ਭਾਜਪਾ ਸਿੱਖਿਆ ਰਾਹੀਂ ਗੈਰ ਹਿੰਦੀ ਲੋਕਾਂ 'ਤੇ ਹਿੰਦੀ ਥੋਪਣ ਦੇ ਰਾਹ; ਦੱਖਣ ਵਿਚੋਂ ਉੱਠਿਆ ਵਿਰੋਧ

ਭਾਜਪਾ ਸਿੱਖਿਆ ਰਾਹੀਂ ਗੈਰ ਹਿੰਦੀ ਲੋਕਾਂ 'ਤੇ ਹਿੰਦੀ ਥੋਪਣ ਦੇ ਰਾਹ; ਦੱਖਣ ਵਿਚੋਂ ਉੱਠਿਆ ਵਿਰੋਧ

ਨਵੀਂ ਦਿੱਲੀ: ਭਾਰਤ ਵਿੱਚ ਕੇਂਦਰੀ ਸੱਤਾ 'ਤੇ ਪੁਰਨ ਬਹੁਮਤ ਨਾਲ ਦੂਜੀ ਵਾਰ ਕਾਬ ਹੁੰਦਿਆਂ ਹੀ ਭਾਜਪਾ ਨੇ ਹਿੰਦੁਤਵੀਆਂ ਵੱਲੋਂ ਪ੍ਰਚਾਰੇ ਜਾਂਦੇ "ਹਿੰਦੀ, ਹਿੰਦੂ, ਹਿੰਦੁਸਤਾਨ" ਦੇ ਨਾਅਰੇ ਨੂੰ ਸੱਚਾਈ ਬਣਾਉਣ ਲਈ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ ਤੇ ਇਸ ਪ੍ਰਤੀ ਪਹਿਲਾ ਕਦਮ ਸਿੱਖਿਆ ਦੇ ਖੇਤਰ ਵਿੱਚ ਪੁੱਟਿਆ ਗਿਆ ਹੈ। ਬੀਤੇ ਸ਼ੁਕਰਵਾਰ ਨੂੰ ਭਾਰਤ ਦੇ ਮਨੁੱਖੀ ਵਸੀਲਿਆਂ ਅਤੇ ਵਿਕਾਸ ਬਾਰੇ ਮੰਤਰੀ ਵੱਲੋਂ ਨਵੀਂ ਸਿੱਖਿਆ ਨੀਤੀ ਤਹਿਤ ਗੈਰ ਹਿੰਦੀ ਸੂਬਿਆਂ ਵਿੱਚ ਹਿੰਦੀ ਨੂੰ ਲਾਜ਼ਮੀ ਤੌਰ 'ਤੇ ਪੜ੍ਹਾਉਣ ਦੀ ਸਿਫਾਰਿਸ਼ ਕੀਤੀ ਹੈ। ਹਲਾਂਕਿ ਇਹ ਸਾਫ ਨਹੀਂ ਹੋਇਆ ਹੈ ਕਿ ਹਿੰਦੀ ਦੇ ਨਾਲ ਸੂਬੇ ਦੇ ਲੋਕਾਂ ਦੀ ਮਾਂ ਬੋਲੀ ਪੜ੍ਹਾਈ ਜਾਵੇਗੀ ਜਾਂ ਨਹੀਂ।

500 ਪੰਨਿਆਂ ਦੀ ਇਸ ਨੀਤੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗੈਰ-ਹਿੰਦੀ ਸੂਬਿਆਂ 'ਚ ਖੇਤਰੀ ਭਾਸ਼ਾ ਦੇ ਨਾਲ ਅੰਗਰੇਜ਼ੀ ਅਤੇ ਹਿੰਦੀ ਲਾਜ਼ਮੀ ਪੜ੍ਹਾਈ ਜਾਵੇ। 

ਇਸ ਰਿਪੋਰਟ ਖਿਲਾਫ ਦੱਖਣੀ ਬਾਰਤ ਵਿੱਚ ਵਿਰੋਧ ਸ਼ੁਰੂ ਹੋ ਗਿਆ ਹੈ। ਤਾਮਿਲ ਨਾਡੂ ਦੇ ਸਕੂਲ ਸਿੱਖਿਆ ਮੰਤਰੀ ਨੇ ਇਸ ਰਿਪੋਰਟ ਵਿੱਚ ਦਿੱਤੇ ਸੁਝਾਅ ਦੀ ਨਿੰਦਾ ਕਰਦਿਆਂ ਇਸ ਨੂੰ ਰੱਦ ਕੀਤਾ ਹੈ। ਉਹਨਾਂ ਕਿਹਾ ਕਿ ਤਾਮਿਲ ਨਾਡੂ ਵਿੱਚ ਦੋ ਭਾਸ਼ਾਈ ਨੀਤੀ ਹੀ ਲਾਗੂ ਹੋਵੇਗੀ। ਸਿਰਫ ਤਾਮਿਲ ਅਤੇ ਇੰਗਲਿਸ਼ ਹੀ ਤਾਮਿਲ ਨਾਡੂ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਜਾਵੇਗੀ।

ਤਾਮਿਲ ਨਾਡੂ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਕਿਹਾ, "ਗੈਰ-ਹਿੰਦੀ ਖੇਤਰਾਂ 'ਤੇ ਹਿੰਦੀ ਨੂੰ ਥੋਪਣ ਨਾਲ ਬਹੁਲਵਾਦ ਖਤਮ ਹੋ ਜਾਵੇਗਾ। ਇਸ ਨਾਲ ਗੈਰ-ਹਿੰਦੀ ਲੋਕ ਦੂਜੇ ਦਰਜੇ ਦੇ ਸ਼ਹਿਰੀ ਬਣ ਜਾਣਗੇ।"

ਡੀਐੱਮਕੇ ਆਗੂ ਐੱਮ ਕੇ ਸਟਾਲਿਨ ਨੇ ਕਿਹਾ ਕਿ ਜੇ ਭਾਜਪਾ ਨੇ ਅਜਿਹਾ ਕੋਈ ਕਦਮ ਪੁੱਟਿਆ ਤਾਂ ਉਸਨੂੰ ਵੱਡਾ ਖਮਤਿਆਜਾ ਭੁਗਤਣਾ ਪਵੇਗਾ। ਐੱਮਡੀਐੱਮਕੇ ਆਗੂ ਵਾਇਕੋ ਨੇ ਇਸ ਨਾਲ ਪੈਦਾ ਹੋਣ ਵਾਲੀ "ਭਾਸ਼ਾਈ ਜੰਗ" ਦੀ ਚੇਤਾਵਨੀ ਦਿੱਤੀ।

ਡੀਐੱਮਕੇ ਦੇ ਰਾਜ ਸਭਾ ਮੈਂਬਰ ਤ੍ਰਿਚੀ ਸਿਵਾ ਨੇ ਕਿਹਾ ਕਿ ਹਿੰਦੀ ਥੋਪਣ ਨੂੰ ਵਿਦਿਆਰਥੀ, ਨੌਜਵਾਨ ਅਤੇ ਡੀਐੱਮਕੇ ਕਦੇ ਵੀ ਸਹਿਣ ਨਹੀਂ ਕਰਨਗੇ। ਉਹਨਾਂ ਕਿਹਾ ਕਿ ਹਿੰਦੀ ਨੂੰ ਰੋਕਣ ਲਈ ਉਹ ਕਿਸੇ ਵੀ ਨਤੀਜੇ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਹਨਾਂ ਕਿਹਾ ਕਿ ਸਿੱਖਿਆ ਦੇ ਨਾਂ 'ਤੇ ਹਿੰਦੀ ਥੋਪਣ ਦੀ ਕੋਸ਼ਿਸ਼ ਅੱਗ ਵਿੱਚ ਤੇਲ ਪਾਉਣ ਦਾ ਕੰਮ ਕਰੇਗੀ। 

ਅਦਾਕਾਰ ਤੋਂ ਰਾਜਨੀਤਕ ਆਗੂ ਬਣੇ ਕਮਲ ਹਸਨ ਨੇ ਵੀ ਸਰਕਾਰ ਨੂੰ ਹਿਮਦੀ ਥੋਪਣ ਦੇ ਇਚਜ਼ ਵਿੱਚ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ