ਦਿੱਲੀ ਮੈਟਰੋ ਸਟੇਸ਼ਨ ਤੇ ਸੀਆਈਐਸਐਫ ਅਧਿਕਾਰੀ ਵਲੋਂ ਸਿੱਖ ਨੌਜੁਆਨ ਨਾਲ ਧੱਕਾ, ਕਿਹਾ ਕ੍ਰਿਪਾਨ ਕਢ ਕੇ ਦਿਖਾਓ 

ਦਿੱਲੀ ਮੈਟਰੋ ਸਟੇਸ਼ਨ ਤੇ ਸੀਆਈਐਸਐਫ ਅਧਿਕਾਰੀ ਵਲੋਂ ਸਿੱਖ ਨੌਜੁਆਨ ਨਾਲ ਧੱਕਾ, ਕਿਹਾ ਕ੍ਰਿਪਾਨ ਕਢ ਕੇ ਦਿਖਾਓ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਦੇ ਮੈਟਰੋ ਸਟੇਸ਼ਨਾਂ 'ਤੇ ਸਿੱਖਾਂ ਦੀ ਕਿਰਪਾਨ ਨੂੰ ਲੈ ਕੇ ਸੀ.ਆਈ.ਐਸ.ਐਫ ਸਟਾਫ਼ ਵਲੋਂ ਬਾਰ ਬਾਰ ਸਿੱਖਾਂ ਨੂੰ ਤੰਗ ਕਰਣ ਨਾਲ ਸਿੱਖ ਹਲਕਿਆ ਵਿਚ ਨਾਰਾਜ਼ਗੀ ਹੱਦਾਂ ਪਾਰ ਕਰਦਾ ਜਾ ਰਿਹਾ ਹੈ।  ਅੱਜ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਨੋਇਡਾ ਜਾਂਦੇ ਹੋਏ ਤੁਗਲਕਾਬਾਦ ਮੈਟਰੋ ਸਟੇਸ਼ਨ 'ਤੇ ਪਹੁੰਚੇ ਜਸਪ੍ਰੀਤ ਸਿੰਘ ਨੂੰ ਸੀਆਈਐਸਐਫ ਅਧਿਕਾਰੀ ਨੇ ਕਿਰਪਾਨ ਕਢ ਕੇ ਦਿਖਾਉਣ ਲਈ ਕਿਹਾ, ਜੋ ਕਿ ਕਿਸੇ ਵੀ ਅੰਮ੍ਰਿਤਧਾਰੀ ਸਿੱਖ ਦੇ ਅਪਮਾਨ ਅਤੇ ਸਿੱਖ ਰਹਿਤ ਮਰਿਯਾਦਾ ਦੇ ਵਿਰੁੱਧ ਹੈ।  ਸੀਆਈਐਸਐਫ ਅਫਸਰ ਨੇ ਦਲੀਲ ਦਿੱਤੀ ਕਿ ਮੈਂ ਕਿਰਪਾਨ ਦੀ ਲੰਬਾਈ ਮਾਪਣੀ ਹੈ, ਬਲੇਡ 6 ਇੰਚ ਹੈ ਜਾਂ ਨਹੀਂ.? ਜਦੋ ਅਫ਼ਸਰ ਨੇ ਜਸਪ੍ਰੀਤ ਨੂੰ ਰੋਕਿਆ ਤਾਂ ਓਸ ਨੇ ਉਨ੍ਹਾਂ ਦੀ ਵੀਡੀਓ ਬਣਾਨੀ ਸ਼ੁਰੂ ਕਰ ਦਿੱਤੀ ਜਿਸ ਵਿਚ ਅਫ਼ਸਰ ਇਹ ਕਹਿੰਦਾ ਦਿਖਾਈ ਦੇ ਰਿਹਾ ਸੀ ਕਿ ਓਸ ਨੂੰ ਸਿੱਖਾਂ ਨਾਲ ਨਿਜੀ ਦੁਸ਼ਮਣੀ ਹੈ । ਅਖੰਡ ਕੀਰਤਨੀ ਜੱਥਾ ਦਿੱਲੀ ਦੇ ਕੰਵਿਨਰ ਭਾਈ ਅਰਵਿੰਦਰ ਸਿੰਘ ਰਾਜਾ ਨੇ ਕਿਹਾ ਕਿ ਸੀਆਈਐਸਐਫ ਦੀ ਇਹ ਧੱਕੇਸ਼ਾਹੀ ਕਦੋਂ ਤੱਕ ਚੱਲੇਗੀ.? ਉਨ੍ਹਾਂ ਕਿਹਾ ਕਿ ਇਸ ਮੁੱਲਕ ਅੰਦਰ ਜਾਣਬੁਝ ਕੇ ਸਿੱਖਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ ਤੇ ਜਲੀਲ ਕਰਣ ਵਾਲੇ ਇਹ ਭੁੱਲ ਜਾਂਦੇ ਹਨ ਕਿ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ 92% ਸਿੱਖਾਂ ਦੀਆਂ ਕੁਰਬਾਨੀਆਂ ਹਨ ਜਿਸ ਦੀ ਬਦੋਲਤ ਤੁਸੀਂ ਅਜ ਰਾਜ ਭਾਗ ਸੰਭਾਲ ਰਹੇ ਹੋ । ਉਨ੍ਹਾਂ ਕੇਜਰੀਵਾਲ ਅਤੇ ਕੇਂਦਰ ਸਰਕਾਰ ਨੂੰ ਮੈਟਰੋ ਸਟੇਸ਼ਨਾਂ ਤੇ ਸਿੱਖਾਂ ਦੀ ਕ੍ਰਿਪਾਨ ਸੰਬੰਧੀ ਜਾਰੀ ਹੋਏ ਸਰਕਾਰੀ ਆਦੇਸ਼ ਲਗਵਾਉਣ ਲਈ ਕਿਹਾ ਅਤੇ ਨਾਲ ਹੀ ਸੀ ਆਈ ਐਸ ਐਫ ਦੇ ਜਿੰਮੇਵਾਰ ਅਧਿਕਾਰੀਆਂ ਨੂੰ ਵੀ ਇਸ ਤਰ੍ਹਾਂ ਦੇ ਮਾਮਲੇ ਦੁਬਾਰਾ ਨਾਂ ਹੋਣ, ਇਸ ਲਈ ਓਹ ਆਪਣੇ ਕਾਰਕੁਨਾਂ ਨੂੰ ਆਦੇਸ਼ ਦੇਣ । ਮਾਮਲੇ ਵਿਚ ਪੀੜਿਤ ਹੋਏ ਜਸਪ੍ਰੀਤ ਸਿੰਘ ਦੇ ਮਾਮੇ ਨੇ ਦੱਸਿਆ ਕਿ ਹਾਲਾਂਕਿ ਕਾਫੀ ਬਹਿਸ ਤੋਂ ਬਾਅਦ ਜਸਪ੍ਰੀਤ ਸਿੰਘ ਨੂੰ ਓਸ ਵਲੋਂ ਪਾਈ ਹੋਈ ਕਿਰਪਾਨ ਬਿਨਾਂ ਨਾਪਿਆ ਹੀ ਜਾਣ ਦਿੱਤਾ ਗਿਆ। ਦਿੱਲੀ ਗੁਰਦੁਆਰਾ ਕਮੇਟੀ, ਜਾਗੋ ਪਾਰਟੀ, ਸਰਨਾ ਪਾਰਟੀ ਅਤੇ ਹੋਰ ਸਿੱਖਾਂ ਨਾਲ ਜੁੜੀਆਂ ਸੰਸਥਾਵਾਂ ਨੂੰ ਮਾਮਲੇ ਦੀ ਗੰਭੀਰਤਾ ਦੇਖਦਿਆਂ ਇਸ ਮਸਲੇ ਦੇ ਹੱਲ ਲਈ ਤੁਰੰਤ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ ਜਿਸ ਨਾਲ ਕੋਈ ਵੀ ਸਿੱਖ ਖਜਲਖੁਆਰ ਨਾ ਹੋਏ ।