ਅਸੀਂ ਨਹੀਂ ਚਾਹੁੰਦੇ ਕਿ ਬੰਬਾਂ ਦੀ ਫ਼ਸਲ ਬੀਜੀ ਜਾਵੇ 

ਅਸੀਂ ਨਹੀਂ ਚਾਹੁੰਦੇ ਕਿ ਬੰਬਾਂ ਦੀ ਫ਼ਸਲ ਬੀਜੀ ਜਾਵੇ 

ਪ੍ਰਗਟ ਸਿੰਘ ਸਤੌਜ

ਜਦੋਂ ਵੀ ਕਦੇ ਜੰਗ ਦੀ ਗੱਲ ਛਿੜਦੀ ਹੈ, ਮੇਰੇ ਅੰਦਰ ਬੈਠਾ ਬੰਦਾ ਡਰ ਨਾਲ ਕੰਬ ਜਾਂਦਾ ਹੈ। ਸੰਨ 1947 ਦੀਆਂ ਤਸਵੀਰਾਂ ਮੇਰੇ ਸੁਪਨਿਆਂ ਵਿਚ ਆਉਣ ਲਗਦੀਆਂ ਹਨ। ਗੁਰਦੇਵ ਰੁਪਾਣਾ ਦੀ ਕਹਾਣੀ 'ਹਵਾ' ਵਿਚਲੇ ਬੱਚੇ ਵਰਗੇ ਹਜ਼ਾਰਾਂ ਮਾਸੂਮ ਮੈਨੂੰ ਰੋਂਦੇ ਸੁਣਾਈ ਦੇਣ ਲੱਗਦੇ ਹਨ। ਮੇਰੇ ਵਾਂਗ ਹਜ਼ਾਰਾਂ ਮਾਵਾਂ ਦੇ, ਹਜ਼ਾਰਾਂ ਧੀਆਂ ਦੇ ਮਨਾਂ ਵਿੱਚ ਹੌਲ ਪੈਂਦੇ ਹਨ। ਡਰਾਉਣੇ ਖਿਆਲ ਆਉਂਦੇ ਹਨ। ਰੋਟੀ ਦੀ ਬੁਰਕੀ ਗਲੇ ਤੋਂ ਹੇਠਾਂ ਉੱਤਰਨੀ ਮੁਸ਼ਕਲ ਹੋ ਜਾਂਦੀ ਹੈ। ਇਹ ਸਭ ਜੰਗ ਦੇ ਪ੍ਰਭਾਵ ਹੇਠ ਆਉਣ ਵਾਲੇ ਅਤੇ ਸੰਵੇਦਨਸ਼ੀਲ ਮਨਾਂ ਨੂੰ ਹੀ ਵਿਚਲਤ ਕਰਦਾ ਹੈ। ਕੁਰਸੀ ਲਈ ਲਾਰਾਂ ਟਪਕਾਉਂਦੇ ਨੇਤਾਵਾਂ ਲਈ ਇਹ ਸਿਰਫ਼ ਬਾਂਦਰ ਬਾਂਦਰੀ ਦੀ ਖੇਡ ਹੈ।
ਮੇਰੇ ਯਾਦ ਹੈ ਜਦੋਂ ਆਗਰੇ ਸਾਰਕ ਦੇਸ਼ਾਂ ਦੇ ਸਾਹਿਤਕ ਪ੍ਰੋਗਰਾਮ ਵਿਚ ਮੈਂ ਆਪਣੇ ਪਾਕਿਸਤਾਨੀ ਦੋਸਤ ਨੂੰ ਕੁਝ ਪੈਸੇ ਦੇ ਕੇ ਕਿਹਾ ਸੀ, ''ਮੇਰੇ ਵੱਲੋਂ ਇਹਨਾਂ ਪੈਸਿਆਂ ਦੀਆਂ ਮੇਰੀ ਭਤੀਜੀ ਲਈ ਚੂੜੀਆਂ ਲੈ ਜਾਵੀਂ।””
ਉਸ ਦਾ ਘਰ ਪਹੁੰਚ ਕੇ ਫੋਨ ਆਇਆ ਸੀ, ''ਤੇਰੇ ਪੈਸਿਆਂ ਦੀਆਂ ਮੈਂ ਬੱਚਿਆਂ ਲਈ ਚੂੜੀਆਂ ਤੇ ਸੌਗਾਤਾਂ ਲੈ ਗਿਆ ਸੀ। ਉਹਨਾਂ ਨੇ ਆਪਣੇ ਚਾਚੇ ਨੂੰ ਸਲਾਮ ਭੇਜੀ ਹੈ।””
ਹੁਣ ਜਦੋਂ ਜੰਗ ਦੀ ਗੱਲ ਚੱਲੀ ਹੈ, ਮੈਨੂੰ ਉਹਨਾਂ ਚੂੜੀਆਂ ਦਾ ਚੇਤਾ ਵਾਰ ਵਾਰ ਆ ਰਿਹਾ ਹੈ, 'ਕਿਤੇ ਉਹ ਟੁੱਟ ਤਾਂ ਨਹੀਂ ਜਾਣਗੀਆਂ?'
ਇਹਨਾਂ ਚੂੜੀਆਂ ਦੇ ਟੁੱਟਣ ਦਾ ਇੱਧਰ ਵੀ ਤੇ ਉੱਧਰ ਵੀ ਸਾਰੇ ਚਾਚਿਆਂ-ਤਾਇਆਂ, ਬਾਪੂਆਂ ਤੇ ਮਾਵਾਂ ਨੂੰ ਡਰ ਹੈ। ਸੁਹਾਗਣਾਂ ਸੌ ਸੌ ਸੁੱਖਾਂ ਸੁੱਖ ਰਹੀਆਂ ਹਨ ਕਿ ਉਹਨਾਂ ਦੀਆਂ ਚੂੜੀਆਂ ਸਲਾਮਤ ਰਹਿਣ। ਜੰਗ ਨਾਲ ਚੂੜੀਆਂ ਦੇ ਟੁੱਟਣ ਨਾਲ ਪਿੱਛੇ ਰਹਿ ਗਿਆਂ 'ਤੇ ਦੁੱਖਾਂ ਦੇ ਪਹਾੜ ਟੁੱਟਦੇ ਹਨ। ਦਿਲ ਟੁੱਟਦੇ ਹਨ। ਉਡੀਕਾਂ ਟੁੱਟ ਜਾਂਦੀਆਂ ਹਨ। ਸਾਰਾ ਪਰਿਵਾਰ ਤੇ ਪੂਰਾ ਦੇਸ ਵੀ ਆਰਥਿਕ ਤੌਰ 'ਤੇ ਟੁੱਟ ਜਾਂਦਾ ਹੈ।
ਜਦੋਂ ਜੰਗ ਦੇ ਬੱਦਲ ਮੰਡਰਾਏ ਤਾਂ ਮੇਰੇ ਫ਼ੌਜੀ ਦੋਸਤ ਦੀ ਘਰਵਾਲੀ ਨੇ ਕਿਹਾ, “ਮੋਦੀ ਆਪਣੇ 'ਮਨ ਕੀ ਬਾਤ' ਤਾਂ ਕਹਿ ਦਿੰਦਾ ਹੈ ਕਦੇ ਸਾਡੇ 'ਮਨ ਕੀ ਬਾਤ' ਵੀ ਸੁਣ ਲਏ।” ਉਸ ਦਾ ਇਹ ਡਰ ਵਿਚ ਘੁਲਿਆ ਉਲਾਂਭਾ ਚੂੜੀਆਂ ਟੁੱਟ ਜਾਣ ਦਾ ਡਰ ਸੀ ਤੇ ਪੂਰੇ ਪਰਿਵਾਰ ਦਾ ਤਰਲਾ ਵੀ। ਪਤਾ ਨਹੀਂ ਇਹ ਤਰਲੇ ਜੰਗਾਂ ਛੇੜਨ ਵਾਲਿਆਂ ਨੂੰ ਕਿਉਂ ਨਹੀਂ ਸੁਣਾਈ ਦੇ ਰਹੇ?

ਸੰਨ 1947 ਦੀ ਵੰਡ ਦਾ ਦੁਖਾਂਤ ਪੰਜਾਬ ਨੇ ਆਪਣੇ ਪਿੰਡੇ ਉੱਪਰ ਝੱਲਿਆ ਹੈ। ਭਾਰਤ ਪਾਕਿ ਦੀ ਹਰ ਜੰਗ ਦੀ ਮਾਰ ਸਭ ਤੋਂ ਵੱਧ ਪੰਜਾਬੀਆਂ ਨੂੰ ਪੈਂਦੀ ਹੈ, ਇੱਧਰੋਂ ਵੀ ਤੇ ਉੱਧਰੋਂ ਵੀ। ਮੈਂ ਇੱਕ ਵਾਰ ਬਾਰਡਰ ਏਰੀਏ ਦੇ ਪਿੰਡਾਂ ਵਿੱਚ ਗਿਆ ਸੀ। ਜਿਸ ਘਰ ਅਸੀਂ ਗਏ, ਉਸ ਘਰ ਦਾ ਬਜ਼ੁਰਗ ਪੁਰਾਣੀ ਸ਼ਾਹਮੁਖੀ ਵਿਚ ਲਿਖੀ ਹੀਰ ਅੰਦਰੋਂ ਬੜੇ ਸਤਿਕਾਰ ਨਾਲ ਆਪਣੇ ਸਿਰ ਉੱਪਰ ਚੁੱਕ ਕੇ ਲਿਆਇਆ। ਉਸ ਨੇ ਖਿੜੀ ਦੁਪਹਿਰ ਵਿਚ ਸਾਨੂੰ ਹੀਰ ਗਾ ਕੇ ਸੁਣਾਈ। ਹੀਰ ਗਾਉਂਦਾ ਉਹ ਮੈਨੂੰ ਵਾਰਿਸ ਸ਼ਾਹ ਦੇ ਪੁਰਾਣੇ ਪੰਜਾਬ ਵਿਚ ਲੈ ਗਿਆ। ਜਦੋਂ ਸਾਂਝੇ ਪੰਜਾਬ ਦੀਆਂ ਗੱਲਾਂ ਚੱਲੀਆਂ ਤਾਂ ਉਸ ਨੇ ਅੱਖਾਂ ਭਰ ਲਈਆਂ, ਪੁੱਤਰਾ! ਸਾਡਾ ਉਧਰ ਮਿਲਵਰਤਣ ਸੀ। ਸਾਰੇ ਪਿੰਡਾਂ ਵਿਚ ਅਜ਼ਾਦੀ ਤੋਂ ਬਾਅਦ ਵੀ ਅਸੀਂ ਵਿਆਹ ਸ਼ਾਦੀ 'ਤੇ ਜਾਂਦੇ ਰਹੇ। ਆਹ ਲਾਗਲੇ ਪਿੰਡ ਵਿਚ ਵਿਆਹ ਸੀ ਮੇਰੇ ਦੋਸਤ ਦੀ ਕੁੜੀ ਦਾ, ਅਸੀਂ ਉਸ ਨੂੰ ਦਾਜ ਦਾ ਬਹੁਤ ਸਮਾਨ ਦੇ ਕੇ ਆਏ।” ਉਸ ਨੇ ਅੱਗੇ ਦੱਸਿਆ, “ਮੈਂ ਰਾਤ ਨੂੰ ਪਿੰਡ ਦੇ ਬਾਹਰ ਹੀਰ ਗਾਉਂਦਾ। ਮੇਰੀ ਅਵਾਜ਼ ਦੂਰ ਦੂਰ ਤਕ ਸੁਣਾਈ ਦਿੰਦੀ। ਕਈ ਪਿੰਡਾਂ ਦੇ ਲੋਕ ਮੇਰੀ ਹੀਰ ਸੁਣਨ ਆਉਂਦੇ। ਤਾਰ ਲੱਗੀ ਤਾਂ ਸਾਰਾ ਕੁਝ ਖਤਮ ਹੋ ਗਿਆ ...।”

ਬਾਬੇ ਦੀ ਇਸ ਟੁੱਟ ਗਈ ਸਾਂਝ ਦੇ ਦੁੱਖ ਨੂੰ ਮੈਂ ਧੁਰ ਅੰਦਰੋਂ ਮਹਿਸੂਸ ਕੀਤਾ ਹੈ। ਗੱਲ ਖਤਮ ਕਰਨ ਤੋਂ ਬਾਅਦ ਉਸਦੇ ਚਿਹਰੇ 'ਤੇ ਆਏ ਭਾਵ ਅਜੇ ਵੀ ਮੇਰੇ ਚੇਤਿਆਂ ਵਿੱਚ ਵਸੇ ਹੋਏ ਨੇ। ਜਿੱਥੇ ਜੰਗ ਦੀਆਂ ਗੱਲਾਂ ਇਹਨਾਂ ਸਾਂਝਾ ਨੂੰ ਤੋੜਦੀਆਂ ਹਨ, ਉੱਥੇ ਬਾਰਡਰ ਏਰੀਏ 'ਤੇ ਬੈਠੇ ਦੋਵੇਂ ਮੁਲਕਾਂ ਦੇ ਪੰਜਾਬੀਆਂ ਲਈ ਭੁੱਖ ਨੰਗ ਦਾ ਸੁਨੇਹਾ ਵੀ ਹੁੰਦੀਆਂ ਹਨ।
ਮੇਰੇ ਪਾਕਿਸਤਾਨੀ ਵੀ ਦੋਸਤ ਹਨ। ਅਸੀਂ ਜੰਗ ਦੀਆਂ ਗੱਲਾਂ ਤੋਂ ਉਦਾਸ ਹੋ ਜਾਂਦੇ ਹਾਂ। ਦੁਆ ਕਰਦੇ ਹਾਂ ਜੰਗ ਨਾ ਲੱਗੇ। ਕੋਸ਼ਿਸ਼ਾਂ ਕਰਦੇ ਹਾਂ ਦੋਵੇਂ ਦੇਸਾਂ ਦੀ ਕੁੜੱਤਣ ਦੂਰ ਹੋਵੇ। ਕੈਨੇਡਾ ਮਿਲੀ ਲਾਹੌਰਨ ਭੈਣ ਨੂੰ ਮੈਂ ਕਿਹਾ ਸੀ, “ਜੇ ਇਹ ਸੰਭਵ ਹੋ ਸਕਦਾ ਹੋਵੇ ਕਿ ਮੇਰੀ ਜਾਨ ਦੇਣ ਨਾਲ ਦੋਵੇਂ ਦੇਸ ਇੱਕ ਹੋ ਜਾਣ ਤਾਂ ਮੈਂ ਜਾਨ ਦੇਣ ਲਈ ਪਲ ਵੀ ਨਾ ਲਾਵਾਂ।” ਉਸਦੀ ਭਾਵਨਾ ਵੀ ਇਹੀ ਸੀ। ਸ਼ਾਇਦ ਸਾਡੀ ਇਹ ਸਾਂਝੀ ਭਾਵਨਾ ਦੋਵਾਂ ਦੇਸਾਂ ਦੀਆਂ ਧੀਆਂ ਦੀਆਂ ਚੂੜੀਆਂ ਦੀ ਸਲਾਮਤੀ ਲਈ ਸੀ। ਇਸੇ ਕਰਕੇ ਅਸੀਂ ਪਹਿਲੀ ਵਾਰ ਮਿਲੇ ਵੀ ਇੰਝ ਮਿਲੇ ਸੀ ਜਿਵੇਂ ਬਚਪਨ ਤੋਂ ਇੱਕ ਦੂਜੇ ਨੂੰ ਜਾਣਦੇ ਹੋਈਏ। ਇਹੀ ਸਾਰੇ ਪੰਜਾਬੀਆਂ ਦੀ ਸਾਂਝ ਹੈ। ਜੇ ਇੱਧਰ ਸਾਡਾ ਘਰ ਹੈ ਤਾਂ ਉੱਧਰ ਸਾਰੇ ਪੰਜਾਬੀ ਭਰਾਵਾਂ ਦਾ ਘਰ ਹੈ। ਮੈਂਨੂੰ ਮੇਰੇ ਮਿੱਤਰ ਮੱਟ ਸੇਰੋਂ ਦਾ ਇੱਕ ਗੀਤ ਚੇਤੇ ਆ ਰਿਹਾ ਹੈ ...
ਉਧਰ ਮੇਰੀ ਨਾਨੀ ਰੋਊ
ਇੱਧਰ ਮੇਰੀ ਮਾਂ ...

ਹਿੰਦ ਵਾਲਿਓ, ਪਾਕਿ ਵਾਲਿਓ,
ਓਏ! ਹਾੜਾ ਲੜਿਓ ਨਾ ...
ਅਸੀਂ ਨਹੀਂ ਚਾਹੁੰਦੇ ਕਿ ਦੁਬਾਰਾ 47 ਆਵੇ। ਅਸੀਂ ਨਹੀਂ ਚਾਹੁੰਦੇ ਕਿ ਬੰਬਾਂ ਦੀ ਫ਼ਸਲ ਬੀਜੀ ਜਾਵੇ ਜਿਸ ਵਿੱਚੋਂ ਮੁਰਦੇ ਪੈਦਾ ਹੋਣ। ਅਸੀਂ ਤਾਂ ਫੁੱਲ ਬੀਜਣੇ ਚਾਹੁੰਦੇ ਹਾਂ ਤਾਰ ਦੇ ਆਰ-ਪਾਰ ਸੁਗੰਧੀਆਂ ਵੰਡਣ ਵਾਲੇ। ਇਹ ਫੁੱਲ ਹੀ ਸਾਡੀਆਂ ਧੀਆਂ ਭੈਣਾਂ ਦੀਆਂ ਚੂੜੀਆਂ ਨੂੰ ਸਲਾਮਤ ਰੱਖ ਸਕਦੇ ਹਨ।