ਨਾ ਫ਼ਾਸੀਵਾਦ ਨਾ ਉਦਾਰਵਾਦ (ਲਿਬਰਲਿਜ਼ਮ): ਸਮਾਜਵਾਦ (ਅੰਤੋਨੀਓ ਗ੍ਰਾਮਸ਼ੀ)

ਨਾ ਫ਼ਾਸੀਵਾਦ ਨਾ ਉਦਾਰਵਾਦ (ਲਿਬਰਲਿਜ਼ਮ): ਸਮਾਜਵਾਦ (ਅੰਤੋਨੀਓ ਗ੍ਰਾਮਸ਼ੀ)
ਅੰਤੋਨੀਓ ਗ੍ਰਾਮਸ਼ੀ

(7 ਅਕਤੂਬਰ 1924 ਨੂੰ 'ਲ ਯੂਨੀਟਾ' ਵਿੱਚ ਛਪੇ ਐਨਤੋਨੀਓ ਗ੍ਰਾਮਸ਼ੀ ਦੇ ਲੇਖ ਦਾ ਪੰਜਾਬੀ ਤਰਜ਼ਮਾ)

*ਅੰਤੋਨੀਓ ਗ੍ਰਾਮਸ਼ੀ  

ਫਾਸੀਵਾਦ ਨੂੰ ਖਤਮ ਕਰਨ ਲਈ ਇਸ ਦੇ ਵਿਰੋਧ ਵਿੱਚ ਉੱਤਰੇ ਲੋਕਾਂ ਦਾ ਸਿਆਸੀ ਸੰਕਟ ਆਪਣੇ ਆਪਣੇ ਕਾਰਨਾਂ ਕਰਕੇ ਦੋਇਮ ਦਰਜੇ ਤੇ ਉੱਤਰਦਾ ਜਿਹਾ ਲੱਗ ਰਿਹਾ ਹੈ। ਇਸਦੀ ਵੱਖਰੀ ਸਮਾਜਿਕ ਰਚਨਾ, ਇਸ ਦੀ ਝਿਜਕ ਅਤੇ ਫਾਸੀਵਾਦ ਵਿਰੋਧ ਅਸਲ ਲੋਕ ਸੰਘਰਸ਼ਾਂ ਤੋਂ ਬਚਣ ਦੀ ਇਸ ਦੀ ਚਾਹਨਾ ਕਰਕੇ ਇਸਦੀਆਂ ਕਾਰਵਾਈਆਂ ਨੂੰ ਅਖਬਾਰੀ, ਸੰਵਿਧਾਨਕ ਅਤੇ ਸੰਸਦੀ ਸਾਜਸ਼ਾਂ ਤੱਕ ਸੀਮਿਤ ਕੀਤਾ ਜਾ ਰਿਹਾ ਹੈ। ਜੋ ਫਾਸੀਵਾਦੀ ਪਾਰਟੀ ਦੀ ਹਥਿਆਰਬੰਦ ਤਾਕਤ ਖਿਲਾਫ ਬੇਮਤਲਬ ਹੈ।

ਫਾਸੀਵਾਦ ਦੇ ਵਿਰੋਧ ਵਿੱਚ ਖੜੇ ਅੰਦੋਲਨ ਵਿੱਚ ਸਭ ਤੋਂ ਖਾਸ ਹਿੱਸਾ ਉਦਾਰਵਾਦੀ (ਲਿਬਰਲ) ਪਾਰਟੀ ਵੱਲ ਚਲਾ ਗਿਆ ਕਿਉਂਕਿ ਵਿਰੋਧੀ ਸਮੂਹਾਂ ਕੋਲ ਫਾਸੀਵਾਦ ਦੇ ਖਿਲਾਫ ਪੁਰਾਣੇ ਲਿਬਰਲ ਪ੍ਰੋਗਰਾਮ ਸੰਸਦੀ ਬੁਰਜੂਆ ਲੋਕਤੰਤਰ ਯਾਨਿ ਸੰਵਿਧਾਨ, ਕਾਨੂੰਨ ਅਤੇ ਲੋਕਤੰਤਰ ਦੀ ਵਾਪਸੀ ਤੋਂ ਬਿਨ੍ਹਾਂ ਹੋਰ ਕੋਈ ਪ੍ਰੋਗਰਾਮ ਹੈ ਹੀ ਨਹੀਂ। ਲਿਬਰਲ ਪਾਰਟੀ ਦੀ ਫਾਸੀਵਾਦ ਦੀ ਸਫਲਤਾ ਦੀ ਚਿੰਤਾ ਵਿੱਚ ਹੋਈ ਬਹਿਸ ਮੁਤਾਬਿਕ ਉਹਨਾਂ ਨੇ ਇਹ ਬਦਲ ਪੇਸ਼ ਕੀਤੇ ਹਨ ਕਿ; ਯਾ ਤਾਂ ਫਾਸੀਵਾਦ ਜਾਂ ਉਦਾਰਵਾਦ; ਜਾਂ ਮੁਸੋਲਿਨੀ ਦੀ ਖੂਨੀ ਤਾਨਾਸ਼ਾਹੀ ਜਾਂ ਜਾਂਦ੍ਰੀ, ਜੀਓਲਿਤੀ, ਅਮੇਂਦੋਲਾ, ਤੁਰਾਤੀ, ਡੋਨ ਸਤੁਜੋ ਜਾਂ ਵੇਲਾ ਦੀ ਸਰਕਾਰ ਜੋ ਇਟਲੀ ਦੇ ਚੰਗੇ ਪੁਰਾਣੇ ਲੋਕਤੰਤਰ ਨੂੰ ਸਥਾਪਿਤ ਕਰਨ ਵੱਲ ਵਧੇਗੀ ਅਤੇ ਜਿੰਨ੍ਹਾਂ ਦੇ ਨਕਾਬ ਪਿੱਛੇ ਸਰਮਾਏਦਾਰ ਆਪਣੀ ਲੁੱਟ ਦੀ ਸੱਤਾ ਨੂੰ ਚਲਾਉਣ ਵਿੱਚ ਲੱਗੇ ਰਹਿਣਗੇ।

ਮਜ਼ਦੂਰ, ਕਿਸਾਨਾਂ ਨੇ ਵਰ੍ਹਿਆਂ ਤੋਂ ਫਾਸੀਵਾਦ ਨੂੰ ਨਫ਼ਰਤ ਕੀਤੀ, ਜੋ ਮੰਨਦਾ ਸੀ ਕਿ ਮਜ਼ਦੂਰਾਂ, ਕਿਸਾਨਾਂ ਨੂੰ ਲੁੱਟਣਾ ਜ਼ਰੂਰੀ ਹੈ, ਇਹਨਾਂ ਨੂੰ ਦਬਾਉਣ ਲਈ ਫਾਸੀਵਾਦ ਨੇ ਲਿਬਰਲ ਸਰਮਾਏਦਾਰੀ ਨਾਲ ਗਠਜੋੜ ਕੀਤਾ ਤੇ ਉਹਨਾਂ ਸਭ ਨੇ ਫਾਸੀਵਾਦ ਦਾ ਸਮਰਥਨ ਕੀਤਾ ਜੋ ਬੀਤੇ ਸਮੇਂ ਸੱਤਾ ਵਿੱਚ ਸਨ, ਫਾਸੀਵਾਦੀਆਂ ਨੂੰ ਮਜ਼ਦੂਰਾਂ, ਕਿਸਾਨਾਂ ਨੂੰ ਕੁੱਟਣ ਲਈ ਹਥਿਆਰ ਅਤੇ ਹਮਾਇਤ ਦਿੱਤੀ, ਅਤੇ ਜਿਹੜੇ ਪਿਛਲੇ ਸਮਿਆਂ ਤੋਂ ਫਾਸੀਵਾਦ ਨਾਲ ਮਿਲ ਜੁਲ ਕੇ ਚੱਲੇ , ਉਹਨਾਂ ਦੇ ਕੁਕਰਮਾਂ ਵਿੱਚ ਹਿੱਸੇਦਾਰੀ ਕੀਤੀ ਉਹੋ ਹੁਣ ਫਾਸੀਵਾਦ ਨਾਲ ਨਜਿੱਠਣ ਦੀਆਂ ਗੱਲਾਂ ਕਰ ਰਹੇ ਨੇ, ਕਿ ਇਹ ਫਾਸੀਵਾਦ ਨੂੰ ਮੁਕਾਉਣਗੇ? ਨਹੀਂ! ਫਾਸੀਵਾਦ ਦਾ ਖਾਤਮਾ ਅਸਲ ਵਿੱਚ ਸਰਮਾਏਦਾਰੀ ਦੇ ਖਾਤਮੇ ਨਾਲ ਹੀ ਹੈ ਜਿਸਨੇ ਇਸਨੂੰ ਪੈਦਾ ਕੀਤਾ।

ਮਤੇਓਤੀ ਦੀ ਸਿਆਸੀ ਹੱਤਿਆ ਤੋਂ ਬਾਅਦ ਜਦ ਕਮਿਊਨਿਸਟ ਪਾਰਟੀ ਨੇ ਨਾਅਰਾ ਦਿੱਤਾ ਸੀ: "ਕਾਤਲਾਂ ਦੀ ਸਰਕਾਰ ਮੁਰਦਾਬਾਦ! ਫਾਸੀਵਾਦੀ ਕਾਤਲਾਂ ਨੂੰ ਖਤਮ ਕਰੋ!" ਤਦ ਇਹ ਸੋਚਿਆ ਵੀ ਨਹੀਂ ਗਿਆ ਕਿ ਇਹਨਾਂ ਕਾਤਲਾਂ ਦੀ ਥਾਂਵੇਂ ਇੱਕ ਅਜਿਹੀ ਸਰਕਾਰ ਆਵੇਗੀ ਜੋ ਆਪਣੀਆਂ ਨੀਤੀਆਂ ਨਾਲ ਇਹਨਾਂ ਕਾਤਲਾਂ ਦਾ ਰਾਹ ਸਾਫ ਕਰੇਗੀ ਅਤੇ ਇਹਨਾਂ ਨੂੰ ਹਥਿਆਰਾਂ ਨਾਲ ਲੈਸ ਕਰੇਗੀ; ਇਹ ਕਦੀ ਨਾ ਸੋਚਿਆ ਜਾਵੇ ਕਿ ਜੀਓਲਿਤੀ, ਨੀਤੀ ਅਤੇ ਅਮੇਂਦੋਲਾ ਦੀ ਸੱਤਾ ਰਹਿੰਦਿਆਂ ਜੋ ਫਾਸੀਵਾਦੀ ਹਥਿਆਰਬੰਦ ਫੌਜ ਖੜੀ ਹੋਈ ਹੈ, ਇਹ ਮੁੜ ਨਿਹੱਥੀ ਉਹਨਾਂ ਦੀਆਂ ਸਰਕਰਾਂ ਵਿੱਚ ਹੀ ਹੋਵੇਗੀ, ਜਿੰਨ੍ਹਾਂ ਨੇ ਇੰਨ੍ਹਾਂ ਨੂੰ ਮਜ਼ਦੂਰਾਂ ਖਿਲਾਫ ਹਥਿਆਰਬੰਦ ਕੀਤਾ।

ਸਾਡੀ ਪਾਰਟੀ ਨੇ ਜਦ ਨਾਹਰਾ ਦਿੱਤਾ ਸੀ ਤਦ ਉਹਨਾਂ ਦੀ ਇੱਛਾ ਫਾਸੀਵਾਦ ਦੀ ਥਾਂ ਪੁਰਾਣੇ ਉਦਾਰਵਾਦ(ਲਿਬਰਲ) ਨੂੰ ਲਿਆਉਣਾ ਨਹੀਂ ਸੀ ਕਿਉਂਕਿ ਉਹਨਾਂ ਦੇ ਭ੍ਰਿਸ਼ਟਾਚਾਰ ਅਤੇ ਅਸਫਲਤਾਵਾਂ ਕਾਰਨ ਹੀ ਮੁਸੋਲਿਨੀ ਦੇ ਰੋਮ ਚਲੋ ਅਭਿਆਨ ਨੂੰ ਰਾਹ ਦਿਖਿਆ। ਕਮਿਊਨਿਸਟ ਪਾਰਟੀ, ਫਾਸੀਵਾਦ ਦੇ ਨਿਘਾਰ ਦੀ ਸ਼ੁਰੂਆਤ ਤੋਂ ਹੀ ਇਹ ਮੰਨਦੀ ਹੈ ਕਿ ਮਜ਼ਦੂਰ ਤੇ ਕਿਸਾਨ ਹੀ ਇਸ ਦੀ ਕਬਰ ਪੁੱਟ ਸਕਦੇ ਨੇ ਅਤੇ ਆਉਣ ਵਾਲੀ ਸਰਕਾਰ ਬਣਾ ਸਕਦੇ ਨੇ।

ਸਨਅਤੀ ਮਜ਼ਦੂਰਾਂ ਅਤੇ ਕਿਸਾਨਾਂ ਦੀ ਕਾਰਵਾਈ ਫਾਸੀਵਾਦ ਨੂੰ ਹਰਾਉਣ ਅਤੇ ਜਮਾਤੀ ਸੰਘਰਸ਼ ਨਾਲ ਸਾਰੇ ਨਤੀਜਿਆਂ ਨੂੰ ਹਾਸਲ ਕਰਨ ਲਈ ਹੈ। ਬੇਸ਼ੱਕ ਮਜ਼ਦੂਰਾਂ ਨੂੰ ਸਰਮਾਏਦਾਰਾਂ ਅਤੇ ਛੋਟੇ ਸਰਮਾਏਦਾਰਾਂ ਵਿਚਲੀਆਂ ਵਿਰੋਧਤਾਈਆਂ ਦਾ ਲਾਹਾ ਵੀ ਫਾਸੀਵਾਦ ਵਿਰੁੱਧ ਲੈ ਲੈਣਾ ਚਾਹੀਦਾ ਹੈ। ਪਰ ਸਿੱਧੀ ਕਾਰਵਾਈ ਤੋਂ ਬਿਨ੍ਹਾਂ ਫਾਸੀਵਾਦ ਨੂੰ ਢਾਹਿਆ ਨਹੀਂ ਜਾਣਾ। ਇਸ ਦਿਸ਼ਾ ਵਿੱਚ ਸਮੱਸਿਆਵਾਂ ਨੂੰ ਸਮਝਦਿਆਂ ਹੀ ਸਾਨੂੰ ਫਾਸੀਵਾਦ ਦੀ ਸਫਲਤਾ ਦੀਆਂ ਸਮੱਸਿਆਵਾਂ ਸਮਝ ਆਉਣਗੀਆਂ। ਮਜ਼ਦੂਰਾਂ ਅਤੇ ਕਿਸਾਨਾਂ ਦੀ ਫਾਸੀਵਾਦ ਖਿਲਾਫ ਕਾਰਵਾਈ ਵਿੱਚ ਉਦਾਰਵਾਦੀਆਂ (ਲਿਬਰਲ) ਨੂੰ ਕੋਈ ਸਫਲਤਾ ਹਾਸਿਲ ਨਹੀਂ ਹੋਣੀ: ਇਸ ਤੋਂ ਬਾਅਦ ਸਰਕਾਰ ਬਣਾਉਣ ਦਾ ਹੱਕ ਮਜ਼ਦੂਰਾਂ ਅਤੇ ਕਿਸਾਨਾਂ ਦਾ ਬਣਦਾ ਹੈ। ਇਹੋ ਹੈ ਜੋ ਫਾਸੀਵਾਦੀ ਤਾਕਤਾਂ ਨੂੰ ਹਰਾਉਣ ਦੇ ਕਾਬਲ ਹੈ ਅਤੇ ਮਜ਼ਦੂਰ ਕਿਸਾਨਾਂ ਨੂੰ ਹਥਿਆਰਬੰਦ ਕਰਕੇ ਹੀ ਫਾਸੀਵਾਦੀਆਂ ਨੂੰ ਹਥਿਆਰ ਵਿਹੂਣੇ ਕੀਤਾ ਜਾ ਸਕਦਾ ਹੈ।

ਮੋਜੂਦਾ ਸਮੇਂ ਵਿੱਚ ਸੰਵਿਧਾਨ ਨੂੰ ਸਥਾਪਿਤ ਕਰਨ ਦਾ, ਲੋਕਤੰਤਰ ਅਤੇ ਉਦਾਰਵਾਦ(ਲਿਬਰਲ) ਨੂੰ ਸਥਾਪਿਤ ਕਰਨ ਦਾ ਸਵਾਲ ਹੀ ਨਹੀਂ ਹੈ। ਇਹ ਮਿੱਠੀਆਂ ਗੋਲੀਆਂ ਹਨ ਜੋ ਸਰਮਾਏਦਾਰ ਸ਼ਹਿਰੀ ਮਜ਼ਦੂਰਾਂ ਅਤੇ ਪੇਂਡੂ ਲੋਕਾਂ ਨੂੰ ਉਹਨਾਂ ਦਾ ਅਸਲ ਰੂਪ ਲੈਣ ਤੋਂ ਰੋਕਣ ਲਈ ਦਿੰਦਾ ਹੈ, ਫਾਸੀਵਾਦ ਖਿਲਾਫ ਕਿਸਾਨਾਂ, ਮਜ਼ਦੂਰਾਂ ਦੀ ਇਹ ਬਦਲੇ ਵਾਲੀ ਭਾਵਨਾ ਸੀਮਾਵਾਂ ਪਾਰ ਕਰਕੇ ਇਹਨਾਂ ਉਦਾਰਵਾਦੀਆਂ ਖਿਲਾਫ ਵੀ ਭੜਕੇਗੀ ਜੋ ਉਹਨਾਂ ਨੂੰ ਕੁਰਾਹੇ ਪਾ ਰਹੇ ਨੇ, ਜਿਹੜੇ ਹਜੇ ਕੁਝ ਮਹੀਨੇ ਪਹਿਲਾਂ ਮੁਸੋਲਿਨੀ ਨਾਲ ਜੋੜ ਤੋੜ ਕਰਕੇ ਸਰਕਾਰ ਵਿੱਚ ਆਉਣਾ ਚਾਹੁੰਦੇ ਸਨ (ਦ' ਅਰਾਗੋਨਾ, ਬਾਲਦੇਸੀ ਵਰਗੇ)।

ਇਟਲੀ ਦੇ ਸੰਕਟ ਦਾ ਹੱਲ ਕਾਮੀ ਜਮਾਤ ਦੀ ਕਾਰਵਾਈ ਹੀ ਕਰੇਗੀ। ਫਾਸੀਵਾਦ ਦਾ ਖਾਤਮਾ ਸੰਸਦੀ ਰਾਹਾਂ ਤੋਂ ਹੋਣ ਦੀ ਕੋਈ ਵੀ ਸੰਭਾਵਨਾ ਨਹੀਂ। ਉਦਾਰਵਾਦੀਆਂ ਸਾਹਮਣੇ ਬੱਸ ਸਮਝੌਤਾ ਹੀ ਬਚਿਆ ਹੈ ਜੀਹਦੇ ਜਰੀਏ ਉਹ ਹਥਿਆਰਬੰਦ ਫਾਸੀਵਾਦੀਆਂ ਦੀ ਸੇਵਾ ਵਿੱਚ ਲੱਗੇ ਰਹਿ ਸਕਦੇ ਨੇ। ਉਦਾਰਵਾਦ (ਲਿਬਰਲਿਜ਼ਮ) ਵਿੱਚ ਜੇ ਸੋਧਵਾਦੀ ਬਾਂਦਰਾ ਦੇ ਤੱਤਾਂ ਨੂੰ ਮਿਲਾ ਦੇਈਏ ਤਦ ਵੀ ਉਹ ਨਿਕੰਮਾ ਹੀ ਰਹੇਗਾ। ਇਹ ਹਾਲਤ ਉਸਦੇ ਇਤਿਹਾਸ ਨਾਲ ਜੁੜੀ ਹੋਈ ਹੈ। ਅਤੇ, ਇਟਲੀ ਨੂੰ ਸਾਰੇ ਦੋਨ ਸਤਰੂਜੋਸਤੁਰਾਤਿਸ ਅਤੇ ਵੇਲਾ ਨਾਲ ਭਰ ਦਿੱਤਾ ਜਾਵੇ ਤਦ ਵੀ ਇਹ ਉਹ ਜੋਸ਼ ਨੀ ਲਿਆ ਸਕਣਗੇ ਜੋ ਫਾਸੀਵਾਦ ਨੂੰ ਹਰਾਉਣ ਲਈ ਲੋੜੀਂਦਾ ਹੋਵੇ।

ਕਿਸਾਨਾਂ ਮਜ਼ਦੂਰਾਂ ਦੀ ਸਰਕਾਰ ਜੋ ਸੰਵਿਧਾਨ ਅਤੇ ਪਵਿੱਤਰ ਉਦਾਰਵਾਦੀ ਸਿਧਾਂਤਾ ਤੋਂ ਆਜ਼ਾਦ ਹੋਵੇ, ਉਹੀ ਫਾਸੀਵਾਦ ਨੂੰ ਹਰਾਉਣ ਦਾ ਜਜਬਾ ਅਤੇ ਫੈਸਲਾ ਲੈ ਸਕਦੀ ਹੈ, ਇਸਨੂੰ ਨਿਹੱਥਾ ਕਰ ਸਕਦੀ ਹੈ ਅਤੇ ਫੈਕਟਰੀਆਂ ਅਤੇ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਹੱਕਾਂ ਦੀ ਲੁਟੇਰਿਆਂ ਤੋਂ ਸੁਰੱਖਿਆ ਕਰ ਸਕਦੀ ਹੈ, ਇਹੋ ਇਕੱਲੀ ਜੋਸ਼ੀਲੀ ਤਾਕਤ ਹੈ ਜੋ ਸਦੀਆਂ ਤੋਂ ਚੱਲੀ ਆਉਂਦੀ ਲੁੱਟ, ਸ਼ੋਸ਼ਣ ਅਤੇ ਅਨਿਆਂ ਨੂੰ ਖਤਮ ਕਰੇਗੀ ਅਤੇ ਮਿਹਨਤੀ ਲੋਕਾਂ ਦੀ ਸੱਚੀ ਮੁਕਤੀ ਨੂੰ ਇੱਕ ਭਵਿੱਖ ਦੇਵੇਗੀ।

ਅੱਜ ਕਮਿਊਨਿਸਟ ਪਾਰਟੀ ਹੀ ਹੈ ਜੋ ਇਸ ਸੱਚਾਈ ਨੂੰ ਮਜ਼ਦੂਰਾਂ ਦੇ ਸਾਹਮਣੇ ਵਾਰ-ਵਾਰ ਰੱਖ ਸਕਦੀ ਹੈ। ਇਸਦਾ ਪ੍ਰਭਾਵ ਵਧ ਰਿਹਾ ਹੈ। ਇਸਦੀਆਂ ਜੱਥੇਬੰਦੀਆਂ ਬਣ ਰਹੀਆਂ ਹਨ। ਪਰ ਮਜ਼ਦੂਰਾਂ ਕਿਸਾਨਾਂ ਦੀ ਵੱਡੀ ਗਿਣਤੀ ਹਜੇ ਵੀ ਕਨਫੈਡਰੇਸ਼ਨ ਆਫ ਲੇਬਰ ਅਤੇ ਮੈਕਸੀਮਿਲਿਸਟ ਪਾਰਟੀ ਵੱਲ ਖਿੱਚੀ ਹੋਈ ਹੈ, ਉਹ ਸੰਵਿਧਾਨਕ ਵਿਰੋਧ ਕਰ ਰਹੇ ਹਨ ਪਰ ਹਜੇ ਉਹਨਾਂ ਵਿੱਚ ਜਮਾਤੀ ਚੇਤਨਾ ਲਿਆਉਣੀ ਜਰੂਰੀ ਹੈ। ਉਹਨਾਂ ਨੂੰ ਸਮਝਣਾ ਪਵੇਗਾ ਕਿ ਅਸੀਂ ਮਜ਼ਦੂਰ ਕਿਸਾਨ ਹੀ ਇਸ ਸੰਕਟ ਨੂੰ ਠੱਲ ਪਾਉਣ ਵਾਲੀ ਫੈਸਲਾਕੁੰਨ ਤਾਕਤ ਹਾਂ ਕਿਉਂਕਿ ਅਸੀਂ ਨੌਜਵਾਨੀ ਜੋਸ਼ ਨਾਲ ਲਬਰੇਜ਼ ਹਾਂ। ਜੇ ਇਹ ਆਪਣੇ ਆਪ ਨੂੰ ਡੋਬ ਨਹੀਂ ਦੇਣਾ ਚਾਹੁੰਦੇ ਤਾਂ ਇਹਨਾਂ ਨੂੰ ਇੱਕ ਆਜ਼ਾਦ ਤਾਕਤ ਬਣਨ ਦੀ ਲੜਾਈ ਵਿੱਚ ਉੱਤਰਨਾ ਪਵੇਗਾ, ਜੋ ਜਲਦ ਹੀ ਫੈਸਲਾਕੁੰਨ ਤਾਕਤ ਬਣ ਜਾਵੇਗੀ। ਤੇ ਜਮਾਤੀ ਰੋਲ ਘਚੋਲੇ ਨਾਲ ਇਹ ਹੋਰ ਕੁਝ ਨਹੀਂ ਕਰ ਸਕਣਗੇ ਬੱਸ ਇਟਾਲੀਅਨ ਸਰਮਾਏਦਾਰੀ ਦਾ ਨਕਾਬ ਬਦਲ ਦੇਣਗੇ।

ਸਾਡੀ ਪਾਰਟੀ ਦਾ ਮੂਲ ਟੀਚਾ ਮਜ਼ਦੂਰਾਂ ਅਤੇ ਕਿਸਾਨਾਂ ਵਿੱਚ ਇਹ ਵਿਚਾਰ ਲੈ ਕੇ ਜਾਣਾ ਹੈ: ਕਿ ਸਿਰਫ ਕਿਸਾਨਾਂ ਅਤੇ ਮਜ਼ਦੂਰਾਂ ਦੇ ਜਮਾਤੀ ਸੰਘਰਸ਼ ਹੀ ਫਾਸੀਵਾਦ ਨੂੰ ਹਰਾਉਣਗੇ। ਕਿਸਾਨਾਂ ਅਤੇ ਮਜ਼ਦੂਰਾਂ ਦੀ ਸਰਕਾਰ ਹੀ ਫਾਸੀਵਾਦੀ ਫੌਜ ਨੂੰ ਨਿਹੱਥੇ ਕਰ ਸਕਦੀ ਹੈ। ਜਦ ਪਾਰਟੀ ਵੱਲੋਂ ਇਹ ਜਰੂਰੀ ਸੱਚਾਈਆਂ ਸਾਡੇ ਅਣਥੱਕ ਪ੍ਰਚਾਰ ਨਾਲ ਫੈਕਟਰੀਆਂ ਅਤੇ ਖੇਤਾਂ ਵਿੱਚ ਜੁਤੇ ਮਜ਼ਦੂਰਾਂ, ਕਿਸਾਨਾਂ ਤੱਕ ਪਹੁੰਚ ਜਾਣਗੀਆਂ, ਤਦ ਹੀ ਫਾਸੀਵਾਦ ਖਿਲਾਫ ਨਿਰਣਾਇਕ ਜੰਗ ਦੀ ਅਹਿਮੀਅਤ ਨੂੰ ਉਹ ਸਮਝਣਗੇ ਅਤੇ ਜਮਾਤੀ ਹਿੱਤਾਂ ਦੀ ਰਾਖੀ ਅਤੇ ਫਾਸੀਵਾਦ ਖਿਲਾਫ ਕਿਸਾਨਾਂ ਮਜ਼ਦੂਰਾਂ ਦੀਆਂ ਕਮੇਟੀਆਂ ਬਣਨਗੀਆਂ।

ਉਹ ਇਹ ਗੱਲ ਜਰੂਰ ਸਮਝਣਗੇ ਕਿ ਇਨਕਲਾਬੀ ਸੰਘਰਸ਼ ਦੇ ਜਰੂਰੀ ਤਰੀਕੇ ਨੇ। ਤਦ ਹੀ ਉਹ ਕਾਤਲਾਂ ਦੀ ਸਰਕਾਰ ਦੀ ਜਗ੍ਹਾ ਮਜ਼ਦੂਰਾਂ ਅਤੇ ਕਿਸਾਨਾਂ ਦੀ ਸਰਕਾਰ ਨੂੰ ਦ੍ਰਿੜ ਇੱਛਾ ਸ਼ਕਤੀ ਨਾਲ ਅੱਗੇ ਵਧਾਉਣਗੇ। ਉਸ ਸਮੇਂ ਜਦ ਉਦਾਰਵਾਦੀਆਂ ਦਾ ਬਿਸਤਰਾ ਗੋਲ ਹੋ ਰਿਹਾ ਹੈ ਅਤੇ ਹੁਣ ਜੋ ਮਜ਼ਦੂਰਾਂ ਕਿਸਾਨਾਂ ਨੂੰ ਆਪਣੇ ਪੱਖ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਇਹ ਜਰੂਰੀ ਹੈ ਕਿ ਇਟਲੀ ਦੇ ਕੋਨੇ ਕੋਨੇ ਵਿੱਚ ਉਹਨਾਂ ਦੀਆਂ ਖੋਖਲੀਆਂ ਅਤੇ ਦੋਗਲੀਆਂ ਗੱਲ਼ਾਂ ਦੇ ਜਵਾਬ ਵਿੱਚ ਮਜ਼ਦੂਰਾਂ, ਕਿਸਾਨਾਂ ਦੇ ਪੱਖ ਨੂੰ ਪਹੁੰਚਾਇਆ ਜਾਵੇ ਕਿ: ਨਾ ਫਾਸੀਵਾਦ ਨਾ ਉਦਾਰਵਾਦ- ਸਮਾਜਵਾਦ ਜਿੰਦਾਬਾਦ।

ਪੰਜਾਬੀ ਅਨੁਵਾਦ- ਬਲਤੇਜ 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।