ਕਿਸਾਨਾਂ ਦੀ ਭਾਜਪਾ ਨਾਲੋਂ ਵੱਧ ਨਰਾਜ਼ਗੀ ਅਕਾਲੀਆਂ ਨਾਲ; ਬਾਦਲ ਨੂੰ ਗਠਜੋੜ ਤੋੜਨ ਲਈ ਕਿਹਾ

ਕਿਸਾਨਾਂ ਦੀ ਭਾਜਪਾ ਨਾਲੋਂ ਵੱਧ ਨਰਾਜ਼ਗੀ ਅਕਾਲੀਆਂ ਨਾਲ; ਬਾਦਲ ਨੂੰ ਗਠਜੋੜ ਤੋੜਨ ਲਈ ਕਿਹਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਦੀ ਕੇਂਦਰ ਸਰਕਾਰ ਵੱਲੋਂ ਖੇਤੀ ਦੇ ਵਿਕਾਸ ਦਾ ਨਾਂ ਦੇ ਕੇ ਲਿਆਂਦੇ ਤਿੰਨ ਆਰਡੀਨੈਂਸਾਂ ਅਤੇ ਬਿਜਲੀ ਕਾਨੂੰਨ-2020 ਖਿਲਾਫ ਪੰਜਾਬ ਵਿਚ ਕਿਸਾਨਾਂ ਦਾ ਸੰਘਰਸ਼ ਤੇਜੀ ਫੜ੍ਹਦਾ ਜਾ ਰਿਹਾ ਹੈ। ਵੱਖ-ਵੱਖ ਕਿਸਾਨ ਜਥੇਬੰਦੀਆਂ ਇਹਨਾਂ ਫੈਂਸਲਿਆਂ ਨੂੰ ਰੱਦ ਕਰਾਉਣ ਲਈ ਸੜਕਾਂ 'ਤੇ ਉੱਤਰ ਰਹੀਆਂ ਹਨ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦਾ ਪੰਜਾਬ ਵਿਚ ਮੁੱਖ ਨਿਸ਼ਾਨਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਬਣਿਆ ਹੋਇਆ ਹੈ, ਜੋ ਕਿਸਾਨੀ ਹਿੱਤਾਂ ਦੀ ਰਾਖੀ ਕਰਨ ਦਾ ਦਾਅਵਾ ਕਰਨ ਵਾਲੀ ਪੰਜਾਬ ਦੀ ਪ੍ਰਮੁੱਖ ਪਾਰਟੀ ਹੈ ਪਰ ਇਹਨਾਂ ਫੈਂਸਲਿਆਂ ਵਿਚ ਉਹ ਕੇਂਦਰ ਵਿਚਲੇ ਆਪਣੇ ਭਾਈਵਾਲ ਭਾਜਪਾ ਨਾਲ ਖੜੀ ਹੋਈ ਹੈ।

ਬੀਤੇ ਕੱਲ੍ਹ ਤਿੰਨ ਆਰਡੀਨੈਂਸਾਂ ਅਤੇ ਬਿਜਲੀ ਐਕਟ-2020 ਨੂੰ ਰੱਦ ਕਰਵਾਉਣ, ਤੇਲ ਕੀਮਤਾਂ ’ਚ ਵਾਧੇ ਨੂੰ ਵਾਪਸ ਲੈਣ ਅਤੇ ਜੇਲ੍ਹ ’ਚ ਡੱਕੇ ਬੁੱਧੀਜੀਵੀਆਂ ਦੀ ਰਿਹਾਈ ਲਈ ਪੰਜਾਬ ਦੀਆਂ 12 ਕਿਸਾਨ ਜਥੇਬੰਦੀਆਂ ਨੇ ਅੱਜ ਸੂਬੇ ਦੇ 21 ਜ਼ਿਲ੍ਹਿਆਂ ’ਚ ਟਰੈਕਟਰ ਮਾਰਚ ਕੀਤੇ। ਦਸ ਹਜ਼ਾਰ ਤੋਂ ਵੱਧ ਟਰੈਕਟਰਾਂ ਰਾਹੀਂ ਪੁੱਜੇ ਹਜ਼ਾਰਾਂ ਕਿਸਾਨਾਂ ਨੇ ਅਕਾਲੀ-ਭਾਜਪਾ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਸਮੇਤ ਗੱਠਜੋੜ ਦੇ ਹੋਰ ਪ੍ਰਮੁੱਖ ਆਗੂਆਂ ਦੀਆਂ ਕੋਠੀਆਂ ਅਤੇ ਦਫ਼ਤਰਾਂ ਦੇ ਘਿਰਾਓ ਵੀ ਕੀਤੇ। ਇਸ ਦੌਰਾਨ ਕੈਪਟਨ ਸਰਕਾਰ 'ਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ ਗਏ।

ਆਪਣੇ ਸੰਬੋਧਨਾਂ ਦੌਰਾਨ ਕਿਸਾਨ ਆਗੂਆਂ ਨੇ ਖੇਤੀ ਆਰਡੀਨੈਂਸਾਂ ਅਤੇ ਬਿਜਲੀ ਐਕਟ 2020 ਨੂੰ ਕਿਸਾਨਾਂ ਅਤੇ ਖੇਤੀਬਾੜੀ ਨਾਲ ਜੁੜੇ ਸਾਰੇ ਵਰਗਾਂ ਸਮੇਤ ਸੰਘੀ ਢਾਂਚੇ ਤਹਿਤ ਮਿਲੇ ਸੂਬੇ ਦੇ ਅਧਿਕਾਰਾਂ ’ਤੇ ਸਿੱਧਾ ਹਮਲਾ ਕਰਾਰ ਦਿੱਤਾ। ਆਰਡੀਨੈਂਸ ਰੱਦ ਨਾ ਕਰਨ ਦੀ ਸੂਰਤ ’ਚ ਕਿਸਾਨਾਂ ਵੱਲੋਂ ‘ਕਰੋ ਜਾਂ ਮਰੋ’ ਦੀ ਨੀਤੀ ਤਹਿਤ ਤਿੱਖੇ ਘੋਲ ਵਿੱਢਣ ਦੀ ਚਿਤਾਵਨੀ ਵੀ ਦਿੱਤੀ ਗਈ।

ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੂਬਾਈ ਕਨਵੀਨਰ ਡਾ. ਦਰਸ਼ਨਪਾਲ ਨੇ ਦੱਸਿਆ ਕਿ ਟਰੈਕਟਰ ਮਾਰਚ ਦੌਰਾਨ ਹਜ਼ਾਰਾਂ ਕਿਸਾਨਾਂ ਨੇ ਗੋਬਿੰਦ ਸਿੰਘ ਲੌਂਗੋਵਾਲ, ਸੋਮ ਪ੍ਰਕਾਸ਼, ਸ਼ਵੇਤ ਮਲਿਕ, ਵਿਜੈ ਸਾਂਪਲਾ, ਸੁਰਜੀਤ ਜਿਆਣੀ, ਸੁਖਪਾਲ ਨੰਨੂ, ਵਿਜੈ ਪੁਰੀ, ਸਿਕੰਦਰ ਸਿੰਘ ਮਲੂਕਾ, ਆਦੇਸ਼ ਪ੍ਰਤਾਪ ਕੈਰੋਂ, ਬਲਵਿੰਦਰ ਭੂੰਦੜ, ਸੁਰਜੀਤ ਰੱਖੜਾ, ਮਨਤਾਰ ਬਰਾੜ, ਬੰਟੀ ਰੋਮਾਣਾ, ਜਨਮੇਜਾ ਸਿੰਘ ਸੇਖੋਂ, ਹਰੀ ਸਿੰਘ ਜ਼ੀਰਾ, ਇਕਬਾਲ ਸਿੰਘ ਲਾਲਪੁਰਾ, ਤੋਤਾ ਸਿੰਘ, ਸੁਖਵਿੰਦਰ ਸੁੱਖੀ, ਮਨਪ੍ਰੀਤ ਇਆਲੀ, ਬਲਵੀਰ ਸਿੰਘ ਘੁੰਨਸ, ਅਮਰਪਾਲ ਸਿੰਘ ਬੋਨੀ ਆਦਿ ਆਗੂਆਂ ਦੇ ਦਫ਼ਤਰਾਂ ਅਤੇ ਘਰਾਂ ਦਾ ਘਿਰਾਓ ਕਰ ਕੇ ਰੋਸ ਪ੍ਰਦਰਸ਼ਨ ਕੀਤੇ।

ਬਾਦਲ ਪਿੰਡ ਵਿਚ ਬਾਦਲ ਪਰਿਵਾਰ ਦਾ ਘਰ ਘੇਰਨ ਲਈ ਜਾ ਰਹੇ ਕਿਸਾਨਾਂ ਦੇ ਕਾਫਲੇ ਨੂੰ ਪਿੰਡ ਤੋਂ ਕੁੱਝ ਕਿਲੋਮੀਟਰ ਪਿੱਛੇ ਕਾਲਝਰਾਨੀ ਵਿਚ ਹੀ ਰੋਕ ਲਿਆ ਗਿਆ, ਜਿੱਥੇ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਐਲਾਨ ਕੀਤਾ ਕਿ ਜੇ ਬਾਦਲ ਪਰਿਵਾਰ ਨੇ ਭਾਜਪਾ ਨਾਲ ਸਾਂਝ ਭਿਆਲੀ ਜਾਰੀ ਰੱਖੀ ਤਾਂ ਬਾਦਲ ਪਰਿਵਾਰ ਦੀ ਰਿਹਾਇਸ਼ ਦਾ ਪੱਕਾ ਘਿਰਾਓ ਕੀਤਾ ਜਾਵੇਗਾ।

ਕੇਂਦਰ ਅਤੇ ਪੰਜਾਬ ਸਰਕਾਰ ਨੂੰ ਸੰਬੋਧਿਤ ਮੁੱਖ ਮੰਗਾਂ ਵਾਲੇ ਦੋ ਵੱਖ-ਵੱਖ ਮੰਗ ਪੱਤਰ ਕੇਂਦਰੀ ਆਗੂਆਂ ਅਤੇ ਅਧਿਕਾਰੀਆਂ ਨੂੰ ਸੌਂਪੇ ਗਏ। ਥਾਂ-ਥਾਂ ਮਤੇ ਪਾਸ ਕਰ ਕੇ ਵਰਵਰਾ ਰਾਓ ਤੇ ਅਨੰਦ ਤੈਲਤੁੰਬੜੇ ਸਮੇਤ ਹੋਰ ਬੁੱਧੀਜੀਵੀਆਂ ਖਿਲਾਫ਼ ਦਰਜ ਝੂਠੇ ਕੇਸ ਵਾਪਸ ਲੈ ਕੇ ਸਾਰੇ ਨਜ਼ਰਬੰਦਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ।

ਟਰੈਕਟਰ ਮਾਰਚ ਅਤੇ ਘਿਰਾਓ ਦੇ ਪ੍ਰੋਗਰਾਮ ਨੂੰ ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਕਿਰਤੀ ਕਿਸਾਨ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਪੰਜਾਬ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਕੁੱਲ ਹਿੰਦ ਕਿਸਾਨ ਸਭਾ (ਅਜੈ-ਭਵਨ), ਕਿਸਾਨ ਸੰਘਰਸ਼ ਕਮੇਟੀ ਪੰਜਾਬ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਜੈ ਕਿਸਾਨ ਅੰਦੋਲਨ ਸਮੇਤ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਤੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਵੱਲੋਂ ਅੰਜਾਮ ਦਿੱਤਾ ਗਿਆ।

ਇਹਨਾਂ ਰੋਸ ਪ੍ਰਦਰਸ਼ਨਾਂ ਦੀ ਅਗਵਾਈ ਬੂਟਾ ਸਿੰਘ ਬੁਰਜਗਿੱਲ, ਡਾ. ਦਰਸ਼ਨਪਾਲ, ਸਤਨਾਮ ਅਜਨਾਲਾ, ਭੁਪਿੰਦਰ ਸਾਂਭਰ, ਮੇਜਰ ਪੁੰਨ੍ਹਾਂਵਾਲ, ਰੁਲਦੂ ਸਿੰਘ ਮਾਨਸਾ, ਨਿਰਭੈ ਸਿੰਘ ਢੁੱਡੀਕੇ, ਇੰਦਰਜੀਤ ਸਿੰਘ ਕੋਟਬੁੱਢਾ, ਹਰਜਿੰਦਰ ਟਾਂਡਾ, ਗੁਰਬਖ਼ਸ਼ ਸਿੰਘ ਬਰਨਾਲਾ, ਜੋਗਿੰਦਰ ਸਿੰਘ ਉਗਰਾਹਾਂ, ਸੁਰਜੀਤ ਸਿੰਘ ਫੂਲ, ਸੁਖਦੇਵ ਸਿੰਘ ਕੋਕਰੀ ਕਲਾਂ, ਜਗਮੋਹਣ ਸਿੰਘ ਪਟਿਆਲਾ, ਕੁਲਵੰਤ ਸੰਧੂ, ਗੁਰਮੀਤ ਮਹਿੰਮਾ, ਗੁਰਨਾਮ ਭੀਖੀ, ਹਰਜੀਤ ਰਵੀ, ਬਲਦੇਵ ਸਿੰਘ ਨਿਹਾਲਗੜ੍ਹ, ਨਿਰਵੈਲ ਸਿੰਘ ਡਾਲੇਕੇ, ਜਤਿੰਦਰ ਛੀਨਾ ਅਤੇ ਬਲਦੇਵ ਸਿੰਘ ਜੀਰਾ ਆਦਿ ਨੇ ਕੀਤੀ।