ਸ੍ਰੀ ਗੋਇੰਦਵਾਲ ਸਾਹਿਬ ਜੀ ਦਾ ਸਲਾਨਾ ਜੋੜ ਮੇਲਾ ਮਿਤੀ 13,14 ਸਤੰਬਰ ਨੂੰ ਮਨਾਇਆ ਜਾਵੇਗਾ: ਮੈਨੇਜਰ

ਸ੍ਰੀ ਗੋਇੰਦਵਾਲ ਸਾਹਿਬ ਜੀ ਦਾ ਸਲਾਨਾ ਜੋੜ ਮੇਲਾ ਮਿਤੀ 13,14 ਸਤੰਬਰ ਨੂੰ ਮਨਾਇਆ ਜਾਵੇਗਾ: ਮੈਨੇਜਰ

ਖਡੂਰ ਸਾਹਿਬ, (ਰਾਜਵਿੰਦਰ ਸਿੰਘ ): ਗੁਰੂ ਅਮਰਦਾਸ ਜੀ ਦੀ ਯਾਦ ਵਿੱਚ ਕਸਬਾ ਸ੍ਰੀ  ਗੋਇੰਦਵਾਲ ਸਾਹਿਬ ਵਿਖੇ ਸਲਾਨਾ ਜੋੜ ਮੇਲਾ (ਮੇਲਾ ਜੱਗ)  13,14 ਸਤੰਬਰ ਨੂੰ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ ਰੋਡੇ ਨੇ ਦੱਸਿਆ ਕੀ ਮਿਤੀ 12 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਅਰੰਭ ਹੋਣਗੇ ਜਿਨ੍ਹਾਂ ਦੇ ਭੋਗ 14 ਸਤੰਬਰ ਨੂੰ ਪੈਣਗੇ। 13 ਅਤੇ 14 ਸਤੰਬਰ ਦਿਨ ਸ਼ੁਕਰਵਾਰ ਅਤੇ ਸ਼ਨੀਵਾਰ ਨੂੰ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਉੱਚ ਕੋਟੀ ਦੇ ਕਥਾਵਾਚਕ ਰਾਗੀ ਢਾਡੀ ਜਥੇ ਸੰਗਤਾਂ ਨੂੰ ਗੁਰੂ ਜਸ ਸੁਣ ਕੇ ਨਿਹਾਲ ਕਰਨਗੇ।

14 ਸਤੰਬਰ ਦਿਨ ਸ਼ਨੀਵਾਰ ਨੂੰ ਰਾਤ 8 ਵਜੇ ਤੋਂ 1 ਵਜੇ ਤੱਕ ਸ੍ਰੀ ਗੁਰੂ ਅਮਰਦਾਸ ਬੰਸ ਜਥੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਮਹਾਨ ਕੀਰਤਨ ਸਮਾਗਮ ਕਰਵਾਇਆ ਜਾਵੇਗਾ। ਇਸ ਮੌਕੇ ਭਾਈ ਜਸਵੰਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਕੁਲਬੀਰ ਸਿੰਘ ਜੀ ਫਾਜ਼ਿਲਕਾ ਵਾਲੇ, ਬੀਬੀ ਗਗਨਦੀਪ ਕੌਰ, ਬਾਬਾ ਦਰਸ਼ਨ ਸਿੰਘ ਜੀ ਗੁਮਟਾਲੇ ਵਾਲੇ, ਭਾਈ ਦਲਬੀਰ ਸਿੰਘ ਜੀ ਜਲੰਧਰ ਵਾਲੇ, ਭਾਈ ਤਰਨਦੀਪ ਸਿੰਘ ਰੱਬੀ ਲੁਧਿਆਣਾ ਵਾਲੇ ਅਤੇ ਹਜੂਰੀ ਰਾਗੀ ਜਥਾ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਾਲੇ ਆਪਣੇ ਰਸ ਭਿੰਨੇ ਕੀਰਤਨ ਰਾਹੀਂ ਸਿੱਖ ਸੰਗਤਾਂ ਨੂੰ ਨਿਹਾਲ ਕਰਨਗੇ।

14 ਸਤੰਬਰ ਨੂੰ ਦਿਨੇ 12 ਵਜੇ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਵਿਖੇ ਭਾਰੀ ਅੰਮ੍ਰਿਤ ਸੰਚਾਰ ਹੋਵੇਗਾ ਇਸੇ ਹੀ ਦਿਨ  ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲਿਆਂ  ਦੀ ਯੋਗ ਅਗਵਾਈ ਹੇਠ ਸ਼ਾਮ 4 ਵਜੇ ਨਹਿੰਗ ਸਿੰਘ ਜਥੇਬੰਦੀਆ ਮਹੱਲਾ ਕੱਢਣਗੀਆ। 

ਇਸ ਮੌਕੇ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਗੁਰਬਚਨ ਸਿੰਘ ਕਰਮੂਵਾਲਾ, ਜਥੇਦਾਰ ਬਲਜੀਤ ਸਿੰਘ ਜਲਾਲਉਸਮਾ, ਜਥੇਦਾਰ ਅਲਵਿੰਦਰਪਾਲ ਸਿੰਘ ਜੀ ਪੱਖੋਕੇ, ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ, ਜਥੇਦਾਰ ਮਨਜੀਤ ਸਿੰਘ ਭੋਰਾਕੋਨਾ, ਜਥੇਦਾਰ ਅਮਰੀਕ ਸਿੰਘ ਵਿਛੋਆ, ਜਥੇਦਾਰ ਅਮਰਜੀਤ ਸਿੰਘ ਭਲਾਈਪੁਰ, ਜਥੇਦਾਰ ਬਲਵਿੰਦਰ ਵੈਈਂਪੂਈਂ, ਬੀਬੀ ਹਰਜਿੰਦਰ ਕੌਰ ਪੱਟੀ, ਜਥੇਦਾਰ ਅਮਰਜੀਤ ਸਿੰਘ ਬੰਡਾਲਾ, ਜਥੇ.  ਸੁਰਜੀਤ ਸਿੰਘ ਭਿੱਟੇਵਿੰਡ, ਜਥੇ. ਨਿਰਮਲ ਸਿੰਘ ਨੌਸ਼ਹਿਰਾ ਢਾਲਾ, ਜਥੇਦਾਰ ਰਾਮ ਸਿੰਘ, ਜਥੇ. ਭਗਵੰਤ ਸਿੰਘ ਸਿਆਲਕਾ ਆਦਿ ਪ੍ਰਮੁੱਖ ਸਖਸ਼ੀਅਤਾਂ ਉਚੇਚੇ ਤੌਰ ਤੇ ਸਮਾਗਮਾਂ ਵਿੱਚ ਸਮੂਲੀਅਤ ਕਰਨਗੀਆਂ । 

ਇਸ ਮੌਕੇ ਗੁਰੂ ਘਰ ਨਤਮਸਤਕ ਹੋਣ ਵਾਲੀਆਂ  ਸੰਗਤਾਂ ਲਈ ਰਿਹਾਇਸ਼, ਗੁਰੂ ਕੇ ਲੰਗਰਾਂ ਅਤੇ ਵਾਹਨ ਦੀ ਪਾਰਕਿੰਗ ਆਦਿ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ।