ਕਸ਼ਮੀਰੀਆਂ ਦੇ ਈਦ ਮਨਾਉਣ 'ਤੇ ਰੋਕ; ਸ਼੍ਰੀਨਗਰ ਵਿੱਚ ਮੁੜ ਲਾਇਆ ਕਰਫਿਊ

ਕਸ਼ਮੀਰੀਆਂ ਦੇ ਈਦ ਮਨਾਉਣ 'ਤੇ ਰੋਕ; ਸ਼੍ਰੀਨਗਰ ਵਿੱਚ ਮੁੜ ਲਾਇਆ ਕਰਫਿਊ

ਸ਼੍ਰੀਨਗਰ: ਅੱਜ ਬਕਰੀਦ ਮੌਕੇ ਸ਼੍ਰੀਨਗਰ ਵਿੱਚ ਕਰਫਿਊ ਲਾ ਦਿੱਤਾ ਗਿਆ ਹੈ ਅਤੇ ਇਹ ਕਸ਼ਮੀਰੀਆਂ ਦੀ ਧਾਰਮਿਕ ਆਸਥਾ ਦਾ ਇੱਕ ਵੱਡਾ ਘਾਣ ਹੈ। ਇੰਡੀਅਨ ਐਕਸਪ੍ਰੈਸ ਨੇ ਸਥਾਨਕ ਪੁਲਿਸ ਅਫਸਰ ਦੇ ਹਵਾਲੇ ਨਾਲ ਲਿਖਿਆ ਹੈ ਕਿ ਸ਼੍ਰੀਨਗਰ ਦੀ ਜਾਮਾ ਮਸਜਿਦ ਅਤੇ ਈਦਗਾਹ ਵਿੱਚ ਲੋਕਾਂ ਨੂੰ ਈਦ ਦੀ ਨਮਾਜ਼ ਪੜ੍ਹਨ ਲਈ ਇਕੱਤਰ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕਸ਼ਮੀਰ ਵਿੱਚ ਇਹਨਾਂ ਦੋ ਥਾਵਾਂ 'ਤੇ ਈਦ ਮੌਕੇ ਸਭ ਤੋਂ ਵੱਡੇ ਇਕੱਠ ਹੁੰਦੇ ਸਨ। 

ਦੱਸ ਦਈਏ ਕਿ ਕਸ਼ਮੀਰ ਵਿੱਚ 4 ਅਗਸਤ ਤੋਂ ਬਾਅਦ ਬੀਤੇ ਸ਼ੁਕਰਵਾਰ ਨੂੰ ਪਹਿਲੀ ਵਾਰ ਲੋਕਾਂ ਦੀ ਨਜ਼ਰਬੰਦੀ ਵਿੱਚ ਥੌੜ੍ਹੀ ਢਿੱਲ ਦਿੱਤੀ ਗਈ ਸੀ ਤੇ ਕਸ਼ਮੀਰ ਨੂੰ ਖਾਸ ਦਰਜਾ ਦਿੰਦੀ ਧਾਰਾ 370 ਖਤਮ ਕਰਕੇ ਭਾਰਤ ਵੱਲੋਂ ਕਸ਼ਮੀਰ 'ਤੇ ਸਿੱਧੇ ਕਬਜ਼ੇ ਮਗਰੋਂ ਪਹਿਲੀ ਵਾਰ ਕਸ਼ਮੀਰੀ ਬਾਹਰ ਸੜਕਾਂ 'ਤੇ ਆਏ ਸਨ। ਉਸ ਦਿਨ ਨਮਾਜ਼ ਪੜ੍ਹਨ ਮਗਰੋਂ ਹਜ਼ਾਰਾਂ ਕਸ਼ਮੀਰੀ ਸ਼੍ਰੀਨਗਰ ਦੀਆਂ ਸੜਕਾਂ 'ਤੇ ਅਜ਼ਾਦੀ ਲਈ ਪ੍ਰਦਰਸ਼ਨ ਕਰਨ ਨਿੱਕਲੇ ਜਿਸ ਨੂੰ ਰੋਕਣ ਲਈ ਭਾਰਤੀ ਫੌਜ ਵੱਲੋਂ ਕਾਰਵਾਈ ਕੀਤੀ ਗਈ ਜਿਸ ਵਿੱਚ ਕਈ ਕਸ਼ਮੀਰੀ ਜ਼ਖਮੀ ਹੋਏ। 

ਇਸ ਘਟਨਾ ਸਬੰਧੀ ਜਿੱਥੇ ਅੰਤਰਰਾਸ਼ਟਰੀ ਮੀਡੀਆ ਨੇ ਰਿਪੋਰਟ ਦਿੱਤੀ ਕਿ ਕਸ਼ਮੀਰੀਆਂ ਨੇ ਭਾਰਤ ਖਿਲਾਫ ਪ੍ਰਦਰਸ਼ਨ ਕੀਤਾ ਉੱਥੇ ਭਾਰਤੀ ਮੀਡੀਆ ਨੇ ਇਸ ਪ੍ਰਦਰਸ਼ਨ ਦੀਆਂ ਖਬਰਾਂ ਦੇ ਉਲਟ ਸਥਿਤੀ ਸ਼ਾਂਤਮਈ ਰਹਿਣ ਦੀਆਂ ਖਬਰਾਂ ਦਿੱਤੀਆਂ ਸੀ। ਭਾਰਤ ਸਰਕਾਰ ਨੇ ਵੀ ਅੰਤਰਰਾਸ਼ਟਰੀ ਮੀਡੀਆ ਦੀਆਂ ਖਬਰਾਂ ਦਾ ਖੰਡਨ ਕੀਤਾ ਸੀ। ਪਰ ਅੱਜ ਈਦ ਤੋਂ ਪਹਿਲਾਂ ਜਿਸ ਤਰ੍ਹਾਂ ਭਾਰਤ ਨੇ ਫੇਰ ਕਸ਼ਮੀਰ ਵਿੱਚ ਕਰਫਿਊ ਦਾ ਐਲਾਨ ਕਰ ਦਿੱਤਾ ਹੈ ਇਸ ਤੋਂ ਸਾਫ ਹੈ ਕਿ ਭਾਰਤ ਸਰਕਾਰ ਕਸ਼ਮੀਰ ਦੇ ਲੋਕਾਂ ਦੇ ਸੜਕਾਂ 'ਤੇ ਨਿੱਕਲਣ ਤੋਂ ਡਰ ਰਹੀ ਹੈ ਤੇ ਅੰਤਰਰਾਸ਼ਟਰੀ ਮੀਡੀਆ ਦੀ ਸਹੀ ਰਿਪੋਰਟ ਦੀ ਪੁਸ਼ਟੀ ਵੀ ਹੁੰਦੀ ਹੈ।

ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਕਸ਼ਮੀਰ ਦੇ ਸਾਰੇ ਰਾਜਨੀਤਕ ਆਗੂਆਂ ਨੂੰ ਜੇਲ੍ਹਾਂ ਵਿੱਚ ਸੁੱਟ ਦਿੱਤਾ ਹੈ ਅਤੇ ਕਸ਼ਮੀਰ ਦੇ ਲੋਕਾਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਕਸ਼ਮੀਰੀਆਂ ਅੰਦਰ ਉੱਬਲ ਰਿਹਾ ਭਾਰਤ ਖਿਲਾਫ ਰੋਸ ਦਾ ਲਾਵਾ ਕਿਸ ਰੂਪ 'ਚ ਫੁੱਟ ਕੇ ਬਾਹਰ ਨਿੱਕਲਦਾ ਹੈ ਇਸ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਹਨ।