ਚੀਨ ਦੀ ਅਜਾਰੇਦਾਰੀ ਤੋੜਨ ਦੀ ਜ਼ਰੂਰਤ

ਚੀਨ ਦੀ ਅਜਾਰੇਦਾਰੀ ਤੋੜਨ ਦੀ ਜ਼ਰੂਰਤ
-ਬ੍ਰਹਮਾ ਚੇਲਾਨੀ

ਸਾਰੀ ਦੁਨੀਆ ਇਸ ਸਵਾਲ ਦੇ ਜਵਾਬ ਦੀ ਉਡੀਕ ਕਰ ਰਹੀ ਹੈ ਕਿ ਆਖ਼ਰ ਵੁਹਾਨ ਵਿਚ ਪੈਦਾ ਹੋਏ ਵਾਇਰਸ ਨੇ ਕਿੱਦਾਂ ਸਮੁੱਚੇ ਸੰਸਾਰ ਵਿਚ ਤਬਾਹੀ ਮਚਾ ਦਿੱਤੀ? ਇਸ ਕਾਰਨ ਜਾਨ-ਮਾਲ ਦਾ ਜੋ ਨੁਕਸਾਨ ਜਾਰੀ ਹੈ, ਉਸ ਦੀ ਥਾਹ ਲੈਣਾ ਮੁਸ਼ਕਲ ਹੈ। ਅਜਿਹੇ ਵਿਚ ਇਸ ਵਾਇਰਸ ਨੂੰ ਲੈ ਕੇ ਸੁਤੰਤਰ ਜਾਂਚ ਜ਼ਰੂਰੀ ਹੋ ਗਈ ਹੈ ਪਰ ਚੀਨ ਉਸ ਤੋਂ ਕੰਨੀ ਕਤਰਾਉਂਦਾ ਦਿਖ ਰਿਹਾ ਹੈ। ਉਲਟਾ ਉਹ ਇਸ ਮਾਮਲੇ ਵਿਚ ਪਾਰਦਰਸ਼ਿਤਾ ਅਤੇ ਜਵਾਬਦੇਹੀ ਯਕੀਨੀ ਬਣਾਉਣ ਲਈ ਦਬਾਅ ਪਾ ਰਹੇ ਦੇਸ਼ਾਂ ਨੂੰ ਧਮਕਾ ਰਿਹਾ ਹੈ। ਜਾਪਾਨ ਨਾਲ ਸੇਨਕਾਕੂ ਟਾਪੂ ਵਿਚ ਝੜਪ ਅਤੇ ਆਸਟ੍ਰੇਲੀਆ 'ਤੇ ਬੀਫ ਦੀ ਪਾਬੰਦੀ ਅਤੇ ਟੈਰਿਫ ਦੀ ਘੁਰਕੀ ਇਸ ਦੀਆਂ ਜਿਊਂਦੀਆਂ-ਜਾਗਦੀਆਂ ਮਿਸਾਲਾਂ ਹਨ। ਦਰਅਸਲ, ਕੋਵਿਡ-19 ਦੀ ਪੂਰੀ ਕੁੰਡਲੀ ਜਾਣਨੀ ਬੇਹੱਦ ਜ਼ਰੂਰੀ ਹੈ ਤਾਂ ਜੋ ਭਵਿੱਖ ਵਿਚ ਅਜਿਹੀ ਕਿਸੇ ਆਫ਼ਤ ਨਾਲ ਨਜਿੱਠਣ ਦੀ ਬਿਹਤਰ ਤਿਆਰੀ ਕੀਤੀ ਜਾ ਸਕੇ। ਆਖ਼ਰ ਇਹ ਪਹਿਲੀ ਵਾਰ ਨਹੀਂ ਜਦ ਚੀਨ ਤੋਂ ਅਜਿਹੀ ਕੋਈ ਮਹਾਮਾਰੀ ਫੈਲੀ ਹੋਵੇ। ਸੰਨ 2002-03 ਵਿਚ ਸਾਰਸ 'ਤੇ ਪਰਦਾ ਪਾਉਣ ਦੀ ਉਸ ਦੀ ਕੋਸ਼ਿਸ਼ ਨੇ ਦੁਨੀਆ ਨੂੰ 21ਵੀਂ ਸਦੀ ਦੀ ਪਹਿਲੀ ਮਹਾਮਾਰੀ ਦੇ ਮੂੰਹ ਵਿਚ ਪਾ ਦਿੱਤਾ ਸੀ।
 
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੋ-ਟੁੱਕ ਕਹਿ ਰਹੇ ਹਨ ਕਿ ਜੇਕਰ ਇਹ ਕੋਈ ਭੁੱਲ ਸੀ ਤਾਂ ਭੁੱਲ ਮੰਨੀ ਜਾਵੇਗੀ ਪਰ ਜੇਕਰ ਚੀਨ ਨੇ ਜਾਣਬੁੱਝ ਕੇ ਇਸ ਨੂੰ ਅੰਜਾਮ ਦਿੱਤਾ ਹੈ ਤਾਂ ਇਸ ਦੇ ਗੰਭੀਰ ਨਤੀਜੇ ਵੀ ਭੁਗਤਣੇ ਪੈਣਗੇ। ਇਸ ਦੇ ਬਾਵਜੂਦ ਬੀਜਿੰਗ ਬੁਨਿਆਦੀ ਸਵਾਲਾਂ ਦੇ ਜਵਾਬ ਦੇਣ ਤੋਂ ਪੱਲਾ ਝਾੜ ਰਿਹਾ ਹੈ। ਚੀਨ ਨੇ 23 ਜਨਵਰੀ ਨੂੰ ਵੁਹਾਨ ਤੋਂ ਘਰੇਲੂ ਉਡਾਣਾਂ 'ਤੇ ਤਾਂ ਪਾਬੰਦੀ ਲਗਾ ਦਿੱਤੀ ਸੀ ਪਰ ਚਾਰਟਰ ਫਲਾਈਟਾਂ ਸਹਿਤ ਕੁਝ ਕੌਮਾਂਤਰੀ ਉਡਾਣਾਂ ਦੇ ਸੰਚਾਲਨ ਦੀ ਆਗਿਆ ਜਾਰੀ ਰੱਖੀ ਸੀ। ਮਾਰਚ ਦੇ ਅੰਤ ਤਕ ਤਾਂ ਦੂਜੇ ਚੀਨੀ ਸ਼ਹਿਰਾਂ ਵਿਚ ਵਿਦੇਸ਼ੀਆਂ ਦੀ ਆਵਾਜਾਈ ਜਾਰੀ ਰੱਖ ਕੇ ਉਸ ਨੇ ਇਸ ਬਿਮਾਰੀ ਦੇ ਕੌਮਾਂਤਰੀ ਪਸਾਰੇ ਨੂੰ ਹੀ ਹੱਲਾਸ਼ੇਰੀ ਦਿੱਤੀ। ਉਸ ਨੇ ਵੁਹਾਨ ਵਿਚ ਲਾਕਡਾਊਨ ਲਗਾਉਣ ਵਿਚ ਵੀ ਇੰਨੀ ਦੇਰੀ ਕਰ ਦਿੱਤੀ ਕਿ ਉਦੋਂ ਤਕ ਪੰਜਾਹ ਲੱਖ ਲੋਕ ਸ਼ਹਿਰ ਤੋਂ ਨਿਕਲ ਚੁੱਕੇ ਸਨ। ਇਸ ਨੂੰ ਸਿੱਧੇ ਅਰਥਾਂ ਵਿਚ ਸਮਝੀਏ ਤਾਂ ਵੁਹਾਨ ਦੇ ਇਨਫੈਕਸ਼ਨ ਵਾਲੇ ਲੋਕਾਂ ਨੇ ਇਸ ਮਹਾਮਾਰੀ ਦੇ ਬੀਜ ਦੁਨੀਆ ਦੇ ਤਮਾਮ ਦੇਸ਼ਾਂ ਵਿਚ ਬੀਜ ਦਿੱਤੇ। ਜਦ ਤਮਾਮ ਚੀਨੀ ਖੋਜ-ਪੱਤਰ ਬੈਟ ਕੋਰੋਨਾ ਵਾਇਰਸਾਂ 'ਤੇ ਚੱਲ ਰਹੇ ਖ਼ਤਰਨਾਕ ਕੰਮ ਨੂੰ ਰੇਖਾਂਕਿਤ ਕਰ ਰਹੇ ਸਨ, ਉਦੋਂ ਚੀਨ ਨੇ ਉਨ੍ਹਾਂ ਲਈ ਨਜ਼ਰਸਾਨੀ ਦੀ ਇਕ ਨਵੀਂ ਲਾਜ਼ਮੀ ਨੀਤੀ ਬਣਾ ਦਿੱਤੀ। ਇਸੇ ਤਰ੍ਹਾਂ ਦੀ ਇਕ ਖੋਜ ਦਾ ਨਤੀਜਾ ਸੀ ਕਿ ਜਾਨਲੇਵਾ ਕੋਰੋਨਾ ਵਾਇਰਸ ਸੰਭਵ ਤੌਰ 'ਤੇ ਵੁਹਾਨ ਦੀ ਪ੍ਰਯੋਗਸ਼ਾਲਾ ਵਿਚ ਜਨਮਿਆ ਹੈ। ਸ਼ੰਘਾਈ ਦੀ ਇਕ ਪ੍ਰਯੋਗਸ਼ਾਲਾ ਨੇ 12 ਜਨਵਰੀ ਨੂੰ ਕੋਰੋਨਾ ਵਾਇਰਸ ਦਾ ਜੀਨੋਮ ਇਹ ਕਹਿੰਦੇ ਹੋਏ ਪ੍ਰਕਾਸ਼ਿਤ ਕੀਤਾ ਕਿ ਇਸ ਨਾਲ ਪੂਰੀ ਦੁਨੀਆ ਲਈ ਇਸ ਬਿਮਾਰੀ ਦੀ ਪੜਤਾਲ ਦਾ ਰਸਤਾ ਖੁੱਲ੍ਹੇਗਾ। ਅਗਲੇ ਹੀ ਦਿਨ ਚੀਨੀ ਪ੍ਰਸ਼ਾਸਨ ਨੇ ਉਸ 'ਤੇ ਤਾਲਾ ਜੜਵਾ ਦਿੱਤਾ। ਉਦੋਂ ਤਕ ਚੀਨ ਨੇ ਇਸ ਵਾਇਰਸ ਨੂੰ ਲੈ ਕੇ ਖੋਜ ਸਬੰਧੀ ਬਾਕੀ ਦੁਨੀਆ ਨਾਲ ਕੋਈ ਮਹੱਤਵਪੂਰਨ ਜਾਣਕਾਰੀ ਸਾਂਝੀ ਨਹੀਂ ਕੀਤੀ ਸੀ। ਇਸੇ ਕਾਰਨ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਹੈ ਕਿ ਇਸ ਬਿਮਾਰੀ ਦੇ ਉਪਜਣ ਦਾ ਪਤਾ ਲਗਾਉਣਾ ਅਸੰਭਵ ਹੈ। ਚੀਨ ਨੇ ਉਨ੍ਹਾਂ ਸਥਾਨਾਂ ਤਕ ਕਿਸੇ ਵਿਦੇਸ਼ੀ ਮਾਹਰ ਨੂੰ ਫਟਕਣ ਤਕ ਨਹੀਂ ਦਿੱਤਾ ਹੈ ਜਿਨ੍ਹਾਂ ਬਾਰੇ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਕੋਰੋਨਾ ਉੱਥੋਂ ਹੀ ਪਨਪਿਆ ਹੋਵੇਗਾ। ਇਨ੍ਹਾਂ ਵਿਚ ਉਹ ਵੁਹਾਨ ਇੰਸਟੀਚਿਊਟ ਆਫ ਵਾਇਰੋਲਾਜੀ ਵੀ ਸ਼ਾਮਲ ਹੈ ਜਿੱਥੋਂ ਚੀਨ ਦੀ ਬਦਨਾਮ 'ਬੈਟ ਵੁਮੈਨ' ਸ਼ੀ ਝੇਂਗਲੀ ਚਮਗਾਦੜਾਂ ਤੋਂ ਸੁਭਾਵਿਕ ਕੋਰੋਨਾ ਵਾਇਰਸਾਂ ਦੇ ਖ਼ਤਰਨਾਕ ਤਜਰਬਿਆਂ ਵਿਚ ਜੁਟੀ ਹੈ। ਕੈਕਿਸਨ ਗਲੋਬਲ ਨਿਊਜ਼ ਸਾਈਟ ਮੁਤਾਬਕ ਇਹ ਖ਼ਤਰਨਾਕ ਤਜਰਬੇ ਚੀਨ ਦੀ ਬਦਨੀਅਤੀ ਨੂੰ ਹੀ ਜ਼ਾਹਰ ਕਰਦੇ ਹਨ। ਚੀਨ ਨੇ ਬਾਹਰਲੀ ਦੁਨੀਆ ਨਾਲ ਕੋਰੋਨਾ ਵਾਇਰਸ ਦੇ ਨਮੂਨੇ ਸਾਂਝੇ ਕਰਨ ਦੀ ਥਾਂ ਆਪਣੇ ਲੈਬ ਸੈਂਪਲਜ਼ ਨੂੰ ਨਸ਼ਟ ਕਰਨਾ ਮੁਨਾਸਿਬ ਸਮਝਿਆ। ਅਮਰੀਕੀ ਖ਼ੁਫ਼ੀਆ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਉਹ ਇਸ ਦੀ ਤਫ਼ਤੀਸ਼ ਵਿਚ ਰੁੱਝਿਆ ਹੋਇਆ ਹੈ ਕਿ ਕੋਰੋਨਾ ਵਾਇਰਸ ਕਿਤੇ ਵੁਹਾਨ ਦੀ ਪ੍ਰਯੋਗਸ਼ਾਲਾ ਵਿਚ ਕਿਸੇ ਦੁਰਘਟਨਾ ਦਾ ਨਤੀਜਾ ਤਾਂ ਨਹੀਂ? ਪੋਂਪੀਓ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਹੀ ਅਜਿਹੇ ਤਮਾਮ ਸਬੂਤ ਹਨ ਜੋ ਇਸ ਦੀ ਪੁਸ਼ਟੀ ਕਰਦੇ ਹਨ ਕਿ ਇਹ ਵਾਇਰਸ ਵੁਹਾਨ ਪ੍ਰਯੋਗਸ਼ਾਲਾ ਦੀ ਦੇਣ ਹੈ।
 
ਬ੍ਰਹਮਾ ਚੇਲਾਨੀਚੀਨ ਸ਼ੁਰੂ ਵਿਚ ਜਦ ਇਨਫੈਕਸ਼ਨ ਦੇ ਪਸਾਰ ਦੇ ਖ਼ਤਰੇ ਨੂੰ ਖ਼ਾਰਜ ਕਰ ਰਿਹਾ ਸੀ ਉਦੋਂ ਉਹ ਮਾਸਕ ਤੋਂ ਲੈ ਕੇ ਸਿਹਤ ਸੁਰੱਖਿਆ ਸਾਜ਼ੋ-ਸਾਮਾਨ ਦੀ ਤੇਜ਼ੀ ਨਾਲ ਦਰਾਮਦ ਕਰਨ ਵਿਚ ਰੁੱਝਾ ਹੋਇਆ ਸੀ। ਅਮਰੀਕੀ ਗ੍ਰਹਿ ਵਿਭਾਗ ਦੀ ਇਕ ਮਈ ਦੀ ਖ਼ੁਫ਼ੀਆ ਰਿਪੋਰਟ ਮੁਤਾਬਕ ਇਸ ਆਫ਼ਤ ਦੇ ਸਮੇਂ ਵਿਚ ਵੀ ਚੀਨ ਜਮ੍ਹਾਖੋਰੀ ਵਿਚ ਲੱਗਾ ਰਿਹਾ। ਜਦ ਤਕ ਇਸ ਬਿਮਾਰੀ ਨੇ ਯੂਰਪ ਵਿਚ ਭਿਆਨਕ ਰੂਪ ਧਾਰਿਆ ਉਦੋਂ ਤਕ ਚੀਨ ਪ੍ਰੋਟੈਕਟਿਵ ਗਿਅਰ ਦਾ ਜ਼ਿਆਦਾਤਰ ਵਿਸ਼ਵ ਪੱਧਰੀ ਭੰਡਾਰ ਆਪਣੇ ਇੱਥੇ ਭਰ ਚੁੱਕਾ ਸੀ। ਜਨਵਰੀ ਦੇ ਅੰਤਿਮ ਹਫ਼ਤੇ ਵਿਚ ਹੀ ਉਸ ਨੇ 5.6 ਕਰੋੜ ਰੈਸਿਪਰੇਟਰਜ਼ ਅਤੇ ਮਾਸਕ ਖ਼ਰੀਦ ਲਏ। ਵੁਹਾਨ ਵਿਚ ਜੋ ਹੋਇਆ, ਚੀਨ ਉਸ ਦੀ ਲੀਪਾਪੋਤੀ ਵਿਚ ਰੁੱਝਿਆ ਹੈ। ਇਸ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਿਆਂ ਦੇ ਘਰਾਂ 'ਤੇ ਦਬਿਸ਼ ਦਿੱਤੀ ਜਾ ਰਹੀ ਹੈ। ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਵਕੀਲਾਂ ਨੂੰ ਧਮਕਾਇਆ ਜਾ ਰਿਹਾ ਹੈ। ਜ਼ਰਾ ਸੋਚੋ ਕਿ ਜੇ ਚੀਨ ਨੇ ਕੋਈ ਗੜਬੜ ਨਾ ਕੀਤੀ ਹੁੰਦੀ ਤਾਂ ਕੀ ਉਹ ਆਜ਼ਾਦਾਨਾ ਜਾਂਚ ਲਈ ਕੌਮਾਂਤਰੀ ਮੰਗ ਦੀ ਹਮਾਇਤ ਕਰ ਕੇ ਉਸ ਵਿਚ ਸਹਿਯੋਗ ਦੀ ਪੇਸ਼ਕਸ਼ ਨਾ ਕਰਦਾ? ਇਸ ਦੀ ਥਾਂ ਉਹ ਇਹ ਕਹਿ ਰਿਹਾ ਹੈ ਕਿ ਦੁਨੀਆ ਉਸ 'ਤੇ ਉਂਗਲੀ ਚੁੱਕਣ ਤੋਂ ਬਾਜ਼ ਆਵੇ। ਜੀ-7 ਦੇ ਦੇਸ਼ਾਂ ਦੇ ਇਲਾਵਾ ਭਾਰਤ ਅਤੇ ਤਮਾਮ ਮੁਲਕ ਡਬਲਯੂਐੱਚਓ ਵਿਚ ਸੁਧਾਰ ਲਈ ਆਵਾਜ਼ ਚੁੱਕ ਰਹੇ ਹਨ। ਅਜਿਹੇ ਵਿਚ ਚੀਨ ਦੁਆਰਾ ਇਸ ਏਜੰਸੀ ਨੂੰ ਤਿੰਨ ਕਰੋੜ ਡਾਲਰ ਦੀ ਵਾਧੂ ਮਦਦ ਇਨ੍ਹਾਂ ਆਵਾਜ਼ਾਂ ਦੀ ਰਾਹ ਭਟਕਾਉਣ ਦੀ ਕੋਸ਼ਿਸ਼ ਹੀ ਜ਼ਿਆਦਾ ਹੈ। ਕੌਮਾਂਤਰੀ ਨਿਯਮ ਇਹੀ ਕਹਿੰਦੇ ਹਨ ਕਿ ਅਜਿਹੀ ਕਿਸੇ ਬਿਮਾਰੀ ਜਿਸ ਵਿਚ ਵਿਸ਼ਵ ਪੱਧਰੀ ਮਹਾਮਾਰੀ ਬਣਨ ਦਾ ਖ਼ਦਸ਼ਾ ਹੋਵੇ, ਉਸ ਦਾ 24 ਘੰਟੇ ਵਿਚ ਮੁਲਾਂਕਣ ਕਰ ਕੇ ਜਾਣਕਾਰੀ ਡਬਲਯੂਐੱਚਓ ਨੂੰ ਦਿੱਤੀ ਜਾਵੇ। ਇਸ ਵਿਚ ਚੀਨ ਦੀ ਲਗਾਤਾਰ ਨਾਕਾਮੀ ਇਸ ਵਿਸ਼ਵ ਪੱਧਰੀ ਸੰਸਥਾ ਵਿਚ ਅਜਿਹੇ ਨਿਗਰਾਨਾਂ ਨੂੰ ਸ਼ਾਮਲ ਕਰਨ ਦੀ ਜ਼ਰੂਰਤ ਦੱਸ ਰਹੀ ਹੈ ਜੋ ਜਾਂਚ-ਪੜਤਾਲ ਲਈ ਕਿਸੇ ਵੀ ਮੁਲਕ ਵਿਚ ਜਾ ਸਕਣ। ਪੈਸਿਆਂ ਦੇ ਦਮ 'ਤੇ ਚੀਨ ਨਾ ਤਾਂ ਇਸ ਵਿਸ਼ਵ ਪੱਧਰੀ ਆਫ਼ਤ ਦਾ ਠੀਕਰਾ ਕਿਸੇ ਹੋਰ ਦੇ ਸਿਰ ਭੰਨ ਸਕਦਾ ਹੈ ਅਤੇ ਨਾ ਹੀ ਇਸ ਨਾਲ ਉਸ ਵਿਰੁੱਧ ਗੁੱਸਾ ਸ਼ਾਂਤ ਹੋਣ ਵਾਲਾ ਹੈ। ਵਿੱਤੀ ਅੰਸ਼ਦਾਨ ਅਤੇ ਡਰਾਵਾ ਦੇਣ ਦੀ ਉਸ ਦੀ ਮਿਸ਼ਰਤ ਰਣਨੀਤੀ ਉਸ ਵਿਰੁੱਧ ਬੇਭਰੋਸਗੀ ਅਤੇ ਅਸੰਤੁਸ਼ਟੀ ਨੂੰ ਹੀ ਵਧਾਵੇਗੀ।
 
ਕੋਵਿਡ-19 ਮਹਾਮਾਰੀ ਨੇ ਦੁਨੀਆ ਨੂੰ ਇਸ ਕੌੜੇ ਸੱਚ ਨਾਲ ਰੂਬਰੂ ਕਰਵਾਉਣ ਦਾ ਕੰਮ ਕੀਤਾ ਹੈ ਕਿ ਮੁੱਖ ਵਸਤਾਂ ਦੇ ਮਾਮਲੇ ਵਿਚ ਚੀਨ ਦੀ ਅਜਾਰੇਦਾਰੀ ਤੋੜਨ ਦੀ ਜ਼ਰੂਰਤ ਹੈ। ਇਸ ਦੇ ਲਈ ਚੀਨ ਛੱਡਣ ਵਾਲੀਆਂ ਕੰਪਨੀਆਂ ਨੂੰ ਰਾਹਤ-ਰਿਆਇਤ ਦੇਣ ਤੋਂ ਵੀ ਗੁਰੇਜ਼ ਨਾ ਕੀਤਾ ਜਾਵੇ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਜੋਖ਼ਮ ਵੱਧਦਾ ਜਾਵੇਗਾ। ਚੀਨੀ ਸਾਮਰਾਜਵਾਦ ਦੀ ਕਾਟ ਲਈ ਯੂਰਪੀ ਸੰਘ, ਆਸਟ੍ਰੇਲੀਆ, ਜਰਮਨੀ, ਸਪੇਨ ਅਤੇ ਇਟਲੀ ਵਿਚ ਨਵੇਂ ਨਿਯਮ ਬਣਾਏ ਜਾ ਰਹੇ ਹਨ। ਇਸ ਮਾਮਲੇ ਵਿਚ ਚੀਨੀ ਨਿਵੇਸ਼ ਦੀ ਰਾਹ ਔਖੀ ਬਣਾ ਕੇ ਭਾਰਤ ਨੇ ਆਪਣੀ ਤਰ੍ਹਾਂ ਦੀ ਇਕ ਅਨੋਖੀ ਪਹਿਲ ਕੀਤੀ ਹੈ। ਜਾਪਾਨ ਨੇ ਵੀ ਚੀਨ ਤੋਂ ਪਲਾਇਨ ਕਰਨ ਵਾਲੀਆਂ ਆਪਣੀਆਂ ਕੰਪਨੀਆਂ ਲਈ 2.2 ਅਰਬ ਡਾਲਰ ਦਾ ਫੰਡ ਬਣਾਇਆ ਹੈ। ਕੁੱਲ ਮਿਲਾ ਕੇ ਦੁਨੀਆ ਨੂੰ ਜਿਨ੍ਹਾਂ ਸਵਾਲਾਂ ਦੇ ਉੱਤਰ ਚਾਹੀਦੇ ਹਨ ਉਹ ਆਜ਼ਾਦਾਨਾ ਜਾਂਚ-ਪੜਤਾਲ ਰਾਹੀਂ ਹੀ ਮਿਲ ਸਕਦੇ ਹਨ। ਜੇਕਰ ਚੀਨ ਇਸ ਤੋਂ ਇਨਕਾਰ ਕਰਦਾ ਹੈ ਤਾਂ ਤਮਾਮ ਤਰੀਕਿਆਂ ਨਾਲ ਉਸ ਦਾ ਵਿਸ਼ਵ ਪੱਧਰੀ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਇਸ ਗੱਲ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ਕਿ ਕੋਈ ਵੀ ਮੁਲਕ ਆਪਣੇ ਹਿੱਤਾਂ ਦੀ ਰੱਖਿਆ ਲਈ ਬਾਕੀ ਮੁਲਕਾਂ ਵਿਚ ਰਹਿੰਦੇ ਬੇਗੁਨਾਹ ਲੋਕਾਂ ਲਈ ਜਾਨ ਦਾ ਖੌਅ ਬਣ ਜਾਵੇ। ਇਹੀ ਨਹੀਂ, ਕਿਸੇ ਵੀ ਮੁਲਕ ਨੂੰ ਵਿਸ਼ਵ ਅਰਥਚਾਰੇ ਨੂੰ ਤਹਿਸ-ਨਹਿਸ ਕਰਨ ਦੀ ਵੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ। ਜੇਕਰ ਕੋਈ ਇੰਜ ਕਰਦਾ ਹੈ ਤਾਂ ਸਾਰੇ ਸੰਸਾਰ ਨੂੰ ਚਾਹੀਦਾ ਹੈ ਕਿ ਉਹ ਸਬੰਧਤ ਮੁਲਕ ਨੂੰ ਮਾਕੂਲ ਜਵਾਬ ਦੇਵੇ। ਇਸੇ ਵਿਚ ਸਭਨਾਂ ਦੀ ਭਲਾਈ ਹੈ।
 
-(ਲੇਖਕ ਰੱਖਿਆ ਮਾਮਲਿਆਂ ਦਾ ਟਿੱਪਣੀਕਾਰ ਹੈ)।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।