ਕੇਂਦਰੀ ਸਿੱਖ ਮਿਊਜ਼ੀਅਮ ਵਿਚ ਭਾਈ ਅਮਰਜੀਤ ਸਿੰਘ ਖੇਮਕਰਨ ਅਤੇ ਜਥੇ: ਦਲੀਪ ਸਿੰਘ ਤਲਵੰਡੀ ਦੀਆਂ ਤਸਵੀਰਾਂ ਲਗੀਆਂ
ਅੰਮ੍ਰਿਤਸਰ ਟਾਈਮਜ਼ ਬਿਊਰੋ
ਅੰਮਿ੍ਤਸਰ-ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿਚ ਸ਼੍ਰੋਮਣੀ ਕਮੇਟੀ ਵਲੋਂ ਦੋ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਸਾਕਾ ਨੀਲਾ ਤਾਰਾ ਦੌਰਾਨ ਸਹੀਦ ਹੋਏ ਸ਼ਹੀਦ ਭਾਈ ਅਮਰਜੀਤ ਸਿੰਘ ਖੇਮਕਰਨ ਅਤੇ ਸ਼ੋ੍ਮਣੀ ਕਮੇਟੀ ਦੇ ਸਾਬਕਾ ਅੰਤਿ੍ੰਗ ਕਮੇਟੀ ਮੈਂਬਰ ਜਥੇਦਾਰ ਦਲੀਪ ਸਿੰਘ ਤਲਵੰਡੀ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਗਈਆਂ । ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਕੇਂਦਰੀ ਸਿੱਖ ਅਜਾਇਬ ਘਰ ਸਿੱਖ ਇਤਿਹਾਸ ਅਤੇ ਵਿਰਾਸਤ ਦਾ ਅਹਿਮ ਸੋਮਾ ਹੈ ਅਤੇ ਇਥੇ ਕੌਮ ਲਈ ਘਾਲਣਾ ਘਾਲਣ ਵਾਲਿਆਂ ਦੀਆਂ ਤਸਵੀਰਾਂ ਸੁਸ਼ੋਭਿਤ ਕਰਕੇ ਕੌਮੀ ਸਨਮਾਨ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਦਲੀਪ ਸਿੰਘ ਤਲਵੰਡੀ ਨੇ ਲੰਮਾ ਸਮਾਂ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਵਜੋਂ ਸੇਵਾਵਾਂ ਨਿਭਾਈਆਂ। ਭਾਈ ਗਰੇਵਾਲ ਨੇ ਕਿਹਾ ਕਿ ਜਥੇਦਾਰ ਦਲੀਪ ਸਿੰਘ ਨੇ ਜੈਤੋ ਦੇ ਮੋਰਚੇ ਅਤੇ ਪੰਜਾਬੀ ਸੂਬਾ ਮੋਰਚਾ ਵਿਚ ਸਰਗਰਮ ਭੂਮਿਕਾ ਨਿਭਾਈ। ਜਥੇਦਾਰ ਦਲੀਪ ਸਿੰਘ ਨੇ 1955 ਵਿਚ ਮਾਸਟਰ ਤਾਰਾ ਸਿੰਘ ਨਾਲ ਮਰਨ ਵਰਤ ਰੱਖਿਆ ਅਤੇ ਸਿੰਘਾਂ ਦੇ ਜਥੇ ਲੈ ਕੇ ਦਿੱਲੀ ਜਾ ਕੇ ਗ੍ਰਿਫ਼ਤਾਰੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਗਤੀਵਿਧੀਆਂ ਕਾਰਨ ਕਾਂਗਰਸ ਸਰਕਾਰ ਨੇ ਜਥੇਦਾਰ ਦਲੀਪ ਸਿੰਘ ਦੇ ਘਰ ਦੀ ਕੁਕਰੀ ਵੀ ਕਰ ਦਿੱਤੀ ਸੀ। ਭਾਈ ਗਰੇਵਾਲ ਨੇ ਕਿਹਾ ਕਿ ਇਸੇ ਤਰ੍ਹਾਂ ਸ਼ਹੀਦ ਭਾਈ ਅਮਰਜੀਤ ਸਿੰਘ ਖੇਮਕਰਨ ਦਾ ਯੋਗਦਾਨ ਵੀ ਮਿਸਾਲੀ ਹੈ। ਉਨ੍ਹਾਂ ਨੇ 1984 ਵਿਚ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਫ਼ੌਜੀ ਹਮਲੇ ਦੌਰਾਨ 6 ਜੂਨ 1984 ਨੂੰ ਭਾਰਤੀ ਫ਼ੌਜਾਂ ਦਾ ਮੁਕਾਬਲਾ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ ਸੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਪੰਥਕ ਯੋਗਦਾਨ ਦੇਣ ਵਾਲੀਆਂ ਸ਼ਖ਼ਸੀਅਤਾਂ ਨੂੰ ਹਮੇਸ਼ਾ ਯਾਦ ਰੱਖਦੀ ਹੈ। ਸਮਾਗਮ ਦੌਰਾਨ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਜਥੇਦਾਰ ਦਲੀਪ ਸਿੰਘ ਤੇ ਸ਼ਹੀਦ ਭਾਈ ਅਮਰਜੀਤ ਸਿੰਘ ਖੇਮਕਰਨ ਦੇ ਪਰਿਵਾਰਕ ਮੈਂਬਰ ਅਤੇ ਪੁੱਜੀਆਂ ਸ਼ਖ਼ਸੀਅਤਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਕਰਵਾਏ ਸਮਾਗਮ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਸਮੇਤ ਹੋਰ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਮੌਜੂਦ ਸਨ ।
Comments (0)