ਪੰਜਾਬ ਵਿੱਚ 2022-23 ਦਰਮਿਆਨ ਮਰਨ ਵਾਲਿਆਂ ਦੀ ਗਿਣਤੀ 266 ਤੱਕ ਪਹੁੰਚੀ

ਪੰਜਾਬ ਵਿੱਚ 2022-23 ਦਰਮਿਆਨ ਮਰਨ ਵਾਲਿਆਂ ਦੀ ਗਿਣਤੀ 266 ਤੱਕ ਪਹੁੰਚੀ

ਹਾਈਕੋਰਟ ਵਿਚ ਪਹੁੰਚੀ ਪੰਜਾਬ ਪੁਲਿਸ ਦੀ ਰਿਪੋਰਟ ਵਿਚ ਹੋਇਆ ਖੁਲਾਸਾ

ਬਠਿੰਡਾ ਅਤੇ ਤਰਨਤਾਰਨ ਵਿੱਚ ਨਸ਼ਿਆਂ ਨੇ ਸਭ ਤੋਂ ਵੱਧ ਜਾਨਾਂ ਲਈਆਂ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ - ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ 'ਤੇ ਇੱਕ ਰਿਪੋਰਟ ਹਾਈਕੋਰਟ ਵਿੱਚ ਪਹੁੰਚੀ ਹੈ। ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਪੰਜਾਬ ਵਿੱਚ 1 ਅਪ੍ਰੈਲ 2020 ਤੋਂ 31 ਮਾਰਚ 2023 ਤੱਕ ਨਸ਼ੇ ਦੀ ਓਵਰਡੋਜ਼ ਕਾਰਨ 266 ਮੌਤਾਂ ਹੋਈਆਂ ਹਨ। ਜਿਸ ਤੋਂ ਸਾਫ਼ ਹੈ ਹਰ ਚੌਥੇ ਦਿਨ ਇੱਕ ਨੌਜਵਾਨ ਨਸ਼ੇ ਕਾਰਨ ਮਾਰਿਆ ਹੈ। 

ਪੰਜਾਬ ਪੁਲਿਸ ਵੱਲੋਂ ਹਾਈਕੋਰਟ ਵਿੱਚ ਦਿੱਤੇ ਗਏ ਅੰਕੜੇ ਹੈਰਾਨੀਜਨਕ ਹਨ। ਇਨ੍ਹਾਂ ਅੰਕੜਿਆਂ ਅਨੁਸਾਰ 2020-21 ਦਰਮਿਆਨ ਪੰਜਾਬ ਵਿੱਚ ਨਸ਼ਾ ਜਾਂ ਨਸ਼ੇ ਦੀ ਓਵਰਡੋਜ਼ ਕਾਰਨ ਮਰਨ ਵਾਲਿਆਂ ਦੀ ਗਿਣਤੀ 36 ਸੀ। 2021-22 ਵਿੱਚ ਮਰਨ ਵਾਲਿਆਂ ਦੀ ਗਿਣਤੀ ਦੁੱਗਣੀ ਹੋ ਕੇ 71 ਹੋ ਗਈ। ਹਾਲਾਂਕਿ 2022-23 ਵਿਚ ਇਨ੍ਹਾਂ ਅੰਕੜਿਆਂ ਵਿਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ। ਪੰਜਾਬ ਵਿੱਚ 2022-23 ਦਰਮਿਆਨ ਮਰਨ ਵਾਲਿਆਂ ਦੀ ਗਿਣਤੀ 266 ਤੱਕ ਪਹੁੰਚ ਗਈ ਹੈ।

ਪੰਜਾਬ ਦੇ ਸ਼ਹਿਰਾਂ ਨਾਲੋਂ ਪਿੰਡਾਂ ਵਿੱਚ ਜ਼ਿਆਦਾ ਮੌਤਾਂ ਹੋਈਆਂ ਹਨ। ਬਠਿੰਡਾ ਅਤੇ ਤਰਨਤਾਰਨ ਵਿੱਚ ਨਸ਼ਿਆਂ ਨੇ ਸਭ ਤੋਂ ਵੱਧ ਜਾਨਾਂ ਲਈਆਂ ਹਨ। ਪੰਜਾਬ ਪੁਲਿਸ ਵੱਲੋਂ ਹਾਈਕੋਰਟ ਵਿੱਚ ਦਿੱਤੇ ਗਏ ਅੰਕੜਿਆਂ ਅਨੁਸਾਰ ਸੂਬੇ ਵਿੱਚ ਬਠਿੰਡਾ ਅਤੇ ਤਰਨਤਾਰਨ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਹਨ, ਜਿੱਥੇ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਬਠਿੰਡਾ 'ਚ ਇਨ੍ਹਾਂ ਤਿੰਨ ਸਾਲਾਂ ਵਿਚ ਮੌਤ ਦੇ 38 ਮਾਮਲੇ ਸਾਹਮਣੇ ਆਏ ਹਨ, ਉਥੇ ਹੀ ਤਰਨਤਾਰਨ 'ਚ ਨਸ਼ੇ ਦੀ ਓਵਰਡੋਜ਼ ਕਾਰਨ ਮਰਨ ਵਾਲਿਆਂ ਦੀ ਗਿਣਤੀ 30 ਤੱਕ ਪਹੁੰਚ ਗਈ ਹੈ। 

ਪੰਜਾਬ ਦੇ ਸਰਹੱਦੀ ਖੇਤਰ ਵੀ ਪ੍ਰਭਾਵਿਤ ਹਨ। ਫ਼ਿਰੋਜ਼ਪੁਰ ਵਿੱਚ 19 ਮੌਤਾਂ ਹੋਈਆਂ ਹਨ, ਜਦਕਿ ਅੰਮ੍ਰਿਤਸਰ ਦਿਹਾਤੀ ਵਿੱਚ ਕੁੱਲ 17 ਮਾਮਲੇ ਸਾਹਮਣੇ ਆਏ ਹਨ। ਓਧਰ ਸ਼ਹਿਰਾਂ ਦੀ ਗੱਲ ਕਰੀਏ ਤਾਂ ਲੁਧਿਆਣਾ ਸ਼ਹਿਰ ਸਭ ਤੋਂ ਵੱਧ ਨਸ਼ੇ ਤੋਂ ਪ੍ਰਭਾਵਿਤ ਨਜ਼ਰ ਆ ਰਿਹਾ ਹੈ। ਇੱਥੇ ਨਸ਼ੇ ਦੀ ਓਵਰਡੋਜ਼ ਜਾਂ ਨਸ਼ੇ ਕਾਰਨ ਮਰਨ ਵਾਲਿਆਂ ਦੀ ਗਿਣਤੀ 14 ਹੈ, ਜਦਕਿ ਜਲੰਧਰ ਵਿਚ 1 ਅਤੇ ਅੰਮ੍ਰਿਤਸਰ 'ਚ 6 ਦੀ ਮੌਤ ਹੋਈ ਹੈ।

ਇਸ ਤੋਂ ਇਲਾਵਾ ਪੰਜਾਬ ਦੇ ਬਟਾਲਾ ਵਿੱਚ 10, ਹੁਸ਼ਿਆਰਪੁਰ ਵਿੱਚ 14, ਕਪੂਰਥਲਾ ਤੇ ਲੁਧਿਆਣਾ ਦਿਹਾਤੀ ਵਿੱਚ 5, ਖੰਨਾ ਵਿੱਚ 9, ਫਤਿਹਗੜ੍ਹ ਸਾਹਿਬ ਵਿੱਚ 5, ਐਸਏਐਸ ਨਗਰ ਵਿੱਚ 8 ਅਤੇ ਸੰਗਰੂਰ ਤੇ ਬਰਨਾਲਾ ਵਿੱਚ 5-5 ਮੌਤਾਂ ਨਸ਼ੇ ਦੀ ਓਵਰਡੋਜ਼ ਕਾਰਨ ਹੋਈਆਂ ਹਨ।ਇਨ੍ਹਾਂ ਸਾਰਿਆਂ ਵਿੱਚੋਂ ਪਠਾਨਕੋਟ ਅਤੇ ਐਸਬੀਐਸ ਨਗਰ ਦੋ ਅਜਿਹੇ ਜ਼ਿਲ੍ਹੇ ਹਨ, ਜਿੱਥੇ ਪਿਛਲੇ ਤਿੰਨ ਸਾਲਾਂ ਵਿੱਚ ਇੱਕ ਵੀ ਨਸ਼ੇ ਜਾਂ ਨਸ਼ੇ ਦੀ ਓਵਰਡੋਜ਼ ਨਾਲ ਮੌਤ ਨਹੀਂ ਹੋਈ ਹੈ। ਜਦਕਿ ਰੂਪ ਨਗਰ ਅਤੇ ਮਲੇਰਕੋਟਲਾ ਵਿੱਚ ਇੱਕ-ਇੱਕ ਮੌਤ ਹੋਈ ਹੈ।