ਬਾਦਲਾਂ ਦੀ ਹਵੇਲੀ ਨੂੰ ਜਾਂਦੀ ਸੜਕ ਵਿਚ ਟੋਇਆਂ ਤੋਂ ਦੁਖੀ ਹਰਸਿਮਰਤ ਨੇ ਕੇਂਦਰ ਨੂੰ ਲਿਖ ਦਿੱਤੀ ਚਿੱਠੀ

ਬਾਦਲਾਂ ਦੀ ਹਵੇਲੀ ਨੂੰ ਜਾਂਦੀ ਸੜਕ ਵਿਚ ਟੋਇਆਂ ਤੋਂ ਦੁਖੀ ਹਰਸਿਮਰਤ ਨੇ ਕੇਂਦਰ ਨੂੰ ਲਿਖ ਦਿੱਤੀ ਚਿੱਠੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਦੇ ਵੱਡੇ ਸਿਆਸੀ ਪਰਿਵਾਰ (ਬਾਦਲ ਪਰਿਵਾਰ) ਦੀ ਨੂੰਹ ਅਤੇ ਕੇਂਦਰ ਸਰਕਾਰ ਵਿਚ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਵਜ਼ਾਰਤ ਵਿਚ ਆਪਣੇ ਸਾਥੀ ਮੰਤਰੀ ਨਿਤਿਨ ਗਡਕਰੀ ਨੂੰ ਚਿੱਠੀ ਲਿਖ ਕੇ ਆਪਣਾ ਦੁੱਖ ਸੁਣਾਇਆ ਹੈ। ਦਰਅਸਲ ਇਹ ਚਿੱਠੀ ਬਠਿੰਡਾ ਤੋਂ ਬਾਦਲ ਪਰਿਵਾਰ ਦੇ ਘਰ ਤਕ ਜਾਂਦੀ ਚਹੁੰ ਮਾਰਗੀ ਸੜਕ ਦੀ ਖਸਤਾ ਹਾਲਤ ਬਾਰੇ ਲਿਖੀ ਗਈ ਹੈ। 

ਬਾਦਲਾਂ ਦੇ ਰਾਜ ਵੇਲੇ ਇਹ ਸੜਕ ਮਲਾਈ ਵਰਗੀ ਹੁੰਦੀ ਸੀ, ਪਰ ਬਾਦਲਾਂ ਦਾ ਰਾਜ ਖਤਮ ਹੋਣ ਨਾਲ ਇਸ ਸੜਕ ਦੇ ਵੀ ਮਾੜੇ ਦਿਨ ਸ਼ੁਰੂ ਹੋ ਗਏ। ਇਸ ਸੜਕ ਵਿਚ ਹੁਣ ਵੱਡੇ ਟੋਏ ਪਏ ਹਨ। ਬਾਦਲ ਪਰਿਵਾਰ ਨੂੰ ਵਾਰ-ਵਾਰ ਇਸ ਸੜਕ ਤੋਂ ਲੰਘਣਾ ਪੈਂਦਾ ਹੈ ਅਤੇ ਇਹਨਾਂ ਟੋਇਆਂ ਤੋਂ ਪਰਿਵਾਰ ਇਸ ਕਦਰ ਤੰਗ ਹੈ ਕਿ ਹੁਣ ਬੀਬੀ ਬਾਦਲ ਨੇ ਕੇਂਦਰੀ ਮੰਤਰੀ ਨੂੰ ਸਿਫਾਰਿਸ਼ ਪਾਈ ਹੈ। 

ਹਲਾਂਕਿ ਮਨਪ੍ਰੀਤ ਸਿੰਘ ਬਾਦਲ ਦੇ ਘਰ ਨੂੰ ਵੀ ਇਹੋ ਸੜਕ ਜਾਂਦੀ ਹੈ, ਪਰ ਇਕ ਸਿਆਣੇ ਨੇ ਟਿੱਪਣੀ ਕਰਦਿਆਂ ਕਿਹਾ ਕਿ ਮਨਪ੍ਰੀਤ ਬਾਦਲ ਤਾਂ ਮੰਤਰੀ ਹੋਣ ਕਰਕੇ ਹੁਣ ਬਹੁਤਾ ਸਮਾਂ ਚੰਡੀਗੜ੍ਹ ਹੀ ਗੁਜ਼ਾਰਦੇ ਹਨ। ਇਸ ਲਈ ਉਹਨਾਂ ਨੂੰ ਉਹ ਤਕਲੀਫ ਨਹੀਂ, ਜੋ ਗੱਦੀਓਂ ਲੱਥੇ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੂੰ ਹੋ ਰਹੀ ਹੈ। 

ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਸੜਕ ਆਵਾਜਾਈ ਅਤੇ ਹਾਈਵਾਏ ਮੰਤਰੀ ਨਿਤਿਨ ਗਡਕਰੀ ਨੂੰ ਚਿੱਠੀ ਭੇਜ ਕੇ ਬਠਿੰਡਾ-ਘੁੱਦਾ-ਬਾਦਲ ਸੜਕ ਦੀ ਮੁਰੰਮਤ ਕਰਾਉਣ ਲਈ ਕਿਹਾ ਹੈ। ਇਹ ਸੜਕ ਲੋਕ ਭਲਾਈ ਵਿਭਾਗ ਵੱਲੋਂ ਸੜਕ ਫੰਡ ਵਿਚੋਂ 26 ਕਰੋੜ ਰੁਪਏ ਦੇ ਲਾਗਤ ਨਾਲ ਬਣਾਈ ਗਈ ਸੀ।

ਚਿੱਠੀ ਵਿਚ ਇਸ ਸੜਕ ਤੋਂ ਇਲਾਵਾ ਰਤੀਆ-ਸਰਦੂਲਗੜ੍ਹ ਸੜਕ, ਸਰਦੂਲਗੜ੍ਹ-ਸਿਰਸਾ ਸੜਕ ਅਤੇ ਨਥਾਣਾ-ਬਾਘਾਪੁਰਾਣਾ ਸੜਕ ਦੀ ਵੀ ਮੁਰੰਮਤ ਕਰਾਉਣ ਲਈ ਕਿਹਾ ਗਿਆ ਹੈ।