ਖ਼ਾਲਸਾ ਪੰਥ ਵਿਚ ਹੋਲਾ ਮਹੱਲਾ ਤਿਉਹਾਰ ਦੇ ਮੰਤਵ ਤੇ ਉਦੇਸ਼ 

ਖ਼ਾਲਸਾ ਪੰਥ ਵਿਚ ਹੋਲਾ ਮਹੱਲਾ ਤਿਉਹਾਰ ਦੇ ਮੰਤਵ ਤੇ ਉਦੇਸ਼ 

ਸੁਰਿੰਦਰਪਾਲ ਸਿੰਘ

ਖ਼ਾਲਸਾ ਪੰਥ ਵਿਚ ਹੋਲਾ ਮਹੱਲਾ ਤਿਉਹਾਰ ਦੇ ਮੰਤਵ ਤੇ ਉਦੇਸ਼ ਬੜੇ ਉਸਾਰੂ ਤੇ ਸਾਰਥਿਕ ਹਨ। ਦਰਅਸਲ ਹੋਲਾ ਤੇ ਮਹੱਲਾ ਦੋ ਵੱਖ-ਵੱਖ ਸ਼ਬਦ ਹਨ। 'ਹੋਲਾ' ਅਰਬੀ ਭਾਸ਼ਾ ਅਤੇ 'ਮਹੱਲਾ' ਫ਼ਾਰਸੀ ਭਾਸ਼ਾ ਦਾ ਸ਼ਬਦ ਹੈ। ਹੋਲ, ਹੂਲ ਤੇ ਹੋਲਾ ਮਹੱਲਾ ਆਦਿ ਰਲਦੇ-ਮਿਲਦੇ ਸ਼ਬਦ ਹਨ। ਅਰਬੀ ਭਾਸ਼ਾ ਦਾ ਇਕ ਸ਼ਬਦ ਹੈ 'ਹੂਲ' ਜਿਸ ਦੇ ਅਰਥ ਨੇਕ ਅਤੇ ਭਲੇ ਕੰਮਾਂ ਲਈ ਜੂਝਣਾ, ਸੀਸ ਤਲੀ 'ਤੇ ਧਰ ਕੇ ਲੜਨਾ, ਤਲਵਾਰ ਦੀ ਧਾਰ 'ਤੇ ਚੱਲਣਾ ਕੀਤੇ ਗਏ ਹਨ। ਦਸਮੇਸ਼ ਪਿਤਾ ਨੇ ਨਿੱਘਰ ਚੁੱਕੇ ਸਮਾਜ ਦੇ ਦੱਬੇ-ਕੁਚਲੇ ਅਤੇ ਲਿਤਾੜੇ ਜਾ ਰਹੇ ਮਨੁੱਖਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਤੇ ਸਵੈਮਾਣ ਮਹਿਸੂਸ ਕਰਵਾਉਣ ਲਈ ਉਨ੍ਹਾਂ ਵਿਚ ਨਿਡਰਤਾ ਤੇ ਨਿਰਭੈਤਾ ਭਰਨ ਅਤੇ ਸੂਰਬੀਰ ਯੋਧੇ ਬਣਾਉਣ ਲਈ ਖਾਲਸਾ ਪੰਥ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਚਰਨ ਪਾਹੁਲ ਦੀ ਥਾਂ ਖੰਡੇ-ਬਾਟੇ ਦਾ ਅੰਮ੍ਰਿਤ ਤੇ ਹੋਲੀ ਦੀ ਥਾਂ ਹੋਲਾ-ਮਹੱਲਾ ਪ੍ਰਚੱਲਿਤ ਕੀਤਾ। ਆਜ਼ਾਦੀ ਪ੍ਰਾਪਤ ਕਰਨ ਅਤੇ ਜੋਸ਼ ਪੈਦਾ ਕਰਨ ਲਈ ਕਲਗੀਧਰ ਦਸਮੇਸ਼ ਪਿਤਾ ਨੇ ਜਿੱਥੇ ਨਵਾਂ ਜੀਵਨ ਬਖ਼ਸ਼ਿਆ ਉਥੇ ਭਾਰਤੀ ਸਮਾਜ ਨੂੰ ਉਹਨਾਂ ਦੇ ਰੀਤੀ-ਰਿਵਾਜ਼ਾਂ ਅਤੇ ਤਿਉਹਾਰ ਮਨਾਉਣ ਦੇ ਢੰਗਾਂ ਵਿਚ ਵੀ ਇਨਕਲਾਬੀ ਤਬਦੀਲੀਆਂ ਲਿਆਂਦੀਆਂ। ਗੁਰੂ ਸਾਹਿਬ ਨੇ ਸੰਨ 1699 ਈ. ਨੂੰ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕਰਕੇ ਸਿੱਖ ਪੰਥ ਵਿਚ ਇਕ ਮਹਾਨ ਤੇ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਅਤੇ ਸਿੱਖਾਂ ਨੂੰ ਇਕ ਵੱਖਰੀ ਪਹਿਚਾਣ ਪ੍ਰਦਾਨ ਕੀਤੀ। ਗੁਰੂ ਸਾਹਿਬ ਨੇ ਇਸ ਕਾਇਮ ਕੀਤੀ ਜਥੇਬੰਦੀ ਵਿਚ ਦਲੇਰੀ ਅਤੇ ਜੁਰਅਤ ਭਰਨ ਲਈ ਉਹਨਾਂ ਵਲੋਂ ਮਨਾਏ ਜਾ ਰਹੇ ਤਿਉਹਾਰਾਂ ਨੂੰ ਮਨਾਉਣ ਦੇ ਰੰਗ-ਢੰਗ ਹੀ ਬਦਲ ਕੇ ਰੱਖ ਦਿੱਤੇ। ਹੋਲੀ ਮਨਾਉਣ ਸਮੇਂ ਜਿੱਥੇ ਲੋਕ ਇੱਕ ਦੂਜੇ 'ਤੇ ਰੰਗ ਸੁੱਟ ਕੇ ਅਤੇ ਨਸ਼ੇ ਪੀ ਕੇ ਮਨੁੱਖੀ-ਸ਼ਕਤੀ ਨੂੰ ਨਸ਼ਟ ਕਰ ਰਹੇ ਸਨ, ਉੱਥੇ ਸਤਿਗੁਰਾਂ ਨੇ ਇਸ ਬੁਰਿਆਈ ਨੂੰ ਖ਼ਤਮ ਕਰਨ ਲਈ 'ਹੋਲੀ' ਨੂੰ 'ਹੋਲੇ ਮਹੱਲੇ' ਦਾ ਰੂਪ ਦੇ ਦਿੱਤਾ।
ਸ੍ਰੀ ਗੁਰੂ ਗੋਬਿੰਦ ਸਿੰਘ  ਖਾਲਸੇ ਨੂੰ ਯੁੱਧ-ਵਿੱਦਿਆ ਵਿਚ ਪ੍ਰਬੀਨ ਬਣਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਹੋਲੀ ਦੇ ਪਰੰਪਰਾਗਤ ਪੱਖ ਤੋਂ ਹਟ ਕੇ ਇਸ ਤਿਉਹਾਰ ਦਾ ਸਬੰਧ ਸੂਰਮਤਾਈ ਨਾਲ ਜੋੜਿਆ। ਮਹੱਲਾ ਇੱਕ ਪ੍ਰਕਾਰ ਦੀ ਮਸਨੂਈ ਲੜਾਈ ਹੈ, ਪੈਦਲ ਅਤੇ ਘੋੜ-ਸਵਾਰ ਸ਼ਸਤਰਧਾਰੀ ਸਿੰਘ ਦੋ ਦਲ ਬਣਾ ਕੇ ਇੱਕ ਖ਼ਾਸ ਹਮਲੇ ਦੀ ਥਾਂ ਉÎੱਤੇ ਹਮਲਾ ਕਰਦੇ ਹਨ ਅਤੇ ਅਨੇਕ ਪ੍ਰਕਾਰ ਦੇ ਕਰਤੱਬ ਦਿਖਾਉਂਦੇ ਹਨ। ਕਲਗੀਧਰ  ਇਸ ਮਸਨੂਈ ਲੜਾਈ ਨੂੰ ਵੇਖਦੇ ਅਤੇ ਦੋਹਾਂ ਦਲਾਂ ਨੂੰ ਲੋੜੀਂਦੀ ਸਿੱਖਿਆ ਪ੍ਰਦਾਨ ਕਰਦੇ ਸਨ। ਜਿਹੜਾ ਦਲ ਜੇਤੂ ਹੁੰਦਾ, ਉਸ ਨੂੰ ਦੀਵਾਨ ਵਿੱਚ ਸਿਰੋਪਾਓ ਬਖਸ਼ਿਸ਼ ਕਰਦੇ ਸਨ। ਇਸ ਮੌਕੇ ਦੀਵਾਨ ਸਜਦੇ, ਕਥਾ ਕੀਰਤਨ ਹੁੰਦਾ, ਬੀਰ ਰਸੀ ਵਾਰਾਂ ਗਾਈਆਂ ਜਾਂਦੀਆਂ ਅਤੇ ਅਨੇਕ ਤਰ੍ਹਾਂ ਦੀਆਂ ਫ਼ੌਜੀ ਕਵਾਇਦਾਂ ਹੁੰਦੀਆਂ। ਹਰ ਪਾਸੇ ਚੜ੍ਹਦੀ ਕਲਾ ਦਾ ਮਾਹੌਲ ਬਣਿਆ ਰਹਿੰਦਾ। ਗੁਰੂ ਸਾਹਿਬ ਇਨ੍ਹਾਂ ਸਾਰੀਆਂ ਕਾਰਵਾਈਆਂ ਵਿੱਚ ਖ਼ੁਦ ਸ਼ਾਮਲ ਹੁੰਦੇ ਅਤੇ ਸਿੱਖਾਂ ਦਾ ਉਤਸ਼ਾਹ ਵਧਾਉਂਦੇ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹੋਲਾ-ਮਹੱਲਾ ਦੇ ਰੂਪ ਵਿੱਚ ਮਨਾਏ ਜਾਂਦੇ ਜੰਗਜ਼ੂ ਤਿਉਹਾਰ 'ਤੇ ਸਿੰਘਾਂ ਦੀਆਂ ਆਪਸ ਵਿੱਚ ਲੜੀਆਂ ਜਾਂਦੀਆਂ ਅਭਿਆਸ ਰੂਪੀ ਮਸਨੂਈ ਲੜਾਈਆਂ ਨੇ ਭਾਰਤੀ ਲੋਕਾਂ ਦੇ ਮਨੋ-ਬਲ ਨੂੰ ਉੱਚਾ ਕੀਤਾ। ਲੋਕ ਕਾਇਰਤਾ ਭਰੇ ਮਾਹੌਲ 'ਚੋਂ ਨਿਕਲ ਕੇ ਇਸ ਉਤਸਵ ਵਿੱਚ ਧੜਾਧੜ ਬੜੇ ਜੋਸ਼ ਤੇ ਸਜ-ਧਜ ਨਾਲ ਸ਼ਾਮਲ ਹੋਣ ਲੱਗੇ। ਅਤਰ-ਫੁਲੇਲ ਦੀਆਂ ਸੁਗੰਧੀਆਂ, ਰੰਗਾਂ ਦੀਆਂ ਫੁਹਾਰਾਂ ਤੇ ਬੇਅੰਤ ਇਕੱਠ ਦੀ ਸ਼ੋਭਾ ਨੇ ਭਾਈ ਨੰਦ ਲਾਲ ਜੀ ਵਰਗੇ ਮਹਾਨ ਵਿਦਵਾਨ ਚਿੰਤਕ ਨੂੰ ਵੀ ਪ੍ਰਭਾਵਿਤ ਕੀਤਾ। ਸਤਿਗੁਰਾਂ ਵੱਲੋਂ ਹੋਲੇ ਮਹੱਲੇ ਦੀ ਖੇਡ ਨੂੰ ਆਪਣੀ ਕਲਮ ਨਾਲ ਬਿਆਨ ਕਰਦਿਆਂ, ਉਹ ਲਿਖਦੇ ਹਨ ਕਿ ਹੋਲੀ ਦੇ ਫੁੱਲ ਖਿੜਨ ਨਾਲ ਸਾਰਾ ਬਾਗ਼ ਸੁਗੰਧੀ ਨਾਲ ਭਰ ਗਿਆ। ਪਾਤਸ਼ਾਹ ਦਾ ਮੁਖੜਾ ਕਲੀ ਵਾਂਗ ਖਿੜ ਗਿਆ। ਗੁਲਾਬ, ਅੰਬਰ, ਕਸਤੂਰੀ ਤੇ ਅੰਬੀਰ ਮੀਂਹ  ਦੀ ਤਰ੍ਹਾਂ ਵਰਸਣ ਲੱਗੀ। ਕੇਸਰ ਦੀ ਪਿਚਕਾਰੀ ਨੇ ਸਭ ਚਿੱਟੇ ਚੋਲਿਆਂ ਨੂੰ ਰੰਗਾਂ ਨਾਲ ਭਰ ਦਿੱਤਾ। ਪਾਤਸ਼ਾਹ ਨੇ ਗੁਲਾਲ ਦੀ ਅਜਿਹੀ ਵਰਖਾ ਕੀਤੀ ਕਿ ਧਰਤੀ ਤੇ ਆਕਾਸ਼ ਸੂਹਾ ਹੋ ਗਿਆ। ਜਦੋਂ ਪਾਤਸ਼ਾਹ ਨੇ ਰੰਗਿਆ ਹੋਇਆ ਚੋਲਾ ਪਹਿਨਿਆਂ ਤਾਂ ਸਭ ਦੀ ਆਤਮਾ ਖਿੜ ਗਈ :
ਗੁਲੇ ਹੋਲੀ ਬ ਬਾਗੇ ਦਰ ਬੂ ਕਰਦ। ਲਬੇ ਚੂੰ ਗ਼ੁੰਚਾ ਰਾ ਫ਼ਰਖ਼ੰਦਹ ਖ਼ੂ ਕਰਦ।
ਗੁਲਾਬੋ ਅੰਬਰੋ ਮੁਸ਼ਕੋ ਅਬੀਰੋ। ਚੂ ਬਾਰਾਂ ਬਾਰਸ਼ੇ ਅਜ ਸੂ ਬਸੂ ਕਰਦ।
ਜਹੇ ਪਿਚਕਾਰੀਏ ਪੁਰ ਜੁਫਰਾਨੀ। ਕਿ ਹਰ ਬੇਰੰਗ ਰਾ ਖੁਸ਼ਰੰਗੋ ਬੂ ਕਰਦ।
ਗੁਲਾਲ ਅਫਸ਼ਾਨੀ ਅਜ਼ ਦਸਤੇ ਮੁਬਾਰਕ। ਜ਼ਮੀਨੋ ਆਸਮਾਂ ਰਾ ਸੁਰਖਰੂ ਕਰਦ।
ਦੋ ਆਲਮ ਗਸ਼ਤ ਰੰਗੀ ਅਜ਼ ਤੁਫਲੈਸ਼। ਚੁ ਸ਼ਾਹਮ ਜਾਮਹ ਰੰਗੀ ਦਹ ਗੁਲੂ ਕਰਦ।
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਵਲੋਂ ਚਲਾਇਆ ਹੋਲਾ ਮਹੱਲਾ ਸ਼ਕਤੀ ਨੂੰ ਪ੍ਰਗਟ ਕਰਨ ਅਤੇ ਅਣਖ ਦੇ ਅਨੁਭਵ ਦਾ ਅਨੋਖਾ ਢੰਗ ਹੈ। ਇਹ ਖਾਲਸਾ ਪੰਥ ਲਈ ਸਵੈਮਾਨ, ਖਾਲਸੇ ਦੇ ਬੋਲ-ਬਾਲੇ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਹੋਲਾ ਮਹੱਲਾ ਸਿੱਖਾਂ ਨੂੰ ਹਰ ਸਾਲ ਦ੍ਰਿੜ੍ਹ ਵਿਸ਼ਵਾਸੀ, ਪ੍ਰਭੂ-ਭਗਤੀ ਤੇ ਉੱਚੇ-ਸੁੱਚੇ ਮਨੁੱਖੀ ਆਦਰਸ਼ਾਂ, ਜ਼ੁਲਮ, ਜ਼ਬਰ, ਨਾਸਤਿਕਤਾ ਤੇ ਭ੍ਰਿਸ਼ਟਾਚਾਰ ਵਿਰੁੱਧ ਜੂਝਣ ਲਈ ਨਵਾਂ ਜੋਸ਼ ਤੇ ਉਤਸ਼ਾਹ ਪ੍ਰਦਾਨ ਕਰਦਾ ਹੈ। ਇਹ ਪਵਿੱਤਰ ਤਿਉਹਾਰ ਸਾਨੂੰ ਪ੍ਰੇਰਨਾ ਦਿੰਦਾ ਹੈ ਕਿ ਜੇ ਹੱਕ ਮੰਗਿਆਂ ਪ੍ਰਾਪਤ ਨਹੀਂ ਹੁੰਦੇ ਤਾਂ ਸ਼ਕਤੀ ਤੇ ਜ਼ੋਰ ਨਾਲ  ਪ੍ਰਾਪਤ ਕੀਤੇ ਜਾ ਸਕਦੇ ਹਨ :
ਰਾਜ ਕਿਸੇ ਕੋ ਕੋਇ ਨ ਦੈ ਹੈਂ। ਜੋ ਲੈ ਹੈ ਨਿਜ ਬਲ ਸੋਂ ਲੈ ਹੈਂ। (ਪੰਥ ਪ੍ਰਕਾਸ਼)
ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਪਾਵਨ ਛੋਹ ਧਰਤੀ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਪਾਉਂਟਾ ਸਾਹਿਬ ਤੇ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਪੁੱਜ ਕੇ ਬੜੇ ਉਤਸ਼ਾਹ ਤੇ ਜੋਸ਼ ਨਾਲ ਇਹ ਪਵਿੱਤਰ ਤਿਉਹਾਰ ਮਨਾਉਂਦੀਆਂ ਹਨ। ਭਾਰੀ ਦੀਵਾਨ ਸਜਦੇ ਹਨ। ਨਿਹੰਗ ਸਿੰਘਾਂ ਦੇ ਜਥੇ ਤੇ ਖਾਲਸਾ ਪੰਥ ਦੀ ਫ਼ੌਜ ਦੇ ਹੋਰ ਦਸਤੇ ਰਲ-ਮਿਲ ਕੇ ਨਗਰ ਕੀਰਤਨ ਸਜਾਉਂਦੇ ਹਨ। ਘੋੜ ਸਵਾਰੀ ਤੇ ਗਤਕੇਬਾਜ਼ੀ ਦੇ ਜੰਗਜ਼ੂ ਕਰਤੱਵ ਦੇਖਣਯੋਗ ਹੁੰਦੇ ਹਨ। ਇਸ ਦੀ ਅਲੌਕਿਕ ਮਹਿਮਾ ਦਾ ਵਰਣਨ 'ਕਹਿਬੇ ਕਉ ਸੋਭਾ ਨਹੀ', ਦੇਖਾ ਹੀ ਪ੍ਰਵਾਨ' ਮੁਤਾਬਕ ਕੇਵਲ ਕਥਨ ਕਰਨ ਨਾਲ ਨਹੀਂ ਸਗੋਂ ਅੱਖੀਂ ਦੇਖਣ ਨਾਲ ਪਤਾ ਲੱਗਦਾ ਹੈ। ਖਾਲਸਾ ਪੰਥ ਹੋਲੀ ਨਹੀਂ, ਹੋਲਾ ਖੇਡਦਾ ਹੈ ਅਤੇ ਮਹੱਲਾ ਕੱਢਦਾ ਹੈ। ਕਵੀ ਸੁਮੇਰ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਆਦੇਸ਼ਾਂ ਨੂੰ ਇਸ ਤਰ੍ਹਾਂ ਲਿਖਦੇ ਹਨ :
ਔਰਨ ਕੀ ਹੋਲੀ ਮਮ ਹੋਲਾ।। ਕਹਪੋ ਕ੍ਰਿਪਾਨਿਧ ਬਚਨ ਅਮੋਲਾ।। 
ਅਜੋਕੇ ਸਮੇਂ ਵਿੱਚ ਨਵੀਂ ਪੀੜ੍ਹੀ ਸ਼ਾਨਾਂ-ਮੱਤੇ ਸਿੱਖ ਇਤਿਹਾਸ, ਗੌਰਵਮਈ ਵਿਰਸੇ, ਜੰਗਾਂ-ਯੁੱਧਾਂ ਵਿੱਚ ਸ਼ਕਤੀ ਦੇ ਪ੍ਰਦਰਸ਼ਨ ਤੇ ਬੀਰ-ਰਸੀ ਰਵਾਇਤਾਂ ਨੂੰ ਭੁਲਦੀ ਜਾ ਰਹੀ ਹੈ ਅਤੇ ਸ਼ਸਤਰਾਂ ਪ੍ਰਤੀ ਪਿਆਰ ਵੀ ਘਟਦਾ ਜਾ ਰਿਹਾ ਹੈ। ਆਪਣੇ ਵਿਰਸੇ ਪ੍ਰਤੀ ਜਾਗਰੂਕ ਕਰਨ ਲਈ ਖਾਲਸਾ ਪੰਥ ਦੀ ਨਿਆਰੀ ਹੋਂਦ ਨੂੰ ਦਰਸਾਉਂਦਾ ਇਹ ਕੌਮੀ ਤਿਉਹਾਰ ਪ੍ਰੇਰਨਾ ਸਰੋਤ ਹੈ।