ਭਾਰਤ ਨੇ ਕੋਰੋਨਾ ਵਾਇਰਸ ਨੂੰ ਆਫਤ ਐਲਾਨਿਆ; ਮੁਆਵਜ਼ੇ ਸਬੰਧੀ ਭੰਬਲਭੂਸਾ

ਭਾਰਤ ਨੇ ਕੋਰੋਨਾ ਵਾਇਰਸ ਨੂੰ ਆਫਤ ਐਲਾਨਿਆ; ਮੁਆਵਜ਼ੇ ਸਬੰਧੀ ਭੰਬਲਭੂਸਾ

ਨਵੀਂ ਦਿੱਲੀ: ਭਾਰਤ ਵਿਚ ਹਲਾਂਕਿ ਹੁਣ ਤਕ ਕੋਰੋਨਾਵਾਇਰਸ ਦੇ ਮਾਮਲੇ ਬਹੁਤ ਫਿਕਰ ਕਰਨ ਵਾਲੇ ਅੰਕੜੇ ਤਕ ਨਹੀਂ ਪਹੁੰਚੇ ਹਨ ਪਰ ਸਰਕਾਰ ਵੱਲੋਂ ਇਸ ਵਾਇਰਸ ਨੂੰ ਫੈਲ਼ਣ ਤੋਂ ਰੋਕਣ ਲਈ ਚੌਕਸੀ ਵਜੋਂ ਕਈ ਕਦਮ ਚੁੱਕੇ ਜਾ ਰਹੇ ਹਨ ਤੇ ਬੀਤੇ ਕੱਲ੍ਹ ਭਾਰਤ ਸਰਕਾਰ ਨੇ ਇਸ ਵਾਇਰਸ ਨੂੰ "ਆਫਤ" ਐਲਾਨ ਦਿੱਤਾ ਹੈ। ਹੁਣ ਇਸ ਵਾਇਰਸ ਨਾਲ ਨਜਿੱਠਣ ਲਈ ਆਫਤ ਰਾਹਤ ਫੰਡ ਵਿਚੋਂ ਪੈਸਾ ਵਰਤਿਆ ਜਾਵੇਗਾ। 

ਜ਼ਿਕਰਯੋਗ ਹੈ ਕਿ ਭਾਰਤ ਵਿਚ ਲੋਕਾਂ ਦੇ ਇਕੱਠੇ ਹੋਣ ਵਾਲੀਆਂ ਥਾਵਾਂ ਜਿਵੇਂ ਵਿਦਿਅਕ ਅਦਾਰਿਆਂ, ਸਿਨੇਮਾ ਘਰਾਂ ਆਦਿ 'ਤੇ 31 ਮਾਰਚ ਤੱਕ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ ਅਤੇ ਭਾਰਤ ਵਿਚ ਆਉਣ ਵਾਲੇ ਵਿਦੇਸ਼ੀ ਯਾਤਰੀਆਂ 'ਤੇ ਵੀ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। 

ਭਾਰਤ ਨੇ ਗੁਆਂਢੀ ਮੁਲਕ ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਭੂਟਾਨ ਅਤੇ ਮਿਆਂਮਾਰ ਨਾਲ ਜ਼ਮੀਨ ਰਾਹੀਂ ਜੁੜਦੇ ਸਾਰੇ ਰਾਹ ਯਾਤਰੀਆਂ ਲਈ 16 ਮਾਰਚ ਰਾਤ ਤੋਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। 

ਹੁਣ ਤੱਕ ਭਾਰਤ ਵਿਚ ਕੋਰੋਨਾਵਾਇਰਸ ਦੇ 84 ਮਾਮਲੇ ਸਾਹਮਣੇ ਆ ਚੁੱਕੇ ਹਨ। ਇਹਨਾਂ ਵਿਚ 17 ਵਿਦੇਸ਼ੀ ਯਾਤਰੀ ਹਨ ਤੇ 67 ਭਾਰਤੀ ਨਾਗਰਿਕ ਹਨ। ਕੇਰਲਾ ਵਿਚ ਸਭ ਤੋਂ ਵੱਧ 19 ਮਾਮਲੇ ਦਰਜ ਕੀਤੇ ਗਏ ਹਨ ਜਦਕਿ ਮਹਾਰਾਸ਼ਟਰ ਵਿਚ 14, ਯੂਪੀ ਵਿਚ 11, ਦਿੱਲੀ ਵਿਚ 7, ਕਰਨਾਟਕ ਵਿਚ 6, ਲੱਦਾਖ ਵਿਚ 3, ਜੰਮੂ ਕਸ਼ਮੀਰ ਵਿਚ 2 ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਪੰਜਾਬ, ਰਾਜਸਥਾਨ, ਤੇਲੰਗਾਨਾ, ਤਾਮਿਲ ਨਾਡੂ, ਆਂਧਰਾ ਪ੍ਰਦੇਸ਼ ਵਿਚ 1-1 ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਤੱਕ ਭਾਰਤ ਵਿਚ ਕੋਰੋਨਾਵਾਇਰ ਨਾਲ 2 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। 1 ਮੌਤ ਕਰਨਾਟਕ ਵਿਚ ਅਤੇ 1 ਮੌਤ ਦਿੱਲੀ ਵਿਚ ਦਰਜ ਕੀਤੀ ਗਈ ਹੈ।

ਮੁਆਵਜ਼ੇ ਬਾਰੇ ਦੁੱਚਿਤੀ:
ਬੀਤੇ ਕੱਲ੍ਹ ਕੋਰੋਨਾਵਾਇਰ ਨੂੰ ਆਫਤ ਐਲਾਨਣ ਦੇ ਕੇਂਦਰ ਸਰਕਾਰ ਦੇ ਫੁਰਮਾਨ ਸਬੰਧੀ ਭੰਬਲਭੂਸਾ ਬਣਿਆ ਹੋਇਆ ਹੈ। ਪਹਿਲਾਂ ਜਾਰੀ ਹੋਏ ਹੁਕਮਾਂ ਵਿਚ ਕਿਹਾ ਗਿਆ ਸੀ ਕਿ ਸੂਬੇ ਆਪਣੇ ਹਿੱਸੇ ਦਾ ਆਫਤ ਰਾਹਤ ਫੰਡ ਵਰਤ ਕੇ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਮਦਦ ਦੇਣਗੀਆਂ ਅਤੇ ਮਰੀਜ਼ ਦੇ ਇਲਾਜ ਦਾ ਸਾਰਾ ਖਰਚ ਸਰਕਾਰ ਵੱਲੋਂ ਚੁੱਕਿਆ ਜਾਵੇਗਾ। ਪਰ ਬਾਅਦ ਵਿਚ ਦੁਬਾਰਾ ਜਾਰੀ ਕੀਤੇ ਹੁਕਮਾਂ ਵਿਚੋਂ ਇਹ ਦੋਵੇਂ ਗੱਲਾਂ ਹਟਾ ਦਿੱਤੀਆਂ ਗਈਆਂ। ਦੁਬਾਰਾ ਜਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ ਸੂਬਾ ਸਰਕਾਰਾਂ ਇਸ ਫੰਡ ਨਾਲ ਕੋਰੋਨਾਵਾਇਰਸ ਦੀ ਮਰੀਜ਼ਾਂ ਦੀ ਸੰਭਾਲ ਲਈ ਕੇਂਦਰ ਬਣਾਏ ਜਿਸ ਵਿਚ ਖਾਣਾ, ਕੱਪੜੇ ਅਤੇ ਮੈਡੀਕਲ ਸਹੂਲਤਾਂ ਦੇਣ ਲਈ ਇਸ ਫੰਡ ਨੂੰ ਵਰਤਿਆ ਜਾਵੇ।