ਗਿਆਨੀ ਹਰਪ੍ਰੀਤ ਸਿੰਘ ਵੱਲੋਂ ਉਹਨਾਂ ’ਤੇ ਦਬਾਅ ਬਣਾਏ ਜਾਣ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਅਹੁਦਾ ਛੱਡਣ ਦਾ ਕੀਤਾ ਖੁਲ੍ਹਾਸਾ ਕੌਮ ਲਈ ਚਿੰਤਾ ਦਾ ਵਿਸ਼ਾ: ਹਰਮੀਤ ਸਿੰਘ ਕਾਲਕਾ

ਗਿਆਨੀ ਹਰਪ੍ਰੀਤ ਸਿੰਘ ਵੱਲੋਂ ਉਹਨਾਂ ’ਤੇ ਦਬਾਅ ਬਣਾਏ ਜਾਣ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਅਹੁਦਾ ਛੱਡਣ ਦਾ ਕੀਤਾ ਖੁਲ੍ਹਾਸਾ ਕੌਮ ਲਈ ਚਿੰਤਾ ਦਾ ਵਿਸ਼ਾ: ਹਰਮੀਤ ਸਿੰਘ ਕਾਲਕਾ

ਦਿੱਲੀ ਗੁਰਦੁਆਰਾ ਕਮੇਟੀ ਜਲਦੀ ਹੀ ਸਿੱਖ ਬੁੱਧੀਜੀਵੀਆਂ ਤੇ ਪੰਥ ਦਰਦੀਆਂ ਦੀ ਮੀਟਿੰਗ ਸੱਦ ਕੇ ਮਸਲੇ ’ਤੇ ਚਰਚਾ ਕਰੇਗੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 22 ਜੂਨ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਉਹਨਾਂ ’ਤੇ ਦਬਾਅ ਬਣਾਏ ਜਾਣ ਦਾ ਕੀਤਾ ਗਿਆ ਖੁਲ੍ਹਾਸਾ ਸਮੁੱਚੀ ਕੌਮ ਲਈ ਚਿੰਤਾ ਦਾ ਵਿਸ਼ਾ ਹੈ ਤੇ ਦਿੱਲੀ ਗੁਰਦੁਆਰਾ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਦੀ ਪ੍ਰਕਿਰਿਆ ’ਤੇ ਚਰਚਾ ਵਾਸਤੇ ਦਿੱਲੀ ਜਲਦੀ ਹੀ ਸਿੱਖ ਬੁੱਧੀਜੀਵੀਆਂ ਤੇ ਪੰਥ ਦਰਦੀਆਂ ਦੀ ਮੀਟਿੰਗ ਸੱਦੀ ਜਾਵੇਗੀ।

ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਹ ਸਿੱਖ ਕੌਮ ਲਈ ਬਹੁਤ ਚਿੰਤਾ ਵਾਲੀ ਗੱਲ ਹੈ ਕਿ ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਸਿਆਸੀ ਹਿੱਤਾਂ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ’ਤੇ ਦਬਾਅ ਬਣਾਇਆ ਗਿਆ। ਪਹਿਲਾਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਲਈ ਤਤਕਾਲੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨ ਗੁਰਬਚਨ ਸਿੰਘ ’ਤੇ ਦਬਾਅ ਬਣਾਇਆ ਗਿਆ ਤੇ ਹੁਣ ਬਰਗਾੜੀ ਕਾਂਡ ਦੀ ਮੁਆਫੀ ਦੇਣ ਵਾਸਤੇ ਗਿਆਨੀ ਹਰਪ੍ਰੀਤ ਸਿੰਘ ’ਤੇ ਦਬਾਅ ਬਣਾਇਆ ਗਿਆ।

ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਆਪਣੀ ਪ੍ਰੈਸ ਕਾਨਫਰੰਸ ਵਿਚ ਸਪਸ਼ਟ ਕਿਹਾ ਕਿ ਮੈਂ ਇੰਗਲੈਂਡ ਫੇਰੀ ਦੌਰਾਨ ਸਪਸ਼ਟ ਕਿਹਾ ਸੀ ਕਿ ਜੇਕਰ ਮੇਰੇ ’ਤੇ ਦਬਾਅ ਬਣਾਇਆ ਗਿਆ ਤਾਂ ਮੈਂ ਘਰ ਚਲਾ ਜਾਵਾਂਗਾ ਤੇ ਮੈਂ ਹੁਣ ਘਰ ਆ ਗਿਆ ਹਾਂ। ਉਹਨਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਗਿਆਨੀ ਹਰਪ੍ਰੀਤ ਸਿੰਘ ’ਤੇ ਦਬਾਅ ਬਣਾਉਣ ਦਾ ਯਤਨ ਕੀਤਾ ਗਿਆ ਤਾਂ ਜੋ ਇਕ ਪਰਿਵਾਰ ਨੂੰ ਸਿਆਸੀ ਲਾਭ ਮਿਲ ਸਕੇ।

ਉਹਨਾਂ ਕਿਹਾ ਕਿ ਇਸ ਪਰਿਵਾਰ ਨੇ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਦੀ ਵਰਤੋਂ ਆਪਣੇ ਸਿਆਸੀ ਉਦੇਸ਼ਾਂ ਵਾਸਤੇ ਕੀਤੀ। ਉਹਨਾਂ ਕਿਹਾ ਕਿ ਇਸ ਪਰਿਵਾਰ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਇਸ ਪਵਿੱਤਰ ਤਖਤ ਜਿਸਨੂੰ ਸਿੱਖਾਂ ਦਾ ਸਰਵਉਚ ਅਸਥਾਨ ਮੰਨਿਆ ਜਾਂਦਾ ਹੈ, ਦੀ ਮਰਿਆਦਾ ਦਾ ਘਾਣ ਕੀਤਾ ਤੇ ਇਸਦੇ ਅਕਸ ਨੂੰ ਡੂੰਘੀ ਸੱਟ ਮਾਰੀ ਹੈ ਜੋ ਬਹੁਤ ਹੀ ਚਿੰਤਾ ਵਾਲੀ ਗੱਲ ਹੈ।

ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਹ ਵੀ ਸਪਸ਼ਟ ਕੀਤਾ ਕਿ ਉਹਨਾਂ ਦੋ ਵਾਰ ਸ਼੍ਰੋਮਣੀ ਕਮੇਟੀ ਨੂੰ ਇਹ ਰਿਮਾਇੰਡਰ ਭੇਜੇ ਕਿ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਵਾਸਤੇ ਨਿਯਮ ਤੇ ਵਿਧੀ ਤੈਅ ਕੀਤੀ ਜਾਵੇ। ਉਹਨਾਂ ਕਿਹਾ ਕਿ ਹੁਣ ਦਿੱਲੀ ਗੁਰਦੁਆਰਾ ਕਮੇਟੀ ਨੇ ਫੈਸਲਾ ਲਿਆ ਹੈ ਕਿ ਜਲਦੀ ਹੀ ਸਿੱਖ ਬੁੱਧੀਜੀਵੀਆਂ ਤੇ ਪੰਥ ਦਰਦੀਆਂ ਦੀ ਮੀਟਿੰਗ ਸੱਦੀ ਜਾਵੇਗੀ ਜਿਸ ਵਿਚ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਦੇ ਵਿਧੀ ਵਿਧਾਨ ਨੂੰ ਤੈਅ ਕਰਨ ਵਿਚ ਸ਼੍ਰੋਮਣੀ ਕਮੇਟੀ ਦੇ ਅਸਫਲ ਰਹਿਣ ਅਤੇ ਸਿੱਖ ਕੌਮ ਨੂੰ ਇਸਦੀ ਸਖ਼ਤ ਜ਼ਰੂਰਤ ਹੋਣ ’ਤੇ ਚਰਚਾ ਕੀਤੀ ਜਾਵੇਗੀ ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਿਸੇ ਇਕ ਪਰਿਵਾਰ ਦੇ ਕਬਜ਼ੇ ਹੇਠੋਂ ਕੱਢ ਕੇ ਕੌਮ ਦਾ ਸਰਵਉਚ ਅਕਾਲ ਤਖਤ ਬਣਾਇਆ ਜਾਵੇ ਜਿਸਦੇ ਜਥੇਦਾਰ ਸਾਹਿਬਾਨ ਦੀ ਨਿਯੁਕਤ ਬਹੁਤ ਹੀ ਪਾਰਦਰਸ਼ੀ ਹੋਵੇ ਤੇ ਜਥੇਦਾਰ ਕੌਮ ਦੇ ਸਰਵ ਸਾਂਝੇ ਹੋਣ।