ਸੁਮੇਧ ਸੈਣੀ ਦੇ ਸਾਥੀ ਪੁਲਸੀਆਂ ਨੇ ਜ਼ਮਾਨਤ ਲਈ ਅਪੀਲ ਕੀਤੀ; ਪ੍ਰੋ. ਭੁੱਲਰ ਦੀ ਭੈਣ ਨੇ ਸੈਣੀ ਖਿਲਾਫ ਗਵਾਹੀ ਦਿੱਤੀ

ਸੁਮੇਧ ਸੈਣੀ ਦੇ ਸਾਥੀ ਪੁਲਸੀਆਂ ਨੇ ਜ਼ਮਾਨਤ ਲਈ ਅਪੀਲ ਕੀਤੀ; ਪ੍ਰੋ. ਭੁੱਲਰ ਦੀ ਭੈਣ ਨੇ ਸੈਣੀ ਖਿਲਾਫ ਗਵਾਹੀ ਦਿੱਤੀ
ਅਦਾਲਤ ਵਿਚ ਜਾਂਦੇ ਹੋਏ ਸਰਬਜੀਤ ਕੌਰ

ਅੰਮ੍ਰਿਤਸਰ ਟਾਈਮਜ਼ ਬਿਊਰੋ:
ਸਿੱਖ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਦੇ ਮਾਮਲੇ 'ਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨਾਲ ਬਤੌਰ ਦੋਸ਼ੀ ਨਾਮਜ਼ਦ ਤਤਕਾਲੀ ਸਬ ਇੰਸਪੈਕਟਰ ਹਰਸਹਾਏ ਸ਼ਰਮਾ, ਜਗੀਰ ਸਿੰਘ, ਅਨੂਪ ਸਿੰਘ ਅਤੇ ਏਐੱਸਆਈ ਕੁਲਦੀਪ ਸਿੰਘ ਸੰਧੂ ਵੱਲੋਂ ਦਰਜ ਅਗਾਊਂ ਜ਼ਮਾਨਤ ਅਰਜ਼ੀ 'ਤੇ ਹੋਈ ਬਹਿਸ ਦੌਰਾਨ ਸਾਹਮਣੇ ਆਇਆ ਹੈ ਕਿ ਸੁਮੇਧ ਸੈਣੀ ਨੂੰ ਜਾਂਚ ਅਫਸਰਾਂ ਨੂੰ ਦਿੱਤੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਮੁਲਤਾਨੀ ਨੂੰ ਘਰੋਂ ਚੁੱਕਣ ਜਾਂ ਗ੍ਰਿਫ਼ਤਾਰੀ ਪਾਉਣ ਬਾਰੇ ਯੂਟੀ ਪੁਲੀਸ ਦੇ ਕਿਸੇ ਮੁਲਾਜ਼ਮ ਨੇ ਉਸ ਤੋਂ ਇਜਾਜ਼ਤ ਨਹੀਂ ਲਈ ਸੀ।

ਦੋਸ਼ੀ ਪੁਲਸ ਮੁਲਾਜ਼ਮਾਂ ਨੇ ਵਕੀਲਾਂ ਐੱਚ ਐੱਸ ਧਨੋਆ ਅਤੇ ਗੁਰਮੇਲ ਸਿੰਘ ਧਾਲੀਵਾਲ ਰਾਹੀਂ ਮੁਹਾਲੀ ਅਦਾਲਤ ਵਿੱਚ ਅੱਜ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ।

ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਨਿਕਾ ਗੋਇਲ ਦੀ ਅਦਾਲਤ ਵਿੱਚ ਅਰਜ਼ੀ ’ਤੇ ਸੁਣਵਾਈ ਦੌਰਾਨ ਸਰਕਾਰੀ ਵਕੀਲ, ਪੀੜਤ ਪਰਿਵਾਰ ਅਤੇ ਬਚਾਅ ਪੱਖ ਦੇ ਵਕੀਲਾਂ ਵਿੱਚ ਭਖਵੀਂ ਬਹਿਸ ਹੋਈ। ਅਦਾਲਤ ਨੇ ਮੰਗਲਵਾਰ ਤੱਕ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ। ਸਰਕਾਰੀ ਵਕੀਲ ਸੰਜੀਵ ਬੱਤਰਾ ਅਤੇ ਪੀੜਤ ਪਰਿਵਾਰ ਦੇ ਵਕੀਲ ਪਰਦੀਪ ਸਿੰਘ ਵਿਰਕ ਨੇ ਮੁਲਜ਼ਮਾਂ ਦੀ ਅਗਾਊਂ ਜ਼ਮਾਨਤ ਦੀ ਅਪੀਲ ਦਾ ਸਖ਼ਤ ਵਿਰੋਧ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਤਲਾਸ਼ੀ ਦੌਰਾਨ ਪੁਲੀਸ ਨੇ ਬਲਵੰਤ ਸਿੰਘ ਮੁਲਤਾਨੀ ਦੇ ਜਾਅਲੀ ਦਸਤਖ਼ਤ ਕੀਤੇ ਸਨ ਕਿਉਂਕਿ ਸਿਟਕੋ ਦੇ ਰਿਕਾਰਡ ਅਤੇ ਪੁਲੀਸ ਦਸਤਾਵੇਜ਼ਾਂ ’ਤੇ ਕੀਤੇ ਦਸਤਖ਼ਤ ਆਪਸ ਵਿੱਚ ਮੇਲ ਨਹੀਂ ਖਾਂਦੇ ਹਨ। 

ਸਰਕਾਰੀ ਵਕੀਲ ਨੇ ਕਿਹਾ ਕਿ ਹਾਲਾਂਕਿ ਮੁਲਤਾਨੀ ਖ਼ਿਲਾਫ਼ ਟਾਡਾ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਸੀ ਪਰ ਪੁਲੀਸ ਨੇ ਮੁਲਤਾਨੀ ਨੂੰ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕਰਨ ਦੀ ਬਜਾਏ ਐੱਸਡੀਐੱਮ ਅੱਗੇ ਪੇਸ਼ ਕਰ ਕੇ ਖਾਨਾਪੂਰਤੀ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਮੁਲਜ਼ਮਾਂ ਨੂੰ ਜ਼ਮਾਨਤ ਦਿੱਤੀ ਗਈ ਤਾਂ ਕੇਸ ਦੀ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਉਧਰ, ਬਚਾਅ ਪੱਖ ਦੇ ਵਕੀਲਾਂ ਐੱਚ ਐੱਸ ਧਨੋਆ ਅਤੇ ਗੁਰਮੇਲ ਸਿੰਘ ਧਾਲੀਵਾਲ ਨੇ ਲੰਮੇ ਅਰਸੇ ਬਾਅਦ ਕੇਸ ਦਰਜ ਕਰਨ ’ਤੇ ਇਤਰਾਜ਼ ਜਤਾਇਆ।

ਅਦਾਲਤ ’ਚ ਬਹਿਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਤਾਨੀ ਨੂੰ ਘਰੋਂ ਚੁੱਕਣ ਵਾਲੀ ਪੁਲੀਸ ਟੀਮ ਨੇ ਸੀਨੀਅਰ ਅਧਿਕਾਰੀਆਂ ਤੋਂ ਕੋਈ ਪ੍ਰਵਾਨਗੀ ਨਹੀਂ ਲਈ ਸੀ। ਸਰਕਾਰੀ ਵਕੀਲ ਨੇ ਜਾਂਚ ਅਧਿਕਾਰੀ ਹਰਮਨਦੀਪ ਸਿੰਘ ਹਾਂਸ ਦੀ ਮੌਜੂਦਗੀ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਬਿਆਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੈਣੀ ਨੇ ਸਪੱਸ਼ਟ ਤੌਰ ’ਤੇ ਆਖਿਆ ਹੈ ਕਿ ਮੁਲਤਾਨੀ ਨੂੰ ਘਰੋਂ ਚੁੱਕਣ ਜਾਂ ਗ੍ਰਿਫ਼ਤਾਰੀ ਪਾਉਣ ਬਾਰੇ ਯੂਟੀ ਪੁਲੀਸ ਦੇ ਕਿਸੇ ਮੁਲਾਜ਼ਮ ਨੇ ਉਨ੍ਹਾਂ ਤੋਂ ਇਜਾਜ਼ਤ ਨਹੀਂ ਲਈ ਸੀ।

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਸ਼ਤੇਦਾਰ ਨੇ ਚਸ਼ਮਦੀਦ ਗਵਾਹ ਵਜੋਂ ਦਰਜ ਕਰਵਾਏ ਬਿਆਨ
ਇਸ ਮਾਮਲੇ ਵਿੱਚ ਇਕ ਹੋਰ ਚਸ਼ਮਦੀਦ ਸਰਬਜੀਤ ਕੌਰ ਗਵਾਹ ਵਜੋਂ ਸਾਹਮਣੇ ਆਈ ਹੈ। ਉਹ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਭੈਣ ਲਗਦੀ ਹੈ। ਇਸ ਮਾਮਲੇ ਵਿੱਚ ਹੁਣ ਤੱਕ ਪੰਜ ਚਸ਼ਮਦੀਦ ਗਵਾਹ ਸਾਹਮਣੇ ਆ ਚੁੱਕੇ ਹਨ। ਸਰਕਾਰੀ ਵਕੀਲ ਸੰਜੀਵ ਬੱਤਰਾ ਅਤੇ ਪੀੜਤ ਪਰਿਵਾਰ ਦੇ ਵਕੀਲ ਪਰਦੀਪ ਸਿੰਘ ਵਿਰਕ ਨੇ ਦੱਸਿਆ ਕਿ ਸਰਬਜੀਤ ਕੌਰ ਨੇ ਧਾਰਾ 164 ਤਹਿਤ ਸੁਮੇਧ ਸਿੰਘ ਸੈਣੀ ਖ਼ਿਲਾਫ਼ ਬਿਆਨ ਦਰਜ ਕਰਵਾਏ ਹਨ। ਪਹਿਲਾਂ ਸੀਨੀਅਰ ਵਕੀਲ ਗੁਰਸ਼ਰਨ ਕੌਰ ਮਾਨ ਵੀ ਬਿਆਨ ਦਰਜ ਕਰਵਾ ਚੁੱਕੇ ਹਨ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।