ਕਿਤਾਬ 'ਸਿੱਖ ਦ੍ਰਿਸ਼ਟੀ ਦਾ ਗੌਰਵ (ਪੱਛਮੀ, ਇਸਲਾਮੀ ਤੇ ਬ੍ਰਾਹਮਣੀ ਚਿੰਤਨ ਦੇ ਸਨਮੁਖ)' ਦੀ ਘੁੰਡ ਚੁਕਾਈ

ਕਿਤਾਬ 'ਸਿੱਖ ਦ੍ਰਿਸ਼ਟੀ ਦਾ ਗੌਰਵ (ਪੱਛਮੀ, ਇਸਲਾਮੀ ਤੇ ਬ੍ਰਾਹਮਣੀ ਚਿੰਤਨ ਦੇ ਸਨਮੁਖ)' ਦੀ ਘੁੰਡ ਚੁਕਾਈ

ਗੁਭਗਤ ਸਿੰਘ ਪੰਜਾਬ ਦੇ ਮੌਲਿਕ ਸਿੱਖ ਚਿੰਤਕ ਸਨ : ਅਜਮੇਰ ਸਿੰਘ
ਪਟਿਆਲਾ/ਏਟੀ ਨਿਊਜ਼ :
ਮੌਲਿਕ ਚਿੰਤਨ ਦੇ ਖੇਤਰ ਵਿਚ ਆਪਣੀਆਂ ਨਿਵੇਕਲੀਆਂ ਪੈੜਾਂ ਪਾਉਣ ਵਾਲੇ ਉੱਘੇ ਸਿੱਖ ਚਿੰਤਕ ਡਾ. ਗੁਰਭਗਤ ਸਿੰਘ ਦੇ ਲੇਖਾਂ ਦੀ ਕਿਤਾਬ 18 ਅਪਰੈਲ, 2019 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਜਾਰੀ ਕੀਤੀ ਗਈ। ''ਸਿੱਖ ਦ੍ਰਿਸ਼ਟੀ ਦਾ ਗੌਰਵ (ਪੱਛਮੀ, ਇਸਲਾਮੀ ਤੇ ਬ੍ਰਾਹਮਣੀ ਚਿੰਤਨ ਦੇ ਸਨਮੁਖ)” ਸਿਰਲੇਖ ਹੇਠ ਛਪੀ ਇਹ ਕਿਤਾਬ ਪ੍ਰਸਿੱਧ ਸਿੱਖ ਰਾਜਨੀਤਕ ਵਿਸ਼ਲੇਸ਼ਕ ਤੇ ਲੇਖਕ ਸ. ਅਜਮੇਰ ਸਿੰਘ ਵਲੋਂ ਸੰਪਾਦਿਤ ਕੀਤੀ ਗਈ ਹੈ। ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਚ ਹੋਏ ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਵਿਦਵਾਨਾਂ, ਲੇਖਕਾਂ, ਵਿਚਾਰਕਾਂ, ਖੋਜਾਰਥੀਆਂ, ਵਿਦਿਆਰਥੀਆਂ ਤੇ ਸਿੱਖ ਕਾਰਕੁੰਨਾਂ ਦੇ ਦਰਮਿਆਨ ਇਹ ਕਿਤਾਬ ਸ. ਅਜਮੇਰ ਸਿੰਘ ਅਤੇ ਅਦਾਰੇ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਅਨ ਵਿਭਾਗ ਦੇ ਮੁਖੀ ਡਾ. ਗੁਰਮੀਤ ਸਿੰਘ ਵਲੋਂ ਸਾਂਝੇ ਤੌਰ ਉੱਤੇ ਜਾਰੀ ਕੀਤੀ ਗਈ।
ਉਕਤ ਸਮਾਗਮ ਦੀ ਸ਼ੁਰੂਆਤ ਮੌਕੇ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਪੀਐਚਡੀ. ਦੇ ਖੋਜਾਰਥੀ ਪਰਮਿੰਦਰ ਸਿੰਘ ਨੇ ਕਿਤਾਬ ਨਾਲ ਮੁੱਢਲੀ ਜਾਣ-ਪਛਾਣ ਕਰਵਾਈ ਅਤੇ ਇਸ ਵਿਚਲੀਆਂ ਡਾ. ਗੁਰਭਗਤ ਸਿੰਘ ਦੀਆਂ ਲਿਖਤਾਂ ਦੇ ਸਿਰਲੇਖ ਤੇ ਵਿਸ਼ੇ-ਵਸਤੂ ਬਾਰੇ ਮੁੱਢਲੀ ਜਾਣਕਾਰੀ ਸਾਂਝੀ ਕਰਦਿਆਂ ਇਨ੍ਹਾਂ ਦੀ ਮਹੱਤਤਾ ਉੱਤੇ ਚਾਨਣ ਪਾਇਆ। ਉਨ੍ਹਾਂ ਕਿਹਾ ਕਿ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਡਾ. ਗੁਰਭਗਤ ਸਿੰਘ ਵਲੋਂ ''ਜ਼ਖਮ ਨੂੰ ਸੂਰਜ ਬਣਾਉਣ” ਦਾ ਜੋ ਨਜ਼ਰੀਆ ਪੇਸ਼ ਕੀਤਾ ਗਿਆ ਸੀ ਉਸ ਦੇ ਵੱਡੇ ਅਰਥ ਸਨ ਤੇ ਅੱਜ ਵੀ ਹਨ।
ਇਸ ਤੋਂ ਬਾਅਦ ਸੰਵਾਦ ਵਲੋਂ ਸ. ਮੱਖਣ ਸਿੰਘ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਕਿਹਾ ਜਿਸ ਤੋਂ ਬਾਅਦ ਕਿਤਾਬ ਜਾਰੀ ਕਰਨ ਦੀ ਰਸਮ ਅਦਾ ਕੀਤੀ ਗਈ। ਕਿਤਾਬ ਜਾਰੀ ਕੀਤੇ ਜਾਣ ਮੌਕੇ ਡਾ. ਗੁਰਮੀਤ ਸਿੰਘ ਸਿੱਧੂ ਨੇ ਇਸ ਸਮਾਗਮ ਦਾ ਪ੍ਰਬੰਧ ਕਰਨ ਵਾਲੇ ਨੌਜਵਾਨਾਂ ਨੂੰ ਸੱਦਾ ਦੇ ਕੇ ਉਨ੍ਹਾਂ ਨਾਲ ਸਾਂਝੇ ਤੌਰ ਉੱਤੇ ਇਹ ਕਿਤਾਬ ਜਾਰੀ ਕੀਤੀ। 
ਇਸ ਮੌਕੇ ਹਾਜ਼ਰ ਸਰੋਤਿਆਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਡਾ. ਗੁਰਮੀਤ ਸਿੰਘ ਸਿੱਧੂ ਨੇ ਕਿਤਾਬ ਦੇ ਸੰਪਾਦਕ ਸ. ਅਜਮੇਰ ਸਿੰਘ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਨੌਜਵਾਨਾਂ ਨੂੰ ਡਾ. ਗੁਰਭਗਤ ਸਿੰਘ ਦੇ ਚਿੰਤਨ ਨਾਲ ਜੋੜਨ ਦੀ ਲੋੜ ਹੈ। ਡਾ. ਗੁਰਭਗਤ ਸਿੰਘ ਵਲੋਂ ਉਮਰ ਦੇ ਆਖਰੀ ਪੜਾਵਾਂ ਵਿਚ ਪੂਰੀ ਤਨਦੇਹੀ ਤੇ ਇਕਾਗਰਤਾ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੀਤੇ ਗਏ ਅੰਗਰੇਜ਼ੀ ਅਨੁਵਾਦ ਦੇ ਖਰੜੇ ਬਾਰੇ ਜ਼ਿਕਰ ਕਰਦਿਆਂ ਡਾ. ਗੁਰਮੀਤ ਸਿੰਘ ਨੇ ਕਿਹਾ ਕਿ ਡਾ. ਗੁਰਭਗਤ ਸਿੰਘ ਨੇ ਇਹ ਗੱਲ ਉਜਾਗਰ ਕੀਤੀ ਸੀ ਕਿ ਦੂਜੇ ਸਭਿਆਚਾਰਾਂ ਦੇ ਗ੍ਰੰਥਾਂ ਨੂੰ ਦੂਜੀਆਂ ਭਾਸ਼ਾਵਾਂ ਵਿਚ ਅਨੁਵਾਦ ਕਰਨ ਵੇਲੇ ਵੱਡੀ ਰਾਜਨੀਤੀ ਹੁੰਦੀ ਹੈ, ਇਸ ਲਈ ਉਨ੍ਹਾਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਆਪ ਗੁਰੂ ਗ੍ਰੰਥ ਸਾਹਿਬ ਦੇ ਅਨੁਵਾਦ ਦਾ ਕਾਰਜ ਸ਼ੁਰੂ ਕੀਤਾ ਸੀ ਪਰ ਅੱਜ ਉਸ ਅਨੁਵਾਦ ਦੇ ਖਰੜੇ ਬਾਰੇ ਜਾਣਕਾਰੀ ਦੀ ਅਣਹੋਂਦ ਤੋਂ ਲੱਗਦਾ ਹੈ ਕਿ ਉਸ ਖਰੜੇ ਨਾਲ ਵੀ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡਾ. ਗੁਰਭਗਤ ਸਿੰਘ ਵਲੋਂ ਕੀਤੇ ਗਏ ਅਨੁਵਾਦ ਦਾ ਮੌਲਿਕ ਖਰੜਾ ਭਰੋਸੇਯੋਗ ਹੱਥਾਂ ਵਿਚ ਆਉਣਾ ਚਾਹੀਦਾ ਹੈ ਤੇ ਉਸ ਨੂੰ ਇੰਨ-ਬਿੰਨ ਛਾਪਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚਾਹੀਦਾ ਇਹ ਹੈ ਕਿ ਇਹ ਖਰੜਾ ਕਿਸੇ ਜਥੇਬੰਦੀ ਦੀ ਬਜਾਏ ਸਿੱਖ ਸੰਗਤਾਂ ਵਲੋਂ ਛਾਪਿਆ ਜਾਵੇ।
ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਸ. ਅਜਮੇਰ ਸਿੰਘ ਨੇ 'ਇਤਿਹਾਸਕ ਵਿਡੰਬਨਾ' ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਸ ਪੱਛਮੀ ਚਿੰਤਨ ਤੇ ਸੰਸਾਰ ਨੇ ਨਵੇਂ ਗਿਆਨ ਦੀ ਰੌਸ਼ਨੀ ਦੇ ਕੇ ਮਨੁੱਖਤਾ ਨੂੰ ਹਨੇਰ-ਗਰਦੀ ਵਿਚੋਂ ਕੱਢ ਕੇ ਸੱਭਿਅਤਾ ਦੇ ਯੁਗ ਵਿਚ ਲੈ ਕੇ ਆਉਣ ਦਾ ਦਾਅਵਾ ਕੀਤਾ ਸੀ, ਸੰਸਾਰ ਜੰਗਾਂ ਦੀ ਤਬਾਹੀ ਤੇ ਫਾਸ਼ੀਵਾਦ-ਨਾਜ਼ੀਵਾਦ ਜਿਹੇ ਵਰਤਾਰਿਆਂ ਨੇ ਉਸ ਚਿੰਤਨ ਦੇ ਦਾਅਵਿਆਂ ਦੀ ਹਕੀਕਤ ਬੇਪਰਦ ਕਰ ਦਿੱਤੀ। ਆਧੁਨਿਕਤਾ ਦੇ ਇਸ ਯੁਗ ਨੇ ਜੋ ਵਿਨਾਸ਼ ਵਰਤਾਏ ਉਸ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਨ ਵਾਲੇ ਚਿੰਤਨ ਨੂੰ ਉੱਤਰ-ਆਧੁਨਿਕਤਾ ਦਾ ਨਾਂ ਦਿੱਤਾ ਗਿਆ। ਉੱਤਰ-ਆਧੁਨਿਕ ਚਿੰਤਨ ਨੇ ਇਹ ਗੱਲ ਸਾਹਮਣੇ ਲਿਆਂਦੀ ਕਿ ਆਧੁਨਿਕਤਾ ਦੇ ਯੁਗ ਵਿਚ ਹੋਏ ਵਿਨਾਸ਼ ਦੇ ਬੀਜ ਆਧੁਨਿਕਤਾ ਦੇ ਚਿੰਤਨ ਵਿਚ ਹੀ ਪਏ ਸਨ।
ਇਸ ਤੰਦ ਨੂੰ ਡਾ. ਗੁਰਭਗਤ ਸਿੰਘ ਦੇ ਜਾਰੀ ਕੀਤੇ ਗਏ ਲੇਖ ਸੰਗ੍ਰਹਿ 'ਸਿੱਖ ਦ੍ਰਿਸ਼ਟੀ ਦਾ ਗੌਰਵ' ਨਾਲ ਜੋੜਦਿਆਂ ਸ. ਅਜਮੇਰ ਸਿੰਘ ਨੇ ਕਿਹਾ ਕਿ ਡਾ. ਗੁਰਭਗਤ ਸਿੰਘ ਵਲੋਂ ਇਹ ਲੇਖ 1985 ਤੋਂ 2015 ਤੱਕ 30 ਸਾਲ ਦੇ ਸਮੇਂ ਦੌਰਾਨ ਲਿਖੇ ਗਏ ਸਨ। ਉਨ੍ਹਾਂ ਕਿਹਾ ਕਿ 1984 ਦੇ ਵਾਪਰਨ ਤੋਂ ਬਾਅਦ ਸਿੱਖਾਂ ਦੇ ਸਾਹਮਣੇ ਇਹ ਵੱਡੀ ਚਣੌਤੀ ਸੀ ਕਿ '84 ਤੋਂ ਪਹਿਲਾਂ ਜਿਸ ਗਿਆਨ ਚੌਖਟੇ ਵਿਚ ਸੋਚਣ ਦੇ ਉਹ ਆਦੀ ਹੋ ਚੁੱਕੇ ਸਨ, ਉਸ ਤਹਿਤ 1984 ਦੀ ਕੀਤੀ ਜਾ ਰਹੀ ਵਿਆਖਿਆ ਉਨ੍ਹਾਂ ਨੂੰ ਹੀ ਦੋਸ਼ੀ ਦਰਸਾਉਂਦੀ ਸੀ। ਉਸ ਸਮੇਂ ਬਹੁਤ ਸਾਰੇ ਵਿਦਵਾਨਾਂ ਨੇ 1984 ਦੇ ਵਰਤਾਰੇ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਿੱਖਾਂ ਨਾਲ ਨਿਆਂ ਨਹੀਂ ਸਨ ਸਕੇ ਕਿਉਂਕਿ ਜਿਸ ਗਿਆਨ-ਚੌਖਟੇ ਤਹਿਤ ਉਹ 1984 ਦੀ ਵਿਆਖਿਆ ਕਰ ਰਹੇ ਸਨ ਉਸ ਤੋਂ ਕਤਈ ਸਹੀ ਸਿੱਟੇ 'ਤੇ ਨਹੀਂ ਸੀ ਪਹੁੰਚਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਦੌਰ ਵਿਚ ਸਿਰਫ ਡਾ. ਗੁਰਭਗਤ ਸਿੰਘ ਹੀ ਸਨ ਜਿਨ੍ਹਾਂ ਨੇ ਆਪਣੀਆਂ ਲਿਖਤਾਂ ਰਾਹੀਂ 1984 ਦੇ ਵਰਤਾਰੇ ਨੂੰ ਸਮਝਣ ਲਈ ਪੁਰਾਣੇ ਗਿਆਨ-ਚੌਖਟੇ ਨੂੰ ਭੰਨਿਆ ਤੇ ਇਸ ਵਰਤਾਰੇ ਬਾਰੇ ਡੂੰਘੀ ਤੇ ਸਹੀ ਲੀਹ ਵਾਲੀ ਸਮਝ ਪੈਦਾ ਕੀਤੀ। 
ਉਨ੍ਹਾਂ ਕਿਹਾ ਕਿ ਡਾ. ਗੁਰਭਗਤ ਸਿੰਘ ਇਕ ਮੌਲਿਕ ਚਿੰਤਕ ਸਨ ਜਿਨ੍ਹਾਂ ਇਹ ਗੱਲ ਬੁੱਝ ਲਈ ਸੀ ਕਿ ਕਿਸੇ ਵੀ ਸੱਭਿਆਚਾਰ ਨੂੰ ਕਿਸੇ ਦੂਜੇ ਸੱਭਿਆਚਾਰ ਦੇ ਗਿਆਨ ਤੋਂ ਉਪਜੀਆਂ ਸ਼੍ਰੇਣੀਆਂ (ਕੈਟੇਗਰੀਜ਼) ਰਾਹੀਂ ਨਹੀਂ ਸਮਝਿਆ ਜਾ ਸਕਦਾ। 
ਉਨ੍ਹਾਂ ਕਿਹਾ ਕਿ ਡਾ. ਗੁਰਭਗਤ ਸਿੰਘ ਦੀਆਂ ਲਿਖਤਾਂ ਅਸਲ ਵਿਚ ਡਾ. ਗੁਰਭਗਤ ਸਿੰਘ ਦੇ ਆਪਣੇ ਚਿੰਤਨ ਸਫਰ ਨੂੰ ਵੀ ਬਿਆਨ ਕਰਦੀਆਂ ਹਨ ਕਿ ਕਿਵੇਂ ਉਹ ਪਹਿਲਾਂ 'ਪੰਜਾਬੀ ਕੌਮ' ਦੇ ਮੁਦਈ ਸਨ ਪਰ ਫਿਰ ਇਹ ਜਾਣ ਲੈਣ 'ਤੇ ਕਿ ਇਸ ਸੰਕਲਪ ਨਾਲ ਗੱਲ ਦੀ ਪੂਰੀ ਗਹਿਰਾਈ ਨਹੀਂ ਫੜੀ ਜਾ ਸਕਦੀ, ਉਨ੍ਹਾਂ ਸਿੱਖ ਪ੍ਰਧਾਨ ਪੰਜਾਬੀ ਕੌਮ ਦੇ ਸੰਕਲਪ ਦਾ ਸਹਾਰਾ ਲਿਆ ਪਰ ਅਖੀਰ ਵਿਚ ਉਹ ਇਸ ਨਤੀਜੇ ਉੱਤੇ ਪਹੁੰਚੇ ਇਹ ਗੱਲ ਅਸਲ ਵਿਚ 'ਪੰਥ' ਦੀ ਹੈ ਤੇ ਪੰਥ ਵਿਚ ਕਈ ਕੌਮਾਂ ਦੀ ਹੋਂਦ ਹੋ ਸਕਦੀ ਹੈ ਅਤੇ ਪੰਥ ਇਕ ਵਿਲੱਖਣ ਸੰਕਲਪ ਹੈ। ਪੰਥ ਵਿਚ ਸੱਭਿਆਚਾਰਾਂ ਦੀ ਸਹਿਹੋਂਦ ਤੇ ਉਨ੍ਹਾਂ ਦੇ ਆਪਸੀ ਸੰਵਾਦ ਨੂੰ ਸੰਕਲਪਬੱਧ ਰੂਪ ਵਿਚ ਡਾ. ਗੁਰਭਗਤ ਸਿੰਘ ਨੇ 'ਜਾਪ ਸਾਹਿਬ ਵਿਚਲੇ ਸੱਭਿਆਚਾਰਾਂ ਦੇ ਸੰਵਾਦ ਦੇ ਮਾਡਲ' ਦੇ ਰੂਪ ਵਿਚ ਪੇਸ਼ ਕੀਤਾ।
ਡਾ. ਗੁਰਭਗਤ ਸਿੰਘ ਦੇ ਚਿੰਤਨ ਦੀ ਮੌਲਿਕਤਾ ਬਾਰੇ ਅੱਗੇ ਆਪਣੇ ਵਿਚਾਰ ਸਾਂਝੇ ਕਰਦਿਆਂ ਸ. ਅਜਮੇਰ ਸਿੰਘ ਨੇ ਕਿਹਾ ਕਿ ਰਾਜ ਜਾਂ ਹਾਕਮਾਂ ਵਲੋਂ ਲੋਕਾਂ ਦੇ 'ਦੇਹਗਤ ਆਤਮ' ਨੂੰ ਕਾਬੂ ਕੀਤਾ ਜਾਂਦਾ ਹੈ ਤਾਂ ਕਿ ਉਨ੍ਹਾਂ ਦੇ ਸਰੀਰ ਵਿਚ ਪੈਦਾ ਹੋਣ ਵਾਲੇ ਰਸਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਰਮ ਤੇ ਪ੍ਰਤੀਕਰਮ ਨੂੰ ਕਾਬੂ ਚ ਕੀਤਾ ਜਾ ਸਕੇ। ਰਾਜ ਜਾਂ ਹਾਕਮ ਮਨੁੱਖ ਦੇ 'ਦੇਹਗਤ ਆਤਮ' ਨੂੰ ਪ੍ਰਤੀਕ-ਪ੍ਰਬੰਧ ਰਾਹੀਂ ਕਾਬੂ 'ਚ ਕਰਦੇ ਹਨ ਕਿ ਪਹਿਲਾਂ ਪ੍ਰਤੀਕ ਪ੍ਰਬੰਧ ਰਾਹੀਂ ਨਿਸ਼ਚਿਤਤਾ ਲਿਆਂਦੀ ਜਾਂਦੀ ਹੈ ਤੇ ਫਿਰ ਮਨੁੱਖੀ ਵਿਚਾਰਾਂ ਨੂੰ ਨਿਸ਼ਚਿਤ ਤੇ ਅਨੁਸ਼ਾਸਤ ਕਰਕੇ ਉਨ੍ਹਾਂ ਦੇ ਦੇਹਗਤ ਆਤਮ ਨੂੰ ਕਾਬੂ ਕਰ ਲਿਆ ਜਾਂਦਾ ਹੈ। ਜਿਵੇਂ ਕਿ ਬ੍ਰਹਮ ਦੇ ਪ੍ਰਤੀਕ ਪ੍ਰਬੰਧ ਰਾਹੀਂ ਬ੍ਰਾਹਮਣ ਨੇ ਮਨੁੱਖੀ ਵੰਡ (ਜਾਤ-ਪਾਤ) ਨੂੰ ਦੈਵੀ ਰੰਗਤ ਦੇ ਕੇ ਇਸ ਨੂੰ ਅਜਿਹਾ ਲਾਗੂ ਕੀਤਾ ਕਿ ਇਸ ਵੰਡ ਨੇ ਸਦੀਆਂ ਤੋਂ ਮਨੁੱਖਾਂ ਚ ਆਪਸੀ ਪਾੜਾ ਖੜ੍ਹਾ ਕੀਤਾ ਹੋਇਆ ਹੈ।
ਸ. ਅਜਮੇਰ ਸਿੰਘ ਨੇ ਕਿਹਾ ਕਿ ਡਾ. ਗੁਰਭਗਤ ਸਿੰਘ ਨੇ ਇਹ ਗੱਲ ਸਾਹਮਣੇ ਲਿਆਂਦੀ ਕਿ ਗੁਰੂ ਸਾਹਿਬ ਨੇ ਨਵੇਂ ਆਤਮ ਦੀ ਉਸਾਰੀ ਲਈ ਵਾਹਿਗੁਰੂ ਦਾ ਨਵਾਂ ਪਰਮਚਿੰਨ੍ਹ ਅਤੇ ਇਸ 'ਤੇ ਅਧਾਰਤ ਸਮੁੱਚਾ ਮਹਾਂਪ੍ਰਤੀਕ-ਪ੍ਰਬੰਧ ਦਿੱਤਾ ਜਿਸ ਵਿਚ ਹੁਕਮ, ਨਦਰਿ, ਗੁਰੂ, ਭਗਤ ਤੇ ਬਾਣੀ ਅਹਿਮ ਉੱਪ-ਪ੍ਰਤੀਕ ਹਨ। ਇਹੀ ਮਹਾਂਪ੍ਰਤੀਕ ਪ੍ਰਬੰਧ ਸਿੱਖ ਕ੍ਰਾਂਤੀ ਦਾ ਅਧਾਰ ਬਣਿਆ ਜਿਸ ਨੇ ਨਵੇਂ ਆਤਮ ਦੀ ਉਸਾਰੀ ਕੀਤੀ।
ਡਾ. ਗੁਰਭਗਤ ਸਿੰਘ ਨੇ ਆਪਣੇ ਚਿੰਤਨ ਰਾਹੀਂ ਕੁਦਰਤੀ ਵੰਨ-ਸੁਵੰਨਤਾ ਨੂੰ ਸੱਭਿਆਚਾਰਕ ਵੰਨ-ਸੁਵੰਨਤਾ ਨਾਲ ਜੋੜਿਆ ਤੇ ਕਿਹਾ ਕਿ ਹਰੇਕ ਸੱਭਿਆਚਾਰ ਆਪਣੇ ਮੌਲਿਕ ਹਾਲਾਤ ਵਿਚ ਨਿਵੇਕਲਾ ਹੈ ਤੇ ਉਸ ਦੀ ਆਪਣੀ ਨਿਵੇਕਲੀ ਥਾਂ ਤੇ ਯੋਗਦਾਨ ਹੈ, ਇਸ ਲਈ ਕੋਈ ਸੱਭਿਆਚਾਰ ਉੱਤਮ ਜਾਂ ਊਣਾ ਨਹੀਂ ਅਤੇ ਲੋੜ ਇਹ ਹੈ ਕਿ ਸੱਭਿਆਚਾਰਾਂ ਵਿਚ ਸੁਖਾਵੇਂ ਸੰਵਾਦ ਦਾ ਮਹੌਲ ਸਿਰਜਿਆ ਜਾਵੇ।
ਸ. ਅਜਮੇਰ ਸਿੰਘ ਨੇ ਆਪਣੇ ਵਿਸਤਾਰਤ ਭਾਸ਼ਣ ਵਿਚ ਡਾ. ਗੁਰਭਗਤ ਸਿੰਘ ਦੇ ਚਿੰਤਨ ਦੀ ਵਿਲੱਖਣਤਾ ਨੂੰ ਦਰਸਾਉਂਦੇ ਹੋਰ ਵੀ ਕਈ ਅਹਿਮ ਨੁਕਤੇ ਉਭਾਰੇ। 
ਉਨ੍ਹਾਂ ਤੋਂ ਬਾਅਦ ਬੀਬੀ ਇੰਦਰਜੀਤ ਕੌਰ ਸਰਾਂ ਨੇ ਜੂਨ 2011 ਵਿਚ ਡਾ. ਗੁਰਭਗਤ ਸਿੰਘ ਨਾਲ ਰਿਕਾਰਡ ਕੀਤੀ ਗਈ ਖੁੱਲ੍ਹੀ ਗੱਲਬਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਗੱਲਬਾਤ ਭਾਵੇਂ ਇਤਫਾਕਵਸ ਹੀ ਰਿਕਾਰਡ ਕੀਤੀ ਗਈ ਸੀ ਪਰ ਹੁਣ ਜਦੋਂ ਉਨ੍ਹਾਂ ਇਹ ਗੱਲਬਾਤ ਮੁੜ ਸੁਣੀ ਹੈ ਤਾਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਸ ਵੇਲੇ ਇਹ ਗੱਲਬਾਤ ਰਿਕਾਰਡ ਕਰ ਲੈਣੀ ਇਕ ਚੰਗਾ ਉੱਦਮ ਸੀ।
ਇਸ ਤੋਂ ਬਾਅਦ ਡਾ. ਗੁਰਭਗਤ ਸਿੰਘ ਨਾਲ ਕੀਤੀ ਗਈ ਉਕਤ ਗੱਲਬਾਤ ਵਿਚੋਂ ਕੁਝ ਚੋਣਵੀਆਂ ਝਲਕੀਆਂ ਹਾਜ਼ਰੀਨਾਂ ਨੂੰ ਪਰਦੇ ਉੱਤੇ ਵਿਖਾਈਆਂ ਗਈਆਂ ਤੇ ਪੂਰੀ ਗੱਲਬਾਤ ਸਿੱਖ ਸਿਆਸਤ ਐਂਡਰਾਇਡ ਐਪ ਉੱਤੇ ਜਾਰੀ ਕਰ ਦਿੱਤੀ ਗਈ।
ਸਮਾਗਮ ਦੇ ਅਖੀਰ ਵਿਚ ਸ. ਰਣਜੀਤ ਸਿੰਘ ਨੇ ਯੂਨੀਵਰਸਿਟੀ ਵਿਦਿਆਰਥੀਆਂ ਵਲੋਂ ਸਭਨਾਂ ਦਾ ਰਸਮੀ ਧੰਨਵਾਦ ਕੀਤਾ।
ਪਾਠਕ ਡਾ. ਗੁਰਭਗਤ ਸਿੰਘ ਨਾਲ ਕੀਤੀ ਗਈ ਇਹ ਤਕਰੀਬਨ ਢਾਈ ਘੰਟੇ ਦੀ ਖੁੱਲ੍ਹੀ ਗੱਲਬਾਤ ਸਿੱਖ ਸਿਆਸਤ ਦੀ ਐਂਡਰਾਇਡ ਐਪ ਰਾਹੀਂ ਬਿਨਾ ਕਿਸੇ ਭੇਟਾ ਦੇ ਸੁਣ ਸਕਦੇ ਹਨ। ਡਾ. ਗੁਰਭਗਤ ਸਿੰਘ ਦੀ ਇਹ ਨਵੀਂ ਕਿਤਾਬ ਵੀ ਸਿੱਖ ਸਿਆਸਤ ਰਾਹੀਂ ਦੁਨੀਆ ਭਰ ਵਿਚ ਕਿਤੇ ਵੀ ਮੰਗਵਾਈ ਜਾ ਸਕਦੀ ਹੈ।