ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਮੌਜੂਦਾ ਹਾਲਾਤਾਂ ਬਾਰੇ ਦਿੱਲੀ ਕਮੇਟੀ ਤੁਰੰਤ ਵਾਇਟ ਪੇਪਰ ਜਾਰੀ ਕਰੇ: ਜੀਕੇ

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਮੌਜੂਦਾ ਹਾਲਾਤਾਂ ਬਾਰੇ ਦਿੱਲੀ ਕਮੇਟੀ ਤੁਰੰਤ ਵਾਇਟ ਪੇਪਰ ਜਾਰੀ ਕਰੇ: ਜੀਕੇ

 ਕਰਜ਼ੇ ਦੇ ਭਾਰ ਹੇਠਾਂ ਦਬੇ ਹੋਏ ਇਨ੍ਹਾਂ ਸਕੂਲਾਂ ਨੂੰ ਬਾਹਰ ਕੱਢਣ ਦੀ ਕਿਹੜਾ ਰੋਡਮੈਪ ਦਿੱਤਾ ਜਾ ਰਿਹਾ, ਦਸਿਆ ਜਾਏ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 1 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਲੱਚਰ ਪ੍ਰਬੰਧ ਤੇ ਮਾੜੇ ਵਿੱਤੀ ਹਲਾਤਾਂ ਨੂੰ ਲੈਕੇ ਜਾਗੋ ਪਾਰਟੀ ਨੇ‌ ਜਵਾਬਤਲਬੀ ਕੀਤੀ ਹੈ। ਜਾਗੋ ਪਾਰਟੀ ਦੇ ਮੋਢੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਕੂਲਾਂ ਦੇ ਮੌਜੂਦਾ ਹਾਲਾਤਾਂ ਬਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੁਰੰਤ ਵਾਇਟ ਪੇਪਰ ਜਾਰੀ ਕਰਨ ਦੀ ਮੰਗ ਵੀ ਕੀਤੀ ਹੈ। ਆਪਣੇ ਫੇਸਬੂਕ ਪੇਜ਼ ਉਤੇ ਲਾਈਵ ਹੋਏ ਜੀਕੇ ਨੇ ਦਾਅਵਾ ਕੀਤਾ ਕਿ ਦਿੱਲੀ ਕਮੇਟੀ ਦੀ ਲਾਪਰਵਾਹੀ ਦੇ ਕਾਰਨ ਇਸ ਵਿਦਿਅਕ ਵਰ੍ਹੇ ਦੀ ਕਿਤਾਬਾਂ ਬਾਰੇ ਬਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ। ਜਦਕਿ ਦਿੱਲੀ ਦੇ ਲਗਭਗ ਸਾਰੇ ਸਕੂਲ਼ਾਂ ਵਿੱਚ ਅੱਜ ਤੋਂ ਪੜਾਈ ਸ਼ੁਰੂ ਹੋ ਗਈ ਹੈ। ਜੀਕੇ ਨੇ ਖਦਸ਼ਾ ਜਤਾਇਆ ਕਿ ਸ਼ਾਇਦ ਪ੍ਰਕਾਸ਼ਕਾਂ ਨਾਲ ਅੰਦਰੂਨੀ ਗੱਲ ਬਨਣ ਵਿੱਚ ਸਮਾਂ ਲੱਗ ਰਿਹਾ ਹੋਵੇ, ਪਰ ਕਿਤੇ ਨਾ ਕਿਤੇ ਇਹ ਪ੍ਰਬੰਧਕੀ ਚੁੱਕ ਹੈ। ਜੀਕੇ ਨੇ ਦੱਸਿਆ ਕਿ ਮੇਰੇ ਵੱਲੋਂ ਕਮੇਟੀ ਛੱਡਣ ਤੋਂ ਬਾਅਦ ਪਿਛਲੇ 3 ਸਾਲ ਦੌਰਾਨ ਲਗਭਗ 7000 ਬੱਚੇ ਸਕੂਲਾਂ ਨੂੰ ਛੱਡ ਗਏ ਹਨ ਅਤੇ ਲਗਭਗ 150 ਕਰੋੜ ਰੁਪਏ ਦਾ ਕਰਜ਼ਾ ਸਕੂਲਾਂ ਸਿਰ ਚੜ੍ਹ ਗਿਆ ਹੈ। ਪਰ ਪ੍ਰਬੰਧ ਤੋਂ ਅਵੇਸਲੇ ਮੌਜੂਦਾ ਪ੍ਰਬੰਧਕਾਂ ਨੇ ਇਨ੍ਹਾਂ ਤਿੰਨ ਸਾਲਾਂ ਦੌਰਾਨ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੋਸਾਇਟੀ ਦੀ ਇੱਕ ਮੀਟਿੰਗ ਬੁਲਾਉਣ ਦੀ ਜ਼ਰੂਰਤ ਨਹੀਂ ਸਮਝੀ। ਜਦਕਿ 2 ਸਾਲਾਂ ਤੱਕ ਦਿੱਲੀ ਕਮੇਟੀ ਦੇ ਅੰਤ੍ਰਿੰਗ ਬੋਰਡ ਦੀ ਮੀਟਿੰਗ ਨਹੀਂ ਬੁਲਾਈ ਗਈ, ਜਦਕਿ ਕਮੇਟੀ ਐਕਟ ਅਨੁਸਾਰ ਹਰ 15 ਦਿਨਾਂ ਬਾਅਦ ਇਹ ਮੀਟਿੰਗ ਜ਼ਰੂਰੀ ਸੀ। 

ਜੀਕੇ ਨੇ ਸਕੂਲਾਂ ਵਿੱਚ ਥੋਕ ਭਾਅ ਵਿੱਚ ਵੰਡੀਆਂ ਗਈਆਂ ਅਹੁਦੇਦਾਰਿਆਂ ਬਾਰੇ ਬੋਲਦਿਆਂ ਕਿਹਾ ਕਿ ਨਵੇਂ ਬਣੇ ਚੇਅਰਮੈਨਾਂ ਅਤੇ ਮੈਨੇਜਰਾਂ ਨੂੰ ਕਰਜ਼ੇ ਦੇ ਭਾਰ ਹੇਠਾਂ ਦਬੇ ਹੋਏ ਇਨ੍ਹਾਂ ਸਕੂਲਾਂ ਨੂੰ ਬਾਹਰ ਕੱਢਣ ਦੀ ਕਿਹੜਾ ਰੋਡਮੈਪ ਦਿੱਤਾ ਗਿਆ ਹੈ, ਉਸ ਬਾਰੇ ਸੰਗਤਾਂ ਨੂੰ ਦਿੱਲੀ ਕਮੇਟੀ ਵੱਲੋਂ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ। ਨਾਲ ਹੀ ਸਕੂਲਾਂ ਸਿਰ ਚੜ੍ਹੇ ਕਰਜ਼ੇ ਬਾਰੇ ਵਾਇਟ ਪੇਪਰ ਜਾਰੀ ਕਰਕੇ ਸਾਰੀ ਵਿਉਂਤਬੰਦੀ ਜਨਤਕ ਕਰਨੀ ਚਾਹੀਦੀ ਹੈ, ਕਿਉਂਕਿ ਪ੍ਰਬੰਧਕਾਂ ਦੇ ਢਿੱਲੇ ਰਵ਼ਇਏ ਕਰਕੇ ਪਹਿਲਾਂ ਹੀ ਵਿਦਿਆਰਥੀ-ਟੀਚਰ ਅਨੁਪਾਤ ਆਪਣੇ ਸਭ ਤੋਂ ਨੀਵੇਂ ਪੱਧਰ 'ਤੇ ਪੁੱਜ ਗਿਆ ਹੈ।