ਨਿਊਜ਼ੀਲੈਂਡ ਵਿੱਚ ਸਿੱਖ ਧਰਮ ਸਭ ਤੋਂ ਵੱਧ ਤੇਜ਼ੀ ਨਾਲ ਵਧ ਰਿਹਾ ਘਟਗਿਣਤੀ ਧਰਮ

ਨਿਊਜ਼ੀਲੈਂਡ ਵਿੱਚ ਸਿੱਖ ਧਰਮ ਸਭ ਤੋਂ ਵੱਧ ਤੇਜ਼ੀ ਨਾਲ ਵਧ ਰਿਹਾ ਘਟਗਿਣਤੀ ਧਰਮ

ਚੰਡੀਗੜ੍ਹ: ਨਿਊਜ਼ੀਲੈਂਡ ਦੇ 34ਵੇਂ ਅਬਾਦੀ ਸਰਵੇਖਣ ਦੀ ਰਿਪੋਰਟ ਤੋਂ ਸਾਹਮਣੇ ਆਇਆ ਹੈ ਕਿ ਦੇਸ਼ ਵਿੱਚ ਸਿੱਖ ਸਭ ਤੋਂ ਵੱਧ ਤੇਜ਼ੀ ਨਾਲ ਵੱਧ ਰਿਹਾ ਘੱਟਗਿਣਤੀ ਧਰਮ ਹੈ। ਨਿਊਜ਼ੀਲੈਂਡ ਵਿੱਚ ਪਿਛਲੇ ਪੰਜਾ ਸਾਲਾਂ ਅੰਦਰ ਸਿੱਖਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। 2013 ਦੇ ਅੰਕੜਿਆਂ ਮੁਤਾਬਿਕ ਸਿੱਖਾਂ ਦੀ ਗਿਣਤੀ 19,191 ਸੀ ਜੋ 2018 ਦੇ ਅੰਕੜਿਆਂ ਵਿੱਚ ਵਧ ਕੇ 40,908 ਹੋ ਗਈ ਹੈ।

ਸਿੱਖਾਂ ਦੇ ਨਾਲ-ਨਾਲ ਹਿੰਦੂ ਅਤੇ ਮੁਸਲਿਮ ਅਬਾਦੀ ਵਿੱਚ ਵੀ ਵਾਧਾ ਹੋਇਆ ਹੈ। ਨਿਊਜ਼ੀਲੈਂਡ ਦੀ ਕੁੱਲ ਅਬਾਦੀ 48 ਲੱਖ ਹੈ। ਜਿਸ ਵਿੱਚ ਹਿੰਦੂ ਅਬਾਦੀ ਦਾ ਵਾਧਾ 89,000 ਤੋਂ 1 ਲੱਖ 23,000 ਦਰਜ ਕੀਤਾ ਗਿਆ ਹੈ ਜਦਕਿ ਮੁਸਲਿਮ ਅਬਾਦੀ ਦਾ ਵਾਧਾ 46,149 ਤੋਂ 61,455 ਦਰਜ ਕੀਤਾ ਗਿਆ ਹੈ। 

ਸਿੱਖਾਂ ਵੱਲੋਂ ਉਂਝ ਨਿਊਜ਼ੀਲੈਂਡ ਵਿੱਚ ਪ੍ਰਵਾਸ ਨੂੰ 19ਵੀਂ ਸਦੀ ਦੇ ਆਖਰੀ ਸਾਲਾਂ ਤੋਂ ਦਰਜ ਕੀਤਾ ਗਿਆ ਹੈ ਪਰ 80ਵਿਆਂ ਦੌਰਾਨ ਜਦੋਂ ਪੰਜਾਬ ਵਿੱਚ ਸਿੱਖਾਂ ਦਾ ਭਾਰਤ ਸਰਕਾਰ ਨੇ ਕਤਲੇਆਮ ਸ਼ੁਰੂ ਕੀਤਾ ਤਾਂ ਸਿੱਖਾਂ ਨੇ ਵੱਡੇ ਪੱਧਰ 'ਤੇ ਪ੍ਰਵਾਸ ਸ਼ੁਰੂ ਕੀਤਾ ਜੋ ਪਹਿਲਾਂ ਅਮਰੀਕਾ ਅਤੇ ਯੂਰਪੀਨ ਮੁਲਕਾਂ ਵੱਲ ਸੀ ਪਰ ਬਾਅਦ ਵਿੱਚ ਨਿਊਜ਼ੀਲੈਂਡ ਵੱਲੋਂ ਆਪਣੀਆਂ ਪ੍ਰਵਾਸ ਨੀਤੀਆਂ ਵਿੱਚ ਢਿੱਲ ਦੇਣ ਤੋਂ ਬਾਅਦ ਇੱਥੇ ਵੀ ਸਿੱਖਾਂ ਦਾ ਪ੍ਰਵਾਸ ਸ਼ੁਰੂ ਹੋਇਆ। ਨਿਊਜ਼ੀਲੈਂਡ ਵੱਲ ਪ੍ਰਵਾਸ ਕਰਨ ਵਾਲੇ ਜ਼ਿਆਦਾਤਰ ਵਿਦਿਆਰਥੀ ਹਨ। ਪ੍ਰਾਪਤ ਜਾਣਕਾਰੀ ਮੁਤਾਬਿਕ ਨਿਊਜ਼ੀਲੈਂਡ ਵਿੱਚ ਪਹਿਲਾ ਗੁਰਦੁਆਰਾ ਸਾਹਿਬ 1977 ਵਿੱਚ ਸਥਾਪਤ ਕੀਤਾ ਗਿਆ ਸੀ।