ਜਲੰਧਰ ਦੇ ਬੈਟਾਂ ਦੀ ਇੰਡਸਟਰੀ ਸਰਕਾਰ ਦੀਆਂ ਨੀਤੀਆਂ ਕਾਰਣ ਉਜਾੜੇ ਦੇ ਰਾਹ
ਖਿਡਾਰੀਆਂ ਦਾ ਮੇਰਠ ਤੇ ਜੰਮੂ-ਕਸ਼ਮੀਰ ਵਿਚ ਬਣਨ ਵਾਲੇ ਬੈਟਾਂ ਵੱਲ ਵਧਿਆ ਰੁਝਾਨ
*ਸਚਿਨ ਤੋਂ ਲੈ ਕੇ ਧੋਨੀ ਦੀ ਪਹਿਲੀ ਪਸੰਦ ਰਹੇ ਨੇ ਜਲੰਧਰ ਦੇ ਕਿ੍ਕਟ ਬੈਟ
ਜਲੰਧਰ ਖੇਡ ਉਦਯੋਗ ਵਿਚੋਂ ਬਣਨ ਵਾਲੇ ਬੈਟਾਂ ਦੀ ਭਾਰਤ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਵੱਡੀ ਮੰਗ ਰਹੀ ਹੈ। ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਇਸ ਉਦਯੋਗ ਵੱਲ ਧਿਆਨ ਨਾ ਦੇਣ ਕਾਰਨ ਹੁਣ ਇੱਥੇ ਬਣਨ ਵਾਲੇ ਬੱਲਿਆਂ ਦੀ ਸਰਦਾਰੀ ਪੂਰੀ ਤਰ੍ਹਾ ਖ਼ਤਮ ਹੋਣ ਕਿਨਾਰੇ ਪੁੱਜ ਗਈ ਹੈ। ਹਾਲਾਤ ਇਹ ਹਨ ਕਿ ਮੌਜੂਦਾ ਸਮੇਂ 85 ਫ਼ੀਸਦੀ ਕਿ੍ਕਟ ਬੱਲਿਆਂ ਦਾ ਉਦਯੋਗ ਇਥੇ ਖ਼ਤਮ ਹੋ ਚੁੱਕਾ ਹੈ ਜਾਂ ਦੂਜੇ ਸੂਬਿਆਂ ਵਿਚ ਚਲਾ ਗਿਆ। ਲੰਘੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਖੇਡ ਉਦਯੋਗ ਨੂੰ ਵੀ ਪ੍ਰਫ਼ੁੱਲਿਤ ਕਰਨ ਦਾ ਵੀ ਐਲਾਨ ਕੀਤਾ ਗਿਆ ਸੀ।
1947 ਦੇ ਵਿਚ ਭਾਰਤ ਦੀ ਵੰਡ ਤੋਂ ਬਾਅਦ ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਤੋਂ ਖੇਡ ਉਦਯੋਗ ਜਲੰਧਰ ਜ਼ਿਲ੍ਹੇ ਵਿਚ ਤਬਦੀਲ ਹੋ ਗਿਆ ਸੀ। ਜਿੱਥੇ ਸਿਰਫ ਕਿ੍ਕਟ ਦੇ ਬੱਲੇ ਹੀ ਨਹੀਂ ਬਲਕਿ ਹਰ ਪ੍ਰਕਾਰ ਦੀਆਂ ਖੇਡਾਂ ਦਾ ਸਾਮਾਨ ਬਣਦਾ ਹੈ। 30 ਸਾਲ ਪਹਿਲਾਂ ਇਨ੍ਹਾਂ ਬੱਲਿਆਂ ਨੂੰ ਤਿਆਰ ਕਰਨ ਲਈ ਜੋ ਲੱਕੜ ਜੰਮੂ-ਕਸ਼ਮੀਰ ਤੋਂ ਆਉਂਦੀ ਸੀ ਉਸ ਨੂੰ ਦੂਸਰਿਆਂ ਸੂਬਿਆਂ ਦੇ ਵਿਚ ਲੈ ਕੇ ਜਾਣ ਲਈ ਫਾਰੂਕ ਅਬਦੁੱਲਾ ਸਰਕਾਰ ਰੋਕ ਲਾ ਦਿੱਤੀ ਸੀ। ਪੰਜਾਬ ਖੇਡ ਉਦਯੋਗ ਸੰਘ ਦੇ ਕਨਵੀਨਰ ਰਵਿੰਦਰ ਧੀਰ ਨੇ ਦਸਿਆ ਕਿ ਜੰਮੂ-ਕਸ਼ਮੀਰ ਸਰਕਾਰ ਵੱਲੋਂ ਲੱਕੜ ਬੰਦ ਕਰਨ ਤੋਂ ਬਾਅਦ ਇਹ ਉਦਯੋਗ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਿਆ ਸੀ। ਇਸ ਸਬੰਧੀ ਉਦਯੋਗਪਤੀਆਂ ਵੱਲੋਂ ਵੀ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਪਰ ਉਨ੍ਹਾਂ ਨੇ ਉੱਥੇ ਹੀ ਬੈਟ ਬਣਾਉਣ ਲਈ ਉਦਯੋਗ ਲਾਉਣ ਦੀ ਹਦਾਇਤ ਕਰ ਦਿੱਤੀ। ਇਸ ਕਾਰਨ ਉਦੋਂ ਤੋਂ ਹੀ ਕੁਝ ਉਦਯੋਗ ਬੱਲੇ ਬਣਾਉਣ ਲਈ ਉਥੇ ਤਬਦੀਲ ਹੋ ਗਏ ਜਾਂ ਉਨ੍ਹਾਂ ਨੇ ਆਪਣਾ ਕੰਮ ਬੰਦ ਕਰ ਦਿੱਤਾ ਸੀ।
ਰਵਿੰਦਰ ਧੀਰ ਨੇ ਦਸਿਆ ਕਿ ਖੇਡ ਉਦਯੋਗਾਂ ’ਤੇ ਸਭ ਤੋਂ ਵੱਡੀ ਮਾਰ ਵਿਕਰੀ ਕਰ ਦੀ ਪਈ ਹੈ, ਜਿਸ ਵਿਚ ਪੰਜਾਬ ਸਰਕਾਰ ਵੱਲੋਂ ਉਨ੍ਹਾਂ ’ਤੇ ਸਭ ਤੋਂ ਪਹਿਲਾਂ ਟੈਕਸ 8 ਫ਼ੀਸਦੀ ਸੀ, ਤਾਂ ਉਸ ਸਮੇਂ ਯੂਪੀ ਵਿਚ ਇਹ ਟੈਕਸ ਸਿਰਫ 4 ਫ਼ੀਸਦੀ ਸੀ। ਇਸ ਸਬੰਧੀ ਉਨ੍ਹਾਂ ਵੱਲੋਂ ਕਈ ਵਾਰ ਸਰਕਾਰੀ ਅਧਿਕਾਰੀਆਂ ਤੇ ਮੁੱਖ ਮੰਤਰੀ ਬੇਅੰਤ ਸਿੰਘ ਨਾਲ ਵੀ ਮੀਟਿੰਗਾਂ ਕੀਤੀਆਂ ਗਈਆਂ ਤਾਂ ਉਨ੍ਹਾਂ ਵੱਲੋਂ ਇਹ ਟੈਕਸ 4 ਫ਼ੀਸਦੀ ਕਰ ਦਿੱਤਾ ਗਿਆ ਤੇ ਯੂਪੀ ਵਿਚ ਇਹ ਟੈਕਸ 2 ਫ਼ੀਸਦੀ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਜਦੋਂ ਸਰਕਾਰ ਵੱਲੋਂ ਇਨ੍ਹਾਂ ਉਦਯੋਗਾਂ ਤੇ 2005 ਵਿਚ 5.5 ਫ਼ੀਸਦੀ ਵੈਟ ਲਾਗੂ ਕੀਤਾ ਗਿਆ ਤਾਂ 2008 ਵਿਚ ਯੂਪੀ ਵਿਚ ਮਾਇਆਵਤੀ ਦੀ ਸਰਕਾਰ ਸਮੇਂ ਇਨ੍ਹਾਂ ਉਦਯੋਗਾਂ ਨੂੰ ਟੈਕਸ ਮੁਕਤ ਕਰ ਦਿੱਤਾ ਗਿਆ। ਇਸ ਕਾਰਨ ਯੂਪੀ ਦੇ ਉਦਯੋਗ ਜ਼ਿਆਦਾ ਪ੍ਰਫੁੱਲਤ ਹੋਣ ਲੱਗ ਪਏ। ਇਸ ਸਬੰਧੀ ਉਨ੍ਹਾਂ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਵੀ ਮੀਟਿੰਗਾਂ ਕੀਤੀਆਂ ਗਈਆਂ ਪਰ ਭਰੋਸੇ ਤੋਂ ਸਿਵਾ ਕੁਝ ਵੀ ਨਹੀਂ ਮਿਲਿਆ ਤੇ 2017 ਵਿਚ ਜੀਐੱਸਟੀ ਲੱਗਣ ਉਪਰੰਤ ਯੂਪੀ ਦੇ ਉਦਯੋਗ ਹੋਰ ਵੀ ਅੱਗੇ ਲੰਘ ਗਏ ਤੇ ਪੰਜਾਬ ਦੇ ਖੇਡ ਉਦਯੋਗ ਪੱਛੜ ਗਏ।
ਜਲੰਧਰ ’ਚ ਬਣਨ ਵਾਲੇ ਬੱਲੇ ਸਚਿਨ ਤੇਂਦੁਲਕਰ ਤੋਂ ਲੈ ਕੇ ਮਹਿੰਦਰ ਸਿੰਘ ਧੋਨੀ ਵਰਗੇ ਦਿੱਗਜ ਖਿਡਾਰੀਆਂ ਦੀ ਪਹਿਲੀ ਪਸੰਦ ਰਹੇ ਹਨ ਤੇ ਉਨ੍ਹਾਂ ਨੇ ਇਨ੍ਹਾਂ ਬੱਲਿਆਂ ਦੇ ਨਾਲ ਹੀ ਵੱਡੇ-ਵੱਡੇ ਰਿਕਾਰਡ ਦਰਜ ਕੀਤੇ ਗਏ ਹਨ। ਜਲੰਧਰ ਵਿਚ ਬਣਨ ਵਾਲੇ ਕਿ੍ਰਕਟ ਬੱਲਿਆਂ ਦੀ ਵਰਤੋਂ ਕਰਨ ਵਾਲਿਆਂ ’ਚ ਸਚਿਨ ਤੇਂਦੁਲਕਰ, ਕਿ੍ਰਸ ਗੇਲ, ਵਿਕਰਮ ਰਾਠੌਰ, ਨਵਜੋਤ ਸਿੰਘ ਸਿੱਧੂ, ਸੁਨੀਲ ਜੋਸ਼ੀ, ਚੇਤਨ ਸ਼ਰਮਾ, ਹਾਸ਼ਿਮ ਆਮਲਾ, ਵਿਨੋਦ ਕਾਂਬਲੀ, ਜਵਾਗਲ ਸ੍ਰੀਨਾਥ, ਅਜਿੰਕੇ ਰਹਾਣੇ, ਡੈਰੇਨ ਸਾਮੀ, ਯਸ਼ਪਾਲ ਸ਼ਰਮਾ, ਅਨਿਲ ਕੁੰਬਲੇ ਤੇ ਮਦਨ ਲਾਲ ਆਦਿ ਖਿਡਾਰੀਆਂ ਨੇ ਜਲੰਧਰ ਵਿਚ ਬਣੇ ਬੈਟਾਂ ਦੀ ਵਰਤੋਂ ਕੀਤੀ ਹੈ
ਰਵਿੰਦਰ ਧੀਰ ਨੇ ਦਸਿਆ ਕਿ ਜਲੰਧਰ ਦੇ ਖੇਡ ਉਦਯੋਗਾਂ ਨੂੰ ਬਚਾਉਣ ਲਈ ਪੰਜਾਬ ਤੇ ਕੇਂਦਰ ਸਰਕਾਰ ਨੂੰ ਉਪਰਾਲੇ ਕਰਨੇ ਚਾਹੀਦੇ ਹਨ। ਅਜਿਹੀਆਂ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਇਹ ਉਦਯੋਗ ਮੁੜ ਤੋਂ ਪ੍ਰਫੁਲਿਤ ਹੋ ਸਕਣ। ਕਿਉਂਕਿ ਇਨ੍ਹਾਂ ਉਦਯੋਗਾਂ ਵਿਚ ਇਕ ਘਰ ਨਹੀਂ ਬਹੁਤ ਹੀ ਪਰਿਵਾਰ ਜੁੜੇ ਹੋਏ ਹਨ, ਜਿਨ੍ਹਾਂ ਦਾ ਗੁਜ਼ਾਰਾ ਇਨ੍ਹਾਂ ਉਦਯੋਗਾਂ ਵਿਚ ਮਿਲਣ ਵਾਲੇ ਰੁਜ਼ਗਾਰ ਰਾਹੀਂ ਹੀ ਚੱਲਦਾ ਹੈ। ਇਸ ਲਈ ਸਰਕਾਰ ਨੂੰ ਅਜਿਹੀਆਂ ਨੀਤੀਆਂ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਮੁੜ ਤੋਂ ਉਦਯੋਗ ਪ੍ਰਫੁੁਲਿਤ ਹੋ ਸਕਣ।
ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਉਪਰਾਲੇ : ਜ਼ਿਲ੍ਹਾ ਉਦਯੋਗ ਅਫ਼ਸਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਉਦਯੋਗ ਅਫ਼ਸਰ ਦੀਪ ਗਿੱਲ ਨੇ ਦਸਿਆ ਕਿ ਵਿਭਾਗ ਵੱਲੋਂ ਉਦਯੋਗਾਂ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਉਦਯੋਗਾਂ ਲਈ ਥਰਸਟ ਸੈਕਟਰ ਦਾ ਵੀ ਨਿਰਮਾਣ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਹੁਣ ਉਦਯੋਗਾਂ ਲਈ ਸਮੇਂ ਸਮੇਂ ਸਿਰ ਸਪੈਸ਼ਲ ਰਿਆਇਤਾਂ ਵੀ ਦਿੱਤੀਆਂ ਜਾ ਰਹੀਆਂ ਹਨ, ਜਿਸ ਵਿਚ ਬਿਜਲੀ ਬਿੱਲ , ਇਲੈਕਟ੍ਰਿਸਿਟੀ ਡਿਊਟੀ ਤੇ ਜੀਐੱਸਟੀ ਦੇ ਵਿਚ ਛੋਟ ਸ਼ਾਮਲ ਹਨ।
Comments (0)