"ਐਸੀ ਕਲਾ ਨ ਖੇਡੀਐ, ਜਿਤੁ ਦਰਗਹ ਗਇਆ ਹਾਰੀਐ"

ਗੁਰਤੇਜ ਸਿੰਘ

ਕੁੱਝ ਗ਼ਲਤ-ਬਿਆਨੀਆਂ ਅਤੇ ਕੁਝ ਗ਼ਲਤ ਛਪੇ ਬਿਆਨਾਂ ਕਾਰਣ ਪੈਦਾ ਹੋਏ ਭੰਬਲਭੂਸੇ ਦੀ ਅਜੋਕੇ ਹਾਲਤ ਵਿੱਚ ਮੰਗ ਹੈ ਕਿ ਹਰ ਸਧਾਰਨ ਸਿੱਖ ਆਪਣੇ ਅਸਲ ਵਿਚਾਰ ਪੰਥ ਦੀ ਕਚਹਿਰੀ ਵਿੱਚ ਪੇਸ਼ ਕਰੇ। ਇਹ ਲੇਖ ਇਸ ਲੋੜ ਨੂੰ ਪੂਰਾ ਕਰਨ ਲਈ ਹੈ।

ਏਸ ਕਾਰਣ ਵੀ ਲਿਖਣਾ ਜ਼ਰੂਰੀ ਹੋ ਗਿਆ ਕਿਉਂਕਿ, ਵਿਚਾਰਾਂ ਨੂੰ ਸੋਧ ਕੇ ਇੱਕਸਾਰ ਕਰਨ ਲਈ, ਗੁਰੂ ਗ੍ਰੰਥ ਭਵਨ ਵਿੱਚ 22 ਫ਼ਰਵਰੀ 2020 ਨੂੰ ਸਾਢੇ ਚਾਰ ਵਜੇ ਬੁਲਾਈ ਗਈ ਮਿਲਣੀ ਇੱਕ ਸੱਜਣ ਦੇ ਅਯੋਗ ਹੱਠ ਕਾਰਣ ਬੇਸਿੱਟਾ ਰਹਿ ਗਈ। ਇਸ ਮੀਟਿੰਗ ਵਿੱਚ ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ, ਜਸਪਾਲ ਸਿੰਘ ਪੱਤਰਕਾਰ, ਪ੍ਰੋ. ਮਨਜੀਤ ਸਿੰਘ, ਰਾਜਿੰਦਰ ਸਿੰਘ, ਰਵਿੰਦਰ ਸਿੰਘ, ਖੁਸ਼ਹਾਲ ਸਿੰਘ ਅਤੇ ਗੁਰਤੇਜ ਸਿੰਘ ਸ਼ਾਮਲ ਹੋਏ ਸਨ।

ਗੁਰਬਾਣੀ ਅਤੇ ਗੁਰ-ਇਤਿਹਾਸ ਵਿੱਚ ਪ੍ਰਗਟ ਹੋਏ ਤੱਥਾਂ ਅਤੇ ਇਸ਼ਾਰਿਆਂ ਉੱਤੇ ਟੇਕ ਰੱਖ ਕੇ ਆਖਿਆ ਜਾ ਸਕਦਾ ਹੈ ਕਿ ਸਿੱਖੀ ਨਾ ਤਾਂ ਅੰਜੀਲ ਨੂੰ ਇੰਨ-ਬਿੰਨ ਸੱਚ ਮੰਨਦੀ ਹੈ, ਨਾ ਹੀ ਏਸ ਨੂੰ ਈਸਾ ਮਸੀਹ ਦੀ ਕ੍ਰਿਤ। Archibald Robertson, ਆਪਣੀ The Origins of Christianity, International Publishers, New York, 1962 ਦੇ ਪੰਨਾ 96 ਉੱਤੇ ਆਖਦਾ ਹੈ ਕਿ ਇਸਾਈ ਮੌਖਿਕ ਵਾਰਤਾਵਾਂ ਦੀ “ਤਿੰਨ ਵਾਰ, ਚਾਰ ਵਾਰ ਤੇ ਕਈ ਵਾਰ” ਸੰਪਾਦਨਾ ਹੋਈ। ਆਖ਼ਰ ਚੌਥੀ ਸਦੀ ਵਿੱਚ Nicen Council ਨੇ ਬਾਰ-ਬਾਰ ਸੋਧੀ ਲਿਖਤ ਨੂੰ ਪ੍ਰਮਾਤਮਾ ਦਾ ਸ਼ਬਦ, ਬਹੁਗਿਣਤੀ ਦੀ ਵੋਟ ਦੇ ਆਧਾਰ ’ਤੇ, ਤਸਲੀਮ ਕਰ ਲਿਆ। ਸਾਡੇ ਸਮਿਆਂ ਵਿੱਚ ਪ੍ਰਗਟ ਹੋਏ Dead Sea Scrolls ਨੇ ਅੰਜੀਲ ਦੀ ਰਹਿੰਦੀ ਖੂੰਹਦੀ ਪ੍ਰਮਾਣਿਕਤਾ ਨੂੰ ਵੀ ਖੋਰਾ ਲਾ ਦਿੱਤਾ ਹੈ। ਇਹ ਇੱਕ ਵੱਡਾ ਕਾਰਣ ਸੀ ਕਿ 1962 ਵਿੱਚ Pope John XXIII ਨੇ ਨਵਾਂ ਧਾਰਮਕ ਕਾਨੂੰਨ (Roman Cathoilc Canon Law) ਬਣਾ ਕੇ ਯਹੂਦੀਆਂ ਨੂੰ ਈਸਾ ਦੇ ਕਤਲ ਦੇ ਅਪਰਾਧ ਤੋਂ ਤਕਰੀਬਨ 2000 ਸਾਲ ਬਾਅਦ ਮੁਕਤ ਕਰ ਦਿੱਤਾ। ‘ਪ੍ਰੰਪਰਾ’ ਸੱਚਾਈ ਦੇ ਇੱਕ ਕਣ ਦੀ ਸੱਟ ਵੀ ਨਾ ਸਹਿ ਸਕੀ ਤੇ ਟੋਟੋ-ਟੋਟੇ ਹੋ ਗਈ।

ਜ਼ਾਹਰ ਹੈ ਕਿ ਆਖੇਪ ਅੰਜੀਲ ਦੇ ਅਧਾਰ ਉੱਤੇ ਨਾ ਅਧਿਆਤਮਕ ਤਰੱਕੀ ਹੋ ਸਕਦੀ ਸੀ ਨਾ ਦੁਨੀਆਵੀ। ਏਸ ਲਈ ਇਸਾਈ ਮੱਤ ਦੀਆਂ ਪਹਿਲੀਆਂ ਸਾਢੇ 17 ਸਦੀਆਂ ਅਜਾਈਂ ਗਈਆਂ। ਇਸਾਈਆਂ ਨੇ ਕਬੀਲੇ ਵਾਂਗ ਲਾਮਬੰਦ ਹੋ ਕੇ ਹਜ਼ਾਰਾਂ ਔਰਤਾਂ-ਮਰਦਾਂ ਨੂੰ ਜਿਊਂਦਿਆਂ ਚਿਖਾਵਾਂ ਵਿੱਚ ਚਿਣ ਕੇ ਭਸਮ ਕੀਤਾ। ਉਹਨਾਂ ਵਿੱਚ ਜੋਨ-ਔਵ-ਆਰਕ ਅਤੇ ਕੈਂਟਰਬਰੀ ਦਾ ਆਰਕਬਿਸ਼ਪ ਵੀ ਸਨ; ਛੋਟੇ-ਮੋਟੇ ਪਾਦਰੀ ਅਨੇਕਾਂ ਸਨ। ਡੈਣਾਂ ਹੋਣ ਦੇ ਇਲਜ਼ਾਮ ਹੇਠ ਪੱਥਰਾਂ ਦੀ ਮਾਰ ਝੱਲ ਕੇ ਹਜ਼ਾਰਾਂ ਅਭਾਗੀਆਂ ਔਰਤਾਂ ਨੇ ਆਪਣੇ ਪ੍ਰਾਣ ਤਿਆਗੇ। ਕਰੂਸੇਡ ਦੀ ਸਦੀ ਵਿੱਚ ਅਜੇਹੀ ਨਫ਼ਰਤ ਦੀ ਹਨੇਰੀ ਝੁੱਲੀ ਕਿ ਦੋਨਾਂ ਪੱਖਾਂ ਨੇ ਇੱਕ ਦੂਜੇ ਦੇ ਬੱਚੇ ਭੁੰਨ ਕੇ ਖਾਧੇ। ਚਰਚ ਨੇ ਯੂਰਪ ਦੀਆਂ ਅੱਧੀਆਂ ਜ਼ਮੀਨਾਂ ਉੱਤੇ ਕਬਜ਼ੇ ਕਰ ਕੇ ਲੋਕਾਂ ਦੀ ਕਿਰਤ ਭਾਰਤ ਦੇ ਸ਼ੂਦਰਾਂ ਦੀ ਲੁੱਟ ਦੀ ਤਰਜ਼ ਉੱਤੇ ਬੇਕਿਰਕ ਹੋ ਕੇ ਲੁੱਟੀ। ਗ਼ੁਲਾਮ ਪ੍ਰਥਾ ਪਾਲ਼ੀ; ਸਵਰਗ ਦੀਆਂ ਟਿਕਟਾਂ ਵੇਚੀਆਂ; ਮੁਲਕਾਂ ਨੂੰ ਗ਼ੁਲਾਮ ਕਰਨ ਦੇ ਫ਼ਤਵੇ ਦਿੱਤੇ। ਇੱਕ-ਦੋ ਵਾਰ ਤਾਂ ‘ਬ੍ਰਹਮਚਾਰੀ’ ਪੋਪ ਦੇ ਨਾਜਾਇਜ਼ ਪੁੱਤ ਵੀ ਪੋਪ ਬਣਾਏ ਗਏ; ਰਾਜਿਆਂ ਨੂੰ ਕਤਲ ਕੀਤਾ ਗਿਆ। ਧਰਮ ਦੇ “ਗਲ਼ ਪਾਥਰ” ਨੇ ਮਨੁੱਖੀ ਕਿਰਦਾਰ ਨੂੰ ਨੀਵੀਂ ਤੋਂ ਨੀਵੀਂ ਖਾਈ ਵਿੱਚ ਗਰਕ ਕਰ ਦਿੱਤਾ। ਬਰੂਨੋ ਵਰਗੇ ਕਈ ਵਿਗਿਆਨੀਆਂ ਦੇ ਕਤਲ ਹੋਏ।

ਇਸਾਈ ਸਮਾਜ ਨੂੰ ਗਰਕ ਹੋਣ ਤੋਂ ਬਚਾਉਣ ਲਈ ਬਿਬੇਕ ਬੁੱਧੀ ਨੂੰ ਪ੍ਰਚੰਡ ਕਰਨ ਦੀ ਲਹਿਰ ਚੱਲੀ। ਏਸ ਦੇ ਤਕਰੀਬਨ ਸਾਰੇ ਪ੍ਰਮੁੱਖਾਂ ਨੇ ਕੱਟੜਤਾ ਦਾ ਪੱਲਾ ਛੱਡ ਦਿੱਤਾ। ਅੱਜ ਸੰਸਾਰ ਦੇ ਤਖ਼ਤੇ ਉੱਤੇ ਇੱਕ ਵੀ ਇਸਾਈ ਨਹੀਂ ਮਿਲੇਗਾ ਜੋ ਬਾਈਬਲ ਅਨੁਸਾਰ ਮੰਨਦਾ ਹੋਵੇ ਕਿ ਸੰਸਾਰ ਰਚਨਾ 26 ਅਕਤੂਬਰ 4004 ਬੀ.ਸੀ. ਨੂੰ ਹੋਈ ਸੀ। ਇੱਕ ਬਿਆਨ ਹੈ: “ਇਸਾਈ ਮੱਤ ਈਸ਼ਵਰ ਕ੍ਰਿਤ (divine) ਹੀ ਹੋਵੇਗਾ ਕਿਉਂਕਿ ਇਹ ਐਨੀਆਂ ਵਾਹਯਾਤ (non-sense) ਅਤੇ ਮੁਜ਼ਰਮਾਨਾ ਧਾਰਨਾਵਾਂ (villainy) ਨਾਲ ਭਰਿਆਂ ਹੋਣ ਦੇ ਬਾਵਜੂਦ 17 ਸਦੀਆਂ ਜਿਊਂਦਾ ਰਹਿ ਸਕਿਆ ਹੈ”- ਵੌਲਟੇਅਰ। ਵਿਗਿਆਨਕ ਸੋਚ ਨੂੰ ਹਜ਼ਮ ਕਰਨ ਲਈ ਇਸਾਈ ਮੱਤ ਦੇ ਕਈ ਸਦੀਆਂ ਪੁਰਾਣੇ ਅਸੂਲਾਂ ਨੂੰ ਤਿਆਗਣਾ ਪਿਆ। ਨਾਸਤਕਤਾ ਅਤੇ ਵਿਗਿਆਨ ਤਰੱਕੀ ਦੀ ਕੁੰਜੀ ਬਣੇ। ਏਸ ਪ੍ਰਵਿਰਤੀ ਨੇ ਨਵੇਂ ਹਥਿਆਰ ਅਤੇ ਦੂਰਗਾਮੀ ਜਹਾਜ਼ ਬਣਾਏ। ਵਪਾਰ ਚੱਲਿਆ ਜਿਸ ਨੇ ਕਲਪੁਰਜ਼ਾ ਯੁੱਗ ਨੂੰ ਜਨਮ ਦਿੱਤਾ ਅਤੇ ਆਖ਼ਰ ਯੂਰਪ ਧਰਮ ਦੇ ਬੁਰਕੇ ਹੇਠ ਲੁੱਟ-ਮਾਰ ਅਤੇ ਬਸਤੀਆਂ ਉੱਤੇ ਕਬਜ਼ਾ ਕਰ ਕੇ ਸਿਆਸੀ ਪਿੜ ਦਾ ਸ਼ਾਹ ਅਸਵਾਰ ਬਣਿਆ। ਕੇਹਾ ਮਾਣ ਹੈ ਇਸ ਕਿਰਦਾਰ ਉੱਤੇ !

ਬਸਤੀਵਾਦ ਨੂੰ ਪ੍ਰਪੱਕ ਕਰਨ ਲਈ ਕਈ ਮੁਲਕਾਂ (ਮਸਲਨ ਅਮਰੀਕਾ) ਦੀ ਸਾਰੀ ਦੀ ਸਾਰੀ ਆਬਾਦੀ ਨੂੰ ਕਤਲ ਕਰ ਦਿੱਤਾ ਗਿਆ ਕਿਉਂਕਿ ਉਹ ਇਸਾਈ ਬਣਨ ਨੂੰ ਤਿਆਰ ਨਹੀਂ ਸੀ। ਇੱਕ ਵੱਡਾ ਇਸਾਈ ਆਗੂ ਆਖਦਾ ਹੈ: ‘ਇਸਾਈ ਪ੍ਰਚਾਰਕਾਂ ਦੇ ਆਉਣ ਤੋਂ ਪਹਿਲਾਂ ਅਫ਼ਰੀਕਨਾਂ ਕੋਲ ਆਪਣੀਆਂ ਜ਼ਮੀਨਾਂ ਸਨ ਪਰ ਅੰਜੀਲ ਨਹੀਂ ਸੀ। ਹੁਣ ਉਨ੍ਹਾਂ ਕੋਲ ਅੰਜੀਲ ਹੈ ਪਰ ਜ਼ਮੀਨ ਨਹੀਂ...।’ ਰਾਮਾ ਸੁਆਮੀ ਆਇਰ ਨੇ ਟ੍ਰੈਵਨਕੋਰ ਦੇ ਮੰਦਰ ਦਲਿਤਾਂ ਲਈ ਖੋਲ੍ਹੇ ਤਾਂ ਕੈਂਟਰਬਰੀ ਦੇ ਆਰਕਬਿਸ਼ਪ ਨੇ ਰਾਜੇ ਕੋਲ ਇਤਰਾਜ਼ ਕੀਤਾ ਕਿ ਏਸ ਨਾਲ ਇਸਾਈ ਮੱਤ ਦੇ ਪ੍ਰਚਾਰ ਵਿੱਚ ਵਿਘਨ ਪੈਂਦਾ ਹੈ; ਹੁਣ ਦਲਿਤ ਇਸਾਈ ਨਹੀਂ ਬਣ ਰਹੇ।’ ਮੰਦਰ ਦਾਖ਼ਲਾ ਤੁਰੰਤ ਬੰਦ ਕਰੋ। ਇਸਾਈ ਸਲਤਨਤ ਨੇ ਸਿੱਖ ਰਾਜ ਸਮੇਤ ਨਿਰੋਲ ਇਨਸਾਨੀਅਤ ਉੱਤੇ ਟੇਕ ਰੱਖਣ ਵਾਲੀਆਂ ਸਲਤਨਤਾਂ ਤਬਾਹ ਕਰ ਦਿੱਤੀਆਂ। ਬਾਰਸੀਲੋਨਾ ਦੀ ਧਰਮਾਂ ਦੀ ਆਲਮੀ ਮਜਸਲ ਵਿੱਚ ਮੈਨੂੰ ਪੁਰਾਤਨ ਅਫ਼ਰੀਕੀ ਧਰਮ ਦੇ ਆਗੂ ਨੇ ਦੱਸਿਆ ਕਿ ਜਿਹੜਾ ਸਭ ਤੋਂ ਕਲਿਆਣ ਵਾਲੇ ਫ਼ਲਸਫ਼ੇ ਦਾ ਇਸਾਈ ਹੁਣ ਪ੍ਰਚਾਰ ਕਰ ਰਹੇ ਹਨ ਇਹ ਤਾਂ ਇਨ੍ਹਾਂ ਦੇ ਅਫ਼ਰੀਕਾ ਆਉਣ ਤੋਂ ਪਹਿਲਾਂ ਸਾਡੀ ਸੱਭਿਅਤਾ ਦਾ ਗਹਿਣਾ ਸੀ। ਮੈਂ ਉਸ ਨੂੰ ਸਰਕਾਰ ਖ਼ਾਲਸਾ ਦੀ ਵਾਰਤਾ ਸੁਣਾਈ। ਰਣਜੀਤ ਸਿੰਘ ਨੇ ਸੱਚ ਹੀ ਜਰਮਨ ਪ੍ਰਚਾਰਕ ਰੈਵਰੰਡ ਵੁਲਫ਼ ਨੂੰ ਆਖਿਆ ਸੀ: “ਜੇ ਸੱਭਿਅਤਾ ਦਾ ਸੁਨੇਹਾ ਦੇਣਾ ਹੈ ਤਾਂ ਕਲਕੱਤੇ ਦੇ ਅੰਗਰੇਜ਼ਾਂ ਨੂੰ ਦੇ। ਕੇਵਲ ਉਹੀ ਇਸ ਮੁਲਕ ਵਿੱਚ ਉਜੱਡ ਤੇ ਚੱਜ-ਆਚਾਰ-ਹੀਣ ਹਨ।”

ਆਖ਼ਰ ਇਸਾਈ (?) ਮੁਲਕਾਂ ਦੀ ਸਿਆਸੀ ਹਵਸ ਅਤੇ ਨਾਸਤਕਤਾ ਨੇ ਸੰਸਾਰ ਨੂੰ ਦੋ ਆਲਮੀ ਜੰਗਾਂ ਵਿੱਚ ਕਰੋੜਾਂ ਲੋਕਾਂ ਦੀ ਮੌਤ ਅਤੇ ਐਟਮ, ਨਿਊਕਲੀਅਰ ਬੰਬ ਵਰਗੇ ਮਾਰੂ ਹਥਿਆਰ ਦਿੱਤੇ।

ਯਹੂਦੀਆਂ ਦਾ ਇਤਿਹਾਸ ਵੀ ਬਹੁਤ ਵਿਲੱਖਣ ਹੈ। ਇਹ ਆਪਣੇ-ਆਪ ਨੂੰ ਪ੍ਰਮਾਤਮਾ ਦੇ ਟਿੱਕੇ ਹੋਏ ਖ਼ਾਸ, ਦੁਨੀਆ ਤੋਂ ਨਿਵੇਕਲੇ ਮਨੁੱਖ ਸਮਝਦੇ ਹਨ। ਏਸ ਲਈ ਇਹ ਕਿਸੇ ਨੂੰ ਧਾਰਮਕ ਰਸਮਾਂ ਕਰ ਕੇ ਅਪਣੇ ਧਰਮ ਵਿੱਚ ਸ਼ਾਮਲ ਨਹੀਂ ਕਰ ਸਕਦੇ। ਏਸੇ ਕਾਰਣ ਇਨ੍ਹਾਂ ਨੂੰ ਬਾਕੀ ਮਨੁੱਖੀ ਸਮਾਜਾਂ ਦੀ ਨਫ਼ਰਤ ਮਿਲੀ ਅਤੇ ਇਨ੍ਹਾਂ ਨੇ ਸਿੱਖਾਂ ਵਾਂਗ ਹੀ ਅਕਹਿ ਦੁੱਖ ਤਕਰੀਬਨ 27 ਸਦੀਆਂ ਸਹੇ। ਖ਼ਾਸ ਮਨੁੱਖ ਹੋਣ ਦਾ ਅਕੀਦਾ ਇਹਨਾਂ ਨੇ ਬ੍ਰਾਹਮਣਾਂ ਨੂੰ ਦਾਨ ਕੀਤਾ ਅਤੇ ਓਥੋਂ ਨੀਟਸ਼ੇ ਨੇ, ਜਿਸ ਨੂੰ ਹਿਟਲਰ ਦਾ ਗੁਰੂ ਆਖਦੇ ਹਨ, ਹਾਸਲ ਕਰ ਕੇ ਨਾਜ਼ੀ ਜਰਮਨੀ ਅਤੇ ਫ਼ਾਸ਼ੀ ਇਟਲੀ, ਜਪਾਨ ਆਦਿ ਨੂੰ ਬਖ਼ਸ਼ਿਆ। ਏਸ ਵਿਚਾਰ ਨੇ ਜੋ ਤਬਾਹੀ ਲਿਆਂਦੀ ਓਸ ਦਾ ਜ਼ਿਕਰ ਹੋ ਚੁੱਕਿਆ ਹੈ। ਸਭ ਤੋਂ ਕਰੜੀ ਮਾਰ ਵੀ ਯਹੂਦੀਆਂ ਨੂੰ ਖਾਣੀ ਪਈ। ਦੂਜੀ ਆਲਮੀ ਜੰਗ ਤੋਂ ਬਾਅਦ ਸੰਧੀ ਵਾਲੀਆਂ ਸ਼ਕਤੀਆਂ ਨੇ ਮੁਸਲਮਾਨ ਮੁਲਕਾਂ ਦੇ ਵਿਹੜੇ ਵਿੱਚ ਸਿਹ ਦਾ ਤੱਕਲਾ ਗੱਡਣ ਲਈ ਇਜ਼ਰਾਈਲ ਬਣਵਾਇਆ। ਪਰ ਅੱਜ ਵੀ ਲਗਭਗ ਅੱਧੇ ਯਹੂਦੀ ਹੋਰ ਮੁਲਕਾਂ ਵਿੱਚ ਰਹਿੰਦੇ ਹਨ। ਬੇਗਾਨੀਆਂ ਸੱਭਿਅਤਾਵਾਂ ਦੀਆਂ ਸਹੂਲਤਾਂ ਦਾ ਭਰਪੂਰ ਫ਼ਾਇਦਾ ਉਠਾ ਕੇ ਇਹਨਾਂ ਨੇ ਖ਼ੂਬ ਬੌਧਿਕ ਤਰੱਕੀ ਕੀਤੀ ਹੈ। ਨੋਬਲ ਇਨਾਮ ਪ੍ਰਾਪਤ ਕਰਨ ਵਾਲੇ ਸੌ ਤੋਂ ਵੱਧ ਯਹੂਦੀ ਤਕਰੀਬਨ ਸਾਰੇ ਦੇ ਸਾਰੇ ਇਜ਼ਰਾਈਲ ਤੋਂ ਬਾਹਰ ਦੇ ਹਨ। ਬੌਧਿਕ ਪੱਖੋਂ ਇਹਨਾਂ ਲਈ ਇਜ਼ਰਾਈਲ ਦਾ ਹੋਂਦ ਵਿੱਚ ਆਉਣਾ ਮਾਰੂ ਸਾਬਤ ਹੋਇਆ ਹੈ। ਨੋਬਲ ਇਨਾਮ ਹਾਸਲ ਕਰਨ ਵਾਲੇ ਬਹਗਿਣਤੀ ਯਹੂਦੀਆਂ ਅਤੇ ਦੂਜਿਆਂ ਨੇ ਆਪਣੇ-ਆਪ ਨੂੰ ਨਾਸਤਕ ਅਖਵਾਉਣਾ ਪਸੰਦ ਕੀਤਾ ਹੈ ― ਆਈਨਸਟਾਈਨ ਸਮੇਤ।

ਯਹੂਦੀ ਲੋਕਾਂ ਨਾਲ ਸਭ ਸਿੱਖਾਂ ਦੀ ਹਮਦਰਦੀ ਹੈ ਅਤੇ ਹੋਣੀ ਵੀ ਚਾਹੀਦੀ ਹੈ। ਪਰ ਪਿਛਲੀਆਂ ਕਈ ਸਦੀਆਂ ਵਿੱਚ ਇਹਨਾਂ ਨੂੰ ਆਪਣਾ ਧਰਮ ਛੱਡਣ ਲਈ ਵੱਡੀ ਗਿਣਤੀ ਵਿੱਚ ਮਜਬੂਰ ਹੋਣਾ ਪਿਆ ਹੈ। ਸਰਮੱਦ, ਡਿਜ਼ਰੇਲੀ ਵਰਗੇ ਕਈ ਯਹੂਦੀ ਹੀ ਪੈਦਾ ਹੋਏ ਸਨ ਪਰ ਕਾਇਮ ਨਾ ਰਹਿ ਸਕੇ। ਸਭ ਤੋਂ ਵੱਧ ਯਹੂਦੀ ਰੂਸੀ ਹਨ ਪਰ ਹਿੰਦੋਸਤਾਨ ਦੇ ਮੁਸਲਮਾਨਾਂ ਵਾਂਗ ਉਹਨਾਂ ਦਾ ਰਾਜ-ਕਾਜ ਵਿੱਚ ਕੋਈ ਹਿੱਸਾ ਨਹੀਂ। ਸਾਢੇ ਪੰਜ ਸਦੀਆਂ ਵਿੱਚ ਜੋ ਰੁਤਬਾ ਸਿੱਖਾਂ ਨੇ ਸਦਗੁਣਾਂ ਦਾ ਪ੍ਰਗਟਾਵਾ ਕਰ ਕੇ ਆਲਮੀ ਸਮਾਜ ਵਿੱਚ ਹਾਸਲ ਕੀਤਾ ਹੈ, ਉਹ ਕਈ ਪੱਖੋਂ ਗੁਣਾਤਮਕ ਤੌਰ ਉੱਤੇ ਸਾਢੇ 27 ਸਦੀਆਂ ਪੁਰਾਣੇ ਯਹੂਦੀਆਂ ਦੇ ਬਹੁਤ ਨੇੜੇ ਦਾ ਜਾਪਦਾ ਹੈ।

ਹੁਣ ਗੱਲ ਕਰੀਏ ਇਸਲਾਮ ਦੀ। ਕੁਰਾਨ ਹਜ਼ਰਤ ਮੁਹੰਮਦ ਸਾਹਿਬ ਤੋਂ ਤਕਰੀਬਨ ਡੇਢ ਸਦੀ ਬਾਅਦ ਲਿਖਤ ਵਿੱਚ ਆਇਆ। ਜਿੰਨ੍ਹਾਂ ਨੂੰ ਜਿੰਨੀਆਂ ਆਇਤਾਂ ਯਾਦ ਸਨ ਉਨ੍ਹਾਂ ਨੇ ਲਿਖਵਾਈਆਂ। ਜ਼ਾਹਰ ਹੈ ਕਿ ਉਹਨਾਂ ਵਿੱਚੋਂ ਇੱਕ ਵੀ ਉਹ ਨਹੀਂ ਸੀ ਜਿਸ ਨੇ ਖ਼ੁਦ ਪੈਗੰਬਰ ਤੋਂ ਸੁਣੀਆਂ ਹੋਣ। ਬਹੁਤ ਆਇਤਾਂ ਸਮੇਂ ਦੀ ਮਾਰ ਨਾ ਝੱਲਦੀਆਂ ਹੋਈਆਂ ਜ਼ਾਇਆ ਹੋ ਗਈਆਂ। ਸਭ ਤੋਂ ਅਫ਼ਸੋਸਨਾਕ ਕਿੱਸਾ ਹੈ ਉਨ੍ਹਾਂ ਬੇਸ਼ਕੀਮਤੀ ਆਇਤਾਂ ਦਾ ਜੋ ਖ਼ਜੂਰ ਦੇ ਪੱਤਿਆਂ ਉੱਤੇ ਲਿਖੀਆਂ ਸਨ ਅਤੇ ਖ਼ੁਦ ਹਜ਼ਰਤ ਆਇਸ਼ਾ ਨੇ ਸੰਭਾਲ ਕੇ ਸਰ੍ਹਾਣੇ ਹੇਠ ਰੱਖੀਆਂ ਸਨ। ਇੱਕ ਦਿਨ ਉਨ੍ਹਾਂ ਦੀ ਚਹੇਤੀ ਬੱਕਰੀ ਕਮਰੇ ਵਿੱਚ ਆ ਕੇ ਸਭ ਨੂੰ ਚਰ ਗਈ। ਅਜੇਹਾ ਕੁਝ ਬਹੁਤੀਆਂ ਹਦੀਸਾਂ ਨਾਲ ਵੀ ਹੋਇਆ। ਤੰਬਾਕੂ ਨਾ ਵਰਤਣ ਸਬੰਧੀ ਆਇਤ ਨੂੰ ਬਹੁਤਾ ਨਾ ਗੌਲ਼ਿਆ ਗਿਆ ਅਤੇ ਦਾੜ੍ਹੀ-ਕੇਸ ਮੁੰਨਣੋਂ ਵਰਜਣ ਵਾਲੀ ਆਇਤ ਨੂੰ ਮੁੱਢੋਂ ਹੀ ਵਿਸਾਰ ਦਿੱਤਾ ਗਿਆ। ਇਹ ਅਤੇ ਹਜ਼ਰਤ ਦੇ ਸੰਗੀਤ ਪ੍ਰੇਮੀ ਹੋਣ ਦੀਆਂ ਹਦੀਸਾਂ ਨੂੰ ਗੁਰੂ ਨਾਨਕ ਨੇ ਮੱਕੇ ਵਿੱਚ ਪ੍ਰਗਟ ਕੀਤਾ ਤਾਂ ਵੱਡੇ ਜਾਣਕਰ ਵੀ ਨਿੰਮੋਝੂਣੇ ਹੋ ਗਏ। ਦੂਸਰੇ ਮਜ਼ਹਬੀ ਅਕੀਦਿਆਂ ਨੂੰ ਜੀ ਆਇਆਂ ਆਖਣ ਵਾਲੇ ਕੁਰਾਨ ਸ਼ਰੀਫ਼ ਦੇ ਲਫ਼ਜ਼ਾਂ ਵਿਰੁੱਧ ਜਿਹਾਦ ਕਰਨ ਦੇ ਤਾਂ ਸਮੇਂ-ਸਮੇਂ ਤਕਰੀਬਨ ਸਭ ਮੁਸਲਮਾਨ ਹਾਕਮ ਗ਼ੁਨਾਹਗਾਰ ਹਨ। ਸਲਾਤ ਬਾਰੇ ਆਮ ਵਾਕਫ਼ੀਅਤ ਹੈ ਕਿ ਇਸ ਨੂੰ ਇਰਾਨ ਦੇ ਮੁਸਲਮਾਨ ਰਾਜੇ ਦੀ ਇੱਕ ਯਹੂਦੀ ਬੇਗਮ ਨੇ ਵੱਡੇ ਮੌਲਾਣਿਆਂ ਨੂੰ ਵੱਡੀ ਵੱਢੀ ਦੇ ਕੇ ਪੈਗੰਬਰੀ ਹੁਕਮ ਵਜੋਂ ਪ੍ਰਵਾਨ ਕਰਵਾਇਆ ਸੀ।

ਇਸਲਾਮ ਧਰਮ ਅਤੇ ਸਿਆਸਤ ਖ਼ੂਬ ਫ਼ੈਲੀ, ਤਹਿਤ ਅਸ ਤੇਗ਼ ਫ਼ੈਲੀ ਪਰ ਪੈਗੰਬਰ ਦੀਆਂ ਅਸਲ ਸਿੱਖਿਆਵਾਂ ਨੂੰ ਤਿਆਗ ਕੇ ਫ਼ੈਲੀ। ਖ਼ਲੀਫ਼ੇ ਕੋਲ ਕਿਸੇ ਮੁਲਕ ਦੇ ਮੁਸਲਮਾਨ ਜਰਨੈਲ ਨੇ ਪੁੱਛ ਪਾਈ: ‘ਜੇ ਦੂਜੇ ਧਰਮਾਂ ਨੂੰ ਕੁਰਾਨ ਦੇ ਅਹਿਕਾਮ ਵਿਰੁੱਧ ਬਰਦਾਸ਼ਤ ਨਾ ਕਰੀਏ ਤਾਂ ਮਾਲੀਆ ਬਹੁਤ ਵਧ ਜਾਂਦਾ ਹੈ ਕਿਉਂਕਿ ਜ਼ਿਮੀ ਜਜ਼ੀਆ ਦਿੰਦੇ ਹਨ, ਮੁਸਲਮਾਨ ਨਹੀਂ। ਕੀ ਕਰੀਏ?’ ਖ਼ਲੀਫ਼ਾ ਉਸਮਾਨ ਦਾ ਜੁਆਬ ਸੀ: ‘ਲਾਹਣਤ ਹੈ ਤੈਨੂੰ! ਖ਼ੁਦਾ ਨੇ ਪੈਗੰਬਰ ਨੂੰ ਧਰਮ ਵਾਸਤੇ ਭੇਜਿਆ ਸੀ ਕਿ ਮਾਲ ਅਫਸਰ ਬਣਾ ਕੇ।‘ ਇਉਂ ਕੁਰਾਨ ਸ਼ਰੀਫ਼ ਨੂੰ ਵਿਸਾਰ ਕੇ ਇਸਲਾਮ ਫ਼ੈਲਿਆ ਨਾ ਕਿ ਉਸ ਦੇ ਅੱਖਰ-ਅਖੱਰ ਨੂੰ ਪ੍ਰਵਾਨ ਕਰ ਕੇ। ਇਹ ਧਰਮ-ਚਿੰਤਨ ਵਾਲੇ ਸਭ ਜਾਣਦੇ ਹਨ। ਛੋਟੇ ਸਾਹਿਬਜ਼ਾਦਿਆਂ ਨੂੰ ਮੁਹੰਮਦ ਸਾਹਿਬ ਦੇ ਆਖ਼ਰੀ ਖੁਤਬੇ ਵਿਰੁੱਧ ਸ਼ਹੀਦ ਕਰਨ ਉਪਰੰਤ ਇਸਲਾਮ ਦੀ ਕਿਸ਼ਤੀ ਹਿੰਦ ਵਿੱਚੋਂ ਡੁੱਬ ਗਈ। ਉਹ ਇੱਕ ਪਲ਼ ਵੀ ਪੱਕੇ ਪੈਰੀਂ ਨਾ ਰਹਿ ਸਕਿਆ। ਕੁਰਾਨ ਦੇ ਰਾਜ਼ ਮੋਮਨਾਂ ਦੀ ਸ਼ਾਨ ਵਧਾਉਣ ਲਈ ਸਨ ਮੁਨਾਫ਼ਿਕਾਂ ਦੀ ਹਨੇਰਗਰਦੀ ਦਾ ਸਾਥ ਦੇਣ ਲਈ ਨਹੀਂ। ਓਹੀ ਰਕਾਬਾਂ, ਓਹੀ ਤੇਗਾਂ, ਓਹੀ ਹੈਦਰੀ ਝੰਡੇ ਪਰ ਕੁਰਾਨ ਦੇ ਪਾਕ ਵਚਨ ਦੀ ਬਰਕਤ ਨਹੀਂ ਰਹੀ ਸੀ। ਅਰਜਣ ਦੀ ਮੌਤ ਬੱਕਰੀਆਂ ਚਾਰਨ ਵਾਲਿਆਂ ਦੇ ਤੁੱਕਿਆਂ ਨਾਲ ਫੱਟੜ ਹੋਣ ਕਰ ਕੇ ਹੋਣ ਬਾਰੇ ਇੱਕ ਜਗਤ-ਪ੍ਰਸਿੱਧ ਟਿੱਪਣੀ ਹੈ: “ਸਮਾਂ-ਸਮਾਂ ਸਮਰਥ, ਓਹੀ ਅਰਜਣ ਦੇ ਬਾਣ ਤੇ ਓਹੀ ਅਰਜਣ ਦੇ ਹੱਥ।”

ਅੱਜ-ਕੱਲ੍ਹ ਦੇ ਸਮਿਆਂ ’ਤੇ ਢੁਕਾ ਕੇ ਦੇਖਣਾ ਹੋਵੇ ਤਾਂ ਤੁਸੀਂ ਚਿੜੀ ਦੇ ਪੌਂਚੇ ਜਿੰਨੇ ਇਜ਼ਰਾਈਲ ਕੋਲੋਂ ਪੰਜਾਹ ਇਸਲਾਮੀ ਮੁਲਕ ਤਿੰਨ-ਤਿੰਨ ਵਾਰ, ਵਾਰ-ਵਾਰ ਹਾਰਦੇ ਵੇਖ ਸਕਦੇ ਹੋ। ਕੀ ਇਹਨਾਂ ਦਾ ਇਹ ਸਿਆਸੀ ਹਸ਼ਰ ਹੋਣਾ ਸੀ ਜੇ ਇਨ੍ਹਾਂ ਦਾ ਯਕੀਨ ਕੁਰਾਨ ਦੇ ਮਰਮ ਦੇ ਹਾਣ ਦਾ ਹੁੰਦਾ? ਯਾਦ ਕਰੋ ਉਹ ਦਿਨ ਜਦੋਂ ਮਾਛੀਵਾੜੇ ਦੇ ਮਹਿਰਮ ਜੰਗਲ ਦੀ ਗੋਦੀ ਵਿੱਚ ਬੈਠੇ ਅਕਾਲਪੁਰਖ ਦਸਮੇਸ਼ ਨੇ ਆਪਣੇ ਤੀਰ ਦੀ ਅਣੀ ਨਾਲ ਕਾਹੀ ਦਾ ਬੂਟਾ ਪੁੱਟਿਆ ਸੀ।

ਪੈਗੰਬਰੀ ਸੱਚ ਤੋਂ ਕੋਹਾਂ ਦੂਰ ਜਾ ਕੇ ਇਸਲਾਮ ਕੇਵਲ ਇੱਕ ਸਿਆਸੀ ਪਾਰਟੀ ਰਹਿ ਗਿਆ ਜਿਸ ਨੇ ਆਪਣੇ ਚੌਗਿਰਦੇ ਕੱਟੜਤਾ ਦੀ ਕੰਧ ਕਰ ਲਈ ਅਤੇ ਤਲਵਾਰ ਨੂੰ ਮਹਿਜ਼ ਕਾਤਲਾਨਾ ਹਥਿਆਰ ਅਤੇ ਕਈ ਵਾਰੀ ਜੱਲਾਦ ਦਾ ਪਰਸਾ (ਯਾਦ ਕਰੋ ਚਾਂਦਨੀ ਚੌਂਕ ਵਿੱਚ ਗੁਰੂ ਤੇਗ਼ ਬਹਾਦਰ ਨੂੰ, ਸਰਮੱਦ ਨੂੰ) ਬਣਾ ਦਿੱਤਾ। ਅੰਜੀਲ ਆਖਦੀ ਹੈ ਤਲਵਾਰ ਆਸਰੇ ਜਿਊਣ ਵਾਲੇ ਤਲਵਾਰ ਨਾਲ ਹੀ ਜ਼ਿਬਾਹ ਹੋਣਗੇ। ਅੱਜ ਇਹਨਾਂ ਦੀਆਂ ਹੀ ਤਲਵਾਰਾਂ ਵਾਲਿਆਂ ਨੇ ਕਈ ਹਰਬੇ ਵਰਤ ਕੇ ਇਸਲਾਮੀ ਮੁਲਕਾਂ ਦੇ ਨੱਕ ਵਿੱਚ ਨਕੇਲ ਪਾਈ ਹੋਈ ਹੈ। ਇਹਨਾਂ ਨੂੰ ਸ਼ਰੇ-ਬਾਜ਼ਾਰ ਰਿੱਛ ਵਾਂਗ ਨਚਾ ਰਿਹਾ ਹੈ। ਦਸਮੇਸ਼ ਦੀ ਸੌ ਕੋਹਿਨੂਰਾਂ ਤੋਂ ਵੱਧ ਕੀਮਤੀ ਕਲਗ਼ੀ ਅੱਜ ਇਹਨਾਂ ਦੇ ਖਜ਼ਾਨੇ ਵਿੱਚ ਇੱਕ ਵਸਤੂ ਬਣੀ ਪਈ ਹੈ। ਕਰਤਾਰਪੁਰ ਦਾ ਲਾਂਘਾ ਇੱਕ ਸੱਚੇ ਮੁਸਲਮਾਨ ਦੀ ਆਪਣੇ ਪੈਗੰਬਰ ਨੂੰ ਸੁੱਚੀ ਅਕੀਦਤ ਵੀ ਹੈ ਅਤੇ ਕਿਸੇ ਮੁਸਲਮਾਨ ਦੇਸ਼ ਦਾ ਸਦੀਆਂ ਵਿੱਚ ਕੀਤਾ ਪਹਿਲਾ ਪਰਉਪਕਾਰ ਵੀ।

ਬਹੁਤੇ ਮੁਸਲਮਾਨ ਮੁਲਕ ਬੇਹੱਦ ਅਮੀਰ ਹਨ। ਹੋਰ ਅਧਿਆਤਮਕ ਮਕਸਦ ਨਾ ਰਹਿਣ ਕਾਰਨ ਇਹ ਕੇਵਲ ਕੌਡੀਆਂ, ਠੀਕਰੀਆਂ ਦੇ ਗੰਜ ਜੋੜ ਰਹੇ ਹਨ। ਸਭ ਦੇ ਮੀਤ, ਰਾਗ-ਬੱਧ ਗੁਰੂ ਗ੍ਰੰਥ ਦਾ ਆਰੰਭ “ਮੋਤੀ ਤ ਮੰਦਰ ਊਸਰਹਿ …..” ਵਾਲੇ ਸ਼ਬਦ ਤੋਂ ਹੁੰਦਾ ਹੈ। ਗੁਰੂ ਨਾਨਕ ਉਪਦੇਸ਼ ਹੈ: ‘ਦੁਨੀਆਂ ਦੇ ਸਾਰੇ ਪਦਾਰਥਾਂ ਦੀ ਕੀਮਤ ਇੱਕ ਖਿਣ ਪ੍ਰਮਾਤਮਾ ਦਾ ਹੁਕਮ ਕਮਾਉਣ ਦੇ ਬਰਾਬਰ ਨਹੀਂ।’ ਇੱਕ ਦਿਨ ਸਾਰੇ ਅਮਰੀਕੀ ਡੌਲਰ, ਜਿਨ੍ਹਾਂ ਦੀ ਖ਼ਾਤਰ ਇਹਨਾਂ ਦਾ ਇਮਾਨ ਡੋਲ ਗਿਆ ਹੈ, ਕੇਵਲ ਕਾਗ਼ਜ਼ ਦੇ ਟੁਕੜੇ ਬਣ ਕੇ ਰਹਿ ਜਾਣਗੇ। “ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ।। ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ।।” ਗੁਰੂ ਗ੍ਰੰਥ ਦਾ ਫ਼ੁਰਮਾਨ ਹੈ।

ਕੇਵਲ ਅਤੇ ਕੇਵਲ ਨਫ਼ਰਤ ਉੱਤੇ ਟੇਕ ਰੱਖਣ ਵਾਲੀ ਹਿੰਦੂ ਸੱਭਿਅਤਾ ਨੇ ਆਪਣਿਆਂ (ਸ਼ੂਦਰਾਂ) ਉੱਤੇ ਜੋ ਜ਼ੁਲਮ ਢਾਹੇ ਹਨ, ਹਜ਼ਾਰਾਂ ਸਾਲਾਂ ਤੱਕ ਢਾਹੇ ਹਨ, ਨੂੰ ਧਰਮ ਦਾ ਉਪਦੇਸ਼ ਸਮਝਣਾ ਤਾਂ ਨਿਰੀ ਮੂਰਖਤਾ ਹੀ ਹੈ। ਬਹੁਤ ਹੱਦ ਤੱਕ ਇਹਨਾਂ ਨੇ ਵੇਦਾਂ ਨੂੰ ਪੁਰਾਤਨ ਸੱਭਿਅਤਾਵਾਂ ਦਾ ਘਾਣ ਕਰਨ ਵਾਲਿਆਂ ਦਾ ਉਸਤਤੀ-ਗਾਣ ਮਾਤਰ ਹੀ ਬਣਾ ਲਿਆ ਹੈ। ਇਹ ਵੀ ਸੱਚ ਹੈ ਕਿ ਉਨ੍ਹੀਵੀਂ ਸਦੀ ਤੱਕ ਵੇਦ ਲਿਖੇ ਹੀ ਨਹੀਂ ਸਨ ਗਏ। ਏਸੇ ਲਈ ਹਿੰਦੂ ਧਰਮ ਨੂੰ ਮੋਮ ਦੀ ਨੱਕ ਆਖਿਆ ਜਾ ਸਕਦਾ ਹੈ। ਏਸ ਨੂੰ ਜਿਸ ਨੇ ਜੀ ਚਾਹਿਆ, ਓਧਰ ਮੋੜ ਲਿਆ। ਅਸਲ ਰੱਬ ਇੱਥੇ ਬ੍ਰਾਹਮਣ ਹੈ ਜੋ ‘ਭੂ ਦੇਵਤਾ’ ਅਖਵਾਉਂਦਾ ਹੈ। ਓਸ ਦਾ ਮੰਤਰਾਂ ਰਾਹੀਂ ਸਾਰੇ ਦੇਵਤਿਆਂ ਅਤੇ ਸ੍ਰਿਸ਼ਟੀ ਉੱਤੇ ਰਾਜ ਚੱਲਦਾ ਹੈ। ਓਸ ਨੇ ਆਪਣੀ ਸਹੂਲਤ ਅਤੇ ਲੋੜ ਮੁਤਾਬਕ ਦੇਵੀ-ਦੇਵਿਤਆਂ ਦੇ ਸੁਭਾਅ ਅਤੇ ਕਰਮ ਘੜੇ ਹਨ।

ਉਹ ਕਹਾਣੀਆਂ ਘੜ-ਘੜ ਕੇ ਦੇਵਤਿਆਂ ਨੂੰ ਅਸਮਾਨੀਂ ਚੜ੍ਹਾ ਸਕਦਾ ਹੈ ਅਤੇ ਬੇਹੱਦ ਨੀਵੇਂ ਕਿਰਦਾਰ ਦੇ ਵੀ ਦਰਸਾ ਸਕਦਾ ਹੈ। ਮ.ਕ. ਗਾਂਧੀ ਨੇ ਵੀ ਨੀਵੇਂ ਤੋਂ ਨੀਵੇਂ ਹਰਬੇ ਵਰਤ ਕੇ ਉਹਨਾਂ ਨੂੰ ਦੇਵਤਿਆਂ ਦੀ ਬਾਣ ਮੁਤਾਬਕ ਦੱਸਿਆ ਸੀ। ਏਸ ਲਈ ਬੁੱਧ ਧਰਮ ਦੇ ਜਾਤਕ ਨੂੰ ਵਰਤ ਕੇ ਬ੍ਰਾਹਮਣ ਨੇ ਰਾਮ ਦਾ ਅਵਤਾਰੀ ਬਿੰਬ ਉਸਾਰਿਆ ਅਤੇ ਓਸ ਨੂੰ ਆਪਣੀ ਲੋੜ ਅਨੁਸਾਰ ਵਰਤਣ ਲਈ ਰਾਮ ਕੋਲੋਂ ਮੁਕੰਮਲ ਨਿਰਦੋਸ਼ ਸ਼ੰਭੂਕ ਦਾ ਕਤਲ ਕਰਵਾਇਆ ਅਤੇ ਛਲ ਨਾਲ ਬਾਲੀ ਦਾ। ਸ੍ਰੀ ਕ੍ਰਿਸ਼ਨ ਨੂੰ ਅਵਤਾਰ ਵੀ ਥਾਪਿਆ ਅਤੇ ਮਨੁੱਖਾਂ ਨੂੰ ਵੀ ਅੱਤ ਸ਼ਰਮਨਾਕ ਜਾਪਦੇ ਕੁਕਰਮ ਵੀ ਉਹਨਾਂ ਤੋਂ ਕਰਵਾਏ। ਮਹਾਂਭਾਰਤ ਵਿੱਚ ਜਿੰਨਾ ਵੀ ਸੂਰਮਗਤੀ ਰੀਤ ਦੇ ਉਲਟ ਵਰਤਾਰਾ ਹੈ, ਉਹ ਕ੍ਰਿਸ਼ਨ ਕੋਲੋਂ ਹੀ ਕਰਵਾਇਆ। ਭਗਤ ਜੀ ਦੇ “ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤ ਖਾਤੀ ਥੀ....” ਵਾਲੇ ਸ਼ਬਦ ਵਿੱਚ ਏਸੇ ਰਹੱਸ ਤੋਂ ਪਰਦਾ ਚੁੱਕਿਆ ਗਿਆ ਹੈ।

ਜੇ ਅਜਿਹਾ ਧਰਮ ਪ੍ਰੇਰਨਾ-ਸ੍ਰੋਤ ਬਣ ਸਕਦਾ ਤਾਂ ਹਿੰਦੂ ਕਦੇ ਇੱਕ ਹਜ਼ਾਰ ਸਾਲ ਗ਼ੁਲਾਮ ਨਾ ਰਹਿੰਦੇ। ਗਾਂਧੀ ਨੇ ਕਿਸੇ ਨੂੰ ਆਜ਼ਾਦੀ ਨਹੀਂ ਲੈ ਕੇ ਦਿੱਤੀ। ਅਗ੍ਰੇਜ਼ਾਂ ਨੂੰ ਅਮਰੀਕਾ ਦੇ ਦਬਾ ਹੇਠ ਬਰਮਾ, ਮਲੇਸ਼ੀਆ, ਸ੍ਰੀ ਲੰਕਾ ਆਦਿ ਕਈ ਦੇਸ਼ਾਂ ਨੂੰ ਛੱਡ ਕੇ ਜਾਣਾ ਪਿਆ। ਅਜੋਕੇ ਰਾਜਿਆਂ ਨੇ ਵੀ ਧਰਮ ਤੋਂ ਪ੍ਰੇਰਨਾ ਲੈ ਕੇ ਰਾਜ ਕਾਇਮ ਨਹੀਂ ਕੀਤਾ ― ਨਾ ਬੀ.ਜੇ.ਪੀ. ਨੇ, ਨਾ ਕੇਜਰੀਵਾਲ ਨੇ। ਇਹਨਾਂ ਨੇ ਹਿੰਦੂਆਂ ਵਿੱਚ ਜਾਣ-ਬੁੱਝ ਕੇ 4-5 ਹਜ਼ਾਰ ਸਾਲਾਂ ਤੋਂ ਸਥਾਪਤ ਕੀਤੀ ਨਫ਼ਰਤ ਤੋਂ ਹੀ ਸਭ ਫਲ਼ ਪ੍ਰਾਪਤ ਕੀਤੇ ਹਨ। ਏਹੋ ਹਿੰਦੀ ਧਰਮ ਦੀ ਕਾਮਧੇਨੂ ਹੈ, ਏਹੀ ਕਲਪ ਬਿਰਛ ਹੈ। ਵਾਕ ਚਤੁਰਾਈ ਨਾਲ ਮੋਮ ਦੀ ਨੱਕ ਨੂੰ ਕਿੱਧਰ ਵੀ ਮੋੜਿਆ ਜਾ ਸਕਦਾ ਹੈ। 1947 ਤੋਂ ਬਾਅਦ ਦੇ ਹਿੰਦੋਸਤਾਨ ਦੀ ਸਿਆਸਤ ਦਾ ਇਹੋ ਮਰਮ ਹੈ।

ਉਪਰੋਕਤ ਸਭ ਕੁਝ ਤੋਂ ਏਹੋ ਸਿੱਖਣਾ ਚਾਹੀਦਾ ਹੈ ਕਿ ਸਾਰੇ ਧਰਮਾਂ ਕੋਲ ਆਪਣੇ ਪੈਗੰਬਰਾਂ ਅਵਤਾਰਾਂ ਦੇ ਸਹੀ ਬੋਲ ਨਹੀਂ। ਉਹਨਾਂ ਮਨੁੱਖੀ ਲੋੜਾਂ ਨੂੰ ਮੁੱਖ ਰੱਖ ਕੇ ਧਰਮ ਦੀ ਵਿਆਖਿਆ ਕੀਤੀ ਹੈ। ਏਸ ਪੱਖੋਂ ਗੁਰਬਾਣੀ ਦਾ ਏਹੀ ਤੱਤਸਾਰ ਹੈ।

ਸਿੱਖ ਸੰਪੂਰਣ ਤੌਰ ਉੱਤੇ ਨਿਰਦੋਸ਼ ਅਤੇ ਨਿਰੋਲ ਸੱਚ ਦੇ ਮੁਜੱਸਮੇ ਗੁਰੂ ਗ੍ਰੰਥ ਦੇ ਸਿੱਖ ਹਨ, ਅਕਾਲ ਪੁਰਖ ਦੀ ਫ਼ੌਜ ਹਨ। ਇਹਨਾਂ ਨੂੰ ਅਕਾਲ ਨਾਲ ਅਥਾਹ ਪਿਆਰ ਹੈ ― ਏਸ ਲਈ ਕਾਇਨਾਤ ਨਾਲ ਵੀ ਕਿਉਂਕਿ “ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ...।” ਇਹਨਾਂ ਨੂੰ ਅਡੋਲ ਸੱਚ ਦੇ ਰਾਹ ਚੱਲ ਕੇ ਹਰ ਪ੍ਰਾਣੀ ਦੀ ਸੇਵਾ ਕਰਦੇ ਰਹਿਣਾ ਚਾਹੀਦਾ ਹੈ। ਧਰਮ ਨੂੰ ਵਿਸਾਰ ਕੇ ਹਾਸਲ ਕੀਤੀ ਰਾਜਸੀ ਸ਼ਕਤੀ ਛਲਾਵਾ ਹੈ, ਮਹੁਰਾ ਹੈ । ਸਰਬੱਤ ਦਾ ਭਲਾ ਹੀ ਇਹਨਾਂ ਦਾ ਆਦਰਸ਼ ਹੈ ਕਿਉਂਕਿ ਗੁਰੂ-ਉਪਦੇਸ਼ ਹੈ। ਏਸੇ ਰਾਹ ਉੱਤੇ ਵੱਡੀਆਂ ਪ੍ਰਾਪਤੀਆਂ ਅੱਜ ਤੱਕ ਹੋਈਆਂ ਹਨ ਅਤੇ ਅਗਾਂਹ ਨੂੰ ਹੋਣਗੀਆਂ।

“ਜੁਗ ਚਾਰੇ ਧਨ ਜੇ ਭਵੈ ਬਿਨੁ ਸਤਿਗੁਰ ਸੋਹਾਗੁ ਨ ਹੋਈ ਰਾਮ॥ ਨਿਹਚਲੁ ਰਾਜੁ ਸਦਾ ਹਰਿ ਕੇਰਾ ਤਿਸੁ ਬਿਨੁ ਅਵਰੁ ਨ ਕੋਈ ਰਾਮ॥”