ਇਮਰਾਨ ਖਾਨ ਦਾ ਹਿੰਦੁਤਵੀ ਵਿਚਾਰਧਾਰਾ 'ਤੇ ਤਿੱਖਾ ਹਮਲਾ; ਆਰ.ਐੱਸ.ਐੱਸ ਨੂੰ ਦੱਸਿਆ ਹਿਟਲਰ ਦੀ ਵਾਰਸ

ਇਮਰਾਨ ਖਾਨ ਦਾ ਹਿੰਦੁਤਵੀ ਵਿਚਾਰਧਾਰਾ 'ਤੇ ਤਿੱਖਾ ਹਮਲਾ; ਆਰ.ਐੱਸ.ਐੱਸ ਨੂੰ ਦੱਸਿਆ ਹਿਟਲਰ ਦੀ ਵਾਰਸ
ਇਮਰਾਨ ਖਾਨ

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਵਿੱਚ ਭਾਰਤ ਸਰਕਾਰ ਦੀ ਨੀਤੀ ਹਿੰਦੂ ਰਾਸ਼ਟਰਵਾਦੀ ਆਰ.ਐੱਸ.ਐੱਸ ਦੀ ਵਿਚਾਰਧਾਰਾ ਵਾਲੀ ਹੈ, ਜੋ ਹਿੰਦੂ ਉੱਚਤਾ ਵਾਲੀ ਸੋਚ ਦੀ ਧਾਰਨੀ ਹੈ। 

ਇਮਰਾਨ ਖਾਨ ਨੇ ਟਵੀਟਾਂ ਦੀ ਇੱਕ ਲੜੀ ਰਾਹੀਂ ਆਪਣੇ ਵਿਚਾਰ ਸਾਂਝੇ ਕਰਦਿਆਂ ਲਿਖਿਆ, " ਭਾਰਤੀ ਕਬਜ਼ੇ ਵਾਲੇ ਕਸ਼ਮੀਰ ਵਿੱਚ ਕਰਫਿਊ, ਜ਼ਬਰ ਅਤੇ ਕਸ਼ਮੀਰੀਆਂ ਦੀ ਹੋਣ ਵਾਲੀ ਨਸਲਕੁਸ਼ੀ ਆਰ.ਐੱਸ.ਐੱਸ ਦੀ ਵਿਚਾਰਧਾਰਾ ਅਨੁਸਾਰ ਕੀਤੀ ਜਾ ਰਹੀ ਹੈ ਜੋ ਨਾਜ਼ੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ। "ਨਲਸੀ ਸਫਾਏ" (ਨਸਲਕੁਸ਼ੀ) ਨਾਲ ਕਸ਼ਮੀਰ ਦੀ ਅਬਾਦੀ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਵਾਲ ਇਹ ਹੈ: ਕੀ ਦੁਨੀਆ ਇਸ ਨੂੰ ਦੇਖੇਗੀ ਅਤੇ ਖੁਸ਼ ਹੋਵੇਗੀ ਜਿਵੇਂ ਮਿਊਨਿਚ ਵਿੱਚ ਹਿਟਲਰ ਦੀ ਵਾਰੀ ਹੋਇਆ ਸੀ?"

ਇਮਰਾਨ ਖਾਨ ਨੇ ਇੱਕ ਹੋਰ ਟਵੀਟ ਕਰਦਿਆਂ ਕਿਹਾ, "ਮੈਨੂੰ ਡਰ ਹੈ ਕਿ ਆਰ.ਐੱਸ.ਐੱਸ ਦੀ ਇਹ ਹਿੰਦੂ ਉੱਚਤਾ ਵਾਲੀ ਵਿਚਾਰਧਾਰਾ, ਨਾਜ਼ੀ ਆਰਿਅਨ ਉੱਚਤਾ ਵਾਲੀ ਵਿਚਾਰਧਾਰਾ ਵਾਂਗ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਤੱਕ ਸੀਮਤ ਨਹੀਂ ਰਹੇਗੀ; ਬਲਕਿ ਇਹ ਇਸ ਤੋਂ ਬਾਅਦ ਭਾਰਤ ਵਿੱਚ ਮੁਸਲਮਾਨਾਂ ਦਾ ਘਾਣ ਕਰੇਗੀ ਅਤੇ ਜੋ ਬਾਅਦ ਵਿੱਚ ਪਾਕਿਸਤਾਨ ਨੂੰ ਆਪਣਾ ਨਿਸ਼ਾਨਾ ਬਣਾਵੇਗੀ। ਇਹ ਹਿਟਲਰ ਦੇ ਲੇਬਨਸਰਾਮ ਦਾ ਹਿੰਦੂ ਉੱਚਤਾ ਵਾਲਾ ਚਿਹਰਾ ਹੈ।"

ਦੱਸ ਦਈਏ ਕਿ ਭਾਰਤ ਵੱਲੋਂ ਧਾਰਾ 370 ਹਟਾ ਕੇ ਕਸ਼ਮੀਰ 'ਤੇ ਸਿੱਧਾ ਕਬਜ਼ਾ ਕਰਨ ਮਗਰੋਂ ਪਾਕਿਸਤਾਨ ਦੇ ਸਦਨ ਵਿੱਚ ਬੋਲਦਿਆਂ ਵੀ ਇਮਰਾਨ ਖਾਨ ਨੇ ਕਿਹਾ ਸੀ ਕਿ ਕਸ਼ਮੀਰ ਵਿੱਚ ਭਾਜਪਾ ਜੋ ਕਰ ਰਹੀ ਹੈ ਉਹ ਉਹਨਾਂ ਦੀ ਵਿਚਾਰਧਾਰਾ ਮੁਤਾਬਿਕ ਹੈ ਜੋ ਕਿ ਇੱਕ ਨਸਲੀ ਨਫਰਤ ਵਾਲੀ ਵਿਚਾਰਧਾਰਾ ਹੈ।