ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਪੰਜਾਬ ਯੂਨੀ ਵਿੱਚ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਕਰਵਾਈ ਜਾਵੇਗੀ ਵਿਚਾਰ-ਚਰਚਾ

ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਪੰਜਾਬ ਯੂਨੀ ਵਿੱਚ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਕਰਵਾਈ ਜਾਵੇਗੀ ਵਿਚਾਰ-ਚਰਚਾ

ਚੰਡੀਗੜ੍ਹ: ਵਿਦਿਆਰਥੀ ਜਥੇਬੰਦੀ "ਸੱਥ" ਵੱਲੋਂ ਕੱਲ੍ਹ 12 ਸਤੰਬਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਮਨੁੱਖੀ ਹੱਕਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ "ਝੂਠੇ ਪੁਲਿਸ ਮੁਕਾਬਲਿਆਂ" ਦੇ ਵਿਸ਼ੇ 'ਤੇ ਵਿਦਿਆਰਥੀ ਵਿਚਾਰ-ਚਰਚਾ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੱਥ ਦੀ ਪੰਜਾਬ ਯੂਨੀਵਰਸਿਟੀ ਇਕਾਈ ਦੇ ਮੁੱਖ ਸੇਵਾਦਾਰ ਵਿਦਿਆਰਥੀ ਜੁਝਾਰ ਸਿੰਘ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਭਾਰਤੀ ਨਿਜ਼ਾਮ ਵੱਲੋਂ ਪੰਜਾਬ ਵਿੱਚ ਚਲਾਏ ਗਏ ਸਰਕਾਰੀ ਅੱਤਵਾਦ ਨੂੰ ਨੰਗਾ ਕਰਦੀ ਹੈ ਅਤੇ ਮਨੁੱਖੀ ਹੱਕਾਂ ਦੀ ਕਾਇਮੀ ਲਈ ਜੂਝਣ ਵਾਲੇ ਵਿਦਿਆਰਥੀਆਂ ਲਈ ਇੱਕ ਪ੍ਰੇਰਣਾ ਸਰੋਤ ਹੈ। 

ਉਹਨਾਂ ਕਿਹਾ ਕਿ ਇਹ ਵਿਚਾਰ ਚਰਚਾ ਯੂਨੀਵਰਸਿਟੀ ਦੇ ਵਿਦਿਆਰਥੀ ਕੇਂਦਰ ਨੇੜੇ ਕਿਤਾਬ ਘਰ ਮੈਦਾਨ ਵਿੱਚ ਸ਼ਾਮ 04:30 ਵਜੇ ਤੋਂ ਸ਼ੁਰੂ ਹੋਵੇਗੀ। 

ਜੁਝਾਰ ਸਿੰਘ ਨੇ ਕਿਹਾ ਕਿ "ਸੱਥ" ਦਾ ਨਿਸ਼ਾਨਾ ਹੈ ਕਿ ਸਮਾਜ ਨੂੰ ਅੱਜ ਦੀ ਭ੍ਰਿਸ਼ਟ ਅਤੇ ਗਰਕੀ ਹੋਈ ਰਾਜਨੀਤੀ ਤੋਂ ਮੁਕਤ ਕਰਾਉਣ ਲਈ ਨਵੇਂ ਆਗੂਆਂ ਦੀ ਰਾਜਨੀਤਕ ਕਤਾਰ ਦੀ ਜ਼ਰੂਰਤ ਹੈ ਤੇ ਇਸ ਲਈ ਵਿਦਿਆਰਥੀਆਂ ਨੂੰ ਹਰ ਇੱਕ ਮਸਲੇ 'ਤੇ ਬੈਠ ਕੇ ਵਿਚਾਰ ਕਰਕੇ ਅਗਲੇ ਰਾਹ ਉਲੀਕਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਸੱਥ ਪੂਰੇ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ 'ਤੇ ਅਧਾਰਿਤ ਰਾਜਨੀਤਕ ਮਾਹੌਲ ਸਿਰਜਣ ਦੇ ਨਿਸ਼ਾਨੇ ਨਾਲ ਬਣਾਈ ਗਈ ਜਥੇਬੰਦੀ ਹੈ ਜਿਸ ਲਈ ਲਗਾਤਾਰ ਕਾਰਜ ਕੀਤੇ ਜਾ ਰਹੇ ਹਨ। ਉਹਨਾਂ ਵਿਦਿਆਰਥੀਆਂ ਨੂੰ ਸੱਥ ਨਾਲ ਜੁੜਨ ਦੀ ਅਪੀਲ ਕੀਤੀ।