ਪੰਜਾਬ ਦੇ ਕਿਸਾਨ ਇਟਲੀ ਵਿੱਚ ਜੀਅ ਰਹੇ ਹਨ ਨਰਕ ਭਰੀ ਜ਼ਿੰਦਗੀ

ਪੰਜਾਬ ਦੇ ਕਿਸਾਨ ਇਟਲੀ ਵਿੱਚ ਜੀਅ ਰਹੇ ਹਨ ਨਰਕ ਭਰੀ ਜ਼ਿੰਦਗੀ
ਇੱਟਲੀ ਵਿੱਚ ਪੰਜਾਬੀ ਕਾਮੇ

ਰੋਮ: ਜ਼ਿਆਦਾਤਰ ਲੋਕ ਇਹੀ ਸੋਚ ਕੇ ਵਿਦੇਸ਼ ਜਾਂਦੇ ਹਨ ਕਿ ਉਥੇ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਪੂਰਾ ਮੁੱਲ ਮਿਲੇਗਾ ਪਰ ਇਟਲੀ ‘ਚ ਹਕੀਕਤ ਕੁਝ ਹੋਰ ਹੀ ਹੈ। ਇਟਾਲੀਅਨ ਮਾਫ਼ੀਆ ਉਥੇ ਵਿਦੇਸ਼ੀ ਕਾਮਿਆਂ ਦਾ ਸ਼ੋਸ਼ਣ ਕਰ ਰਿਹਾ ਹੈ। ਉਨ੍ਹਾਂ ਤੋਂ 14-14 ਘੰਟੇ ਕੰਮ ਕਰਵਾਇਆ ਜਾ ਰਿਹਾ ਹੈ। ਮਿਹਨਤਾਨੇ ਵਜੋਂ ਇਨ੍ਹਾਂ ਨੂੰ ਦਿਨ ਦੇ ਸਿਰਫ਼ ਦੋ ਜਾਂ ਤਿੰਨ ਯੂਰੋ ਦਿੱਤੇ ਜਾਂਦੇ ਹਨ। ਇਟਲੀ ਦੀ ਰਾਜਧਾਨੀ ਰੋਮ ਦੇ ਦੱਖਣੀ ਸ਼ਹਿਰਾਂ ‘ਚ ਲਗਭਗ 35 ਹਜ਼ਾਰ ਪੰਜਾਬੀ ਰਹਿੰਦੇ ਹਨ, ਜੋ ਕਿ ਖੇਤ ਮਜ਼ਦੂਰ ਹਨ।

ਕਈ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਟਲੀ ਆਉਣ ਲਈ ਬਿਚੌਲੀਏ ਨੂੰ 20 ਹਜ਼ਾਰ ਡਾਲਰ ਤਕ ਦਾ ਭੁਗਤਾਨ ਕਰਨਾ ਪਿਆ ਹੈ। ਉੱਚੀ ਰਸੂਖ ਵਾਲੇ ਲੋਕਾਂ ਵੱਲੋਂ ਸ਼ੋਸ਼ਣ ਦਾ ਧੰਦਾ ਚਲਾਇਆ ਜਾ ਰਿਹਾ ਹੈ। ਇਨ੍ਹਾਂ ਲੋਕਾਂ ਨੇ ਆਪਣੇ ਹੇਠ ਦਲਾਲ ਰੱਖੇ ਹੋਏ ਹਨ, ਜੋ ਖੇਤਾਂ ‘ਚ ਉਨ੍ਹਾਂ ਕੋਲੋਂ ਜ਼ਬਰੀ ਕੰਮ ਕਰਵਾ ਰਹੇ ਹਨ। ਇਨ੍ਹਾਂ ਦਲਾਲਾਂ ਵੱਲੋਂ ਖੇਤ ਮਜ਼ਦੂਰਾਂ ਨਾਲ ਮਾਰਕੁੱਟ ਵੀ ਕੀਤੀ ਜਾਂਦੀ ਹੈ। ਇਥੇ ਜ਼ਿਆਦਾਤਰ ਟਮਾਟਰ, ਤੋਰੀ, ਲੀਚੀ ਅਤੇ ਹੋਰ ਹਰੀਆਂ ਸਬਜ਼ੀਆਂ ਦੀ ਖੇਤੀ ਹੁੰਦੀ ਹੈ।


ਇੱਟਲੀ ਵਿੱਚ ਪੰਜਾਬੀ ਕਾਮੇ

ਪੰਜਾਬ ਦੇ ਸਿੱਖ ਕਿਸਾਨ ਰਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਵਿਦੇਸ਼ ਜਾਣ ਦਾ ਫ਼ੈਸਲਾ ਕੀਤਾ, ਉਸ ਸਮੇਂ ਉਸ ਨੂੰ ਚੇਤਾ ਵੀ ਨਹੀਂ ਸੀ ਕਿ ਉਹ ਆਪਣੀ ਨਰਕ ਭਰੀ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ, ਜਿਹੜੀ ਕਿ 6 ਮਹੀਨੇ ਦੀ ਯਾਤਰਾ ਤੋਂ ਬਾਅਦ ਇਟਲੀ ਪਹੁੰਚ ਕੇ ਸ਼ੁਰੂ ਹੋਣੀ ਸੀ। ਭਾਰਤ ਤੋਂ ਉਹ ਰਫਿਊਜੀਆਂ ਦੀ ਭੀੜ ‘ਚ ਰੇਲ ਰਾਹੀਂ ਰੂਸ, ਜਰਮਨੀ ਅਤੇ ਫ਼ਰਾਂਸ ਪਾਰ ਕਰ ਗਿਆ।6 ਮਹੀਨੇ ਇੱਧਰ-ਉਧਰ ਭਟਕਣ ਤੋਂ ਬਾਅਦ ਜਦੋਂ ਆਖਰ ਵਿਚ ਉਹ ਇਟਲੀ ਪਹੁੰਚਿਆ ਤਾਂ ਉਸ ਨੇ ਆਪਣੇ ਆਪ ਨੂੰ ਦੂਜੇ ਨਰਕ ‘ਚ ਪਾਇਆ, ਜਿੱਥੇ ਹੁਣ ਉਹ ਅਣਮਨੁੱਖੀ ਹਾਲਾਤ ਵਿਚ ਜ਼ਿੰਦਗੀ ਬਸਰ ਕਰ ਰਿਹਾ ਹੈ ਅਤੇ ਸਥਾਨਕ ਤਾਕਤਵਰ ਮਾਫੀਆ ਨਾਲ ਸਬੰਧਤ ਜ਼ਾਲਮ ਸਰਮਾਏਦਾਰਾਂ ਵੱਲੋਂ ਉਸ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇੱਥੇ ਉਹ ਖੇਤਾਂ ਵਿਚ ਦਿਨ ਦੇ ਸਿਰਫ਼ ਦੋ ਯੂਰੋ ਮਜ਼ਦੂਰੀ ‘ਤੇ ਕੰਮ ਕਰਦਾ ਹੈ। ਬਿਨ੍ਹਾਂ ਲੰਚ ਟਾਈਮ ਤਪਦੀ ਧੁੱਪ ਵਿਚ ਗੋਡਿਆਂ ਦੇ ਭਾਰ ਬੈਠਾ ਉਹ ਹੱਡਭੰਨਵੀਂ ਮਿਹਨਤ ਕਰਦਾ ਹੈ। 

ਕਿਸਾਨ ਨੇ ਭਰੇ ਮਨ ਨਾਲ ਦੱਸਿਆ, “ਮੈਂ ਇਟਲੀ ਪਹੁੰਚਣ ਲਈ ਵੱਡੀ ਰਕਮ ਅਦਾ ਕੀਤੀ ਸੀ। ਮੈਂ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਮੈਨੂੰ ਇਹੋ ਜਿਹੇ ਹਾਲਾਤ ਵਿੱਚੋਂ ਗੁਜ਼ਰਨਾ ਪਵੇਗਾ। ਮੇਰੇ ਮਾਲਕ ਨੇ ਮੈਨੂੰ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਹੈ। ਪਰ ਮੇਰੇ ਕੋਲ ਦਿਨ ਵਿਚ 12 ਘੰਟੇ ਲਗਾਤਾਰ ਕੰਮ ਕਰਨ ਤੋਂ ਬਿਨ੍ਹਾਂ ਕੋਈ ਦੂਜਾ ਰਾਹ ਨਹੀਂ ਹੈ, ਕਿਉਂਕਿ ਇਹੀ ਇੱਕੋ ਇੱਕ ਰਾਹ ਹੈ, ਜਿਸ ਰਾਹੀਂ ਮੈਨੂੰ ਭੁੱਖ ਮਹਿਸੂਸ ਨਹੀਂ ਹੁੰਦੀ। 

ਕਿਸਾਨ ਗੁਰਮੁਖ ਸਿੰਘ ਨੇ ਦੱਸਿਆ ਕਿ ਜਦੋਂ ਉਹ ਇਟਲੀ ਆਇਆ ਸੀ ਤਾਂ 14 ਸਾਲ ਤਕ ਉਸ ਨੇ ਖੇਤ ਮਜ਼ਦੂਰ ਵਜੋਂ ਕੰਮ ਕੀਤਾ। ਉਸ ਨੇ ਹੁਣ ਆਪਣੀ ਛੋਟੀ ਜਿਹੀ ਦੁਕਾਨ ਖੋਲ੍ਹ ਲਈ ਹੈ। ਮੈਂ ਦੁਕਾਨ ਚਲਾਉਣ ਦੇ ਨਾਲ-ਨਾਲ ਗੈਰ-ਰਸਮੀ ਕਮਿਊਨਿਟੀ ਸੈਂਟਰ ਲਈ ਵੀ ਕੰਮ ਕਰਦਾ ਹਾਂ। ਇਸ ਰਾਹੀਂ ਸ਼ੋਸ਼ਣ ਦਾ ਸ਼ਿਕਾਰ ਸਿੱਖਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਨ੍ਹਾਂ ਨੇ ਆਪਣੇ ਮਾਲਕ ਨਾਲ ਕਿਵੇਂ ਨਜਿੱਠਣਾ ਹੈ, ਜੋ ਉਨ੍ਹਾਂ ਨੂੰ ਵਰਕ ਪਰਮਿਟ ਦੀ ਧਮਕੀ ਦਿੰਦਾ ਹੈ ਜਾਂ ਤਨਖ਼ਾਹ ਦੇਣ ‘ਚ ਆਨਾਕਾਨੀ ਕਰਦਾ ਹੈ। ਗੁਰਮੁਖ ਸਿੰਘ ਨੇ ਦੱਸਿਆ, “ਮੈਂ 17 ਸਾਲ ਦੀ ਉਮਰ ‘ਚ ਇਟਲੀ ਆਇਆ ਸੀ। ਉਦੋਂ ਖੇਤਾਂ ‘ਚ ਮੇਰੇ ਕੋਲੋਂ ਡੰਗਰਾਂ ਵਾਂਗ ਕੰਮ ਕਰਵਾਇਆ ਜਾਂਦਾ ਸੀ ਅਤੇ ਜਦੋਂ ਮੈਂ ਸੌਣ ਜਾਂਦਾ ਸੀ ਤਾਂ ਮੇਰੀਆਂ ਦੋਵੇਂ ਲੱਤਾਂ ਬੰਨ੍ਹ ਦਿੱਤੀਆਂ ਜਾਂਦੀਆਂ ਸਨ ਤਾਂ ਕਿ ਮੈਂ ਉੱਥੋਂ ਭੱਜ ਨਾ ਸਕਾਂ। ਗੁਰਮੁਖ ਸਿੰਘ ਨੇ ਦੱਸਿਆ ਕਿ ਇੱਥੇ ਜ਼ਿਆਦਾਤਰ ਖੇਤ ਮਜ਼ਦੂਰ ਅਫ਼ੀਮ, ਹੈਰੋਇਨ ਅਤੇ ਹੋਰ ਨਸ਼ੇ ਆਦਿ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ ਤਾਂ ਕਿ ਨਸ਼ਾ ਕਰ ਕੇ ਉਹ ਖੇਤਾਂ ‘ਚ ਕਈ ਘੰਟੇ ਕੰਮ ਕਰ ਸਕਣ।

ਸਵੇਰੇ ਕੰਮ ‘ਤੇ ਆਉਣ ਤੋਂ ਪਹਿਲਾਂ ਕਈ ਖੇਤ ਮਜ਼ਦੂਰ ਚਾਹ ‘ਚ ਅਫ਼ੀਮ ਪਾ ਕੇ ਪੀਂਦੇ ਹਨ। ਬੀਤੇ ਸਾਲ 1500 ਸਿੱਖਾਂ ਨੇ ਇਸ ਮਾਫ਼ੀਏ ਵਿਰੁੱਧ ਪ੍ਰਦਰਸ਼ਨ ਵੀ ਕੀਤਾ ਸੀ। ਉਸ ਨੇ ਮੰਗ ਕੀਤੀ ਕਿ ਇਟਲੀ ਸਰਕਾਰ ਇਸ ਤਸ਼ੱਦਦ ਵੱਲ ਸਖ਼ਤ ਕਦਮ ਚੁੱਕੇ ਤਾ ਕਿ ਖੇਤ ਮਜ਼ਦੂਰਾਂ ਦੀ ਨਰਕ ਭਰੀ ਜ਼ਿੰਦਗੀ ‘ਚ ਸੁਧਾਰ ਲਿਆਂਦਾ ਜਾ ਸਕੇ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ