ਸ਼੍ਰੀ ਲੰਕਾ ਬੰਬ ਧਮਾਕੇ - 'ਅੱਤਵਾਦ' ਮੁਸਲਿਮ ਜਾਂ ਬੋਧੀ

ਸ਼੍ਰੀ ਲੰਕਾ ਬੰਬ ਧਮਾਕੇ - 'ਅੱਤਵਾਦ' ਮੁਸਲਿਮ ਜਾਂ ਬੋਧੀ
ਫਾਈਲ ਫੋਟੋ

ਈਸਟਰ ਮੌਕੇ ਸ਼੍ਰੀ ਲੰਕਾ ਵਿਚ ਹੋਏ ਭਿਆਨਕ ਬੰਬ ਧਮਾਕਿਆਂ ਦਾ ਦੋਸ਼ ਸਰਕਾਰ ਅਤੇ ਮੀਡੀਏ ਵੱਲੋਂ ਸੁੱਤੇ ਸਿੱਧ ਹੀ ਮੁਸਲਮਾਨ ਜਥੇਬੰਦੀਆਂ ਉਪਰ ਮੜ ਦਿੱਤਾ ਗਿਆ, ਰਹਿੰਦੀ ਖੂੰਹਦੀ ਕਸਰ ਸੁਰਖੀਆਂ ਚ ਰਹਿਣ ਲਈ ਬੇਤਾਬ ਅੱਤਵਾਦੀ ਸੰਗਠਨ ISIS ਨੇ ਇਸ ਦੀ ਜਿੰਮੇਵਾਰੀ ਲੈ ਕੇ ਕੱਢ ਦਿੱਤੀ। ਪੱਛਮ ਸਮੇਤ ਭਾਰਤੀ ਮੀਡੀਆ ਨੇ ਇਸ ਹਮਲੇ ਨੂੰ ਨਿਊਜ਼ੀਲੈਂਡ ਵਿੱਚ ਮੁਸਲਮਾਨਾਂ ਉਪਰ ਹੋਏ ਹਮਲੇ ਦੇ ਬਦਲੇ ਵਜੋਂ ਪ੍ਰਚਾਰਿਆ। ਸ਼੍ਰੀ ਲੰਕਾ ਦੀਆਂ ਸੁਰੱਖਿਆ ਏਜੰਸੀਆਂ ਵੱਲੋਂ ਮੁਸਲਿਮ ਇਲਾਕੇ ਵਿੱਚ ਕੀਤੀਆਂ ਰੇਡਾਂ ਵਿਚ 6 ਬੱਚੇ ਤੇ 3 ਔਰਤਾਂ ਸਮੇਤ 15 ਮੁਸਲਮਾਨ ਮਾਰੇ ਗਏ। ਇਸ ਹਮਲੇ ਦੀ ਆੜ ਹੇਠ ਸਰਕਾਰ ਵੱਲੋਂ ਸ਼੍ਰੀ ਲੰਕਾ ਵਿਚ ਮੁਸਲਿਮ ਔਰਤਾਂ ਉਪਰ ਬੁਰਕਾ ਪਹਿਨਣ ਦੀ ਪਾਬੰਦੀ ਲਗਾ ਦਿੱਤੀ ਗਈ ਹੈ। 

ਸ਼੍ਰੀ ਲੰਕਾ ਦੀ ਆਬਾਦੀ ਦਾ 70 ਫੀਸਦੀ ਹਿੱਸਾ ਬੋਧੀ ਹੈ। ਮੁਸਲਿਮ ਅਤੇ ਇਸਾਈ ਭਾਈਚਾਰੇ ਦੀ ਗਿਣਤੀ 10-10 ਫੀਸਦੀ ਤੋਂ ਘੱਟ ਹੈ। ਅਜਿਹੇ ਵਿੱਚ ਇਹਨਾਂ ਦੋਹਾਂ ਧਿਰਾਂ ਦਰਮਿਆਨ ਤਾਕਤ ਹਥਿਆਉਣ ਨੂੰ ਲੈ ਕੇ ਕੋਈ ਖਿੱਚੋਤਾਣ ਨਹੀਂ ਹੈ। ਫਿਰ ਅਜਿਹੇ ਹਮਲੇ ਦਾ ਕੋਈ ਤੁੱਕ ਨਹੀਂ ਬਣਦਾ।ਇਕੋ ਸਮੇ ਏਨੇ ਸੰਗਠਤ ਰੂਪ ਵਿੱਚ ਏਨੇ ਜਬਰਦਸਤ ਧਮਾਕੇ ਵੀ ਕਈ ਸ਼ੰਕੇ ਖੜ੍ਹੇ ਕਰਦੇ ਹਨ, ਤੇ ਉਸ ਉਪਰੰਤ ਮੁਸਲਿਮ ਆਬਾਦੀ ਉਪਰ ਛਾਪੇਮਾਰੀ ਤੇ ਤਸ਼ੱਦਦ ਦੇਖ ਕੇ ਲੱਗਦਾ ਹੈ ਕਿ ਸ਼੍ਰੀ ਲੰਕਾ ਵੀ ਮਿਆਂਮਾਰ ਦੀ ਤਰਜ 'ਤੇ 'ਜਾਲਮ' ਬੋਧੀ ਸਟੇਟ ਬਣਨ ਦੇ ਰਾਹ ਤੇ ਹੈ।

ਇਸ ਤੋਂ ਪਹਿਲਾਂ ਏਸੇ ਹਕੂਮਤ ਵਲੋਂ ਘੱਟ ਗਿਣਤੀ ਤਾਮਿਲ ਹਿੰਦੂ ਮਾਰ ਖਪਾਏ ਗਏ। ਹੁਣ ਵਾਰੀ ਮੁਸਲਿਮ ਭਾਈਚਾਰੇ ਦੀ ਲਗਦੀ ਹੈ। ਦੱਖਣ ਏਸ਼ੀਆ ਦੇ ਇਸ ਖਿੱਤੇ ਦੇ ਵੱਖ ਵੱਖ ਦੇਸ਼ਾਂ ਵਿੱਚ ਬਹੁ ਗਿਣਤੀ ਵਲੋਂ ਸੱਤਾ ਹਥਿਆਉਣ ਉਪਰੰਤ ਘੱਟ ਗਿਣਤੀਆਂ ਉਪਰ ਕੀਤੇ ਜਾਂਦੇ ਤਸ਼ੱਦਦ ਦਾ ਢੰਗ ਤਰੀਕਾ ਕਾਫੀ ਮਿਲਦਾ ਜੁਲਦਾ ਹੈ। ਅਜਿਹੇ ਵਿੱਚ ਸੱਤਾ ਹੀਣ ਘੱਟ ਗਿਣਤੀਆਂ ਲਈ ਵੇਲਾ ਵਿਚਾਰਣ ਦੀ ਘੜੀ ਹੈ, ਭਾਵੇਂ ਉਹ ਘੱਟ ਗਿਣਤੀਆਂ ਪਾਕਿਸਤਾਨ, ਹਿੰਦੁਸਤਾਨ, ਮਿਆਂਮਾਰ ਜਾਂ ਸ਼੍ਰੀ ਲੰਕਾ ਆਦਿ ਕਿਸੇ ਵੀ ਦੇਸ਼ ਵਿੱਚ ਹੋਣ।

ਜੁਝਾਰ ਸਿੰਘ

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ