ਸਿੱਟ ਵਿੱਚ ਪਾੜ ਮਗਰੋਂ ਡੀਜੀਪੀ ਨੇ ਬੁਲਾਈ ਬੈਠਕ; ਕੁੰਵਰ ਵਿਜੈ ਪ੍ਰਤਾਪ ਪਿਆ ਇਕੱਲਾ
ਚੰਡੀਗੜ੍ਹ: ਪੰਜਾਬ ਦਾ ਵੱਡਾ ਰਾਜਸੀ ਕੇਸ ਬਣ ਚੁੱਕੇ ਬਰਗਾੜੀ ਬੇਅਦਬੀ ਮਾਮਲੇ ਅਤੇ ਬਹਿਬਲ ਕਲਾਂ, ਕੋਟਕਪੂਰਾ ਗੋਲੀਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਸਿੱਟ ਦੇ ਮੈਂਬਰ ਅਫਸਰਾਂ ਵਿੱਚ ਪਾੜ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਗੈਰਹਾਜ਼ਰੀ ਵਿੱਚ ਡੀਜੀਪੀ ਲਾਏ ਗਏ ਵੀਕੇ ਭਵਰਾ ਨੇ ਸਿੱਟ ਦੇ ਮੈਂਬਰਾਂ ਦੀ ਇੱਕ ਬੈਠਕ ਬੁਲਾਈ ਹੈ।
ਇਸ ਦੌਰਾਨ ਸਿੱਟ ਦੇ ਸਭ ਤੋਂ ਵੱਧ ਕਾਰਜਸ਼ੀਲ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਟਵੀਟ ਕਰਦਿਆਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਇਸ ਤਰ੍ਹਾਂ ਕੀਤਾ ਕਿ ਉਹ ਇਸ ਜੰਗ ਨੂੰ ਇਕੱਲੇ ਲੜ ਰਹੇ ਹਨ। ਇੱਕ ਟਵੀਟ ਵਿੱਚ ਉਹਨਾਂ ਲਿਖਿਆ, "ਜੇਕਰ ਤੇਰੀ ਪੁਕਾਰ ਸੁਣੇ ਨ ਕੋਇ, ਜੇਕਰ ਤੇਰਾ ਸਾਥ ਦੇਵੇ ਨ ਕੋਇ। ਇਕੱਲਾ ਚਲੋ, ਇਕੱਲਾ ਚਲੋ, ਇਕੱਲਾ ਚਲੋ ਰੇ।"
By our great poet Rabindranath Tagore pic.twitter.com/Are8MA4K05
— Kunwar Vijay Pratap Singh (@Kvijaypratap) June 2, 2019
ਜ਼ਿਕਰਯੋਗ ਹੈ ਕਿ ਇਹਨਾਂ ਮਾਮਲਿਆਂ ਵਿੱਚ ਬੀਤੇ ਹਫਤੇ ਅਦਾਲਤ 'ਚ ਚਾਰਜਸ਼ਟਿ ਦਾਖਲ ਕੀਤੀ ਗਈ ਸੀ ਜਿਸ ਵਿੱਚ ਪੁਲਿਸ ਦੇ ਉੱਚ ਅਫਸਰਾਂ ਅਤੇ ਬਾਦਲ ਦਲ ਦੇ ਉੱਚ ਆਗੂਆਂ ਨੂੰ ਦੋਸ਼ੀਆਂ ਦੇ ਕਟਹਿਰੇ ਵਿੱਚ ਖੜਾ ਕੀਤਾ ਗਿਆ ਸੀ। ਪਰ ਚਾਰਜਸ਼ੀਟ ਦਾਖਲ ਹੋਣ ਤੋਂ ਬਾਅਦ ਸਿੱਟ ਦੇ ਕੁੱਝ ਮੈਂਬਰਾਂ ਵੱਲੋਂ ਖੁਦ ਨੂੰ ਇਸ ਚਾਰਜਸ਼ੀਟ ਤੋਂ ਵੱਖ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ ਸਨ।
ਕੁੰਵਰ ਵਿਜੈ ਪ੍ਰਤਾਪ ਸਿੰਘ ਪਹਿਲਾਂ ਵੀ ਬਾਦਲ ਦਲ ਦੇ ਆਗੂਆਂ ਦੇ ਨਿਸ਼ਾਨੇ 'ਤੇ ਚੱਲ ਰਹੇ ਹਨ ਤੇ ਚੋਣ ਜ਼ਾਬਤੇ ਦੌਰਾਨ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਕੇ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਤਬਾਦਲਾ ਵੀ ਕਰਵਾਇਆ ਗਿਆ ਸੀ। ਪਰ ਚੋਣ ਜ਼ਾਬਤਾ ਖਤਮ ਹੁੰਦਿਆਂ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਦੁਬਾਰਾ ਫੇਰ ਸਿੱਟ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ ਜਿਸ ਮਗਰੋਂ ਇਹ ਚਾਰਜਸ਼ੀਟ ਅਦਾਲਤ ਵਿੱਚ ਦਾਖਲ ਕੀਤੀ ਗਈ। ਸਿੱਟ ਦੇ ਕੁੱਝ ਮੈਂਬਰ ਅਫਸਰਾਂ ਨੇ ਦੋਸ਼ ਲਾਇਆ ਹੈ ਕਿ ਇਹ ਚਾਰਜਸ਼ੀਟ ਕੁੰਵਰ ਵਿਜੈ ਪ੍ਰਤਾਪ ਨੇ ਇਕੱਲਿਆਂ ਹੀ ਪੇਸ਼ ਕੀਤੀ ਹੈ।
ਪੰਜਾਬ ਵਿੱਚ ਇਸ ਸਮੇਂ ਹੀ ਚਾਰਜਸ਼ੀਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਨਾਲ ਹੀ ਇਸ ਮਾਮਲੇ 'ਚ ਵੱਡੇ ਰਾਜਨੀਤਕ ਦਬਾਅ ਅਤੇ ਰਾਜਨੀਤਕ ਸਾਜਿਸ਼ਾਂ ਦੀ ਗੱਲ ਹੋ ਰਹੀ ਹੈ। ਇਹ ਕੇਸ ਪੰਜਾਬ ਦੇ ਰਾਜਨੀਤਕ ਭਵਿੱਖ ਨੂੰ ਤੈਅ ਕਰਨ ਦਾ ਵਜ਼ਨ ਰੱਖਦਾ ਹੈ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)