ਬਹਿਬਲ ਗੋਲੀ ਕਾਂਡ ਦੇ ਦੋਸ਼ਾਂ ਵਿਚ ਘਿਰਿਆ ਸੈਣੀ

ਬਹਿਬਲ ਗੋਲੀ ਕਾਂਡ ਦੇ ਦੋਸ਼ਾਂ ਵਿਚ ਘਿਰਿਆ ਸੈਣੀ

  *ਕੇਪੀ ਐਸ ਗਿੱਲ ਦਾ ਚਹੇਤਾ ਰਿਹਾ ਹੈ ਇਹ ਬੁਚੜ ਪੁਲਿਸ ਅਫਸਰ     

ਅੰਮ੍ਰਿਤਸਰ ਟਾਈਮਜ਼     

ਚੰਡੀਗੜ੍ਹ:ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹੋਈਆਂ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਸਪੈਸ਼ਲ ਜਾਂਚ ਟੀਮ ਨੇ ਸੂਬੇ ਦੇ ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਬੀਤੇ ਹਫਤੇ ਪੁੱਛਗਿੱਛ ਲਈ ਸੱਦਿਆ।ਐੱਸਟੀਆਈ ਨੇ ਚੰਡੀਗੜ੍ਹ ਦੇ ਪੰਜਾਬ ਆਰਮਡ ਪੁਲਿਸ ਦੀ 13 ਬਟਾਲੀਅਨ ਦੇ ਹੈੱਡਕੁਆਟਰ ਵਿਖੇ ਕਰੀਬ ਦੋ ਘੰਟੇ ਸੈਣੀ ਤੋਂ ਪੁੱਛਗਿੱਛ ਕੀਤੀ। ਸੁਮੇਧ ਸਿੰਘ ਸੈਣੀ ਕਰੀਬ ਤਿੰਨ ਵਜੇ ਐੱਸਆਈਟੀ ਦੇ ਸਾਹਮਣੇ ਪੇਸ਼ ਹੋਇਆ ਤੇ ਕਰੀਬ ਪੰਜ ਵਜੇ ਉਹ ਬਾਹਰ ਆਇਆ।

ਪੰਜਾਬ ਸਰਕਾਰ ਵੱਲੋਂ ਬਹਿਬਲਾਂ ਕਲਾਂ ਤੇ ਕੋਟਕਪੂਰਾ ਪੁਲਿਸ ਕਾਰਵਾਈ ਦੀ ਜਾਂਚ ਲਈ ਏਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਵਿੱਚ 10 ਸਤੰਬਰ 2018 ਨੂੰ ਐੱਸਆਈਟੀ ਬਣਾਈ ਸੀ।ਉਸ ਵੇਲੇ ਸੁਮੇਧ  ਸੈਣੀ ਪੰਜਾਬ  ਪੁਲਿਸ ਦਾ ਮੁਖੀ ਸੀ। ਸੈਣੀ ਨੂੰ ਅਕਾਲੀ-ਭਾਜਪਾ ਦੇ ਦੂਸਰੇ ਕਾਰਜਕਾਲ ਦੌਰਾਨ ਉਸਨੂੰ  ਡੀਜੀਪੀ ਲਾਇਆ ਗਿਆ ਸੀ।ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ 1982 ਬੈਚ ਦਾ ਆਈਪੀਐੱਸ ਅਫ਼ਸਰ ਹੈ। ਸੈਣੀ 6 ਜ਼ਿਲ੍ਹਿਆਂ ਦਾ ਐਸਐਸਪੀ ਰਹਿ ਚੁੱਕਾ ਹੈ।

ਸੁਮੇਧ ਸੈਣੀ ਬਟਾਲਾ, ਫਿਰੋਜ਼ਪੁਰ, ਲੁਧਿਆਣਾ, ਬਠਿੰਡਾ, ਰੂਪਨਗਰ ਤੇ ਚੰਡੀਗੜ੍ਹ ਦੇ ਐੱਸਐੱਸਪੀ ਰਿਹਾ ਹੈ।

ਅਗਸਤ 1991 ਵਿੱਚ ਸੈਣੀ ਚੰਡੀਗੜ੍ਹ ਦੇ ਐੱਸਐੱਸਪੀ ਸੀ ਉਸ ਦੌਰਾਨ ਉਨ੍ਹਾਂ ਉੱਤੇ ਜਾਨਲੇਵਾ ਹਮਲਾ ਹੋਇਆ। ਇਸ ਹਮਲੇ ਵਿੱਚ ਸੁਮੇਧ ਤਾਂ ਬਚ ਗਿਆ ਪਰ ਤਿੰਨ ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ।ਸੈਣੀ ਉੱਪਰ ਲੁਧਿਆਣਾ ਦੇ ਕਾਰੋਬਾਰੀ ਨੂੰ ਦੋ ਹੋਰ ਵਿਅਕਤੀਆਂ ਸਮੇਤ ਅਗਵਾ ਕਰਕੇ ਖੁਰਦ-ਬੁਰਦ ਕਰਨ ਦਾ ਸੀਬੀਆਈ ਕੇਸ ਵੀ ਲੰਬਾ ਸਮਾਂ ਚੱਲਿਆ। ਵਿਨੋਦ ਦੀ ਮਾਂ ਨੇ ਸੁਮੇਧ ਖਿਲਾਫ 24 ਸਾਲ ਅਦਾਲਤੀ ਮੁਕੱਦਮਾ ਲੜਿਆ ਅਤੇ 100 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਸਾਲ 1994 ਤੋਂ ਜਾਰੀ ਅਦਾਲਤੀ ਕਾਰਵਾਈ ਅਜੇ ਵੀ ਜਾਰੀ ਹੈ।ਅਕਾਲੀ-ਭਾਜਪਾ ਸਰਕਾਰ ਦੇ ਦੂਸਰੇ ਕਾਰਜਕਾਲ ਤੋਂ ਬਾਅਦ ਸੁਮੇਧ ਤੇ ਕੈਪਟਨ ਦੇ ਰਿਸ਼ਤਿਆਂ ਦੀ ਵਿੱਚ ਖਾਈ ਲਗਾਤਾਰ ਵਧਦੀ ਹੀ ਗਈ।ਚੰਡੀਗੜ੍ਹ ਵਿੱਚ ਉਹ ਫੌਜ ਦੇ ਲੈਫਟੀਨੈਂਟ ਕਰਨਲ ਦੇ ਥੱਪੜ ਮਾਰਨ ਅਤੇ ਬਠਿੰਡਾ ਵਿੱਚ ਐੱਸਐੱਸਪੀ ਰਹਿੰਦਿਆਂ ਡਿਪਟੀ ਕਮਿਸ਼ਨਰ ਦੀ ਪਾਰਟੀ ਵਿੱਚ ਇੱਕ ਇੰਜਨੀਅਰ ਨਾਲ ਖਿੱਚਧੂਹ ਕਰਨ ਕਰਕੇ ਵਿਵਾਦਾਂ ਵਿੱਚ ਆਇਆ ਸੀ।

ਸੁਮੇਧ ਸੈਣੀ ਬੁਚੜ ਸਾਬਕਾ ਪੁਲਿਸ ਮੁਖੀ ਕੇ.ਪੀ.ਐੱਸ. ਗਿੱਲ ਦੇ ਕਰੀਬੀ ਸੀ। ਗਿੱਲ ਅਤੇ ਸੁਮੇਧ ਸੈਣੀ ਸਰਕਾਰ ਦੀ ਗੋਲੀ ਬਦਲੇ ਗੋਲੀ ਦੀ ਨੀਤੀ ਨੂੰ ਲਾਗੂ ਕਰਨ ਵਾਲੇ ਪੰਜਾਬ ਪੁਲਿਸ ਦੇ ਮੋਹਰੀ ਅਫ਼ਸਰ ਵਿੱਚੋਂ ਸਨ। ਸਿਖ ਪੰਥ ਦੇ ਬਹੁਗਿਣਤੀ ਹਲਕੇ ਇਹਨਾਂ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਬੁਚੜ ਪੁਲਿਸ ਅਫਸਰ ਮੰਨਦੇ ਹਨ। 

2007 ਤੋਂ ਬਾਅਦ ਉਹ ਅਕਾਲੀ ਦਲ ਦੀ 10 ਸਾਲ ਦੀ ਸੱਤਾ ਦੌਰਾਨ ਅਹਿਮ ਭੂਮਿਕਾ ਵਿੱਚ ਰਿਹਾ ਸੀ। ਅਕਾਲੀ ਭਾਜਪਾ ਸਰਕਾਰ ਦੌਰਾਨ ਹੀ ਉਹ 2012 ਤੋਂ 2015 ਤੱਕ ਪੰਜਾਬ ਪੁਲਿਸ ਮੁਖੀ ਬਣੀਆ ਰਿਹਾ।

2009 ਵਿੱਚ ਭਾਰਤ ਦੇ ਸਾਬਕਾ ਚੀਫ਼ ਜਸਟਿਸ ਟੀਐੱਸ ਠਾਕੁਰ ਨੇ ਸੈਣੀ 'ਤੇ ਪੰਜਾਬ ਹਾਈਕੋਰਟ ਦੇ ਜੱਜਾਂ ਦੇ ਫੋਨ ਟੈਪ ਕਰਨ ਦਾ ਇਲਜ਼ਾਮ ਲਾਇਆ।ਸੁਮੇਧ ਸਿੰਘ ਸੈਣੀ, ਕੈਪਟਨ ਅਮਰਿੰਦਰ ਦੇ ਪਹਿਲੇ ਕਾਰਜਕਾਲ ਦੌਰਾਨ ਉਨ੍ਹਾਂ ਦਾ ਭਰੋਸੇਯੋਗ ਅਫ਼ਸਰ ਸੀ। ਅਕਾਲੀ ਸਰਕਾਰ ਦੌਰਾਨ ਕੈਪਟਨ 'ਤੇ ਲੁਧਿਆਣਾ ਦੇ ਸਿਟੀ ਸੈਂਟਰ ਅਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘੁਟਾਲੇ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲਾਏ ਗਏ।ਇਸ ਮਗਰੋਂ ਇਹ ਰਿਸ਼ਤੇ ਨਿੱਘਰਦੇ ਹੀ ਚਲੇ ਗਏ। ਇਹ ਇਲਜ਼ਾਮ ਲਾਏ ਜਾਣ ਸਮੇਂ ਸੁਮੇਧ ਸੈਣੀ ਪੰਜਾਬ ਵਿਜੀਲੈਂਸ ਵਿਭਾਗ ਦਾ ਮੁਖੀ (2007-12) ਸੀ।ਕੈਪਟਨ ਅਮਰਿੰਦਰ ਸਿੰਘ ਦੇ ਸਰਕਾਰ ਵਿੱਚ ਆਉਣ ਤੋਂ ਬਾਅਦ ਸਿਟੀ ਸੈਂਟਰ ਘੋਟਾਲਾ ਮਾਮਲੇ ਵਿੱਚ ਕਲੋਜ਼ਰ ਰਿਪੋਰਟ ਜਮਾਂ ਕਰਵਾ ਦਿੱਤੀ ਗਈ। ਇਸ ਦੇ ਖਿਲਾਫ਼ ਸੈਣੀ ਨੇ ਲੁਧਿਆਣਾ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਅਦਾਲਤ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਅਰਜ਼ੀ ਦਾਇਰ ਕਰ ਦਿੱਤੀ। 14 ਅਕਤੂਬਰ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੋਟਕਪੂਰਾ ਵਿਚ ਸਿੱਖਾਂ ਵੱਲੋਂ ਪ੍ਰਦਰਸ਼ਨ, ਜਿਸ ਉੱਤੇ ਪੁਲਿਸ ਵੱਲੋਂ ਲਾਠੀਚਾਰਜ ਹੋਇਆ। ਇਸੇ ਦਿਨ ਬਹਿਬਲ ਕਲਾਂ ਵਿੱਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿਚ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ।

ਇਸ ਤੋਂ ਬਾਅਦ ਸਰਕਾਰ 'ਤੇ ਸੈਣੀ ਨੂੰ ਪੁਲਿਸ ਮੁਖੀ ਦੇ ਅਹੁਦੇ ਤੋਂ ਹਟਾਉਣ ਦਾ ਦਬਾਅ ਪਿਆ ਅਤੇ ਸੈਣੀ ਦੀ ਥਾਂ 1982 ਬੈਚ ਦੇ ਹੀ ਅਫ਼ਸਰ ਸੁਰੇਸ਼ ਅਰੋੜਾ ਨੂੰ ਪੁਲਿਸ ਮੁਖੀ ਨਿਯੁਕਤ ਕਰ ਦਿੱਤਾ ਗਿਆ।