ਨਵੇਂ ਅਮਰੀਕੀ ਰਾਸ਼ਟਰਪਤੀ ਲਈ ਚੁਣੌਤੀਆਂ ਭਰਪੂਰ ਹੋਵੇਗਾ ਕਾਰਜਕਾਲ

ਨਵੇਂ ਅਮਰੀਕੀ ਰਾਸ਼ਟਰਪਤੀ ਲਈ ਚੁਣੌਤੀਆਂ ਭਰਪੂਰ ਹੋਵੇਗਾ ਕਾਰਜਕਾਲ

ਅਗਲੇ ਕੁਝ ਦਿਨਾਂ ਵਿਚ ਵਾਤਾਵਰਣ, ਵਿਸ਼ਵ ਸਿਹਤ ਸੰਗਠਨ ਤੇ ਇਮੀਗ੍ਰੇਸ਼ਨ ਨਾਲ ਸਬੰਧਤ 20 ਦੇ ਕਰੀਬ ਅਜਿਹੇ ਆਦੇਸ਼ਾਂ ਉਪਰ ਦਸਤਖਤ ਕਰਨਗੇ

ਸੈਕਰਾਮੈਂਟੋ, ਕੈਲੀਫੋਰਨੀਆ, (ਹੁਸਨ ਲੜੋਆ ਬੰਗਾ)- ਅਮਰੀਕਾ ਦੇ 46 ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਵਾਲੇ ਡੈਮੋਕਰੈਟਿਕ ਆਗੂ ਜੋਅ ਬਾਇਡੇਨ ਲਈ 4 ਸਾਲ ਦਾ ਕਾਰਜਕਾਲ ਬਹੁਤ ਹੀ ਚੁਣੌਤੀਆਂ ਭਰਪੂਰ ਹੋਵੇਗਾ। ਉਸ ਨੂੰ ਕੌਮਾਂਤਰੀ ਪੱਧਰ ਦੇ ਨਾਲ ਨਾਲ ਕੌਮੀ ਪੱਧਰ ਉਪਰ ਵੀ ਬਹੁਤ ਸਾਰੀਆਂ ਚੁਣੌਤੀਆਂ ਨਾਲ ਦੋ ਚਾਰ ਹੋਣਾ ਪਵੇਗਾ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਅਮਰੀਕੀ ਸਮਾਜ ਵਿਚ ਖਿਲਾਰੇ ਕੰਡਿਆਂ ਨੂੰ ਚੁੱਗਣਾ ਪਵੇਗਾ। ਸਭ ਤੋਂ ਵੱਡੀ ਕੌਮੀ ਸਮੱਸਿਆ ਅਮਰੀਕੀਆਂ ਵਿਚ ‘ਗੋਰਿਆਂ ਦੀ ਸੁਪਰਮੇਸੀ’ ਨੂੰ ਲੈ ਕੇ ਹੋਈ ਵੰਡ ਦੀ ਹੈ। ਅੱਜ ਅਮਰੀਕਾ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਨਜਰ ਆ ਰਿਹਾ ਹੈ।

ਸਾਬਕਾ ਰਾਸ਼ਟਰਪਤੀ ਟਰੰਪ ਨੇ ‘ਗੋਰਿਆਂ ਦੀ ਸੁਪਰਮੇਸੀ’ ਨੂੰ ਨਿਰੰਤਰ ਸ਼ਹਿ ਦਿੱਤੀ ਜਿਸ ਦਾ ਸਿੱਟਾ ਇਹ ਹੋਇਆ ਕਿ ਅਫਰੀਕੀ ਮੂਲ ਦੇ ਕਾਲੇ , ਏਸ਼ੀਆ ਦੇ ਕਣਕ ਵਿੰਨੇ ਤੇ ਹੋਰ ਨਸਲਾਂ ਦੇ ਲੋਕ ਆਪਣੇ ਆਪ ਨੂੰ ਅਲੱਗ ਥਲੱਗ ਹੋਇਆ ਮਹਿਸੂਸ ਕਰ ਰਹੇ ਹਨ।

ਜੋਅ ਬਾਇਡੇਨ ਨੇ ਆਪਣੀ ਚੋਣ ਮੁਹਿੰਮ ਦੌਰਾਨ ਅਮਰੀਕੀਆਂ ਵਿਚ ਪਈ ਇਸ ਵੰਡ ਨੂੰ ਮੁੱਖ ਤੌਰ ’ਤੇ ਉਭਾਰਿਆ ਤੇ ਇਸ ਦਾ ਵਿਰੋਧ ਕਰਦਿਆਂ ਡੋਨਲਡ ਟਰੰਪ ਦਾ ਇਕਜੁੱਟ ਹੋ ਕੇ ਮੁਕਾਬਲਾ ਕਰਨ ਤੇ ਉਸ ਨੂੰ ਗੱਦੀ ਤੋਂ ਲਾਹੁਣ ਦਾ ਸੱਦਾ ਦਿੱਤਾ ਸੀ। ਇਸ ਲਈ ਕਾਲੇ ਲੋਕਾਂ ਤੋਂ ਇਲਾਵਾ ਗੋਰਿਆਂ ਨੇ ਵੀ ਟਰੰਪ ਦੀਆਂ ਸਮਾਜ ਵਿਚ ਫੁਟ ਪਾੳੂ ਨੀਤੀਆਂ ਦੇ ਵਿਰੋਧ ’ਚ ਵੱਡੀ ਤਾਦਾਦ ਵਿਚ ਬਾਇਡੇਨ ਦੇ ਹੱਕ ਵਿਚ ਵੋਟਾਂ ਪਾਈਆਂ। ਪਰ ਇਸ ਦੇ ਬਾਵਜੂਦ 47% ਤੋਂ ਵਧ ਅਮਰੀਕੀ ਜੋ ਟਰੰਪ ਦੇ ਹੱਕ ਵਿਚ ਭੁਗਤੇ ਹਨ, ਅੱਜ ਵੀ ਟਰੰਪ ਦੇ ਨਾਲ ਖੜੇ ਹਨ। ਉਨ੍ਹਾਂ ਵਿਚੋਂ ਜਿਆਦਾਤਰ ਦਾ ‘ਗੋਰਿਆਂ ਦੀ ਸੁਪਰਮੇਸੀ’ ਵਿਚ ਵਿਸ਼ਵਾਸ਼ ਹੈ। ਇਨ੍ਹਾਂ ਲੋਕਾਂ ਨੂੰ ਮੁੱਖ ਧਾਰਾ ਵਿਚ ਸ਼ਾਮਿਲ ਕਰਨਾ ਬਾਈਡਨ ਲਈ ਇਕ ਮੁਸ਼ਿਕਲਾਂ ਭਰਿਆ ਕੰਮ ਹੈ। ਅਹੁੱਦਾ ਛੱਡਣ ਤੋਂ ਬਾਅਦ ਟਰੰਪ ਨੇ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਿਲ ਨਾ ਹੋ ਕੇ ਇਹ ਸੰਕੇਤ ਦਿੱਤਾ ਹੈ ਕਿ ਉਹ ਆਪਣੀ ਅਮੈਰੀਕਾ/ਅਮਰੀਕਨ ਫਸਟ ਦੀ ਨੀਤੀ ਤਹਿਤ ‘ਗੋਰਿਆਂ ਦੀ ਸੁਪਰਮੇਸੀ’ ਵਾਲੀ ਪਹੁੰਚ ਵਿਚ ਤਬਦੀਲੀ ਕਰਨ ਵਾਲੇ ਨਹੀਂ ਹਨ। ਬੇਸ਼ੱਕ ਉਹ ਅਹੁੱਦਾ ਛੱਡਣ ਲਈ ਮਜਬੂਰ ਹੋਏ ਹਨ ਪਰ ਸੋਚ ਛੱਡਣ ਲਈ ਉਨ੍ਹਾਂ ਨੂੰ ਕੋਈ ਵੀ ਮਜਬੂਰ ਨਹੀਂ ਕਰ ਸਕਦਾ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਉਹ ਸਮੇ ਸਮੇ ’ਤੇ ਆਪਣੇ ਸਮਰਥਕਾਂ ਨੂੰ ਉਕਸਾਉਂਦੇ ਰਹਿਣਗੇ ਜਿਸ ਨਾਲ ਸਮਾਜਿਕ ਤਨਾਅ ਬਣੇ ਰਹਿਣ ਦੀ ਸੰਭਾਵਨਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇਸ ਸਮਾਜਿਕ ਵੰਡ ਤੇ ਤਨਾਅ ਨਾਲ ਬਾਇਡੇਨ ਕਿਸ ਤਰਾਂ ਨਜਿੱਠਦੇ ਹਨ ਇਹ ਵੇਖਣ ਵਾਲੀ ਗੱਲ ਹੋਵੇਗੀ। ਹਾਲਾਂ ਕਿ
ਬਾਇਡੇਨ ਨੇ ਸਹੁੰ ਚੁੱਕਣ ਤੋਂ ਪਹਿਲਾਂ ਆਪਣੇ ਪ੍ਰਸ਼ਾਸਨ ਵਿਚ ਹਰ ਨਸਲ ਦੇ ਲੋਕਾਂ ਨੂੰ ਸ਼ਾਮਿਲ ਕਰਕੇ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਉਨ੍ਹਾਂ ਲਈ ਸਭ ਬਰਾਬਰ ਹਨ। ਕੋਈ ਸੁਪਰ ਨਹੀਂ ਹੈ ਤੇ ਨਾ ਹੀ ਕੋਈ ਲੋਅਰ ਹੈ। 20 ਦੇ ਕਰੀਬ ਭਾਰਤੀ ਮੂਲ ਦੇ ਅਮਰੀਕੀਆਂ ਦੀਆਂ ਵੀ ਬਾਈਡੇਨ ਨੇ ਆਪਣੇ ਪ੍ਰਸ਼ਾਸ਼ਨ ਵਿਚ ਉੱਚ ਅਹੁੱਦਿਆਂ ਉਪਰ ਨਿਯੁਕਤੀਆਂ ਕੀਤੀਆਂ ਹਨ। ਹਾਲਾਂ ਕਿ ਉਨ੍ਹਾਂ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਵੀ ਸਮੁੱਚੇ ਅਮਰੀਕੀਆਂ ਨੂੰ ਇਕਜੁੱਟ ਹੋਣ ਤੇ ਬੀਤੇ ਵਿਚ ਜੋ ਕੁਝ ਵਾਪਰਿਆ ਹੈ ਉਸ ਨੂੰ ਭੁਲਾ ਦੇਣ ਦਾ ਸੱਦਾ ਦਿੱਤਾ ਹੈ ਪਰ ਇਸ ਇਕਜੁੱਟਤਾ ਵਿਚ ਟਰੰਪ ਜੋ ਅੜਿਕੇ ਖੜੇ ਕਰਨਗੇ ਉਸ ਨੂੰ ਕਿਸੇ ਵੀ ਤਰਾਂ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ।

ਬਾਈਡੇਨ ਦੇ ਰਾਸ਼ਟਰਪਤੀ ਬਣਨ ਨਾਲ ਕੌਮਾਂਤਰੀ ਪੱਧਰ ਉਪਰ ਬਹੁਤ ਕੁਝ ਉਲਟਾ ਫੇਰ ਹੋਣ ਦੀ ਸੰਭਾਵਨਾ ਹੈ। ਭਾਰਤ ਨਾਲ ਸਬੰਧ ਮਜਬੂਤ ਹੋਣ ਦੀ ਪੂਰੀ ਸੰਭਾਵਨਾ ਤੇ ਆਸ ਹੈ। ਬਾਈਡੇਨ ਇਸ ਸਬੰਧੀ ਸੰਕੇਤ ਦੇ ਚੁੱਕੇ ਹਨ। ਇਰਾਨ ਬਾਰੇ ਅਮਰੀਕੀ ਨੀਤੀ ਵਿਚ ਤਬਦੀਲੀ ਆ ਸਕਦੀ ਹੈ। ਇਰਾਨ ਨੂੰ ਆਸ ਹੈ ਕਿ ਪ੍ਰਮਾਣੂ ਨੀਤੀ ਬਾਰੇ ਅਮਰੀਕਾ ਦੀ ਪਹੁੰਚ ਬਦਲੇਗੀ। ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਬਾਈਡੇਨ ਵੱਲੋਂ ਸਹੁੰ ਚੁੱਕਣ ਉਪਰੰਤ ਆਪਣੇ ਪ੍ਰਤੀਕਰਮ ਵਿਚ ਕਿਹਾ ਹੈ ‘ ਇਕ ਜਾਲਮ ਦਾ ਯੁੱਗ ਖਤਮ ਹੋ ਗਿਆ ਹੈ, ਅੱਜ ਇਸ ਰਾਜ ਦਾ ਆਖਰੀ ਅਸ਼ੁੱਭ ਦਿਨ ਸੀ।’’ ਬਾਇਡੇਨ ਅਗਲੇ ਕੁਝ ਦਿਨਾਂ ਵਿਚ ਵਾਤਾਵਰਣ, ਵਿਸ਼ਵ
ਸਿਹਤ ਸੰਗਠਨ ਤੇ ਇਮੀਗ੍ਰੇਸ਼ਨ ਨਾਲ ਸਬੰਧਤ 20 ਦੇ ਕਰੀਬ ਅਜਿਹੇ ਆਦੇਸ਼ਾਂ ਉਪਰ ਦਸਤਖਤ ਕਰਨ ਵਾਲੇ ਹਨ ਜਿਨ੍ਹਾਂ ਨਾਲ ਸਾਬਕਾ ਰਾਸ਼ਟਰਪਤੀ ਟਰੰਪ ਵੱਲੋਂ ਲਏ ਵਿਵਾਦਤ ਫੈਸਲੇ ਉਲਟਾ ਦਿੱਤੇ ਜਾਣਗੇ।