ਪੁਲਿਸ ਦੇ ਟਾਊਟ ਨੇ ਭਰਤੀ ਦੇ ਨਾਂ 'ਤੇ ਮਾਰੀ ਲੱਖਾਂ ਦੀ ਠੱਗੀ; ਸੁਰੱਖਿਆ ਲਈ ਮਿਲੀ ਹੋਈ ਸੀ ਔਰਤ ਸਿਪਾਹੀ

ਪੁਲਿਸ ਦੇ ਟਾਊਟ ਨੇ ਭਰਤੀ ਦੇ ਨਾਂ 'ਤੇ ਮਾਰੀ ਲੱਖਾਂ ਦੀ ਠੱਗੀ; ਸੁਰੱਖਿਆ ਲਈ ਮਿਲੀ ਹੋਈ ਸੀ ਔਰਤ ਸਿਪਾਹੀ
ਦੋਸ਼ੀ ਹਰਿੰਦਰ ਬੱਬੂ ਉਰਫ 12 ਬੋਰ

ਪਟਿਆਲਾ: ਪੁਲਿਸ ਵਿੱਚ ਭਰਤੀ ਕਰਾਉਣ ਦੇ ਨਾਂ 'ਤੇ ਲੋਕਾਂ ਨਾਲ ਠੱਗੀਆਂ ਮਾਰਨ ਦੇ ਮਾਮਲੇ 'ਚ ਪੁਲਿਸ ਦੇ ਟਾਊਟ 'ਹਰਿੰਦਰ ਸਿੰਘ ਬੱਬੂ' ਉਰਫ 12 ਬੋਰ ਦਾ ਨਾਂ ਸਾਹਮਣੇ ਆਇਆ ਹੈ। ਇੱਕ ਦਿਨ ਪਹਿਲਾਂ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਇਹਨਾਂ ਮਾਮਲਿਆਂ ਦੀ ਜਾਂਚ ਲਈ ਖਾਸ ਜਾਂਚ ਟੀਮ (ਸਿੱਟ) ਬਣਾਈ ਸੀ ਜਿਸ ਦੇ ਜ਼ਿੰਮੇ ਬੱਬੂ ਦੇ ਪੁਲਿਸ ਮਹਿਕਮੇ 'ਚ ਸਬੰਧਾਂ ਦੀ ਜਾਂਚ ਕਰਨ ਦਾ ਕੰਮ ਲਾਇਆ ਗਿਆ ਹੈ ਜਿਹਨਾਂ ਦੀ ਮਦਦ ਨਾਲ ਉਹ ਆਪਣਾ ਇਹ ਧੰਦਾ ਚਲਾ ਰਿਹਾ ਸੀ। 

ਹੁਣ ਤੱਕ ਬੱਬੂ ਵੱਲੋਂ ਠੱਗੀਆਂ ਮਾਰਨ ਦੇ 12 ਮਾਮਲੇ ਸਾਹਮਣੇ ਆ ਚੁੱਕੇ ਹਨ, ਤੇ ਉਸਦੇ ਕੰਮ ਕਰਨ ਦੇ ਢੰਗ ਤੋਂ ਸਾਫ ਇਸ਼ਾਰੇ ਮਿਲਦੇ ਹਨ ਕਿ ਉਹ ਪੁਲਿਸ ਮਹਿਕਮੇ ਵਿੱਚ ਉੱਚੀ ਪਹੁੰਚ ਨਾਲ ਹੀ ਇਹ ਕੰਮ ਕਰ ਰਿਹਾ ਸੀ। 

ਪ੍ਰਾਪਤ ਜਾਣਕਾਰੀ ਮੁਤਾਬਿਕ ਬੱਬੂ ਲੋਕਾਂ ਨੂੰ ਪੁਲਿਸ ਵਿੱਚ ਭਰਤੀ ਦੇ ਨਕਲੀ ਕਾਗਜ਼ ਬਣਾ ਕੇ ਦਿੰਦਾ ਸੀ ਜਿਹੜੇ ਪੰਜਾਬ ਦੇ ਗ੍ਰਹਿ ਮਹਿਕਮੇ ਦੇ ਨਾਂ ਹੇਠ ਹੁੰਦੇ ਸੀ ਤੇ ਉਹਨਾਂ 'ਤੇ ਪੰਜਾਬ ਦੇ ਡੀਜੀਪੀ ਦੀ ਤਸਵੀਰ ਵੀ ਲੱਗੀ ਹੁੰਦੀ ਸੀ।

ਦੱਸ ਦਈਏ ਕਿ ਬੱਬੂ ਉਸ ਵੇਲੇ ਵੀ ਚਰਚਾ 'ਚ ਆਇਆ ਸੀ ਜਦੋਂ ਖੰਨਾ ਪੁਲਿਸ ਦੀ ਟੀਮ ਵੱਲੋਂ ਜਲੰਧਰ 'ਚ ਪਾਦਰੀ ਐਂਥਨੀ ਦੇ ਘਰ ਛਾਪਾ ਮਾਰਿਆ ਗਿਆ ਸੀ ਤੇ 6.66 ਕਰੋੜ ਰੁਪਏ ਦੇ ਗਬਨ ਦਾ ਮਾਮਲਾ ਸਾਹਮਣੇ ਆਇਆ ਸੀ। ਖਬਰਾਂ ਮੁਤਾਬਿਕ ਬੱਬੂ ਖੰਨਾ ਦੇ ਸੀਆਈਏ ਸਟਾਫ ਲਗਾਤਾਰ ਆਉਂਦਾ ਜਾਂਦਾ ਰਹਿੰਦਾ ਸੀ ਅਤੇ ਪੁਲਿਸ ਵੱਲੋਂ ਮਾਰੇ ਜਾਂਦੇ ਛਾਪਿਆਂ 'ਚ ਵੀ ਨਾਲ ਹੀ ਹੁੰਦਾ ਸੀ।  

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਬੱਬੂ ਨੂੰ ਇੱਕ ਗਲੌਕ ਪਿਸਤੌਲ ਵੀ ਦਿੱਤੀ ਗਈ ਸੀ, ਜਿਹੜੀ ਕਿ ਜਲੰਧਰ ਵਾਲੇ ਛਾਪੇ ਦੀ ਘਟਨਾ ਬਾਅਦ ਉਸ ਤੋਂ ਵਾਪਸ ਲੈ ਲਈ ਗਈ। ਪਰ ਬੱਬੂ ਨੂੰ ਨਾ ਕਦੇ ਪੁੱਛ ਪੜਤਾਲ ਲਈ ਬੁਲਾਇਆ ਗਿਆ ਤੇ ਨਾ ਹੀ ਕਦੇ ਉਸਨੂੰ ਗ੍ਰਿਫਤਾਰ ਕੀਤਾ ਗਿਆ। ਹੋਰ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਬੱਬੂ ਦੀ ਸੁਰੱਖਿਆ ਲਈ ਪੁਲਿਸ ਨੇ ਇੱਕ ਔਰਤ ਸਿਪਾਹੀ ਤੈਨਾਤ ਕੀਤੀ ਹੋਈ ਸੀ।

ਬੱਬੂ ਪੁਲਿਸ ਦਾ ਟਾਊਟ ਸੀ ਜੋ ਪੁਲਿਸ ਨੂੰ ਗੈਂਗਸਟਰਾਂ ਬਾਰੇ ਜਾਣਕਾਰੀ ਦਿੰਦਾ ਸੀ ਅਤੇ ਉਸਦੇ ਕਈ ਉੱਚ ਅਫਸਰਾਂ ਨਾਲ ਸਬੰਧ ਦੱਸੇ ਜਾ ਰਹੇ ਹਨ। 

ਹੁਣ ਤੱਕ ਤਕਰੀਬਨ 50 ਲੱਖ ਦੀਆਂ ਠੱਗੀਆਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਹਨਾਂ ਵਿੱਚ ਉਸਨੇ ਕਈ ਪੁਲਿਸ ਮੁਲਾਜ਼ਮਾਂ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।