ਭਾਜਪਾ ਆਗੂ ਤੇ ਸਾਬਕਾ ਭਾਰਤੀ ਮੰਤਰੀ ਸਵਾਮੀ ਚਿਨਮਯਾਨੰਦ ਦੀ ਹਵਸ ਦੀ ਸ਼ਿਕਾਰ ਵਿਦਿਆਰਥਣ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ

ਭਾਜਪਾ ਆਗੂ ਤੇ ਸਾਬਕਾ ਭਾਰਤੀ ਮੰਤਰੀ ਸਵਾਮੀ ਚਿਨਮਯਾਨੰਦ ਦੀ ਹਵਸ ਦੀ ਸ਼ਿਕਾਰ ਵਿਦਿਆਰਥਣ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ
ਪੀੜਤ ਕੁੜੀ ਪੁਲਿਸ ਹਿਰਾਸਤ ਵਿੱਚ

ਲਖਨਊ: ਜਿਸ ਵਿਦਿਆਰਥਣ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਭਾਜਪਾ ਆਗੂ ਸਵਾਮੀ ਚਿਨਮਯਾਨੰਦ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅੱਜ ਪੁਲਿਸ ਨੇ ਉਸ ਵਿਦਿਆਰਥਣ ਨੂੰ ਹੀ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਇਸ ਵਿਦਿਆਰਥਣ ਨੂੰ ਚਿਨਮਯਾਨੰਦ ਦੀ ਸ਼ਿਕਾਇਤ 'ਤੇ ਗ੍ਰਿਫਤਾਰ ਕੀਤਾ ਹੈ ਜਿਸ ਵਿਚ ਉਸਨੇ ਦੋਸ਼ ਲਾਇਆ ਸੀ ਕਿ ਉਸਤੋਂ ਜ਼ਬਰਦਸਤੀ 5 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। 

ਸ਼ਾਹਜਹਾਨਪੁਰ ਅਦਾਲਤ ਨੇ ਬਲਾਤਕਾਰ ਪੀੜਤ ਕੁੜੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੀੜਤ ਵਿਦਿਆਰਥਣ ਵੱਲੋਂ ਅਗਾਊਂ ਜ਼ਮਾਨਤ ਲਈ ਦਰਜ ਕਰਵਾਈ ਗਈ ਅਪੀਲ 'ਤੇ ਕੱਲ੍ਹ ਸੁਣਵਾਈ ਹੋਵੇਗੀ। ਅਦਾਲਤ ਨੇ ਐੱਸਆਈਟੀ ਨੂੰ ਇਸ 'ਤੇ ਦਸਤਾਵੇਜਾਂ ਸਮੇਤ ਜਵਾਬ ਦਾਖਲ ਕਰਨ ਲਈ ਕਿਹਾ ਹੈ। 

ਹਲਾਂਕਿ ਅੱਜ ਪੁਲਿਸ ਨੇ ਇਸ ਸੁਣਵਾਈ ਤੋਂ ਪਹਿਲਾਂ ਹੀ ਪੀੜਤ ਵਿਦਿਆਰਥਣ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਚਿਨਮਯਾਨੰਦ ਤੋਂ ਪੈਸੇ ਮੰਗਣ ਦੇ ਦੋਸ਼ ਵਿੱਚ ਤਿੰਨ ਹੋਰ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਐੱਸਆਈਟੀ ਦੇ ਮੁਖੀ ਆਈਜੀ ਨਵੀਨ ਅਰੋੜਾ ਨੇ ਕਿਹਾ ਸੀ ਕਿ ਇਹਨਾਂ ਬੰਦਿਆਂ ਨਾਲ ਕੁੜੀ ਦੇ ਵੀ ਪੈਸੇ ਮੰਗਣ ਦੇ ਜ਼ੁਰਮ ਵਿੱਚ ਸ਼ਾਮਿਲ ਹੋਣ ਦੇ ਸਬੂਤ ਮਿਲੇ ਹਨ।

ਦੱਸ ਦਈਏ ਕਿ ਬਲਾਤਕਾਰ ਦੇ ਦੋਸ਼ੀ ਸਵਾਮੀ ਚਿਨਮਯਾਨੰਦ ਨੂੰ ਗ੍ਰਿਫਤਾਰ ਕਰਨ ਲਈ ਜਿਹੜੀ ਪੁਲਿਸ ਢਿੱਲ ਵਖਾ ਰਹੀ ਸੀ ਪਰ ਸੁਪਰੀਮ ਕੋਰਟ ਦੀ ਝਾੜ ਮਗਰੋਂ ਮਜ਼ਬੂਰੀ ਵਸ ਉਸਨੂੰ ਗ੍ਰਿਫਤਾਰ ਕਰਨਾ ਪਿਆ ਉਸਨੇ ਪੀੜਤ ਵਿਦਿਆਰਥਣ ਨੂੰ ਜਿਸ ਤੇਜ਼ੀ ਨਾਲ ਗ੍ਰਿਫਤਾਰ ਕੀਤਾ ਹੈ ਉਸ ਪਿੱਛੇ ਸਿਆਸੀ ਦਬਾਅ ਦੱਸਿਆ ਜਾ ਰਿਹਾ ਹੈ। ਚਿਨਮਯਾਨੰਦ ਭਾਜਪਾ ਦਾ ਉੱਚ ਆਗੂ ਹੈ ਜੋ ਵਾਜਪਾਈ ਵੇਲੇ ਭਾਰਤ ਸਰਕਾਰ ਵਿੱਚ ਕੇਂਦਰੀ ਮੰਤਰੀ ਵੀ ਰਿਹਾ ਸੀ। 
ਪੂਰਾ ਮਾਮਲਾ ਜਾਣਨ ਲਈ ਇਹ ਖਬਰ ਵੀ ਪੜ੍ਹੋ: ਪੀੜਤ ਕੁੜੀ ਵੱਲੋਂ ਆਤਮਹੱਤਿਆ ਦੀ ਧਮਕੀ ਮਗਰੋਂ ਬਲਾਤਕਾਰ ਦੋਸ਼ੀ ਭਾਜਪਾ ਆਗੂ ਸਵਾਮੀ ਗ੍ਰਿਫਤਾਰ