ਜਸਟਿਸ ਅਜੀਤ ਸਿੰਘ ਬੈਂਸ ਦੀ ਜਨਮ ਸ਼ਤਾਬਦੀ 'ਤੇ ਸੈਮੀਨਾਰ ਆਯੋਜਿਤ

ਜਸਟਿਸ ਅਜੀਤ ਸਿੰਘ ਬੈਂਸ ਦੀ ਜਨਮ ਸ਼ਤਾਬਦੀ 'ਤੇ ਸੈਮੀਨਾਰ ਆਯੋਜਿਤ
ਤਸਵੀਰਾਂ: ਮਰਹੂਮ ਜਸਟਿਸ ਅਜੀਤ ਸਿੰਘ ਬੈਂਸ ਲਈ 'ਪਰਸਨ ਆਫ ਦਿ ਯੀਅਰ' ਪੁਰਸਕਾਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਭੇਟ ਕੀਤੇ ਜਾਣ ਦੀ ਤਸਵੀਰ, ਸੈਮੀਨਾਰ ਮੌਕੇ ਸੰਬੋਧਨ ਕਰਦੇ ਬੁਲਾਰੇ ਅਤੇ ਹਾਜ਼ਰ ਸਰੋਤੇ।

*ਸਰਕਾਰੀ ਤਾਨਾਸ਼ਾਹੀ ਖ਼ਿਲਾਫ਼ ਜਸਟਿਸ ਬੈਂਸ ਵੱਲੋਂ ਅਰੰਭਿਆ ਘੋਲ ਜਾਰੀ ਰੱਖਣ ਦਾ ਅਹਿਦ

*ਕੇਂਦਰੀ ਸਿੱਖ ਅਜਾਇਬ ਘਰ ਵਿਖੇ ਜਸਟਿਸ ਅਜੀਤ ਸਿੰਘ ਬੈਂਸ ਦੀ ਤਸਵੀਰ ਸੁਸ਼ੋਭਿਤ ਕੀਤੇ ਜਾਣ ਦੀ ਮੰਗ

*ਰੈਡੀਕਲ ਦੇਸੀ, ਕੈਨੇਡਾ ਨੇ ਜਸਟਿਸ ਬੈਂਸ ਨੂੰ 'ਪਰਸਨ ਆਫ ਦਿ ਯੀਅਰ' ਐਲਾਨਿਆ

ਅੰਮ੍ਰਿਤਸਰ ਟਾਈਮਜ਼

ਸਰੀ : ਮਨੁੱਖੀ ਹੱਕਾਂ ਦੇ ਮਹਾਨ ਯੋਧੇ ਜਸਟਿਸ ਅਜੀਤ ਸਿੰਘ ਬੈਂਸ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ, ਸਰੀ ਦੀ ਸਟਰਾਅਬੈਰੀ ਹਿੱਲ ਲਾਇਬ੍ਰੇਰੀ ਵਿਖੇ 22 ਮਈ ਦਿਨ ਐਤਵਾਰ ਨੂੰ ਬੇਹੱਦ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ 'ਤੇ ਜਸਟਿਸ ਸਾਹਿਬ ਦੇ ਮਨੁੱਖੀ ਅਧਿਕਾਰਾਂ ਦੇ ਖੇਤਰ ਵਿਚ ਪਾਏ ਵੱਡੇ ਯੋਗਦਾਨ ਤੋਂ ਇਲਾਵਾ, ਉਨ੍ਹਾਂ ਦੇ ਜੀਵਨ ਸੰਘਰਸ਼ ਅਤੇ ਜੇਲ੍ਹ ਯਾਤਰਾ ਬਾਰੇ ਵੀ ਵਿਚਾਰਾਂ ਹੋਈਆਂ। ਇਸ ਸੈਮੀਨਾਰ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਆਪਣੇ ਵਿਚਾਰਾਂ ਰਾਹੀਂ ਬੀਬੀ ਖਾਲੜਾ ਨੇ ਜਸਟਿਸ ਅਜੀਤ ਸਿੰਘ ਬੈਂਸ ਦੀ ਖਾਲੜਾ ਪਰਿਵਾਰ ਨੂੰ ਦੇਣ ਬਾਰੇ ਭਾਵਪੂਰਤ ਜਾਣਕਾਰੀ ਦਿੱਤੀ। ਉਨ੍ਹਾਂ ਜਿੱਥੇ ਕਬੀਰ ਪਾਰਕ ਅੰਮ੍ਰਿਤਸਰ ਸਥਿਤ ਖਾਲੜਾ ਪਰਿਵਾਰ ਦੇ ਜੱਦੀ ਘਰ ਨੂੰ ਸਿੱਖ ਵਿਰਾਸਤ ਵਜੋਂ ਸਮਰਪਿਤ ਕਰਨ ਬਾਰੇ ਵਿਚਾਰ ਦਿੱਤੇ, ਉਥੇ ਜਸਟਿਸ ਅਜੀਤ ਸਿੰਘ ਬੈਂਸ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ, ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਸੁਸ਼ੋਭਿਤ ਕਰਨ ਲਈ ਵੀ ਆਵਾਜ਼ ਉਠਾਈ।

ਜਸਟਿਸ ਅਜੀਤ ਸਿੰਘ ਬੈਂਸ ਜੀ ਦੇ ਸਭ ਤੋਂ ਛੋਟੇ ਭਰਾ ਹਰਦਿਆਲ ਬੈਂਸ ਦੇ ਨਾਂ 'ਤੇ ਸਥਾਪਤ ਸੰਸਥਾ ਹਰਦਿਆਲ ਬੈਂਸ ਰਿਸੋਰਸ ਸੈਂਟਰ ਵੱਲੋਂ ਭੇਜਿਆ ਸੰਦੇਸ਼ ਸੈਮੀਨਾਰ ਵਿਚ ਸਾਊਥ ਏਸ਼ੀਅਨ ਰੀਵਿਊ ਦੀ ਸਹਿ ਸੰਪਾਦਕ ਡੋਨਾ ਐਂਡਰਸਨ ਨੇ ਪੜ੍ਹਿਆ ਅਤੇ ਜਸਟਿਸ ਬੈਂਸ ਦੀ ਮਨੁੱਖੀ ਹੱਕਾਂ ਲਈ, ਭਾਰਤ ਦੀ ਫਾਸ਼ੀਵਾਦੀ ਸਰਕਾਰ ਖ਼ਿਲਾਫ਼ ਲੜਾਈ ਬਾਰੇ ਵੇਰਵੇ ਸਾਂਝੇ ਕੀਤੇ। ਸ਼ਤਾਬਦੀ ਸੈਮੀਨਾਰ ਮੌਕੇ ਜਸਟਿਸ ਬੈਂਸ ਦੇ ਜੀਵਨ ਸੰਘਰਸ਼ ਅਤੇ ਦੇਣ ਬਾਰੇ ਬੋਲਦਿਆਂ ਡਾ ਗੁਰਵਿੰਦਰ ਸਿੰਘ ਨੇ ਸ. ਅਜੀਤ ਸਿੰਘ ਬੈਂਸ ਦੀ ਗ੍ਰਿਫ਼ਤਾਰੀ, ਉਨ੍ਹਾਂ ਵੱਲੋਂ ਮਨੁੱਖੀ ਅਧਿਕਾਰ ਸੰਗਠਨ ਰਾਹੀਂ ਨਿਭਾਈ ਭੂਮਿਕਾ, ਸਰਕਾਰ ਖ਼ਿਲਾਫ਼ ਜੱਦੋ-ਜਹਿਦ ਅਤੇ ਵਡਮੁੱਲੀਆਂ ਲਿਖਤਾਂ ਰਾਹੀਂ ਇਤਿਹਾਸਕ ਦੇਣ ਬਾਰੇ ਰੌਸ਼ਨੀ ਪਾਈ। ਉਨ੍ਹਾਂ ਮੰਗ ਕੀਤੀ ਕਿ ਵਰਤਮਾਨ ਸਮੇਂ ਇੰਡੀਅਨ ਸਟੇਟ ਵੱਲੋਂ ਗ੍ਰਿਫਤਾਰ ਕੀਤੇ ਗਏ ਐਕਟੀਵਿਸਟਾਂ, ਵਕੀਲਾਂ, ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਪੱਤਰਕਾਰਾਂ ਨੂੰ ਰਿਹਾਅ ਕਰਾਉਣ ਲਈ ਆਵਾਜ਼ ਉਠਾਉਣੀ ਹੀ, ਜਸਟਿਸ ਅਜੀਤ ਸਿੰਘ ਬੈਂਸ ਦੀ ਜਨਮ ਸ਼ਤਾਬਦੀ ਨੂੰ ਸਹੀ ਅਰਥਾਂ 'ਚ ਮਨਾਉਣਾ ਕਿਹਾ ਜਾ ਸਕਦਾ ਹੈ।

ਰੈਡੀਕਲ ਦੇਸੀ ਵਲੋਂ ਜਸਟਿਸ ਅਜੀਤ ਸਿੰਘ ਬੈਂਸ ਨੂੰ ਜੀਵਨ ਭਰ ਦੀ ਇਤਿਹਾਸਕ ਦੇਣ ਲਈ 'ਪਰਸਨ ਆਫ ਦਿ ਯੀਅਰ' ਨਾਲ ਸਨਮਾਨਤ ਕਰਦਿਆਂ ਪੱਤਰਕਾਰ ਅਤੇ ਸੰਸਥਾ ਆਗੂ ਗੁਰਪ੍ਰੀਤ ਸਿੰਘ ਨੇ ਇਹ ਪੁਰਸਕਾਰ ਬੀਬੀ ਪਰਮਜੀਤ ਕੌਰ ਖਾਲੜਾ ਭੇਟ ਕੀਤਾ। ਉਨ੍ਹਾਂ ਜਸਟਿਸ ਸਾਹਿਬ ਦੀਆਂ ਪ੍ਰੈੱਸ ਕਾਨਫ਼ਰੰਸਾਂ ਦੌਰਾਨ ਦਿੱਤੇ ਵਿਚਾਰਾਂ ਅਤੇ ਇਤਿਹਾਸਕ ਭੂਮਿਕਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸੈਮੀਨਾਰ ਦੇ ਬੁਲਾਰੇ ਸੁਨੀਲ ਕੁਮਾਰ ਨੇ ਜਸਟਿਸ ਅਜੀਤ ਸਿੰਘ ਬੈਂਸ ਤੋਂ ਲੈ ਕੇ ਉਨ੍ਹਾਂ ਦੇ ਸਪੁੱਤਰ ਰਾਜਵਿੰਦਰ ਬੈਂਸ ਅਤੇ ਪੋਤਰੇ ਉਤਸਵ ਬੈਂਸ ਤੱਕ ਦੇ ਵਿਰਾਸਤੀ ਸਫ਼ਰ ਬਾਰੇ ਰੌਚਿਕ ਤੱਥ ਪੇਸ਼ ਕਰਦਿਆਂ ਦੱਸਿਆ ਕਿ ਬੈਂਸ ਪਰਿਵਾਰ ਨੇ ਵੱਡੀਆਂ ਪੇਸ਼ਕਸ਼ਾਂ ਨੂੰ ਜੁੱਤੀ ਦੀ ਨੋਕ 'ਤੇ ਰੱਖਦਿਆਂ, ਹੱਕ ਸੱਚ ਤੇ ਇਨਸਾਫ਼ ਦਾ ਰਾਹ ਅਪਣਾਇਆ।

1986 ਵਿਚ ਸਾਕਾ ਨਕੋਦਰ ਦੇ ਸ਼ਹੀਦ ਸਿੰਘ ਦੇ ਭਰਾਤਾ ਡਾ ਹਰਿੰਦਰ ਸਿੰਘ ਨੇ ਅਮਰੀਕਾ ਤੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਦੱਸਿਆ ਕਿ ਔਖੀ ਘੜੀ ਵਿਚ ਜਸਟਿਸ ਅਜੀਤ ਸਿੰਘ ਬੈਂਸ ਪੀਡ਼ਤਾਂ ਨਾਲ ਖਡ਼੍ਹੇ ਅਤੇ ਜਾਬਰ ਪੁਲਸ ਪ੍ਰਸ਼ਾਸਨ ਅਤੇ ਸਰਕਾਰੀ ਦਹਿਸ਼ਤਗਰਦੀ ਖ਼ਿਲਾਫ਼ ਲੋਕਾਂ ਨੂੰ ਲਾਮਬੰਦ ਕੀਤਾ। ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਸਾਊਥ ਏਸ਼ੀਅਨ ਰੀਵਿਊ ਦੇ ਸੰਪਾਦਕ ਭੁਪਿੰਦਰ ਸਿੰਘ ਮੱਲ੍ਹੀ ਨੇ ਭਾਵਪੂਰਤ ਵਿਚਾਰ ਦਿੱਤੇ। ਉਹਨਾਂ ਦੱਸਿਆ ਕਿ ਜਸਟਿਸ ਬੈਂਸ ਨੇ ਸਰਕਾਰੀ ਦਹਿਸ਼ਤਗਰਦੀ ਖ਼ਿਲਾਫ਼, ਮਨੁੱਖੀ ਅਧਿਕਾਰ ਸੰਗਠਨਾਂ ਰਾਹੀਂ ਨੌਜਵਾਨਾਂ ਦੇ ਝੂਠੇ ਮੁਕੱਦਮਿਆਂ ਨੂੰ ਨਿਪਟਾਇਆ, ਪਰ ਅਖੌਤੀ ਪੱਤਰਕਾਰਾਂ ਅਤੇ ਅਖੌਤੀ ਅਗਾਂਹਵਧੂ ਧਿਰਾਂ ਨੇ ਉਨ੍ਹਾਂ ਦੇ ਰਾਹ 'ਚ ਰੁਕਾਵਟਾਂ ਖੜ੍ਹੀਆਂ ਕੀਤੀਆਂ ਅਤੇ ਸਰਕਾਰ ਦੇ ਹੱਕ ਵਿੱਚ ਤੇ ਲੋਕਾਂ ਖ਼ਿਲਾਫ਼ ਭੁਗਤਦਿਆਂ ਮਰੀ ਜ਼ਮੀਰ ਵਾਲਿਆਂ ਵਜੋਂ ਇਤਿਹਾਸ ਵਿੱਚ ਕਲੰਕ ਖੱਟਿਆ।

ਸ਼ਤਾਬਦੀ ਸੈਮੀਨਾਰ ਵਿਚ ਕੈਨੇਡਾ ਦੀਆਂ ਵੱਖ-ਵੱਖ ਜਥੇਬੰਦੀਆਂ ਅਤੇ ਉੱਘੀਆਂ ਸ਼ਖ਼ਸੀਅਤਾਂ ਨੇ ਹਾਜ਼ਰੀ ਲਵਾਈ ਅਤੇ ਲਾਇਬ੍ਰੇਰੀ ਹਾਲ 'ਚ ਸਾਰੀਆਂ ਕੁਰਸੀਆਂ ਭਰ ਜਾਣ ਦੇ ਬਾਵਜੂਦ, ਬਹੁਤ ਸਾਰੇ ਲੋਕਾਂ ਨੇ ਖੜ੍ਹੇ ਹੋ ਕੇ ਸੈਮੀਨਾਰ ਦਾ ਆਨੰਦ ਮਾਣਿਆ। ਹੋਰਨਾਂ ਤੋਂ ਇਲਾਵਾ ਲੋਕ ਲਿਖਾਰੀ ਸਹਿਤ ਸਭਾ ਉੱਤਰੀ ਅਮਰੀਕਾ, ਕੈਨੇਡੀਅਨ ਸਿੱਖ ਸਟੱਡੀ ਟੀਚਿੰਗ ਸੁਸਾਇਟੀ, ਵੈਨਕੂਵਰ ਵਿਚਾਰ ਮੰਚ, ਵਿਸ਼ਵ ਸਿੱਖ ਸੰਸਥਾ ਕੈਨੇਡਾ, ਵਿਰਾਸਤ ਫਾਊਂਡੇਸ਼ਨ, ਗੁਰੂ ਨਾਨਕ ਗੁਰਦੁਆਰਾ ਸਭ ਸਰੀ ਡੈਲਟਾ ਅਤੇ ਪੰਜਾਬੀ ਸਹਿਤ ਸਭਾ ਮੁੱਢਲੀ ਐਬਟਸਫੋਰਡ ਆਦਿ ਵੱਲੋਂ ਨੁਮਾਇੰਦਿਆਂ ਨੇ ਸਮਾਗਮ ਵਿਚ ਭਰਪੂਰ ਉਤਸ਼ਾਹ ਨਾਲ ਹਾਜ਼ਰੀ ਭਰੀ ਅਤੇ ਸਥਾਨਕ ਪੰਜਾਬੀ ਮੀਡੀਆ ਅਦਾਰਿਆਂ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਵਿਲੱਖਣ ਗੱਲ ਇਹ ਰਹੀ ਕਿ ਸੈਮੀਨਾਰ ਵਿੱਚ ਸਾਂਝੇ ਕੀਤੇ ਵਿਚਾਰਾਂ ਨੂੰ ਕਿਤਾਬਚੇ ਦੇ ਰੂਪ ਵਿੱਚ ਪ੍ਰਕਾਸ਼ਤ ਕਰਕੇ ਵੰਡਿਆ ਗਿਆ ਅਤੇ ਨੇੜਲੇ ਭਵਿੱਖ ਵਿਚ, ਜਸਟਿਸ ਅਜੀਤ ਸਿੰਘ ਬੈਂਸ ਦੇ ਸੌ ਸਾਲਾ ਸਫ਼ਰ ਦੇ ਲੰਮੇ ਸੰਘਰਸ਼ ਸਬੰਧੀ ਕਿਤਾਬ ਪ੍ਰਕਾਸ਼ਤ ਕਰਨ ਦਾ ਅਹਿਦ ਲਿਆ ਗਿਆ।