ਯੂਕਰੇਨ ਜੰਗ ਕਾਰਣ ਕੱਚੇ ਮਾਲ ਦੀ ਸਪਲਾਈ ਰੁਕਣ ਨਾਲ ਖੇਡ ਸਨਅਤ ਪੱਛੜੀ

ਯੂਕਰੇਨ ਜੰਗ ਕਾਰਣ  ਕੱਚੇ ਮਾਲ ਦੀ ਸਪਲਾਈ ਰੁਕਣ ਨਾਲ ਖੇਡ ਸਨਅਤ ਪੱਛੜੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਯੂਕਰੇਨ-ਰੂਸ ਵਿਚ ਛਿੜੀ ਜੰਗ ਦੇ ਚੱਲਦਿਆਂ ਦੇਸ਼ ਦੀ ਸਭ ਤੋਂ ਵੱਡੀ ਖੇਡ ਸਨਅਤ ਦੀ ਖੇਡ ਵਿਗੜਨ ਲੱਗ ਪਈ ਹੈ। ਖੇਡਾਂ ਦਾ ਸਾਮਾਨ ਬਣਾਉਣ ਵਿੱਚ ਬਲੈਕ ਕਾਰਬਨ, ਸਿੰਥੈਟਿਕ ਧਾਗੇ, ਸਿੰਥੈਟਿਕ ਰਬੜ ਤੇ ਹੋਰ ਕਈ ਤਰ੍ਹਾਂ ਦੇ ਕੱਚੇ ਮਾਲ ਦੇ ਭਾਅ ਵਧ ਗਈਆਂ ਹਨ। ਜਲੰਧਰ ਦੇ ਖੇਡ ਸਨਅਤਕਾਰਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਪਹਿਲਾਂ ਹੀ ਖੇਡ ਸਨਅਤ ਬੁਰੀ ਤਰ੍ਹਾਂ ਤਬਾਹੀ ਦੇ ਕੰਢੇ ’ਤੇ ਆਈ ਹੋਈ ਹੈ ਤੇ ਰਹਿੰਦੀ ਕਸਰ ਯੂਕਰੇਨ-ਰੂਸ ਜੰਗ ਨੇ ਕੱਢ ਦੇਣੀ ਹੈ। ਖੇਡ ਸਨਅਤ ਨਾਲ ਜੁੜੇ ਕਾਰੋਬਾਰੀ ਰਵਿੰਦਰ ਧੀਰ ਨੇ ਕਿਹਾ ਕਿ ਯੂਕਰੇਨ-ਰੂਸ ਜੰਗ ਨਾਲ ਸਮੁੱਚੀ ਸਨਅਤ ਹੀ ਪ੍ਰਭਾਵਿਤ ਹੋ ਰਹੀ ਹੈ।ਖੇਡ ਸਨਅਤ ’ਤੇ ਇਸ ਲਈ ਵੱਧ ਮਾਰ ਪੈ ਰਹੀ ਹੈ ਕਿਉਂਕਿ ਪਹਿਲਾਂ ਇਸ ਸਨਅਤ ’ਤੇ ਨੋਟਬੰਦੀ ਤੇ ਜੀਐੱਸਟੀ ਨੇ ਅਜਿਹਾ ਪ੍ਰਭਾਵ ਪਾਇਆ ਕਿ ਇਹ ਇੰਡਸਟਰੀ ਪੈਰਾਂ ’ਤੇ ਨਹੀਂ ਆ ਸਕੀ। ਹਾਲਾਤ ਜਦੋਂ ਸੁਧਰਨ ਲੱਗੇ ਤਾਂ ਕੋਵਿਡ-19 ਦੀ ਮਾਰ ਪੈ ਗਈ। ਕਰੋਨਾ ਤੋਂ ਉੱਭਰ ਰਹੀ ਇੰਡਸਟਰੀ ’ਤੇ ਹੁਣ ਯੂਕਰੇਨ-ਰੂਸ ਜੰਗ ਭਾਰੀ ਪੈ ਰਹੀ ਹੈ।

ਚਮੜੇ ਦਾ ਕਾਰੋਬਾਰ ਕਰਨ ਵਾਲੇ ਰਾਜੂ ਵਿਰਕ ਦਾ ਕਹਿਣਾ ਸੀ ਕਿ ਰੂਸ ਤੋਂ ਚਮੜਾ ਮੰਗਵਾਇਆ ਜਾਂਦਾ ਸੀ, ਉਹ ਬੰਦ ਹੋ ਗਿਆ ਹੈ। ਇਸ ਤੋਂ ਇਲਾਵਾ ਚਮੜਾ ਇੰਡਸਟਰੀ ਵਿਚ ਜਿਹੜਾ ਕੈਮੀਕਲ ਵਰਤ ਹੁੰਦਾ ਸੀ ਉਸ ਦਾ ਭਾਅ ਕੋਵਿਡ-19 ਕਾਰਨ ਪਹਿਲਾਂ ਹੀ ਵਧ ਚੁੱਕਾ ਸੀ ਤੇ ਹੁਣ ਯੂਕਰੇਨ-ਰੂਸ ਜੰਗ ਕਾਰਨ ਇਸ ਦਾ ਭਾਅ ਹੋਰ ਵਧ ਚੁਕਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਹੀ ਪੈਟਰੋਲੀਅਮ ’ਤੇ ਅਧਾਰਤ ਕੈਮੀਕਲ ਮਹਿੰਗੇ ਹੋ ਜਾਣਗੇ ਜਿਸ ਨਾਲ ਚੀਜ਼ਾਂ ਦੀ ਲਾਗਤ ਵਧ ਜਾਵੇਗੀ। ਇਸ ਨਾਲ ਅਯਾਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ।