ਜੰਗੀ ਮਾਹੌਲ ਦੇ ਦਿਨਾਂ ਵਿਚ ਦੇਸ਼ਧ੍ਰੋਹ

ਜੰਗੀ ਮਾਹੌਲ ਦੇ ਦਿਨਾਂ ਵਿਚ ਦੇਸ਼ਧ੍ਰੋਹ

ਜਸਵੀਰ ਸਮਰ
(098722-69310)

''ਸਿਆਸਤਦਾਨ ਅਗਲੀਆਂ ਚੋਣਾਂ ਬਾਰੇ ਅਤੇ ਸਟੇਟਸਮੈਨ ਅਗਲੀਆਂ ਪੀੜ੍ਹੀਆਂ ਬਾਰੇ ਸੋਚਦਾ ਹੈ।” ਇਹ ਹਵਾਲਾ ਅਮਰੀਕੀ ਧਰਮ ਸ਼ਾਸਤਰੀ ਅਤੇ ਲਿਖਾਰੀ ਜੇਮਸ ਫ੍ਰੀਮੈਨ ਕਲਾਰਕ ਦਾ ਹੈ। ਇਸ ਹਵਾਲੇ ਨਾਲ, ਜ਼ਾਹਿਰ ਹੈ ਕਿ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਰਾ ਸਿਆਸਤਦਾਨ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸਟੇਟਸਮੈਨ ਕਹਿਣਾ ਤਾਂ ਫਿਲਹਾਲ ਵਾਜਿਬ ਨਹੀਂ ਹੋਵੇਗਾ ਪਰ ਉਸ ਨੇ ਮੌਜੂਦਾ ਹਾਲਾਤ ਅੰਦਰ ਜੋ ਕੁਝ ਕੀਤਾ ਹੈ, ਉਸ ਨੇ ਉਸ ਦੇ ਕ੍ਰਿਕਟ ਵਾਲੇ ਦਿਨਾਂ ਦੇ ਜੁਝਾਰੂਪਣ ਅਤੇ ਚਤੁਰਾਈ ਦੇ ਦਰਸ਼ਨ ਜ਼ਰੂਰ ਕਰਵਾ ਦਿੱਤੇ ਹਨ। ਇਹ ਤੱਥ ਵੀ ਭਾਵੇਂ ਨਿਰਮਲ ਪਾਣੀਆਂ ਜਿੰਨਾ ਸੱਚ ਹੈ ਕਿ ਇਸ ਵੇਲੇ ਪਾਕਿਸਤਾਨ ਦੇ ਜੋ ਆਰਥਿਕ-ਸਿਆਸੀ ਹਾਲਾਤ ਹਨ, ਇਹ ਜੰਗ ਦਾ ਭਾਰ ਝੱਲ ਨਹੀਂ ਸਕਦਾ ਪਰ ਸਿਰਫ ਇਹੀ ਤੱਥ ਪਾਕਿਸਤਾਨ ਦੀ 'ਅਮਨ' ਬਾਰੇ ਹਾਲੀਆ ਪਹੁੰਚ ਦਾ ਇਕੋ-ਇਕ ਕਾਰਨ ਨਹੀਂ ਹੈ।
ਇਹ ਮਸਲਾ ਹੁਣ ਬਹਿਸ ਗੋਚਰਾ ਨਹੀਂ ਰਹਿ ਗਿਆ ਕਿ ਜੰਗਾਂ-ਯੁੱਧਾਂ ਨਾਲ ਆਖ਼ਿਰਕਾਰ ਨਫ਼ਾ-ਨੁਕਸਾਨ ਕਿਸ ਦਾ ਹੁੰਦਾ ਹੈ। ਹਜ਼ਾਰਾਂ ਕਰੋੜਾਂ ਪੰਨਿਆਂ ਉੱਤੇ ਫੈਲਿਆ ਇਤਿਹਾਸ, ਜੰਗ ਦੀਆਂ ਹਕੀਕਤਾਂ ਦੀ ਗਵਾਹੀ ਭਰਦਾ ਹੈ। ਇਸ ਗਵਾਹੀ ਵਿਚ ਹਿਟਲਰ ਦੇ ਪ੍ਰਾਪੇਗੰਡਾ ਮੰਤਰੀ ਗੋਇਬਲਜ਼ ਦਾ ਕਥਨ ਵੀ ਨਾਲ ਢੁੱਕ ਕੇ ਬੈਠਿਆ ਹੋਇਆ ਹੈ : ਕੋਈ ਝੂਠ ਸੌ ਵਾਰ ਬੋਲ ਦਿਓ, ਸੱਚ ਬਣ ਜਾਵੇਗਾ। ਜਿਨ੍ਹਾਂ ਸਿਆਸਤਦਾਨਾਂ ਦੀ ਅੱਖ ਅਗਲੀਆਂ ਚੋਣਾਂ ਉੱਤੇ ਹੈ, ਉਹ ਅਣਗਿਣਤ ਝੂਠ ਅਣਗਿਣਤ ਵਾਰ ਬੋਲ ਚੁੱਕੇ ਹਨ ਅਤੇ ਵਾਰ ਵਾਰ ਬੋਲ ਰਹੇ ਹਨ। ਹੈ ਤਾਂ ਇਹ ਅੱਜ ਦੀ ਕੌੜੀ ਸਚਾਈ ਪਰ ਇਹ ਲਾਣਾ ਝੂਠ ਵਾਲੀ ਇਹ ਲੜਾਈ ਚਿਰੋਕਣੀ ਜਿੱਤ ਚੁੱਕਾ ਹੈ। ਅਵਾਮ ਦੇ ਵੱਡੇ ਹਿੱਸੇ ਦੀਆਂ ਅੱਖਾਂ ਉੱਤੇ ਝੂਠ ਦੇ ਖੋਪੇ ਚੜ੍ਹ ਚੁੱਕੇ ਹਨ। ਇਹ ਧਰਾਤਲ ਦਾ ਸੱਚ ਹੈ।
ਧਰਾਤਲ ਦਾ ਇਕ ਹੋਰ ਸੱਚ ਵੀ ਹੈ ਜਿਸ ਨਾਲ ਸੀਨਾ ਵਿੰਨ੍ਹਿਆ ਪਿਆ ਹੈ। ਜੰਗ ਲੱਗਣ ਤੋਂ ਪਹਿਲਾਂ ਹੀ ਸਰਹੱਦੀ ਇਲਾਕਿਆਂ ਦੇ ਜਿਊੜਿਆਂ ਨੂੰ ਲੈਣੇ ਦੇ ਦੇਣੇ ਪੈ ਗਏ। ਅਜਿਹੇ ਉਜਾੜਿਆਂ ਦਾ ਦਰਦ ਸਿਆਸਤਦਾਨ ਨੂੰ ਕਦੀ ਨਹੀਂ ਪੋਂਹਦਾ, ਇਹ ਇਸ ਦਰਦ ਨੂੰ ਕਦੀ ਸਮਝਣਾ ਵੀ ਨਹੀਂ ਚਾਹੁੰਦੇ। ਉਨ੍ਹਾਂ ਲਈ ਤਾਂ ਇਹ ਲੋਕ ਉਸੇ ਤਰ੍ਹਾਂ ਹੀ 'ਜ਼ਿੰਦਾ ਸ਼ਹੀਦ' ਹਨ, ਜਿਵੇਂ ਸਰਹੱਦਾਂ ਉੱਤੇ ਬਾਰੂਦ ਫੱਕਦੇ ਫ਼ੌਜੀ, ਸਿਆਸਤ ਦਾ ਖਾਜਾ ਬਣਦੇ ਹਨ। ਪੁਲਵਾਮਾ ਵਾਰਦਾਤ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੇ ਜਿੱਦਾਂ ਜੰਗ ਲਈ ਡੌਲੇ ਫਰਕਾਏ ਹਨ, ਇਹ ਇਨ੍ਹਾਂ ਦੀ ਆਪਣੀਆਂ ਸਰਕਾਰਾਂ ਦੀ ਨਾ-ਅਹਿਲੀਅਤ ਉੱਤੇ ਪਰਦਾ ਪਾਉਣ ਦੀ ਕਵਾਇਦ ਹੀ ਸੀ/ਹੈ।
ਰਤਾ ਕੁ ਸੰਜੀਦਗੀ ਨਾਲ ਪੁਣ-ਛਾਣ ਕੀਤੀ ਜਾਵੇ ਤਾਂ ਆਸਾਨੀ ਨਾਲ ਲੱਭ ਜਾਵੇਗਾ ਕਿ ਪ੍ਰਧਾਨ ਮੰਤਰੀ ਕੋਲ ਆਪਣੇ ਪੰਜਾਂ ਵਰ੍ਹਿਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਕੋਲ ਆਪਣੀ ਦੋ ਸਾਲ ਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਣ ਲਈ ਪੱਲੇ ਕੁਝ ਵੀ ਨਹੀਂ ਹੈ; ਤੇ ਜੰਗ ਅਜਿਹਾ ਮਸਲਾ ਹੈ/ਸੀ ਜੋ ਇਕੋ ਝਟਕੇ ਨਾਲ ਸਭ ਮਸਲੇ ਪੱਧਰ ਕਰ ਦਿੰਦਾ ਹੈ। ਇਸੇ ਕਰਕੇ ਹੀ ਜੰਗ ਵਾਲਾ ਮਾਹੌਲ ਬੰਨ੍ਹਣ ਦੇ ਬਾਵਜੂਦ ਮੋਦੀ ਆਪਣਾ ਕੋਈ ਵੀ ਰੁਝੇਵਾਂ ਰੱਦ ਨਹੀਂ ਕਰਦਾ; ਇਸੇ ਤਰ੍ਹਾਂ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਆਮ ਕਰਕੇ ਕਦੀ ਘਰੋਂ ਨਿਕਲਣ ਲਈ ਰਾਜ਼ੀ ਨਹੀਂ ਹੁੰਦਾ, ਝੱਟ ਸਰਹੱਦ ਉੱਤੇ ਪੁੱਜ ਜਾਂਦਾ ਹੈ, ਹਾਲਾਂਕਿ ਉਸ ਦੇ ਆਪਣੇ ਸ਼ਹਿਰ ਪਟਿਆਲੇ ਵਿਚ ਆਪਣੇ ਹੱਕਾਂ ਲਈ ਧਰਨੇ 'ਤੇ ਬੈਠੀਆਂ ਦੋ ਨਰਸਾਂ ਨੇ ਇਮਾਰਤ ਤੋਂ ਛਾਲਾਂ ਮਾਰ ਦਿੱਤੀਆਂ; ਸਭ ਜੀਆ-ਜੰਤ ਇਕ ਵਾਰ ਤਾਂ ਤ੍ਰਾਹ ਤ੍ਰਾਹ ਕਰ ਉੱਠਿਆ ਪਰ ਨਰਸਾਂ ਨਾਲ ਮਿਲਣ ਦਾ ਵਕਤ ਮੁਕੱਰਰ ਕਰਕੇ ਵੀ ਸਾਡੇ ਫ਼ੌਜੀ ਦੇਸ਼ਭਗਤ ਮੁੱਖ ਮੰਤਰੀ ਕੋਲ ਇਨ੍ਹਾਂ ਨੂੰ ਮਿਲਣ ਦਾ ਵਕਤ ਨਹੀਂ ਸੀ।
ਪਿਛਲੇ ਕੁਝ ਦਿਨਾਂ ਦੌਰਾਨ ਭਾਰਤ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਬਿਆਨਾਂ ਉੱਤੇ ਜੇ ਤਰਦੀ ਜਿਹੀ ਨਜ਼ਰ ਵੀ ਮਾਰੀਏ ਤਾਂ ਸਾਫ਼ ਹੋ ਜਾਂਦਾ ਹੈ ਕਿ ਜੇਮਸ ਫ੍ਰੀਮੈਨ ਕਲਾਰਕ ਵਾਲਾ ਹਵਾਲਾ ਕਿੰਨਾ ਸੱਚਾ ਹੈ। ਪ੍ਰਧਾਨ ਮੰਤਰੀ ਦੇ ਹੀ ਬਿਆਨ ਹਨ। ਉਸ ਨੇ ਪਹਿਲਾਂ ਵਾਂਗ, ਹੁਣ ਇਕ ਵਾਰ ਫਿਰ ਉਸ (ਮੋਦੀ) ਜਾਂ ਸਰਕਾਰ ਦੀ ਮੁਖ਼ਾਲਫ਼ਤ ਨੂੰ ਮੁਲਕ ਦੀ ਮੁਖ਼ਲਾਫ਼ਤ ਵਿਚ ਰੰਗਣ ਦਾ ਯਤਨ ਕੀਤਾ ਹੈ। ਦੂਜੇ ਸ਼ਬਦਾਂ ਵਿਚ, ਜੰਗ ਦੇ ਮਾਹੌਲ ਵਿਚ ਸਰਕਾਰ ਖ਼ਿਲਾਫ਼ ਕੂਣ ਵਾਲਾ ਹਰ ਸ਼ਖ਼ਸ ਦੇਸ਼ਧ੍ਰੋਹੀ ਹੈ। ਪੁਲਵਾਮਾ ਨੂੰ ਆਧਾਰ ਬਣਾ ਕੇ ਕੇਂਦਰ ਸਰਕਾਰ ਨੇ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ, ਉਸ ਨੇ ਜੰਗ ਦੀ ਮੁਖ਼ਲਾਫ਼ਤ ਕਰਨ ਵਾਲੇ ਹਰ ਸ਼ਖ਼ਸ ਨੂੰ ਦੇਸ਼ ਧ੍ਰੋਹੀਆਂ ਦੀ ਕਤਾਰ ਵਿਚ ਬੰਨ੍ਹਣ ਦਾ ਯਤਨ ਕੀਤਾ ਹੈ।
ਅਸਲ ਵਿਚ, ਇਸੇ ਮੁਕਾਮ ਉੱਤੇ ਆਣ ਕੇ ਹੀ ਜੰਗ ਦੀ ਮੁਖ਼ਲਾਫ਼ਤ ਕਰਨ ਵਾਲਿਆਂ ਅਤੇ ਇਮਰਾਨ ਖਾਨ ਦੀ ਅਮਨ-ਅਮਾਨ ਲਈ ਕੀਤੀ ਪਹਿਲਕਦਮੀ ਦੇ ਮਾਇਨੇ ਉਘੜਦੇ ਹਨ। ਨਾਲ ਹੀ ਉਨ੍ਹਾਂ ਦੋਖੀਆਂ ਨੂੰ ਜਵਾਬ ਮਿਲਦੇ ਹਨ ਜਿਹੜੇ ਇਨ੍ਹਾਂ ਜਿਊੜਿਆਂ ਨੂੰ ਜਾਣ-ਬੁੱਝ ਕੇ ਦੇਸ਼ ਧ੍ਰੋਹ ਅਤੇ ਇਮਰਾਨ ਖਾਨ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ। ਇਸੇ ਪ੍ਰਸੰਗ ਵਿਚ ਇਕ ਹੋਰ ਤੱਥ ਨੋਟ ਕਰਨ ਵਾਲਾ ਹੈ ਕਿ 'ਕਸ਼ਮੀਰ ਸਾਡਾ ਹੈ' ਵਾਲੇ ਪ੍ਰਵਚਨ ਹੁਣ ਉੱਕਾ ਹੀ ਗਾਇਬ ਹਨ। ਇਸ ਲਈ ਹੁਣ ਇਹ ਸਵਾਲ ਕਰਨ ਦਾ ਵੇਲਾ ਵੀ ਹੈ ਕਿ 'ਜੇ ਕਸ਼ਮੀਰ ਸਾਡਾ ਹੈ ਤਾਂ ਕਸ਼ਮੀਰੀ ਫਿਰ ਕਿਸ ਦੇ ਹਨ?' ਕਸ਼ਮੀਰ ਵਿਚ ਤੂਫਾਨ ਬਣ ਕੇ ਝੁੱਲ ਰਹੀ ਇਹ ਬੇਗਾਨਗੀ ਪੰਜਾਬ ਅਤੇ ਪੰਜਾਬੀਆਂ ਨੇ ਵੀ ਭੋਗੀ ਹੈ। ਉਂਜ, ਤਸੱਲੀ ਵਾਲੀ ਗੱਲ ਹੈ ਕਿ ਪੰਜਾਬੀਆਂ ਨੇ ਵੱਖ ਵੱਖ ਮੰਚਾਂ ਰਾਹੀਂ ਜੰਗ ਖ਼ਿਲਾਫ਼ ਡਟ ਕੇ ਆਵਾਜ਼ ਬੁਲੰਦ ਕੀਤੀ ਹੈ।
ਜੱਗ ਜਾਣਦਾ ਹੈ ਕਿ ਦਹਿਸ਼ਤਪਸੰਦੀ ਦਾ ਹੱਲ ਜੰਗ ਨਹੀਂ। ਸੰਸਾਰ ਵਿਚ ਜਿੱਥੇ ਕਿਤੇ ਵੀ ਇਸ ਪਾਸੇ ਗੱਲ ਗਈ ਹੈ, ਉੱਥੇ ਹਾਲਾਤ ਵਿਗੜੇ ਹੀ ਹਨ। ਇਸ ਦੀਆਂ ਜੜ੍ਹਾਂ ਕਿਤੇ ਹੋਰ ਹਨ ਜਿਸ ਵੱਲ ਸੱਤਾਧਾਰੀ ਲੋਕ ਆਪਣੀਆਂ ਅੱਖਾਂ ਮੁੰਦੀ ਬੈਠੇ ਹਨ। ਇੱਦਾਂ ਦਾ ਵਰਤਾਰਾ ਪੰਜਾਬ ਵਿਚ ਅਸੀਂ ਆਪਣੀਆਂ ਅੱਖਾਂ ਸਾਹਮਣੇ ਵਾਪਰਦਾ ਦੇਖਿਆ ਹੈ। ਆਪਣੇ ਹੀ ਲੋਕਾਂ ਖਿਲਾਫ ਜੰਗ ਦਾ ਬਿਗਲ ਵਜਾਇਆ ਗਿਆ। ਫਿਰ 1990ਵਿਆਂ ਵਿਚ ਸਟੇਟ ਦੇ ਇਸ ਦਾਅਵੇ ਕਿ ਪੰਜਾਬ ਵਿਚ ਹੁਣ ਅਮਨ-ਅਮਾਨ ਹੋ ਗਿਆ ਹੈ, ਤੋਂ ਬਾਅਦ ਜਿਹੜੀ ਸੱਭਿਆਚਾਰਕ ਦਹਿਸ਼ਤਪਸੰਦੀ ਥੋਪੀ ਗਈ, ਉਸ ਦਾ ਵਿਕਰਾਲ ਰੂਪ ਅੱਜ ਸਭ ਦੇ ਸਾਹਮਣੇ ਹੈ। ਇਸ ਤੋਂ ਬਾਅਦ 'ਮਾਕੂਲ ਬਣਾਏ' (ਅਸਲ ਵਿਚ ਲਗਾਤਾਰ ਵਿਗੜੇ) ਮਾਹੌਲ ਵਿਚੋਂ ਗੈਂਗਸਟਰਾਂ ਦਾ ਦੌਰ ਨਿਕਲ ਆਇਆ। ਇਹ ਅਸਲ ਵਿਚ ਮੁਲਕ ਦੇ ਪਿੰਡੇ ਉੱਤੇ ਸੱਤਾਵਾਦੀਆਂ ਦੀਆਂ ਪਾਈਆਂ ਲਾਸਾਂ ਹਨ। ਅੱਜ ਕਸ਼ਮੀਰ ਇਨ੍ਹਾਂ ਲਾਸਾਂ ਅਤੇ ਇਨ੍ਹਾਂ ਵਿਚੋਂ ਸਿੰਮਦੇ ਲਹੂ ਨਾਲ ਤੜਫ ਰਿਹਾ ਹੈ।
ਇਹ ਉਹੀ ਕਸ਼ਮੀਰੀ ਹਨ ਜਿਨ੍ਹਾਂ ਦੀ ਦੂਜੀ-ਤੀਜੀ ਪੀੜ੍ਹੀ ਬਾਰੂਦ ਦੀ ਬੋਅ ਵਿਚ ਜਵਾਨ ਹੋਈ ਹੈ; ਜਿਹੜੀ ਕਰਫਿਊ ਵਰਗੀ ਸਖ਼ਤੀ ਨੂੰ ਪੱਥਰਾਂ-ਗੀਟਿਆਂ ਨਾਲ ਭੰਨਣ ਦਾ ਯਤਨ ਕਰਦੀ ਹੈ। ਕਸ਼ਮੀਰੀ ਨੌਜਵਾਨ ਸਈਦ ਬਿਸਮਿੱਲਾਹ ਗਿਲਾਨੀ ਨੇ ਆਪਣੀ ਕਿਤਾਬ 'ਤਾਮੀਰ-ਏ-ਦਹਿਸ਼ਤਪਸੰਦੀ' (ਮੈਨੂਫੈਕਚਰਿੰਗ ਟੈਰਰਿਜ਼ਮ: ਕਸ਼ਮੀਰੀ ਐਨਕਾਊਂਟਰਜ਼ ਵਿਦ ਮੀਡੀਆ ਐਂਡ ਲਾਅ) ਵਿਚ ਹੋਰ ਕਈ ਅਹਿਮ ਪੱਖਾਂ ਦੇ ਨਾਲ ਨਾਲ ਕਸ਼ਮੀਰੀਆਂ ਬਾਰੇ ਮੀਡੀਆ ਦੀ ਪਹੁੰਚ ਬਾਰੇ ਜਿਹੜਾ ਖੁਲਾਸਾ ਕੀਤਾ ਹੈ, ਉਹ ਅੱਜ ਦੇ ਹਾਲਾਤ ਦਾ ਹੀ ਇਕ ਝਲਕਾਰਾ ਹੈ। ਕਸ਼ਮੀਰ ਅਤੇ ਜੰਗ ਬਾਰੇ ਭਾਰਤੀ ਮੀਡੀਆ ਦੀ ਜਿੰਨੀ ਦੁਰ ਦੁਰ ਐਤਕੀਂ ਹੋਈ ਹੈ, ਉਹ ਇਤਿਹਾਸ ਦਾ ਵੱਖਰਾ ਵਰਕਾ ਬਣ ਗਈ ਹੈ।
ਵੀਹ-ਪੱਚੀ ਵਰ੍ਹੇ ਪਹਿਲਾਂ ਜਦੋਂ ਪੱਤਰਕਾਰੀ ਦੇ ਖੇਤਰ ਵਿਚ ਪੈਰ ਧਰਿਆ ਸੀ ਤਾਂ ਸਾਥੀ ਪੱਤਰਕਾਰ ਅਕਸਰ ਇਕ ਮਿਡਲ ਦਾ ਜ਼ਿਕਰ ਕਰਦੇ ਹੁੰਦੇ ਸਨ। ਇਸ ਮਿਡਲ ਦਾ ਸਿਰਲੇਖ ਸ਼ਾਇਦ 'ਮੁਰਗੇ ਦੀ ਟੰਗ ਨਾਲ ਲਿਖੇ ਹਰਫ' ਸੀ। ਇਹ ਸਿਰਲੇਖ ਸੁਰਜੀਤ ਪਾਤਰ ਦੀ ਗਜ਼ਲ ਦੇ ਸ਼ਿਅਰ 'ਹਵਾ ਵਿਚ ਲਿਖੇ ਹਰਫ਼' ਦੀ ਪੈਰੋਡੀ ਸੀ ਪਰ ਇਸ ਵਿਚ ਲਾਲਚਵੱਸ, ਪੱਤਰਕਾਰੀ ਨੂੰ ਤਾਕ ਉੱਤੇ ਰੱਖ ਕੇ ਸ਼ਬਦਾਂ ਨਾਲ ਕੀਤੇ ਧ੍ਰੋਹ ਵਾਲੀ ਤਨਜ਼ ਸੀ। ਉਦੋਂ ਮੀਡੀਆ ਅਜੇ ਅੱਜ ਵਾਂਗ ਵਪਾਰ ਦੇ ਚੱਕ ਉੱਤੇ ਨਹੀਂ ਸੀ ਚੜ੍ਹਿਆ। ਹੁਣ ਤਾਂ ਕਹਾਣੀ ਕਿਤੇ ਦੀ ਕਿਤੇ ਪੁੱਜ ਗਈ ਹੈ। ਅੱਜ ਮੀਡੀਆ, ਖਾਸ ਕਰਕੇ ਇਲੈਕਟਰੋਨਿਕ ਮੀਡੀਆ ਦਾ ਵੱਡਾ ਹਿੱਸਾ ਮੁਰਗੇ ਦੀ ਟੰਗ ਸਹਾਰੇ ਹੀ ਚੱਲ ਰਿਹਾ ਜਾਪਦਾ ਹੈ। ਕੋਈ ਕਸਰ ਬਾਕੀ ਨਹੀਂ ਬਚੀ ਹੈ ਅਤੇ ਜਮਹੂਰੀਅਤ ਦਾ ਚੌਥਾ, ਮਜ਼ਬੂਤ ਕੌਲ਼ਾ ਖੜ੍ਹਾ-ਖੜ੍ਹੋਤਾ ਹੀ ਸੱਤਾ ਦੀ ਹਵਾ ਵਿਚ ਖ਼ੁਰ ਗਿਆ ਹੈ, ਭਰੋਸੇ ਨੂੰ ਤਾਂ ਸਮਝੋ ਲਾਂਬੂ ਹੀ ਲੱਗ ਗਏ ਹਨ। ਕੁਝ ਸੰਜੀਦਾ ਪੱਤਰਕਾਰਾਂ ਨੇ ਪੱਤਰਕਾਰੀ ਦੇ ਇਸ ਭਰੋਸੇ ਦੀ ਮੌਤ 'ਤੇ ਕੀਰਨੇ ਪਾਏ ਹਨ। ਦੇਖਦੇ ਹਾਂ, ਇਨ੍ਹਾਂ ਕੀਰਨਿਆਂ ਨਾਲ ਕਿੰਨੇ ਕੁ ਦਿਲ ਪਸੀਜਦੇ ਹਨ! ਰਵੀਸ਼ ਕੁਮਾਰ ਨੇ ਜਮਹੂਰੀਅਤ ਦੇ ਬਚਾਅ ਲਈ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਦੋ-ਢਾਈ ਮਹੀਨੇ, ਭਾਵ ਚੋਣਾਂ ਤੱਕ ਟੈਲੀਵਿਜ਼ਨ ਨਾ ਦੇਖਣ। ਰਵੀਸ਼ ਦੀ ਇਹ ਚੀਕ ਅਸਲ ਵਿਚ ਭਾਰਤੀ ਚੋਣ ਢਾਂਚੇ ਦੀ ਸਾਰਥਿਕਤਾ ਉੱਤੇ ਡਾਢਾ ਤਲਖ਼ ਸਵਾਲ ਹੈ। ਜਿੰਨੀ ਜਲਦੀ ਭਾਰਤ ਦੇ ਲੋਕ ਇਹ ਹਕੀਕਤ ਤਸਲੀਮ ਕਰ ਲੈਣਗੇ ਤਾਂ ਚੰਗਾ ਹੈ; ਨਹੀਂ ਤਾਂ ਮੋਦੀ-ਮਾਰਕਾ ਲੀਡਰ ਇਸੇ ਤਰ੍ਹਾਂ ਵੋਟਾਂ ਲੁੱਟ ਕੇ ਮੁਲਕ ਨੂੰ ਵਰਗਲਾਉਂਦੇ ਰਹਿਣਗੇ।