ਰਾਮ ਮੰਦਿਰ ਬਣਾਉਣ ਦਾ ਫੈਂਸਲਾ ਦੇਣ ਵਾਲੇ ਜੱਜ ਗੋਗੋਈ ਨੂੰ ਰਾਜ ਸਭਾ ਮੈਂਬਰੀ ਲਈ ਨਾਮਜ਼ਦ ਕੀਤਾ

ਰਾਮ ਮੰਦਿਰ ਬਣਾਉਣ ਦਾ ਫੈਂਸਲਾ ਦੇਣ ਵਾਲੇ ਜੱਜ ਗੋਗੋਈ ਨੂੰ ਰਾਜ ਸਭਾ ਮੈਂਬਰੀ ਲਈ ਨਾਮਜ਼ਦ ਕੀਤਾ
ਰੰਜਨ ਗੋਗੋਈ

ਨਵੀਂ ਦਿੱਲੀ: ਭਾਰਤ ਦੀ ਸੁਪਰੀਮ ਕੋਰਟ ਦੇ ਸਾਬਕਾ ਮੁੱਖ ਜੱਜ ਰੰਜਨ ਗੋਗੋਈ ਨੂੰ ਰਾਜ ਸਭਾ ਦੇ ਮੈਂਬਰ ਲਈ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਨਾਮਜ਼ਦ ਕੀਤਾ ਗਿਆ ਹੈ। ਰੰਜਨ ਗੋਗੋਈ ਰਾਜ ਸਭਾ ਮੈਂਬਰੀ ਲਈ ਰਾਸ਼ਟਰਪਤੀ ਵੱਲੋਂ ਨਾਮਜ਼ਦ ਹੋਣ ਵਾਲੇ ਪਹਿਲੇ ਮੁੱਖ ਜੱਜ ਹਨ। 

ਰੰਜਨ ਗੋਗੋਈ ਦੀ ਨਾਮਜ਼ਦਗੀ ਨੇ ਗੱਲਾਂ ਨੂੰ ਹਵਾ ਦਿੱਤੀ ਹੈ ਕਿ ਭਾਰਤ ਦੀ ਨਿਆਪਾਲਿਕਾ ਭਾਰਤੀ ਸਿਆਸਤਦਾਨਾਂ ਦੀ ਗੋਦੀ ਬਹਿ ਚੁੱਕੀ ਹੈ। ਦੱਸ ਦਈਏ ਕਿ ਰੰਜਨ ਗੋਗੋਈ ਦੇ ਮੁੱਖ ਜੱਜ ਰਹਿੰਦਿਆਂ ਹੀ ਬਾਬਰੀ ਮਸਜਿਦ ਵਾਲੀ ਥਾਂ ਰਾਮ ਮੰਦਿਰ ਨੂੰ ਦੇਣ ਦਾ ਵਿਵਾਦਤ ਫੈਂਸਲਾ ਕੀਤਾ ਗਿਆ ਸੀ। ਰਾਫੇਲ ਜਹਾਜਾਂ ਦੇ ਸੌਦੇ ਵਿਚ ਸਰਕਾਰ 'ਤੇ ਘਪਲੇ ਦੇ ਦੋਸ਼ਾਂ ਦੇ ਮਾਮਲੇ ਦੀ ਸਣਵਾਈ ਵਿਚ ਵੀ ਰੰਜਨ ਗੋਗੋਈ ਸ਼ਾਮਲ ਸੀ, ਤੇ ਫੈਂਸਲੇ ਵਿਚ ਸਰਕਾਰ ਨੂੰ ਦੋਸ਼ਾਂ ਤੋਂ ਬਿਲਕੁਲ ਮੁਕਤ ਕਰ ਦਿੱਤਾ ਗਿਆ ਸੀ। 

ਰੰਜਨ ਗੋਗੋਈ 'ਤੇ ਉਸ ਦੇ ਦਫਤਰ ਦੀ ਇਕ ਔਰਤ ਮੁਲਾਜ਼ਮ ਵੱਲੋਂ ਸ਼ਰੀਰਕ ਸੋਸ਼ਣ ਦਾ ਵੀ ਦੋਸ਼ ਲਾਇਆ ਗਿਆ ਸੀ, ਪਰ ਤਿੰਨ ਜੱਜਾਂ ਦੇ ਪੈਨਲ ਨੇ ਗੋਗੋਈ ਨੂੰ ਦੋਸ਼ ਮੁਕਤ ਐਲਾਨ ਦਿੱਤਾ ਸੀ। ਇਸ ਸੁਣਵਾਈ 'ਤੇ ਵੀ ਕਾਫੀ ਵਿਵਾਦ ਹੋਇਆ ਸੀ ਤੇ ਔਰਤ ਨੇ ਦੋਸ਼ ਲਾਇਆ ਸੀ ਕਿ ਉਸਦੇ ਪੱਖ ਨੂੰ ਨਹੀਂ ਗੋਰਿਆ ਗਿਆ।

ਗੋਗੋਈ ਤੋਂ ਪਹਿਲਾਂ ਨਿਆਪਾਲਿਕਾ ਦੇ ਉੱਚ ਅਹੁਦੇ ਤੋਂ ਰਾਜਨੀਤਕ ਅਹੁਦੇ ਤੱਕ ਪਹੁੰਚਣ ਦਾ ਸਫਰ ਸਾਬਕਾ ਮੁੱਖ ਜੱਜ ਰੰਗਾਨਾਥ ਮਿਸ਼ਰਾ ਨੇ ਤੈਅ ਕੀਤਾ ਸੀ। ਰੰਗਾਨਾਥ ਮਿਸ਼ਰਾ 1991 ਵਿਚ ਸੇਵਾਮੁਕਤ ਹੋਏ ਸਨ ਤੇ 1998 ਵਿਚ ਕਾਂਗਰਸ ਵੱਲੋਂ ਰਾਜ ਸਭਾ ਮੈਂਬਰ ਨਾਮਜ਼ਦ ਕੀਤੇ ਗਏ ਸਨ। ਰੰਗਾਨਾਥ ਮਿਸ਼ਰਾ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਦਿੱਤੀ ਗਈ ਨਵੰਬਰ 1984 ਸਿੱਖ ਕਤਲੇਆਮ ਦੀ ਜਾਂਚ ਵਿਚ ਉਹਨਾਂ ਕਾਂਗਰਸ ਦਾ ਪੱਖ ਪੂਰਿਆ ਸੀ, ਜਿਸ ਦੇ ਇਨਾਮ ਵਜੋਂ ਉਹਨਾਂ ਦੀ ਨਾਮਜ਼ਦਗੀ ਰਾਜ ਸਭਾ ਮੈਂਬਰ ਵਜੋਂ ਕੀਤੀ ਗਈ ਸੀ।