ਕੀ ਸੁਖਬੀਰ ਬਾਦਲ ਅਕਾਲੀ ਦਲ ਦਾ ਵਾਜੂਦ ਤੇ ਪੰਜਾਬ ਦੀ ਖੁਦਮੁਖਤਿਆਰੀ ਦਾ ਅਕਾਲੀ ਸਿਧਾਂਤ ਬਚਾ ਸਕਣਗੇ

ਕੀ ਸੁਖਬੀਰ ਬਾਦਲ ਅਕਾਲੀ ਦਲ ਦਾ  ਵਾਜੂਦ ਤੇ ਪੰਜਾਬ ਦੀ ਖੁਦਮੁਖਤਿਆਰੀ ਦਾ ਅਕਾਲੀ ਸਿਧਾਂਤ ਬਚਾ ਸਕਣਗੇ

*ਸੁਖਬੀਰ ਬਾਦਲ ਦਾ ਬਿਆਨ ਵਡੇ ਬਾਦਲ ਨੇ 15 ਸਾਲ ਜੇਲ ਕਟੀ

*ਜਥੇਦਾਰ ਭੌਰ,ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਨੇ ਸਬੂਤ ਪੇਸ਼ ਕਰਨ ਲਈ ਕਿਹਾ

ਕੁਝ ਚੋਣਵੀਂ ਅਕਾਲੀ ਲੀਡਰਸ਼ਿਪ ਦਾ ਭਾਜਪਾ ਵਿਚ ਸ਼ਾਮਲ ਹੋਣ ਕਰਕੇ ਅਕਾਲੀ ਦਲ ਲਈ ਵੱਡਾ ਸਿਆਸੀ ਸੰਕਟ ਪੈਦਾ ਹੋ ਗਿਆ ਹੈ। ਇਸ ਕਾਰਣ ਬਾਦਲ ਦੀ ਲੀਡਰਸ਼ਿਪ ਦੇ ਨਿਸ਼ਾਨੇ ਉਪਰ ਭਾਜਪਾ ਹੈ। ਅਕਾਲੀ ਦਲ ਦੀ ਹਾਈਕਮਾਂਡ ਲੀਡਰਸ਼ਿਪ ਭਾਜਪਾ ਨੂੰ ਪੰਥ ਤੇ ਕਿਸਾਨ ਵਿਰੋਧੀ ਦਸ ਰਹੀ ਹੈ।ਦੋਸ਼ ਲਗਾ ਰਹੀ ਹੈ ਕਿ ਭਾਜਪਾ ਪੰਥਕ ਸੰਸਥਾਵਾਂ ਉਪਰ ਕਬਜ਼ਾ ਕਰਕੇ ਪੰਥ ਦਾ ਵਡਾ ਨੁਕਸਾਨ ਕਰੇਗੀ।ਸੁਖਬੀਰ ਬਾਦਲ ਦੀ ਗੈਰ ਸਿਆਸੀ ਤੇ ਗੈਰ ਜਮਹੂਰੀ ਪਹੁੰਚ ਕਾਰਣ ਪਹਿਲਾਂ ਢੀਂਡਸਾ ਪਰਿਵਾਰ ਘਰ ਬੈਠ ਗਿਆ ,ਫਿਰ ਸਿੰਕਦਰ ਸਿੰਘ ਮਲੂਕਾ ਬਾਦਲ ਪਰਿਵਾਰ ਤੋਂ ਨਰਾਜ਼ ਚੁਪ ਧਾਰੀ ਬੈਠੇ ਹਨ । ਇਸ ਨਰਾਜ਼ਗੀ ਕਾਰਣ ਮਲੂਕਾ ਪਰਿਵਾਰ ਦਾ ਬੇਟਾ ਤੇ ਨੂੰਹ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਸਿੰਕਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਭਾਜਪਾ ਵਲੋਂ ਬਠਿੰਡਾ ਤੋਂ ਉਮੀਦਵਾਰ ਹੈ। ਉਨ੍ਹਾਂ ਨੂੰ ਇਤਰਾਜ਼ ਹੈ ਕਿ ਮਲੂਕਾ ਪਰਿਵਾਰ ਨੇ ਸਿਆਸੀ ਤੌਰ ਉਪਰ ਬਾਦਲ ਪਰਿਵਾਰ ਦਾ ਸਿਆਸੀ ਕਦ ਕਾਠ ਵਧਾਇਆ ,ਪਰ ਬਾਦਲ ਪਰਿਵਾਰ ਨੇ ਉਨ੍ਹਾਂ ਨੂੰ ਲੋਕ ਸਭਾ ਸੀਟ ਲਈ ਵਿਚਾਰਿਆ ਹੀ ਨਹੀਂ। ਬਹੁਗਿਣਤੀ ਅਕਾਲੀ ਲੀਡਰਸ਼ਿਪ ਬਾਦਲ ਪਰਿਵਾਰ ਤੋਂ ਸੰਤੁਸ਼ਟ ਨਹੀਂ ਹੈ। ਇਸਤਰੀ ਅਕਾਲੀ ਜਥਾ ਪਹਿਲਾਂ ਹੀ ਬਾਗੀ ਮੂਡ ਵਿਚ ਹੈ।ਆਉਣ ਵਾਲੇ ਸਮੇਂ ਵਿਚ ਜੇ ਅਕਾਲੀ ਦਲ ਨੇ ਆਪਣੀਆਂ ਨੀਤੀਆਂ ਵਿਚ ਸੁਧਾਰ ਨਾ ਲਿਆਂਦਾ ਤਾਂ ਸੰਕਟ ਹੋਰ ਵਧ ਜਾਵੇਗਾ।ਬਾਦਲ ਦਲ ਦਾ ਪਰਿਵਾਰਵਾਦ ਅਕਾਲੀ ਦਲ ਦੀ ਹੋਂਦ ਲਈ ਸੰਕਟ ਬਣਿਆ ਹੋਇਆ ਹੈ।ਕਈ ਅਕਾਲੀ ਨੇਤਾ ਸਿਧਾਂਤ ਦੀ ਥਾਂ ਰਾਜਨੀਤਕ ਇਛਾਵਾਂ ਲਈ ਅਕਾਲੀ ਦਲ ਛਡ ਰਹੇ ਹਨ।

ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਨੇ ਸੀਨੀਅਰ ਪਾਰਟੀ ਆਗੂ ਤੇ ਸ਼੍ਰੋਮਣੀ ਕਮੇਟੀ ਦੀ ਮੈਂਬਰ ਹਰਜਿੰਦਰ ਕੌਰ ਨੂੰ ਪਾਰਟੀ ਵਿਚੋਂ ਝੂਠੇ ਦੋਸ਼ਾਂ ਦੇ ਆਧਾਰ ਉਪਰ ਕੱਢਣ ਦਾ ਫ਼ੈਸਲਾ ਤੁਰੰਤ ਵਾਪਸ ਲੈ ਲਿਆ ਸੀ,ਇਸ ਨਾਲ ਬਾਦਲ ਅਕਾਲੀ ਦਲ ਦੀ ਹਾਈਕਮਾਂਡ ਦੀ ਕਿਰਕਰੀ ਹੋਈ ਹੈ। ਪਾਰਟੀ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਸੀ ਕਿ ਕੇਸ ਦੇ ਸਾਰੇ ਤੱਥਾਂ ਦੀ ਪੜਚੋਲ ਕਰਨ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਉਨ੍ਹਾਂ ਨੇ ਭਾਜਪਾ ਲਈ ਕੋਈ ਪ੍ਰਚਾਰ ਨਹੀਂ ਕੀਤਾ । ਇਸ ਤੋਂ ਸਾਫ ਝਲਕਦਾ ਹੈ ਕਿ ਬਾਦਲ ਪਰਿਵਾਰ ਪੰਥਕ ਆਗੂਆਂ ਉਪਰ ਵੀ ਵਿਸ਼ਵਾਸ ਨਹੀਂ ਕਰ ਰਿਹਾ ਜਿਨ੍ਹਾਂ ਦੀ ਧਾਰਮਿਕ ਖੇਤਰ ਵਿਚ ਦੇਣ ਹੈ।ਬਿਨਾਂ ਕਾਰਣ ਦਸੋ ਨੋਟਿਸ ਦੇ ਅਕਾਲੀ ਆਗੂ ਅਕਾਲੀ ਦਲ ਵਿਚੋਂ ਕਢੇ ਜਾ ਰਹੇ ਹਨ।

ਹੁਣ ਅਕਾਲੀ ਦਲ ਤੋਂ ਕੱਢੇ ਗਏ ਡੇਰਾ ਬਾਬਾ ਨਾਨਕ ਦੇ ਹਲਕਾ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਬੀਤੇ ਦਿਨ ਪਾਰਟੀ ਤੋਂ ਕੱਢ ਦਿੱਤਾ ਸੀ।

ਬਾਦਲ ਦਲ ਨੇ ਦੋਸ਼ ਲਗਾਏ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਦਲਜੀਤ ਸਿੰਘ ਚੀਮਾ ਨੂੰ ਕਾਹਲੋਂ ਵਲੋਂ ਕੋਈ ਸਹਿਯੋਗ ਨਹੀਂ ਮਿਲ ਰਿਹਾ ਸੀ। ਰਵੀਕਰਨ ਸਿੰਘ ਕਾਹਲੋਂ ਦੇ ਪਿਤਾ ਨਿਰਮਲ ਸਿੰਘ ਕਾਹਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੀ ਰਹਿ ਚੁੱਕੇ ਹਨ।ਦੂਜੇ ਪਾਸੇ ਬੀਜੇਪੀ ਵਿੱਚ ਸ਼ਾਮਲ ਤੋਂ ਬਾਅਦ ਕਾਹਲੋਂ ਨੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਖ਼ਿਲਾਫ਼ ਗੰਭੀਰ ਇਲਜ਼ਾਮ ਲਗਾਏ ਕਿ ਅਕਾਲੀ ਦਲ ਪਰਿਵਾਰਵਾਦੀ ਪਾਰਟੀ ਹੈ।ਇਸ ਨੂੰ 2 ਲੋਕ ਚਲਾਉਂਦੇ ਹਨ, ਇੱਕ ਸੁਖਬੀਰ ਸਿੰਘ ਬਾਦਲ ਦੂਜਾ ਬਿਕਰਮ ਸਿੰਘ ਮਜੀਠੀਆ। ਉਨ੍ਹਾਂ ਕਿਹਾ ਮੈਂ ਹਲਕਾ ਫਤਿਹਗੜ੍ਹ ਚੂੜੀਆ ਵਿੱਚ ਕੰਮ ਕਰਦਾ ਸੀ, ਮਜੀਠੀਆ ਨੂੰ ਪਤਾ ਸੀ ਮੈਂ ਉਸ ਹਲਕੇ ਤੋਂ ਜਿੱਤ ਜਾਣਾ ਹੈ, ਪਰ ਉਹ ਨਹੀਂ ਚਾਹੁੰਦੇ ਸਨ ਕਿ ਮੈਂ ਵਿਧਾਨ ਸਭਾ ਪਹੁੰਚਾਂ, ਕਾਂਗਰਸ ਦੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਉਨ੍ਹਾਂ ਦੀ ਦੋਸਤੀ ਸੀ, ਇਸੇ ਲਈ ਮੈਨੂੰ 2022 ਵਿੱਚ ਡੇਰਾ ਬਾਬਾ ਨਾਨਕ ਸਖਜਿੰਦਰ ਸਿੰਘ ਰੰਧਾਵਾ ਦੇ ਖਿਲਾਫ ਟਿਕਟ ਦਿੱਤੀ ਗਈ। ਉਹ ਚਾਹੁੰਦੇ ਸਨ ਮੈਂ ਹਾਰ ਜਾਵਾਂ ਤੇ ਮੇਰਾ ਸਿਆਸੀ ਕਰੀਅਰ ਖ਼ਤਮ ਹੋ ਜਾਵੇ। ਮੈਂ ਉੱਥੇ ਵੀ ਮਿਹਨਤ ਕੀਤੀ ਤੇ ਸਿਰਫ਼ 234 ਵੋਟਾਂ ਨਾਲ ਹਾਰ ਗਿਆ।ਕਾਹਲੋਂ ਨੇ ਦੋਸ਼ ਲਾਇਆ ਹੈ ਕਿ 2007 ਤੋਂ ਬਾਅਦ ਮਾਝੇ ਦੇ ਕਈ ਸਿਆਸੀ ਪਰਿਵਾਰਾਂ ਨੂੰ ਬਿਕਰਮ ਸਿੰਘ ਮਜੀਠੀਆ ਨੇ ਖਤਮ ਕਰ ਦਿੱਤਾ ਜਿਸ ਵਿੱਚ ਬ੍ਰਹਮਪੁਰਾ ਤੇ ਅਜਨਾਲਾ ਦਾ ਪਰਿਵਾਰ ਵੀ ਸ਼ਾਮਲ ਹੈ।ਮੈਂ ਸਿਰਫ਼ ਇਹ ਹੀ ਕਿਹਾ ਸੀ ਕਿ ਸੁੱਚਾ ਸਿੰਘ ਲੰਗਾਹ ਵਰਗੇ ਜਬਰਜਨਾਹ ਦੇ ਮੁਲਜ਼ਮਾਂ ਨੂੰ ਪਾਰਟੀ ਵਿੱਚ ਸ਼ਾਮਲ ਨਾ ਕੀਤਾ ਜਾਵੇ। ਇਹਨਾਂ ਨੇ ਮੇਰੇ ਇਸ ਬਿਆਨ ਨੂੰ ਪਾਰਟੀ ਵਿਰੋਧੀ ਕਾਰਵਾਈ ਮੰਨ ਲਿਆ।

ਰਵੀਕਰਨ ਸਿੰਘ ਕਾਹਲੋਂ ਦੀ ਪਾਰਟੀ ਨਾਲ ਨਰਾਜ਼ਗੀ ਕੁਝ ਹੀ ਦਿਨਾਂ ਦੀ ਨਹੀਂ ਹੈ। 2022 ਵਿੱਚ ਵਿਧਾਨਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਰਵੀਕਰਨ ਦੇ ਪਿਤਾ ਨਿਰਮਲ ਸਿੰਘ ਕਾਹਲੋਂ ਦਾ ਦੇਹਾਂਤ ਹੋ ਗਿਆ ਸੀ। ਭੋਗ ਤੋਂ ਠੀਕ ਪਹਿਲਾਂ ਬੀਬੀ ਜਗੀਰ ਕੌਰ ਅਤੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਰਵੀਕਰਨ ਸਿੰਘ ਕਾਹਲੋਂ ਦੇ ਘਰ ਮੀਟਿੰਗ ਕਰਕੇ ਬਗਾਵਤ ਦੇ ਸੰਕੇਤ ਦੇ ਦਿੱਤੇ ਸਨ। ਉਸ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਖੁੱਲ੍ਹ ਕੇ ਬਗਾਵਤ ਕੀਤੀ ਅਤੇ ਪਾਰਟੀ ਤੋਂ ਬਾਹਰ ਜਾਣ ਤੋਂ ਵਾਪਸੀ ਵੀ ਕਰ ਲਈ ਅਤੇ ਮਨਪ੍ਰੀਤ ਸਿੰਘ ਇਆਲੀ ਵੀ ਹੁਣ ਪਾਰਟੀ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਲੱਗੇ ਹਨ। ਪਰ ਰਵੀਕਰਨ ਨੇ ਬਗਾਵਤ ਕਰਨ ਦੇ ਲਈ 2 ਸਾਲ ਲਾ ਦਿੱਤੇ।

ਆਉਣ ਵਾਲੇ ਸਮੇਂ ਦੌਰਾਨ ਜਬਰ ਜਨਾਹ ਦੇ ਦੋਸ਼ਾਂ ਵਿਚ ਘਿਰੇ ਸੁੱਚਾ ਸਿੰਘ ਲੰਗਾਹ ਅਕਾਲੀ ਦਲ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਵਧ ਗਈ ਹੈ।ਪੰਥਕ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਲੰਗਾਹ ਅਕਾਲੀ ਦਲ ਵਿਚ ਸ਼ਾਮਲ ਹੋ ਗਿਆ ਤਾਂ ਪੰਥਕ ਹਲਕਿਆਂ ਵਿਚ ਬਾਦਲ ਪਰਿਵਾਰ ਵਿਰੁੱਧ ਰੋਸ ਉਠ ਸਕਦਾ ਹੈ।

ਹਾਲੇ ਤੱਕ ਅਕਾਲੀ ਦਲ ਨੇ ਰਾਜਾਂ ਦੀ ਖੁਦਮੁਖਤਿਆਰੀ ਬਾਰੇ ਆਪਣੀ ਪਾਲਿਸੀ ਸਪਸ਼ਟ ਨਹੀਂ ਕੀਤੀ ਨਾ ਹੀ ਪੰਥਕ ਮੁੱਦਿਆਂ ਬਾਰੇ।