ਬਾਦਲ ਦਵੇ ਅਸਤੀਫਾ, ਮੈਂ ਪਾਰਟੀ ਨਹੀਂ ਛੱਡਦਾ: ਢੀਂਡਸਾ

ਬਾਦਲ ਦਵੇ ਅਸਤੀਫਾ, ਮੈਂ ਪਾਰਟੀ ਨਹੀਂ ਛੱਡਦਾ: ਢੀਂਡਸਾ

ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਧੜੇ ਵਿੱਚ ਬਾਦਲ ਪਰਿਵਾਰ ਤੋਂ ਬਾਗੀ ਹੋਏ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਸਿਆਸੀ ਲਾਮਬੰਦੀ ਸ਼ੁਰੂ ਕਰਦਿਆਂ ਬੀਤੇ ਕੱਲ੍ਹ ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਨਾਲ ਸਬੰਧਿਤ ਆਪਣੇ ਸਮਰਥਕਾਂ ਦਾ ਇਕੱਠ ਕੀਤਾ ਜਿੱਥੇ ਢੀਂਡਸਾ ਨੇ ਪਾਰਟੀ ਪ੍ਰਧਾਨ ਅਹੁਦੇ ਤੋਂ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ ਕੀਤੀ। ਢੀਂਡਸਾ ਨੇ ਕਿਹਾ ਕਿ ਉਹ ਖੁਦ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਨਹੀਂ ਦੇਣਗੇ। ਅਹਿਮ ਗੱਲ ਇਹ ਸੀ ਕਿ ਇਸ ਇਕੱਠ ਵਿੱਚ ਪਰਮਿੰਦਰ ਸਿੰਘ ਢੀਂਡਸਾ ਸ਼ਾਮਿਲ ਨਹੀਂ ਹੋਏ। 

ਇਸ ਇਕੱਠ ਵਿੱਚ ਢੀਂਡਸਾ ਦੇ ਸਮਰਥਕ ਪਾਰਟੀ ਵਰਕਰ ਅਤੇ ਦੂਜੀ ਕਤਾਰ ਦੇ ਆਗੂ ਸ਼ਾਮਿਲ ਸਨ ਪਰ ਦੋਵਾਂ ਜ਼ਿਲ੍ਹਿਆਂ ਨਾਲ ਸਬੰਧਿਤ ਪਾਰਟੀ ਦੇ ਹਲਕਾ ਇੰਚਾਰਜ ਇਸ ਇਕੱਠ ਤੋਂ ਦੂਰ ਰਹੇ। ਧਿਆਨ ਦੇਣ ਵਾਲੀ ਗੱਲ ਇਹ ਸੀ ਕਿ ਇਸ ਇਕੱਠ ਵਿੱਚ ਭਾਜਪਾ ਦੇ ਕਈ ਆਗੂ ਵੀ ਸ਼ਾਮਲ ਸਨ। 

ਢੀਂਡਸਾ ਨੇ ਸੁਖਬੀਰ ਬਾਦਲ ਦੀ ਕਾਰਜਸ਼ੈਲੀ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਕੁਰਬਾਨੀਆਂ ਸਦਕਾ ਹੋਂਦ 'ਚ ਆਇਆ ਅਕਾਲੀ ਦਲ ਅੱਜ ਇਕ ਵਿਅਕਤੀ ਦੇ ਹੱਥਾਂ 'ਚ ਸੁੰਗੜ ਗਿਆ ਹੈ। ਉਹਨਾਂ ਕਿਹਾ ਕਿ ਪਾਰਟੀ ਦੇ ਸੱਤਾ 'ਚ ਹੁੰਦਿਆਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਤੇ ਪ੍ਰਧਾਨ 'ਤੇ ਸਵਾਲ ਖੜ੍ਹੇ ਹੋਏ ਪਰ ਇਸ ਦੇ ਬਾਵਜੂਦ ਅਸਤੀਫਾ ਨਹੀਂ ਦਿੱਤਾ ਗਿਆ। ਜਿਸ ਕਾਰਨ ਵਿਧਾਨ ਸਭਾ ਚੋਣਾਂ 'ਚ ਪਾਰਟੀ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ। ਉਹਨਾਂ ਕਿਹਾ ਕਿ ਲੋਕਾਂ ਦਾ ਅਕਾਲੀ ਦਲ ਤੋਂ ਭਰੋਸਾ ਉੱਠ ਗਿਆ ਹੈ ਜਿਸ ਨੂੰ ਬਹਾਲ ਕਰਨਾ ਹੀ ਉਹਨਾਂ ਦਾ ਸੰਘਰਸ਼ ਹੈ। 

ਪਰਮਿੰਦਰ ਸਿੰਘ ਢੀਂਡਸਾ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਉਹਨਾਂ ਦਾ ਪੁੱਤਰ ਖੁਦ ਫੈਂਸਲਾ ਲਵੇਗਾ ਪਰ ਪਿਤਾ ਤੋਂ ਵੱਖ ਨਹੀਂ ਹੋਵੇਗਾ। 

ਬਾਦਲ ਧੜੇ ਨੇ ਵੀ ਢੀਂਡਸਾ ਖਿਲਾਫ ਮੋਰਚਾ ਖੋਲ੍ਹਿਆ
ਬਾਦਲ ਧੜੇ ਦੇ ਮੁੱਖ ਆਗੂਆਂ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਤੋਤਾ ਸਿੰਘ ਨੇ ਢੀਂਡਸਾ 'ਤੇ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਦਾ ਦੋਸ਼ ਲਾਇਆ ਹੈ। ਉਹਨਾਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਪੂਰਨ ਭਰੋਸਾ ਜਤਾਇਆ ਤੇ ਢੀਂਡਸਾ ਨੂੰ ਅਪੀਲ ਕੀਤੀ ਕਿ ਪਾਰਟੀ ਦਾ ਨੁਕਸਾਨ ਕਰਨ ਤੋਂ ਪਰਹੇਜ਼ ਕਰਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।