ਭਾਰਤੀ ਲੋਕ ਸਭਾ ਚੋਣਾਂ ਲਈ ਪਰਵਾਸੀ ਪੰਜਾਬੀਆਂ ਦਾ ਮੋਹ ਭੰਗ

ਭਾਰਤੀ ਲੋਕ ਸਭਾ ਚੋਣਾਂ ਲਈ ਪਰਵਾਸੀ ਪੰਜਾਬੀਆਂ ਦਾ ਮੋਹ ਭੰਗ

ਗੁਰਮੀਤ ਪਲਾਹੀ

ਭਾਰਤ ਦੇ ਵਿਦੇਸ਼ ਮੰਤਰਾਲੇ (ਮਨਿਸਟਰੀ ਆਫ ਫੌਰੈਨ ਅਫੇਅਰਜ਼ ਇੰਡੀਆ) ਦੇ ਮੁਤਾਬਿਕ ਲਗਭਗ 3.10 ਕਰੋੜ ਐਨਆਰਆਈ. (ਨਾਨ ਰੈਂਜੀਡੈਂਟ ਇੰਡੀਅਨਜ਼) ਦੁਨੀਆ ਦੇ ਵੱਖੋ-ਵੱਖਰੇ ਦੇਸ਼ਾਂ ਵਿਚ ਰਹਿ ਰਹੇ ਹਨ। ਆਰਪੀ.ਐਕਟ (ਰਿਪਰੈਜ਼ੈਂਟੇਸ਼ਨ ਆਫ਼ ਪੀਪਲਜ਼ ਐਕਟ) 2018 ਵਿਚ ਇਹ ਦਰਸਾਇਆ ਗਿਆ ਹੈ ਕਿ ਜੋ ਐਨਆਰਆਈ. ਭਾਰਤੀ ਮਤਦਾਤਾ ਸੂਚੀ ਵਿਚ ਦਰਜ ਹੈ, ਉਹ ਵਿਦੇਸ਼ ਰਹਿੰਦੇ ਹੋਏ ਵੀ ਆਪਣੇ ਖੇਤਰ ਵਿਚ ਆਪਣੇ ਦੋਸਤ ਜਾਂ ਰਿਸ਼ਤੇਦਾਰ ਨੂੰ ਪ੍ਰਾਕਸੀ ਨੀਯਤ ਕਰਕੇ ਆਪਣੇ ਵੋਟ ਦੀ ਵਰਤੋਂ ਕਰ ਸਕਦਾ ਹੈ। ਨਿਯੁਕਤ ਕੀਤਾ ਹੋਇਆ ਪ੍ਰਾਕਸੀ ਮਤਦਾਨ ਕੇਂਦਰ ਜਾ ਕੇ ਸਬੰਧਤ ਐਨਆਰਆਈ ਦੇ ਵਲੋਂ ਵੋਟ ਪਾ ਸਕਦਾ ਹੈ। ਲੇਕਿਨ ਅਸਲ ਵਿਚ ਸਿਆਸੀ ਦਲਾਂ ਵਿਚ ਇਸ ਮਸਲੇ 'ਤੇ ਸਹਿਮਤੀ ਨਹੀਂ ਬਣ ਸਕੀ। ਪੰਜਾਬ ਦੇ ਸਿਰਫ਼ 393 ਐਨਆਰਆਈ. ਲੋਕਾਂ ਨੇ ਆਪਣੀ ਵੋਟ ਬਣਵਾਈ ਹੈ, ਜਿਹਨਾਂ ਵਿਚੋਂ ਬਹੁਤ ਘੱਟ ਲੋਕ ਕਿਰਾਇਆ ਖਰਚ ਕੇ, ਵਿਦੇਸ਼ਾਂ ਵਿਚੋਂ ਆ ਕੇ, ਵੋਟ ਪਾ ਸਕਣਗੇ। ਭਾਵੇਂ ਕਿ ਪੰਜਾਬ ਵਿੱਚੋਂ ਰੁਜ਼ਗਾਰ ਲਈ ਵਿਦੇਸ਼ਾਂ ਵਿੱਚ ਜਾ ਕੇ ਵਸੇ ਲੱਖਾਂ ਲੋਕਾਂ ਦਾ ਆਪਣੇ ਪਿੰਡਾਂ-ਕਸਬਿਆਂ ਲਈ ਅੰਤਾਂ ਦਾ ਮੋਹ ਹੈ, ਉਹ ਆਪਣੇ ਜਨਮ ਸਥਾਨ ਨੂੰ ਚੰਗੇਰਾ ਬਣਾਉਣ ਲਈ ਸਦਾ ਉਤਸਕ ਦਿਸਦੇ ਹਨ ਅਤੇ ਸਮੇਂ ਸਮੇਂ ਉਹ ਪਿੰਡ, ਪੰਚਾਇਤਾਂ, ਵਿਧਾਨ ਸਭਾ ਚੋਣਾਂ ਵਿੱਚ ਡੂੰਘੀ ਦਿਲਚਸਪੀ ਲੈਂਦੇ ਰਹੇ ਹਨ ਪਰ 2019 ਦੀਆਂ ਲੋਕ ਸਭਾ ਚੋਣਾਂ ਲਈ ਉਹ ਕੋਈ ਵਿਸ਼ੇਸ਼ ਦਿਲਚਸਪੀ ਨਹੀਂ ਰੱਖ ਰਹੇ, ਕੀ ਉਹਨਾਂ ਦਾ ਚੋਣਾਂ ਪ੍ਰਤੀ ਮੋਹ ਭੰਗ ਹੋ ਗਿਆ ਹੈ?
ਪੰਜਾਬੀਆਂ ਦਾ ਲੋਕ ਸਭਾ ਚੋਣਾਂ ਵਿੱਚ ਮੋਹ ਭੰਗ ਹੋਣ ਦਾ ਕਾਰਨ ਉਹ ਨੇਤਾ ਲੋਕ ਹਨ, ਜਿਹਨਾਂ ਨੇ ਰਾਜਨੀਤੀ ਨੂੰ ਲੋਕ ਸੇਵਾ ਵਜੋਂ ਨਹੀਂ ਸਗੋਂ ਇੱਕ ਧੰਦੇ ਵਜੋਂ ਅਪਣਾਇਆ ਹੋਇਆ ਹੈ ਅਤੇ ਜਿਹੜੇ ਆਪਣੇ ਹਿੱਤਾਂ ਦੀ ਖਾਤਰ ਲੋਕ ਹਿੱਤ ਵੇਚਣ ਤੋਂ ਗੁਰੇਜ਼ ਨਹੀਂ ਕਰਦੇ। ਪਰਵਾਸੀ ਵੀਰਾਂ ਨੇ ਕਦੇ ਲੋਕ ਭਲਾਈ ਪਾਰਟੀ ਦੇ ਨੇਤਾ ਬਲਵੰਤ ਸਿੰਘ ਰਾਮੂੰਵਾਲੀਆ ਨੂੰ ਭਰਪੂਰ ਸਹਿਯੋਗ ਦਿੱਤਾ। ਫਿਰ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਪੀਪੀਪੀ ਦਾ ਪੂਰਾ ਸਾਥ ਦਿੱਤਾ। ਆਮ ਆਦਮੀ ਪਾਰਟੀ ਨੂੰ ਤਾਂ ਉਹਨਾਂ ਤਨ, ਮਨ, ਧਨ ਨਾਲ ਸਹਾਇਤਾ ਦਿੱਤੀ, ਇਸ ਨੂੰ ਕਬੂਲਿਆ ਅਤੇ ਪੰਜਾਬ ਵਿਚ ਆ ਕੇ ਵੀ ਇਸ ਦੇ ਹੱਕ ਵਿਚ ਪ੍ਰਚਾਰ ਕੀਤਾ ਪਰ ਆਮ ਆਦਮੀ ਪਾਰਟੀ ਦੇ ਨੇਤਾ ਪਰਵਾਸੀ ਪੰਜਾਬੀਆਂ ਦੇ ਪਿਆਰ ਦੇ ਹਾਣ ਦੇ ਨਾ ਹੋ ਸਕੇ। 'ਆਪ' ਦਾ ਝਾੜੂ ਤੀਲਾ ਤੀਲਾ ਹੋ ਗਿਆ ਜਾਂ ਕਰ ਦਿੱਤਾ ਗਿਆ ਤੇ ਪਰਵਾਸੀ ਪੰਜਾਬੀਆਂ ਦੇ ਦਿਲ ਹੀ ਜਿਵੇਂ ਟੁੱਟ ਗਏ।

ਪਰਵਾਸੀ ਪੰਜਾਬੀ ਲੰਮੇ ਸਮੇਂ ਤੋਂ ਹੀ ਦੇਸ਼ ਦੀਆਂ ਵੱਖੋ-ਵੱਖਰੀਆਂ ਸਿਆਸੀ ਪਾਰਟੀਆਂ ਨਾਲ ਜੁੜੇ ਹੋਏ ਹਨ। ਭਾਰਤ ਵਿੱਚ ਸੰਨ 1969 ਤੋਂ ਇੰਡੀਅਨ ਓਵਰਸੀਜ਼ ਕਾਂਗਰਸ ਦੀਆਂ ਕਈ ਇਕਾਈਆਂ ਸਥਾਪਿਤ ਹੋਈਆਂ। ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਹੁਣ ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਖਹਿਰਾ ਅਤੇ ਲੁਧਿਆਣਾ ਦੇ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਨੇ ਵੀ ਆਪਣੇ ਵਿਦੇਸ਼ੀ ਸਮਰਥਕਾਂ, ਸੰਸਥਾਵਾਂ ਨਾਲ ਗੂੜ੍ਹੇ ਸਬੰਧ ਬਣਾ ਰੱਖੇ ਹਨ। ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੀ ਪਤਨੀ ਪ੍ਰਨੀਤ ਕੌਰ, ਹਰਚਰਨ ਸਿੰਘ ਬਰਾੜ ਦੀ ਨੂੰਹ ਕਰਨ ਕੌਰ ਬਰਾੜ, ਕਾਂਗਰਸ ਪਾਰਟੀ ਦੇ ਹੱਕ ਵਿੱਚ ਸਮੇਂ ਸਮੇਂ ਪ੍ਰਚਾਰ ਕਰਦੇ ਰਹਿੰਦੇ ਸਨ ਅਤੇ ਸਿੱਖ ਖੇਡਾਂ ਜਾਂ ਹੋਰ ਸਮਾਗਮਾਂ ਸਮੇਂ ਪਬਲਿਕ ਅਤੇ ਪ੍ਰਾਈਵੇਟ ਮਿਲਣੀਆਂ ਕਰਦੇ ਰਹੇ ਸਨ ਅਤੇ ਪੰਜਾਬੀ ਮੀਡੀਏ ਦੇ ਪ੍ਰਤੀਨਿਧਾਂ ਨਾਲ ਮਿਲ ਕੇ ਆਪਣੇ ਪਾਰਟੀ ਪ੍ਰੋਗਰਾਮਾਂ ਦਾ ਪ੍ਰਚਾਰ ਕਰਕੇ ਵੱਡੀ ਮਾਇਕ ਸਹਾਇਤਾ ਅਤੇ ਸਹਿਯੋਗ ਆਪਣੀ ਪਾਰਟੀ ਲਈ ਇਕੱਠੀ ਕਰਦੇ ਰਹੇ ਹਨ। ਇਸ ਲਿਸਟ ਵਿੱਚ ਹੋਰ ਛੋਟੇ ਵੱਡੇ ਕਾਂਗਰਸੀ ਨੇਤਾਵਾਂ ਤੋਂ ਬਿਨਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦਾ ਨਾਮ ਵੀ ਵੱਜਦਾ ਹੈ। ਮਹਿੰਦਰ ਸਿੰਘ ਗਿਲਜੀਆਂ ਅਮਰੀਕਾ ਵਿੱਚ ਅਤੇ ਓਵਰਸੀਜ਼ ਕਾਂਗਰਸ ਦੇ ਯੂਕੇ. ਦੇ ਨੇਤਾ ਦਲਜੀਤ ਸਿੰਘ ਸਹੋਤਾ ਅਤੇ ਇਟਲੀ ਦੇ ਕਰਮਜੀਤ ਸਿੰਘ ਢਿੱਲੋਂ ਆਦਿ ਇਹੋ ਜਿਹੇ ਪਰਵਾਸੀ ਪੰਜਾਬੀ ਹਨ, ਜਿਹੜੇ ਕਾਂਗਰਸ ਦੀ ਉੱਚ ਲੀਡਰਸ਼ਿਪ ਨੂੰ ਇਹਨਾਂ ਦੇਸ਼ਾਂ ਵਿੱਚ ਸਵਾਗਤ ਕਰਨ ਵੇਲੇ ਮੋਹਰੀ ਰੋਲ ਅਦਾ ਕਰਦੇ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਨੇ ਕਦੇ ਪਰਵਾਸੀ ਪੰਜਾਬੀਆਂ ਵਿੱਚ ਵੱਡਾ ਅਸਰ ਬਣਾਇਆ ਸੀ। ਅਮਰੀਕਾ, ਕੈਨੇਡਾ, ਬਰਤਾਨੀਆ ਅਤੇ ਹੋਰ ਮੁਲਕਾਂ ਵਿੱਚ ਆਪਣੀਆਂ ਇਕਾਈਆਂ ਖੋਲ੍ਹੀਆਂ, ਗੁਰਦੁਆਰਿਆਂ ਵਿੱਚ ਆਪਣੀ ਸਿਆਸਤ ਕੀਤੀ ਪਰ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਵੱਡੀ ਹਾਰ ਨੂੰ ਉਹਨਾਂ ਨੇ ਪਰਵਾਸੀ ਪੰਜਾਬੀਆਂ ਕਾਰਨ ਆਪਣੀ ਹਾਰ ਹੋਈ ਮੰਨਿਆ, ਕਿਉਂਕਿ ਪਰਵਾਸੀ ਪੰਜਾਬੀਆਂ ਨੇ ਖੁੱਲ੍ਹੇਆਮ ਆਮ ਆਦਮੀ ਪਾਰਟੀ ਦੀ ਹਮਾਇਤ ਕੀਤੀ। ਸਿੱਟੇ ਵਜੋਂ ਆਮ ਆਦਮੀ ਪਾਰਟੀ ਦੇ ਚਾਰ ਮੈਂਬਰ ਪਾਰਲੀਮੈਂਟ ਚੁਣੇ ਗਏ। ਇਸੇ ਗੁੱਸੇ ਵਿੱਚ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਵਿਦੇਸ਼ਾਂ ਵਿੱਚ ਸਥਾਪਿਤ ਸ਼੍ਰੋਮਣੀ ਅਕਾਲੀ ਦਲ ਦੀਆਂ ਇਕਾਈਆਂ ਨੂੰ ਨਾਟ ਰਿਕੁਆਇਰਡ ਇੰਡੀਅਨਜ਼” ਗਰਦਾਨਦੇ ਹੋਏ ਭੰਗ ਕਰ ਦਿੱਤਾ। ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਪਰਵਾਸੀ ਸੰਮੇਲਨ, ਜਿਹਨਾਂ ਵਿੱਚ ਆਪਣੇ ਚਹੇਤਿਆਂ ਨੂੰ ਸੱਦਕੇ ਸਨਮਾਨਿਆ ਜਾਂਦਾ ਸੀ, ਉਹਨਾਂ ਨੂੰ ਵੀ ਆਈ ਪੀ ਟਰੀਟਮੈਂਟ ਦਿੱਤਾ ਜਾਂਦਾ ਸੀ, ਸਰਕਾਰੀ ਗੱਡੀਆਂ ਵਿੱਚ ਹੂਟੇ ਦਿੱਤੇ ਜਾਂਦੇ ਸਨ, ਹੋਟਲਾਂ ਵਿੱਚ ਉਹਨਾਂ ਦੀ ਆਓ ਭਗਤ ਹੁੰਦੀ ਸੀ, ਬੰਦ ਕਰ ਦਿੱਤੇ ਗਏ। ਪਰ ਜਦੋਂ ਪਰਵਾਸੀ ਸਹਿਯੋਗ ਅਤੇ ਵੋਟਾਂ-ਨੋਟਾਂ ਬਿਨਾ ਨਾ ਸਰਿਆ ਤਾਂ ਬਾਅਦ ਵਿੱਚ ਛੇਤੀ ਹੀ ਅਮਰੀਕਾ, ਕੈਨੇਡਾ ਅਤੇ ਅਸਟ੍ਰੇਲੀਆ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਕਈ ਇਕਾਈਆਂ ਸਥਾਪਤ ਕੀਤੀਆਂ। ਪਰ ਸ਼੍ਰੋਮਣੀ ਅਕਾਲੀ ਦਲ ਦੀ ਉੱਪਰਲੀ ਲੀਡਰਸ਼ਿੱਪ, ਕੋਟਕਪੂਰਾ ਗੋਲੀ ਕਾਂਡ ਅਤੇ ਬਹਿਬਲ ਕਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਕਾਰਨ, ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਬਾਦਲਾਂ ਵਿਰੁੱਧ ਸਿੱਖਾਂ ਵਿੱਚ ਪੈਦਾ ਹੋਏ ਰੋਸ ਕਾਰਨ, ਉਹਨਾਂ ਦੇਸ਼ਾਂ ਵਿੱਚ ਆਪਣੇ ਪੈਰ ਨਹੀਂ ਜਮਾ ਸਕੀ। ਕਾਂਗਰਸੀ ਨੇਤਾਵਾਂ ਖਾਸ ਕਰਕੇ ਪੰਜਾਬੀ ਕਾਂਗਰਸੀ ਨੇਤਾਵਾਂ ਨੂੰ ਵੀ ਲਗਭਗ ਇਹੋ ਜਿਹੀ ਸਥਿਤੀ ਦਾ ਹੀ ਸਾਹਮਣਾ ਕਰਨਾ ਪਿਆ, ਜਿਸ ਦੇ ਉੱਚ ਨੇਤਾ ਸਮੇਤ ਮੁੱਖ ਮੰਤਰੀ ਅਮਰਿੰਦਰ ਸਿੰਘ ਪਰਵਾਸੀ ਪੰਜਾਬੀਆਂ ਦੇ ਕੋਲ ਨਾ ਪੁੱਜ ਸਕੇ ਅਤੇ ਨਾ ਹੀ ਉਹਨਾਂ ਦੀ ਹਮਾਇਤ ਪ੍ਰਾਪਤ ਕਰ ਸਕੇ।
ਅਕਾਲੀ ਅਤੇ ਕਾਂਗਰਸ ਦੇ ਪੰਜਾਬੀ ਆਗੂਆਂ ਨਾਲੋਂ ਆਮ ਆਦਮੀ ਪਾਰਟੀ ਦੇ ਆਗੂ ਵਿਦੇਸ਼ਾਂ ਵਿੱਚ ਵਧੇਰੇ ਸਰਗਰਮ ਹਨ। ਭਾਵੇਂ ਕਿ ਉਹਨਾਂ ਵਿੱਚੋਂ ਟੁੱਟਕੇ ਬਹੁਤ ਲੋਕ ਸੁਖਪਾਲ ਸਿੰਘ ਖਹਿਰਾ ਅਤੇ ਬੈਂਸ ਭਰਾਵਾਂ ਦੀਆਂ ਪਾਰਟੀਆਂ ਨਾਲ ਜਾ ਜੁੜੇ ਹਨ। ਖੱਖੜੀ ਖੱਖੜੀ ਹੋਈਆਂ ਇਹਨਾਂ ਧਿਰਾਂ ਨਾਲ ਵੀ ਪਰਵਾਸੀ ਪੰਜਾਬੀਆਂ ਦਾ ਹੁਣ ਬਹੁਤਾ ਤੇਹ-ਪਿਆਰ ਵੇਖਣ ਨੂੰ ਨਹੀਂ ਮਿਲ ਰਿਹਾ। ਕਦੇ ਕੇਜਰੀਵਾਲ, ਸੁੱਚਾ ਸਿੰਘ ਛੋਟੇਪੁਰ, ਭਗਵੰਤ ਮਾਨ ਜਿਹੇ ਨੇਤਾਵਾਂ ਨੂੰ ਪਰਵਾਸੀ ਹੱਥੀਂ ਛਾਵਾਂ ਕਰਦੇ ਸਨ, ਉਹਨਾਂ ਦੇ ਇੱਕ ਇਸ਼ਾਰੇ ਉੱਤੇ ਮਰ ਮਿਟਣ ਤੱਕ ਜਾਂਦੇ ਸਨ। ਹਜ਼ਾਰਾਂ, ਲੱਖਾਂ ਡਾਲਰ ਉਹਨਾਂ ਆਮ ਆਦਮੀ ਪਰਟੀ ਲਈ ਕੁਰਬਾਨ ਕਰ ਦਿੱਤੇ ਪਰ ਅੰਤ ਵਿੱਚ ਉਹਨਾਂ ਪੱਲੇ ਨਿਰਾਸ਼ਤਾ ਪਈ।
ਇਹੀ ਨਿਰਾਸ਼ਤਾ 2019 ਲੋਕ ਸਭਾ ਚੋਣਾਂ ਵਿੱਚ ਸਰਗਰਮੀ ਨਾਲ ਭਾਗ ਨਾ ਲੈਣ ਦਾ ਕਾਰਨ ਬਣੀ ਹੋਈ ਹੈ। ਹੁਣ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਵੀ ਕੁਝ ਪਰਵਾਸੀਆਂ ਨੂੰ ਆਸਾਂ ਸਨ ਕਿ ਇਹ ਸਰਕਾਰ ਉਹਨਾਂ ਦੀ ਜ਼ਮੀਨ ਜਾਇਦਾਦ ਦੀ ਰਾਖੀ ਲਈ ਵਿਸ਼ੇਸ਼ ਉਪਰਾਲੇ ਕਰੇਗੀ। ਉਹਨਾਂ ਨੂੰ ਬਣਦਾ ਸਰਦਾ ਸਤਿਕਾਰ ਦੇਵੇਗੀ ਪਰ ਕਾਂਗਰਸੀ ਸਰਕਾਰ ਵਲੋਂ ਪ੍ਰਵਾਸੀਆਂ ਦੀ ਐੱਨ.ਆਰ.ਆਈ. ਸਭਾ ਜਲੰਧਰ ਦੀ ਚੋਣ ਕਰਾਉਣ ਦਾ ਉਪਰਾਲਾ ਤਕ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਪਰਵਾਸੀ ਸੰਮੇਲਨ, ਜੋ ਹਰ ਵਰ੍ਹੇ ਕਰਾਏ ਜਾਂਦੇ ਸਨ ਅਤੇ ਜਿਸ ਦੀ ਸ਼ੁਰੂਆਤ ਕਾਂਗਰਸ ਰਾਜ ਵੇਲੇ ਕੀਤੀ ਗਈ ਸੀ, ਕਰਾਉਣ ਦਾ ਉੱਦਮ ਕੀਤਾ ਜਾ ਰਿਹਾ ਹੈ। ਜਿਹੜੇ ਕਾਨੂੰਨ ਪੰਜਾਬੀ ਪਰਵਾਸੀਆਂ ਲਈ ਬਣੇ ਹੋਏ ਹਨ, ਉਹ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਰਹੇ। ਸਿੱਟੇ ਵਜੋਂ ਪਰਵਾਸੀ ਪੰਜਾਬੀਆਂ ਦੀ ਸਿਆਸੀ ਲੋਕਾਂ, ਸਿਆਸੀ ਪਾਰਟੀਆਂ ਅਤੇ ਇੱਥੋਂ ਦੇ ਪ੍ਰਸ਼ਾਸਨਿਕ ਪ੍ਰਬੰਧ ਪ੍ਰਤੀ ਉਦਾਸੀਨਤਾ ਦਾ ਵਧਣਾ ਸੁਭਾਵਕ ਹੈ।
2019 ਦੀਆਂ ਲੋਕ ਸਭਾ ਚੋਣਾਂ ਵਿੱਚ ਧਰਮਾਂ, ਵਰਗਾਂ, ਜਾਤਾਂ, ਫਿਰਕਿਆਂ ਅਤੇ ਘੱਟ ਗਿਣਤੀ ਧੜਿਆਂ ਵਿੱਚ ਵੰਡ ਸਾਫ਼ ਦਿਖਾਈ ਦਿੰਦੀ ਹੈ। ਆਰਥਿਕ ਅਪਰਾਧੀ ਅਤੇ ਅਮੀਰ ਵੱਧ ਚੜ੍ਹਕੇ ਚੋਣਾਂ ਲੜ ਰਹੇ ਹਨ। ਕਾਲੇ ਧਨ ਦੀ ਵਰਤੋਂ ਸ਼ਰੇਆਮ ਹੋ ਰਹੀ ਹੈ। ਭ੍ਰਿਸ਼ਟ ਆਗੂਆਂ ਅਤੇ ਅਧਿਕਾਰੀਆਂ ਵਲੋਂ ਗੈਰ-ਸੰਵਿਧਾਨਿਕ ਅਤੇ ਗੈਰ-ਕਾਨੂੰਨੀ ਛੋਟਾਂ ਅਤੇ ਆਰਥਿਕ ਸਹੂਲਤਾਂ ਕਾਰਨ ਭਾਰਤ ਕਈ ਪੱਖੋਂ ਬਿਮਾਰ ਲੋਕ ਰਾਜ ਦਾ ਨਮੂਨਾ, ਝਲਕਾਰਾ ਅਤੇ ਪ੍ਰਭਾਵ ਦੇਣ ਲੱਗ ਪਿਆ ਹੈ। ਇਸੇ ਕਰਕੇ ਪਰਵਾਸੀ ਭਾਰਤੀ ਆਪਣੇ ਪਿਆਰੇ ਦੇਸ਼ ਵਿੱਚ ਕੁਝ ਸੁਧਾਰ ਲਈ ਤਤਪਰ ਦਿਸਦੇ ਸਨ।
ਲਗਭਗ ਡੇਢ ਸੌ ਸਾਲਾਂ ਤੋਂ ਭਾਰਤ ਤੋਂ ਬਾਹਰ ਵਸਦੇ ਅਤੇ ਵਿਚਰਦੇ ਪਰਵਾਸੀ ਅਤੇ ਵਿਦੇਸ਼ੀ ਭਾਰਤੀਆਂ ਦਾ ਇੱਕ ਵਿਸ਼ੇਸ਼ ਵਰਗ ਹੈ, ਜਿਸ ਵਿੱਚ ਵਧੇਰੇ ਮਿਹਨਤਕਸ਼ ਅਤੇ ਕਾਬਲ ਪੰਜਾਬੀਆਂ ਅਤੇ ਧੁਰ-ਪੂਰਬ ਤੇ ਅਫ਼ਰੀਕਾ ਮਹਾਂਦੀਪ ਵਿੱਚ ਵਸਦੇ ਅਤੇ ਵਪਾਰ ਕਰਦੇ ਗੁਜਰਾਤੀਆਂ ਦਾ ਹੈ, ਜੋ ਇਸ ਵੇਲੇ ਉੱਤਰੀ ਅਮਰੀਕਾ, ਯੂਰਪ, ਅਫ਼ਰੀਕਾ ਅਤੇ ਅਸਟਰੇਲੀਆ ਮਹਾਂਦੀਪਾਂ ਦੇ 49 ਦੇਸ਼ਾਂ ਵਿੱਚ ਘੁੱਗ ਵਸਦੇ ਅਤੇ 160 ਦੇਸ਼ਾਂ ਵਿੱਚ ਡੰਗ ਟਪਾਊ ਅਤੇ ਅਸਥਾਈ ਰੁਜ਼ਗਾਰ ਤੇ ਵਪਾਰ ਪੱਖੋਂ ਵਿਚਰਦੇ ਹਨ ਅਤੇ ਜਿਹੜੇ ਆਪਣੀਆਂ ਜੜ੍ਹਾਂ ਅਤੇ ਪਿਤਾ-ਪੁਰਖਾਂ ਦੇ ਪਿੰਡਾਂ, ਸ਼ਹਿਰਾਂ, ਕਸਬਿਆਂ ਅਤੇ ਧਾਰਮਿਕ ਅਸਥਾਨਾਂ ਨਾਲ ਜੁੜੇ ਹੋਏ ਹਨ।
ਪਰਵਾਸੀ ਪੰਜਾਬੀਆਂ ਨੇ ਪੰਜਾਬ ਦੇ ਵਿਕਾਸ ਵਿੱਚ ਹਿੱਸਾ ਪਾਉਣ ਦਾ ਯਤਨ ਕੀਤਾ। ਧਰਮ ਅਸਥਾਨ, ਹਸਪਤਾਲ, ਸੀਵਰੇਜ, ਸਟੇਡੀਅਮ ਆਦਿ ਦੀ ਉਸਾਰੀ ਕਰਾਈ। ਟੂਰਨਾਮੈਂਟ ਕਰਵਾਏ, ਖੇਡਾਂ ਨੂੰ ਉਤਸ਼ਾਹਿਤ ਕੀਤਾ ਪਰ ਉਹਨਾਂ ਦੀ ਵਿਸ਼ੇਸ਼ ਤਾਂਘ ਆਪਣੇ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਕਰਨਾ ਹੈ। ਉਹ ਆਪਣੇ ਪਿੰਡਾਂ ਸ਼ਹਿਰਾਂ ਵਿੱਚ ਉਸੇ ਕਿਸਮ ਦੀਆਂ ਸਹੂਲਤਾਂ, ਨਾਗਰਿਕ ਹੱਕ ਦਿਵਾਉਣ ਦੇ ਚਾਹਵਾਨ ਹਨ, ਜਿਹਨਾਂ ਨੂੰ ਉਹ ਆਪ ਹੰਢਾ ਰਹੇ ਹਨ। ਇਸੇ ਕਰਕੇ ਉਹ ਆਪਣੇ ਦੇਸ਼ ਵਿੱਚ ਸੁਚੱਜੀ ਸਰਕਾਰ ਦੇ ਚਾਹਵਾਨ ਰਹੇ ਹਨ।
ਪਰ ਕੁਰਸੀਆਂ ਹਥਿਆਉਣ ਲਈ ਹਰ ਹੀਲਾ ਵਰਤਣ ਵਾਲੇ ਨੇਤਾਵਾਂ ਨੇ ਪਿਛਲੇ ਸਮੇਂ ਵਿੱਚ ਪਰਵਾਸੀਆਂ ਦੇ ਸੁਫਨੇ ਚੂਰ-ਚੂਰ ਕੀਤੇ ਹਨ। ਸ਼ਾਇਦ ਇਸੇ ਕਰਕੇ ਪਰਵਾਸੀ ਖਾਸ ਕਰਕੇ ਕੈਨੇਡਾ, ਅਮਰੀਕਾ ਵਸਦੇ ਪਰਵਾਸੀ ਪੰਜਾਬੀ “ਗੰਧਲੀ ਭਾਰਤੀ ਸਿਆਸਤ” ਤੋਂ ਮੂੰਹ ਫੇਰ ਬੈਠੇ ਹਨ ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕੋਈ ਖਾਸ ਦਿਲਚਸਪੀ ਨਹੀਂ ਦਿਖਾ ਰਹੇ, ਜਿਵੇਂ ਕਹਿ ਰਹੇ ਹੋਣ ; ''ਬਾਅਜ਼ ਆਏ ਐਸੀ ਮੁਹੱਬਤ ਸੇ, ਉਠਾ ਲੇਂ ਪਾਨਦਾਨ ਅਪਨਾ।”