ਅਸਟ੍ਰੇਲੀਆ 'ਤੇ ਹੋਇਆ ਵੱਡਾ ਸਾਈਬਰ ਹਮਲਾ

ਅਸਟ੍ਰੇਲੀਆ 'ਤੇ ਹੋਇਆ ਵੱਡਾ ਸਾਈਬਰ ਹਮਲਾ
ਸਕੋਟ ਮੋਰੀਸਨ

ਅੰਮ੍ਰਿਤਸਰ ਟਾਈਮਜ਼ ਬਿਊਰੋ
ਅਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੋਟ ਮੋਰੀਸਨ ਨੇ ਦਾਅਵਾ ਕੀਤਾ ਹੈ ਕਿ ਕਿਸੇ ਦੇਸ਼ ਵੱਲੋਂ ਅਸਟ੍ਰੇਲੀਆ ਸਰਕਾਰ ਅਤੇ ਅਦਾਰਿਆਂ ਦੇ ਢਾਂਚੇ 'ਤੇ ਵੱਡਾ ਸਾਈਬਰ ਹਮਲਾ ਕੀਤਾ ਗਿਆ ਹੈ। ਮੋਰੀਸਨ ਨੇ ਕਿਹਾ ਕਿ ਇਹ ਹਮਲਾ ਹਰ ਪੱਧਰ ਦੇ ਸਰਕਾਰੀ ਢਾਂਚੇ ਉੱਤੇ ਕੀਤਾ ਗਿਆ ਅਤੇ ਕੁੱਝ ਅਹਿਮ ਸੇਵਾਵਾਂ ਅਤੇ ਵਾਪਰ ਵੀ ਇਸ ਦੇ ਪ੍ਰਭਾਵ ਵਿਚ ਆਏ।

ਮੋਰੀਸਨ ਨੇ ਇਸ ਹਮਲੇ ਪਿੱਛੇ ਕਿਸੇ ਦੇਸ਼ ਦਾ ਨਾਂ ਨਹੀਂ ਲਿਆ। ਉਹਨਾਂ ਕਿਹਾ ਕਿ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਰਿਹਾ ਹੈ। ਮੋਰੀਸਨ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਹੋ ਰਹੇ ਅਜਿਹੇ ਸਾਈਬਰ ਹਮਲੇ ਹੁਣ ਹੋਰ ਤਿੱਖੇ ਹੋ ਗਏ ਹਨ। ਉਹਨਾਂ ਵਪਾਰਕ ਅਦਾਰਿਆਂ ਅਤੇ ਲੋਕਾਂ ਨੂੰ ਆਪਣੀ ਸਾਈਬਰ ਸੁਰੱਖਿਆ ਮਜ਼ਬੂਤ ਕਰਨ ਲਈ ਕਿਹਾ ਹੈ।

ਮੋਰੀਸਨ ਮੁਤਾਬਕ ਇਹ ਹਮਲਾ ਮੁੱਖ ਤੌਰ 'ਤੇ ਸਰਕਾਰੀ ਕਾਰਖਾਨਿਆਂ, ਰਾਜਨੀਤਕ ਪਾਰਟੀਆਂ, ਸਿੱਖਿਆ, ਸਿਹਤ ਨਾਲ ਸਬੰਧਿਤ ਵੈਬਸਾਈਟਾਂ 'ਤੇ ਕੀਤਾ ਗਿਆ। 

ਮੋਰੀਸਨ ਨੇ ਸਪਸ਼ਟ ਤੌਰ 'ਤੇ ਕਿਹਾ ਹੈ ਕਿ ਇਸ ਹਮਲੇ ਪਿੱਛੇ ਕਿਸੇ ਦੇਸ਼ ਦਾ ਹੱਥ ਹੈ। ਦੱਸ ਦਈਏ ਕਿ ਭਾਵੇਂ ਮੋਰੀਸਨ ਨੇ ਕਿਸੇ ਦੇਸ਼ ਦਾ ਨਾਂ ਨਹੀਂ ਲਿਆ ਹੈ, ਪਰ ਮੀਡੀਆ ਵਿਚ ਪ੍ਰਭਾਵ ਦਿੱਤਾ ਜਾ ਰਿਹਾ ਹੈ ਕਿ ਇਸ ਪਿੱਛੇ ਚੀਨ ਦਾ ਹੱਥ ਹੈ। ਸਾਈਬਰ ਇੰਟੈਲੀਜੈਂਸ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਹਮਲੇ ਕਰਨ ਦੀ ਸਮਰੱਥਾ ਚੀਨ ਤੋਂ ਇਲਾਵਾ ਰੂਸ, ਇਰਾਨ ਅਤੇ ਉੱਤਰ ਕੋਰੀਆ ਕੋਲ ਹੈ, ਜਿਹੜੇ ਅਸਟ੍ਰੇਲੀਆ ਦੇ ਰਾਜਨੀਤਕ ਭਾਈਵਾਲ ਮੁਲਕ ਨਹੀਂ ਹਨ। ਪਰ ਇਹ ਜ਼ਰੂਰੀ ਨਹੀਂ ਕਿ ਅਜਿਹਾ ਹਮਲਾ ਰਾਜਨੀਤਕ ਤੌਰ 'ਤੇ ਵਿਰੋਧੀ ਸਮੂਹ ਵਿਚਲੇ ਦੇਸ਼ਾਂ ਦਾ ਹੋਵੇ, ਕਈ ਵਾਰ ਇਕ ਸਮੂਹ ਵਿਚਲੇ ਦੇਸ਼ ਵੀ ਜਾਣਕਾਰੀਆਂ ਚੋਰੀ ਕਰਨ ਲਈ ਅਜਿਹੀਆਂ ਕਾਰਵਾਈਆਂ ਕਰਦੇ ਹਨ। 

ਅੱਜ ਦੁਨੀਆ ਦਾ ਸਾਰਾ ਕਾਰ ਵਿਹਾਰ ਇੰਟਰਨੈਟ ਅਤੇ ਕੰਪਿਊਟਰ ਨਾਲ ਜੁੜਿਆ ਹੋਣ ਕਰਕੇ ਜਾਣਕਾਰੀਆਂ ਚੋਰੀ ਕਰਨ ਦੀ ਵੱਡੀ ਜੱਦੋਜਹਿਦ ਚੱਲ ਰਹੀ ਹੈ। ਇਸ ਲਈ ਦੇਸ਼ਾਂ ਵੱਲੋਂ ਵੱਡੀਆਂ ਰਕਮਾਂ ਖਰਚ ਕੀਤੀਆਂ ਜਾ ਰਹੀਆਂ ਹਨ। ਸਾਈਬਰ ਹਮਲੇ ਅੱਜ ਦੇ ਜ਼ਮਾਨੇ ਵਿਚ ਖੂਫੀਆ ਹਮਲਿਆਂ ਦਾ ਅਹਿਮ ਹਿੱਸਾ ਬਣ ਚੁੱਕੇ ਹਨ।