ਪੰਜਾਬ ਦੀ ਜੰਮਪਲ ਸਿੱਖ ਬੀਬੀ ਸੁਖਦੀਪ ਕੌਰ ਹਾਂਗਕਾਂਗ ਜੇਲ੍ਹ ਵਿਭਾਗ ਦੀ ਅਫਸਰ ਨਿਯੁਕਤ ਹੋਈ

ਪੰਜਾਬ ਦੀ ਜੰਮਪਲ ਸਿੱਖ ਬੀਬੀ ਸੁਖਦੀਪ ਕੌਰ ਹਾਂਗਕਾਂਗ ਜੇਲ੍ਹ ਵਿਭਾਗ ਦੀ ਅਫਸਰ ਨਿਯੁਕਤ ਹੋਈ
ਸੁਖਦੀਪ ਕੌਰ

ਚੰਡੀਗੜ੍ਹ: ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭੁੱਚਰ ਖੁਰਦ ਦੀ ਜੰਮਪਲ ਸੁਖਦੀਪ ਕੌਰ ਹਾਂਗਕਾਂਗ ਦੇ ਜੇਲ੍ਹ ਵਿਭਾਗ ਵਿੱਚ ਅਫਸਰ ਬਣਨ ਵਾਲੀ ਪਹਿਲੀ ਸਿੱਖ ਬੀਬੀ ਬਣ ਗਈ ਹੈ। ਸੁਖਦੀਪ ਕੌਰ ਗੁਰਸਿੱਖ ਹੈ ਅਤੇ ਸਿਰ 'ਤੇ ਦਸਤਾਰ ਸਜਾਉਂਦੀ ਹੈ। ਹਾਂਗਕਾਂਗ ਜੇਲ੍ਹ ਵਿਭਾਗ ਨੇ ਸਿੱਖ ਧਰਮ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਸੁਖਦੀਪ ਕੌਰ ਨੂੰ ਆਪਣੀ ਧਾਰਮਿਕ ਮਰਿਆਦਾ ਦਾ ਸਤਿਕਾਰ ਬਹਾਲ ਰੱਖਦਿਆਂ ਨੌਕਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। 

ਸੁਖਦੀਪ ਕੌਰ ਦਾ ਪਿੰਡ ਭਾਰਤ-ਪਾਕ ਸਰਹੱਦ 'ਤੇ ਪੈਂਦਾ ਹੈ ਜਿੱਥੇ ਹੁਣ ਤੱਕ ਵੀ ਮੁੱਢਲੀਆਂ ਸਹੂਲਤਾਂ ਦੀ ਘਾਟ ਹੈ। ਸੁਖਦੀਪ ਕੌਰ ਦੇ ਵੱਡੇ ਭਰਾ ਨੇ ਦੱਸਿਆ ਕਿ ਉਸ ਸਮੇਂ ਸੁਖਦੀਪ ਕੌਰ ਮਹਿਜ਼ 20 ਦਿਨਾਂ ਦੀ ਸੀ ਜਦੋਂ ਉਹਨਾਂ ਦੇ ਪਿਤਾ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਉਮਰ ਵਿੱਚ ਛੋਟੇ ਭੈਣ ਭਰਾਵਾਂ ਨੂੰ ਆਪਣੀ ਮੁੱਢਲੀ ਪੜ੍ਹਾਈ ਪੂਰੀ ਕਰਨ ਲਈ ਰਿਸ਼ਤੇਦਾਰ ਕੋਲ ਅੰਮ੍ਰਿਤਸਰ ਜਾਣਾ ਪਿਆ। 

ਜਸਕਰਨ ਸਿੰਘ ਨੇ ਦੱਸਿਆ ਕਿ ਪੜ੍ਹਾਈ ਵਿੱਚ ਸ਼ੁਰੂ ਤੋਂ ਹੀ ਤੇਜ ਸੁਖਦੀਪ ਕੌਰ ਨੂੰ ਉਹਨਾਂ ਦੇ ਮਾਮਾ ਦੀਦਾਰ ਸਿੰਘ ਪੰਜਵੀਂ ਪਾਸ ਕਰਨ ਮਗਰੋਂ ਆਪਣੇ ਪਰਿਵਾਰ ਨਾਲ ਹਾਂਗਕਾਂਗ ਲੈ ਗਏ, ਜਿੱਥੇ ਸੁਖਦੀਪ ਕੌਰ ਨੇ ਆਪਣੀ ਅਗਲੀ ਪੜ੍ਹਾਈ ਪੂਰੀ ਕੀਤੀ। ਪਰ ਇਸ ਦੌਰਾਨ ਉਹਨਾਂ ਦੇ ਮਾਤਾ ਜੀ ਦੀ ਸਿਹਤ ਖਰਾਬ ਹੋ ਗਈ ਜਿਸ ਕਰਕੇ ਸੁਖਦੀਪ ਕੌਰ ਨੂੰ ਫੇਰ ਪੰਜਾਬ ਆਉਣਾ ਪਿਆ ਤੇ ਉਹਨਾਂ ਇੱਥੇ ਹੀ ਆਪਣੀ ਬੀਐਸਸੀ ਕੰਪਿਊਟਰ ਸਾਇੰਸ ਦੀ ਪੜ੍ਹਾਈ ਪੂਰੀ ਕੀਤੀ। ਮਾਤਾ ਦੀ ਮੌਤ ਹੋਣ ਤੋਂ ਬਾਅਦ ਉਹ ਫੇਰ ਹਾਂਗਕਾਂਗ ਚਲੇ ਗਏ। 

ਸੁਖਦੀਪ ਕੌਰ ਨੇ ਕਿਹਾ, "ਸਿੱਖ ਧਰਮ ਵਿੱਚ ਕੇਸ ਪਵਿੱਤਰ ਹਨ ਕਿਉਂਕਿ ਇਹ ਕੁਦਰਤ ਅਤੇ ਪ੍ਰਮਾਤਮਾ ਨੂੰ ਚਿੰਨਤ ਕਰਦੇ ਹਨ। ਅਸੀਂ ਆਪਣੇ ਕੇਸ ਨਹੀਂ ਕਟਾਉਂਦੇ ਤੇ ਇਹਨਾਂ ਨੂੰ ਸਾਫ ਰੱਖਣ ਲਈ ਦਸਤਾਰ ਨਾਲ ਢੱਕ ਕੇ ਰੱਖਦੇ ਹਾਂ।" ਉਹਨਾਂ ਦੱਸਿਆ ਕਿ 12 ਸਾਲ ਦੀ ਉਮਰ ਵਿੱਚ ਉਹਨਾਂ ਅੰਮ੍ਰਿਤ ਛਕਿਆ ਸੀ। ਉਹਨਾਂ ਕਿਹਾ, "ਮੇਰੇ ਲਈ ਮੇਰੀ ਦਸਤਾਰ ਮੇਰੇ ਧਰਮ ਅਤੇ ਸੱਭਿਆਚਾਰ ਦੀ ਨਿਸ਼ਾਨੀ ਹੈ ਅਤੇ ਇਸ ਨਾਲ ਸਿੱਖ ਦੀ ਸੌਖਿਆਂ ਹੀ ਪਛਾਣ ਹੋ ਜਾਂਦੀ ਹੈ ਅਤੇ ਸਿੱਖਾਂ ਵਿੱਚ ਏਕਾ ਇਤਫਾਕ ਵੱਧਦਾ ਹੈ।"