ਗ੍ਰਿਫਤਾਰ ਕੈਨੇਡੀਅਨਾਂ 'ਤੇ ਚੀਨ ਨੇ ਜਾਸੂਸੀ ਦੇ ਦੋਸ਼ ਤੈਅ ਕੀਤੇ

ਗ੍ਰਿਫਤਾਰ ਕੈਨੇਡੀਅਨਾਂ 'ਤੇ ਚੀਨ ਨੇ ਜਾਸੂਸੀ ਦੇ ਦੋਸ਼ ਤੈਅ ਕੀਤੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੀਨ ਨੇ ਦੋ ਕੈਨੇਡੀਅਨ ਨਾਗਰਿਕਾਂ 'ਤੇ ਜਾਸੂਸੀ ਦਾ ਦੋਸ਼ ਤੈਅ ਕਰ ਦਿੱਤਾ ਹੈ। ਇਹਨਾਂ ਦੋਵਾਂ ਨੂੰ 18 ਮਹੀਨੇ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ। 

ਦਸੰਬਰ 2018 ਵਿਚ ਕੈਨੇਡਾ ਦੇ ਸਾਬਕਾ ਕੂਟਨੀਤਕ ਮਾਈਕਲ ਕੋਵਰਿਗ ਅਤੇ ਵਪਾਰੀ ਮਾਈਕਲ ਸਪਾਵਰ ਨੂੰ ਚੀਨ ਵਿਚ ਗ੍ਰਿਫਤਾਰ ਕਰ ਲਿਆ ਗਿਆ ਸੀ। ਇਹਨਾਂ ਗ੍ਰਿਫਤਾਰੀਆਂ ਤੋਂ ਕੁੱਝ ਦਿਨ ਪਹਿਲਾਂ ਹੀ ਚੀਨ ਦੀ ਹੁਵਾਈ ਕੰਪਨੀ ਦੀ ਉੱਚ ਅਫਸਰ ਨੂੰ ਅਮਰੀਕਾ ਦੇ ਕਹਿਣ 'ਤੇ ਕੈਨੇਡਾ ਵਿਚ ਗ੍ਰਿਫਤਾਰ ਕੀਤਾ ਗਿਆ ਸੀ।

ਚੀਨ ਨੇ ਇਹਨਾਂ ਦੋਵਾਂ ਕੈਨੇਡੀਅਨਾਂ 'ਤੇ ਚੀਨ ਦੀ ਅਹਿਮ ਖੂਫੀਆ ਜਾਣਕਾਰੀ ਦੀ ਜਸੂਸੀ ਕਰਨ ਅਤੇ ਇਹ ਜਾਣਕਾਰੀਆਂ ਬਾਹਰੀ ਤਾਕਤਾਂ ਨੂੰ ਦੇਣ ਦਾ ਦੋਸ਼ ਲਾਇਆ ਹੈ। 

ਦੱਸ ਦਈਏ ਕਿ ਕੈਨੇਡਾ ਵਿਚ ਗ੍ਰਿਫਤਾਰ ਕੀਤੀ ਗਈ ਹੁਵਾਈ ਕੰਪਨੀ ਦੀ ਮੈਂਗ ਵਾਂਜ਼ਹੋਊ ਕੰਪਨੀ ਦੇ ਸੰਸਥਾਪਕ ਦੀ ਧੀ ਹੈ। ਉਸਨੂੰ 1 ਦਸੰਬਰ 2018 ਨੂੰ ਵੈਨਕੁਵਰ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਅਮਰੀਕਾ ਨੇ ਉਸ 'ਤੇ ਇਰਾਨ ਖਿਲਾਫ ਲੱਗੀਆਂ ਪਾਬੰਦੀਆਂ ਨੂੰ ਤੋੜਨ ਦਾ ਦੋਸ਼ ਲਾਇਆ ਸੀ ਤੇ ਉਸਦੀ ਗ੍ਰਿਫਤਾਰੀ ਲਈ ਕੈਨੇਡਾ ਨੂੰ ਕਿਹਾ ਸੀ। 

ਹਵਾਈ ਕੰਪਨੀ ਚੀਨ ਦੀ ਤਕਨੀਕੀ ਬੁਲੰਦੀ ਦੀ ਅਹਿਮ ਕੜੀ ਹੈ ਅਤੇ ਪੂਰੀ ਦੁਨੀਆ ਵਿਚ 5 ਜੀ ਨੈਟਵਰਕ ਪਹੁੰਚਾਉਣ ਦੀ ਦੋੜ ਵਿਚ ਸਭ ਤੋਂ ਅੱਗੇ ਚੱਲ ਰਹੀ ਹੈ।