ ਲੈ ਕੇ ਭਾਜਪਾ ਨਾਲ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਇਸ ਮੌਕੇ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਚੋਣ ਮੈਦਾਨ ਵਿੱਚ ਲਿਆਉਣ ਤੋਂ ਬਾਅਦ ਅਕਾਲੀ ਦਲ ਦੀ ਰਣਨੀਤੀ ਉੱਤੇ ਸਵਾਲ ਖੜ੍ਹੇ ਹੋ ਗਏ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਕਾਲੀ ਦਲ ਨੇ ਬੰਦੀ ਸਿੰਘਾਂ ਦੇ ਪਰਿਵਾਰ ਵਾਲਿਆਂ ਦੇ ਮੁਕਾਬਲੇ ਉਮੀਦਵਾਰ ਖੜ੍ਹੇ ਕੀਤੇ ਹੋਣ।
ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਨੂੰ ਪਿਛਲੇ ਸਾਲ ਅਪ੍ਰੈਲ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਖ਼ਿਲਾਫ਼ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਲਗਾਇਆ ਗਿਆ ਸੀ। ਅੰਮ੍ਰਿਤਪਾਲ ਦੀ ਰਿਹਾਈ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਸਰਕਾਰਾਂ ਨੂੰ ਘੇਰਿਆ ਜਾਂਦਾ ਹੈ। ਇਸ ਮੌਕੇ ਅਕਾਲੀ ਦਲ ਦੇ ਲੀਡਰਾਂ ਨੇ ਪਰਿਵਾਰ ਵੱਲੋਂ ਕੀਤੇ ਜਾ ਰਹੇ ਸੰਘਰਸ਼ ਵਿੱਚ ਗਾਹੇ-ਬਗਾਹੇ ਹਾਜ਼ਰੀ ਵੀ ਲਵਾਈ ਜਾਂਦੀ ਹੈ ਪਰ ਹੁਣ ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਨੂੰ ਉਮੀਦਵਾਰ ਬਣਾ ਦਿੱਤਾ ਹੈ ਜਿਸ ਤੋਂ ਇਹ ਤਾਂ ਸਾਫ਼ ਹੈ ਕਿ ਪੰਥਕ ਵੋਟ ਜ਼ਰੂਰ ਵੰਡੀ ਜਾਵੇਗੀ। ਜੇ ਗੱਲ 2014 ਦੀਆਂ ਚੋਣਾਂ ਦੀ ਕੀਤੀ ਜਾਵੇ ਤਾਂ ਉਸ ਵੇਲੇ ਅਕਾਲੀ ਦਲ ਨੇ ਪਟਿਆਲਾ ਹਲਕੇ ਤੋਂ ਕਮਲਦੀਪ ਕੌਰ ਦੇ ਵਿਰੋਧ ਵਿੱਚ ਦੀਪੇਂਦਰ ਸਿੰਘ ਢਿੱਲੋਂ ਨੂੰ ਉਮੀਦਵਾਰ ਨੂੰ ਉਮੀਦਵਾਰ ਬਣਾਇਆ ਸੀ ਹਾਲਾਂਕਿ ਉਸ ਵੇਲੇ ਦੋਵਾਂ ਲੀਡਰਾਂ ਦੀ ਹਾਰ ਹੋਈ ਸੀ। ਇਸ ਦੇ ਨਾਲ ਹੀ ਜੇ ਗੱਲ ਖਡੂਰ ਸਾਹਿਬ ਦੀ ਕੀਤੀ ਜਾਵੇ ਤਾਂ 2019 ਦੀਆਂ ਚੋਣਾਂ ਵਿੱਚ ਪਰਮਜੀਤ ਕੌਰ ਖਾਲੜਾ ਦੇ ਵਿਰੋਧ ਵਿੱਚ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਉਮੀਦਵਾਰ ਬਣਾਇਆ ਸੀ।
ਜ਼ਿਕਰ ਕਰ ਦੇਈਏ ਕਿ ਸੰਗਰੂਰ ਵਿੱਚ 2022 ਦੀ ਜ਼ਿਮਨੀ ਚੋਣ ਮੌਕੇ ਸ਼੍ਰੋਮਣੀ ਅਕਾਲੀ ਦਲ ਨੇ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਦੀ ਕਮਲਦੀਪ ਕੌਰ ਨੂੰ ਉਮੀਦਵਾਰ ਬਣਾਇਆ ਸੀ, ਪਰ ਇਸ ਚੋਣ ਵਿੱਚ ਉਨ੍ਹਾਂ ਦੀ ਬੁਰੀ ਤਰ੍ਹਾਂ ਨਾਲ ਹਾਰ ਹੋਈ ਸੀ।
ਪੰਥਕ ਮਾਹਿਰਾਂ ਦਾ ਮੰਨਣਾ ਹੈ ਕਿ ਬਾਦਲ ਦਲ ਦੇ ਅਜਿਹੇ ਹਾਲਾਤ ਖਡੂਰ ਸਾਹਿਬ ਵੀ ਵਾਪਰਨਗੇ।ਲੋਕ ਸਭਾ ਚੋਣ ਬਾਅਦ ਬਾਦਲ ਦਲ ਤੇ ਪੰਥਕ ਜਥੇਬੰਦੀਆਂ ਵਿਚਾਲੇ ਸਿਆਸੀ ਭੇੜ ਹੋਰ ਗਹਿਰੀ ਹੋ ਜਾਵੇਗੀ।ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਹਾਲੇ ਤਕ ਬਾਦਲ ਦਲ ਬਠਿੰਡਾ ,ਫਿਰੋਜਪੁਰ ਤੇ ਫਰੀਦਕੋਟ ਤੋਂ ਇਲਾਵਾ ਕਿਸੇ ਵੀ ਲੋਕ ਸਭਾ ਸੀਟ ਉਪਰ ਤਿਖੀ ਲੜਾਈ ਵਿਚ ਨਹੀਂ ਹੈ।
ਪੰਥਕ ਮਾਹਿਰ ਤੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿਧੂ ਅਨੁਸਾਰ ਇਹ ਲੜਾਈ ਕਾਂਗਰਸ ਆਪ ਵਿਚਾਲੇ ਜਾਪ ਰਹੀ ਹੈ।ਕਿਉਂਕਿ ਪੰਥਕ ਵੋਟ ਵੰਡੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਇਥੋਂ ਹੀ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਬੀਬੀ ਪਰਮਜੀਤ ਕੌਰ ਖਾਲੜਾ ਤੇ ਅਕਾਲੀ ਉਮੀਦਵਾਰ ਬੀਬੀ ਜਾਗੀਰ ਕੌਰ ਹਾਰ ਗਏ ਸਨ। ਕਾਂਗਰਸ ਇਥੋਂ ਜਿਤ ਗਈ ਸੀ।ਹੁਣ ਵੀ ਅਜਿਹੀ ਸੰਭਾਵਨਾ ਦਿਖ ਰਹੀ ਹੈ।
ਕੀ ਮਾਨ ਵਾਂਗ ਇਤਿਹਾਸ ਦੁਹਰਾ ਸਕਣਗੇ ਅੰਮ੍ਰਿਤਪਾਲ ਸਿੰਘ
ਸਿਮਰਨਜੀਤ ਸਿੰਘ ਮਾਨ 1989 ਵਿਚ ਜੇਲ ਵਿਚੋਂ ਚੋਣ ਲੜਨ ਸਮੇਂ ਇੰਦਰਾ ਗਾਂਧੀ ਦੇ ਕਤਲ ਦੀ ਸਾਜ਼ਸ਼ ਦੇ ਦੋਸ਼ਾਂ ਤਹਿਤ ਐਨ.ਐਸ.ਏ. ਤਹਿਤ ਬੰਦ ਸਨ ਅਤੇ ਇਸ ਸਮੇਂ ਅੰਮ੍ਰਿਤਪਾਲ ਸਿੰਘ ਵੀ ਐਨ.ਐਸ.ਏ. ਤਹਿਤ ਹੀ ਅਸਾਮ ਦੀ ਡਿਬਰੂਗੜ੍ਹ ਜੇਲ ਵਿਚ ਦੇਸ਼ ਵਿਰੋਧੀ ਕਾਰਵਾਈਆਂ ਵਰਗੇ ਗੰਭੀਰ ਦੋਸ਼ਾਂ ਤਹਿਤ ਬੰਦ ਹਨ। ਦੋਹਾਂ ਦੀ ਵਿਚਾਰਧਾਰਾ ਵੀ ਵਖਰੇ ਸਿੱਖ ਰਾਜ ਲਈ ਖ਼ਾਲਿਸਤਾਨ ਪੱਖੀ ਹੈ।ਇਹ ਵੀ ਵਰਨਣਯੋਗ ਹੈ ਕਿ ਅੰਮ੍ਰਿਤਪਾਲ ਨੂੰ ਨਜ਼ਰਬੰਦੀ ਤੋਂ ਪਹਿਲਾਂ ਮਾਨ ਦਾ ਪੂਰਾ ਸਹਿਯੋਗ ਤੇ ਸਮਰਥਨ ਹੈ।ਪਰ ਫਰਕ ਇਹ ਹੈ ਕਿ 1989 ਦੌਰਾਨ ਬਸਪਾ ਨਾਲ ਸੰਯੁਕਤ ਅਕਾਲੀ ਦਲ ਬਾਬਾ ਨਾਲ ਬਸਪਾ ਦਾ ਗਠਜੋੜ ਸੀ ਜੋ ਉਸ ਸਮੇਂ ਕਾਂਸ਼ੀਰਾਮ ਕਾਰਣ ਚੜ੍ਹਾਈ ਵਿਚ ਸੀ।ਸਿਖ ਸਟੂਡੈਂਟਸ ਫੈਡਰੇਸ਼ਨ ਤੇ ਖਾੜਕੂਵਾਦ ਵੀ ਜੋਬਨ ਉਪਰ ਸੀ ਜੋ ਇਸ ਗਠਜੋੜ ਦਾ ਹਮਾਇਤੀ ਸੀ।ਅਕਾਲੀ ਦਲ ਰਵਾਇਤੀ ਬਹੁਤ ਨਿਘਾਰ ਵਲ ਸੀ।ਸਿਖ ਅਵਾਮ ਰਵਾਇਤੀ ਅਕਾਲੀ ਦਲ ਦੀ ਥਾਂ ਸੰਯੁਕਤ ਅਕਾਲੀ ਦਲ ਦੀ ਹਮਾਇਤ ਵਿਚ ਸੀ।ਮਾਨ ਦੀ ਕੁਰਬਾਨੀ ਦਾ ਸਿਖ ਅਵਾਮ ਦਾ ਡੂੰਘਾ ਅਸਰ ਸੀ। ਇਸ ਕਾਰਣ ਤਰਨਤਾਰਨ ਜੋ ਕਿ ਹੁਣ ਹਲਕਾ ਖਡੂਰ ਸਾਹਿਬ ਹੈ ਤੋਂ ਭਾਰੀ ਵੋਟਾਂ ਨਾਲ ਜਿਤੇ ਸਨ।ਸਿਮਰਨਜੀਤ ਸਿੰਘ ਮਾਨ ਨੂੰ 5 ਲੱਖ 27 ਹਜ਼ਾਰ 707 ਵੋਟਾਂ ਮਿਲੀਆਂ ਸਨ ਜਦਕਿ ਵਿਰੋਧੀ ਉਮੀਦਵਾਰ ਨੂੰ ਸਿਰਫ਼ 47 ਹਜ਼ਾਰ ਵੋਟਾਂ ਪਈਆਂ। ਇਸ ਚੋਣ ਸਮੇਂ ਮਾਨ ਦੇ ਹੋਰ ਸਹਿਯੋਗੀਆਂ ਵਿਚ ਇੰਦਰਾ ਗਾਂਧੀ ਨੂੰ ਸੋਧਾ ਲਗਾਉਣ ਵਾਲੇ ਬੇਅੰਤ ਸਿੰਘ ਦੀ ਪਤਨੀ ਬਿਮਲ ਕੌਰ ਖ਼ਾਲਸਾ ਰੋਪੜ ਤੋਂ ,ਪਟਿਆਲਾ ਤੋਂ ਅਤਿੰਦਰਪਾਲ ਸਿੰਘ,ਲੁਧਿਆਣਾ ਤੋਂ,ਰਜਿੰਦਰ ਕੌਰ ਬੁਲਾਰਾ ,ਬਠਿੰਡਾ ਤੋਂ ਸੁਚਾ ਸਿੰਘ ਮਲੋਆ ਤੇ ਫਿਰੋਜਪੁਰ ਤੋਂ ਧਿਆਨ ਸਿੰਘ ਮੰਡ ,ਫਰੀਦਕੋਟ ਤੋਂ ਜਗਦੇਵ ਸਿੰਘ ਖੁਡੀਆਂ ,ਅੰਮ੍ਰਿਤਸਰ ਤੋਂ ਕ੍ਰਿਪਾਲ ਸਿੰਘ ,ਫਿਲੌਰ ਤੋਂ ਹਰਭਿਜਨ ਲਾਖਾ ਬਸਪਾ ਉਮੀਦਵਾਰ ਚੋਣ ਜਿੱਤੇ ਸਨ।
ਪੱਤਰਕਾਰ ਜਸਪਾਲ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਹੋ ਜਿਹਾ ਅਸਰ ਅੰਮ੍ਰਿਤਪਾਲ ਸਿੰਘ ਦਾ ਨਹੀਂ ਦਿਖਾਈ ਦੇ ਰਿਹਾ।ਨਾ ਹੀ ਉਹ ਲਹਿਰ ਦਿਖ ਰਹੀ ਹੈ।ਸਿਖ ਬੁਧੀਜੀਵੀਆਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਧੜੇ ਨੂੰ ਇਥੇ ਖਾਸੀ ਮਿਹਨਤ ਕਰਨੀ ਪਵੇਗੀ।
ਭਾਵੇਂ ਅੰਮ੍ਰਿਤਪਾਲ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਐਨ.ਐਸ.ਏ. ਤੋਂ ਛੁਟਕਾਰਾ ਪਾ ਕੇ ਅਸਾਮ ਦੀ ਜੇਲ ਤੋਂ ਮੁਕਤੀ ਦਾ ਰਾਹ ਲੋਕਤੰਤਰ ਤਰੀਕੇ ਨਾਲ ਚੋਣ ਪ੍ਰਕਿਰਿਆ ਵਿਚ ਸ਼ਾਮਲ ਹੋਣ ਨਾਲ ਖੁਲ੍ਹ ਸਕਦਾ ਹੈ ਕਿਉਂਕਿ ਸਰਕਾਰਾਂ ਤਾਂ ਫ਼ਿਲਹਾਲ ਕੋਈ ਰਾਹਤ ਦੇਣ ਲਈ ਤਿਆਰ ਨਹੀਂ।
ਜੇ ਪਿਛਲੀਆਂ ਚੋਣਾਂ ਦੀ ਗੱਲ ਕਰੀਏ ਤਾਂ ਇਥੇ ਪੰਥਕ ਵੋਟ ਵੰਡੇ ਜਾਣ ਕਾਰਨ ਕਾਂਗਰਸ ਦੇ ਜਸਬੀਰ ਗਿੱਲ ਡਿੰਪਾ ਜਿੱਤ ਗਏ ਸਨ। ਇਸ ਸਮੇਂ ਜਸਵੰਤ ਸਿੰਘ ਖਾਲੜਾ ਨੇ ਸਾਂਝੇ ਫ਼ਰੰਟ ਵਲੋਂ ਚੋਣ ਲੜਾ ਕੇ 2 ਲੱਖ ਤੋਂ ਵੱਧ ਵੋਟਾਂ ਲਈਆਂ ਸਨ ਅਤੇ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ ਵੀ 3 ਲੱਖ ਤੋਂ ਵੱਧ ਵੋਟਾਂ ਮਿਲੀਆਂ ਸਨ। ‘ਆਪ’ ਨੂੰ ਵੀ 1 ਲੱਖ ਤੋਂ ਵੱਧ ਵੋਟਾਂ ਪਈਆਂ ਸਨ।
ਸਾਬਕਾ ਖਾੜਕੂ ਤੇ ਚਿੰਤਕ ਰਣਜੀਤ ਸਿੰਘ ਕੁਕੀ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਸਖਸ਼ੀਅਤ ਸਿਮਰਨਜੀਤ ਸਿੰਘ ਮਾਨ ਜਾਂ ਬੀਬੀ ਪਰਮਜੀਤ ਕੌਰ ਖਾਲੜਾ ਜਿੰਨੀ ਵਡੀ ਨਹੀਂ ਹੈ।ਦੋਵੇਂ ਸਖਸ਼ੀਅਤਾਂ ਮਾਨ ਤੇ ਖਾਲੜਾ ਦੀਆਂ ਪੰਥ ਲਈ ਵਡੀ ਕੁਰਬਾਨੀ ਵਾਲੀਆਂ ਮੰਨੀਆਂ ਜਾਂਦੀਆਂ ਹਨ।ਜਦ ਕਿ ਅੰਮ੍ਰਿਤ ਪਾਲ ਦੀ ਗਿ੍ਫਤਾਰੀ ਬਾਅਦ ਵੀ ਵਡਾ ਪੰਥਕ ਮੁਹਾਜ ਖੜਾ ਨਹੀਂ ਹੋ ਸਕਿਆ।
ਸਿਆਸੀ ਮਾਹਿਰਾਂ ਦਾ ਮੰਨਣਾ ਇਹ ਵੀ ਹੈ ਕਿ ਅਕਾਲੀ ਦਲ ਦਾ ਨਿਘਾਰ, ਕਾਂਗਰਸ ਦੀ ਫੁਟ ਆਪ ਪਾਰਟੀ ਨੂੰ ਸਿਆਸੀ ਤਾਕਤ ਦੇਵੇਗੀ।
ਕੋਣ ਕੋਣ ਲੜ ਰਹੇ ਨੇ ਚੋਣ
ਖਡੂਰ ਸਾਹਿਬ ਹਲਕੇ ਤੋਂ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਸਿੰਘ ਵਲੋਂ ਚੋਣ ਲੜੀ ਜਾਵੇਗੀ। ਇਸ ਤੋਂ ਇਲਾਵਾ ਕਾਂਗਰਸ ਵਲੋਂ ਕੁਲਬੀਰ ਸਿੰਘ ਜੀਰਾ, ਆਮ ਆਦਮੀ ਪਾਰਟੀ ਵਲੋਂ ਉਮੀਦਵਾਰ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ,ਭਾਜਪਾ ਵਲੋਂ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਉਰਫ ਮੀਆਂਵਿੰਡ, ਸੀਪੀਆਈ-ਸੀਪੀਐਮ ਦੇ ਸਾਂਝੇ ਉਮੀਦਵਾਰ ਗੁਰਦਿਆਲ ਸਿੰਘ ਇਸ ਹਲਕੇ ਤੋਂ ਚੋਣ ਲੜਨਗੇ।
Comments (0)