ਗੁਰਪੁਰਬ ਕਿਵੇਂ ਮਨਾਇਆ ਜਾਣਾ ਚਾਹੀਦਾ?

ਗੁਰਪੁਰਬ ਕਿਵੇਂ ਮਨਾਇਆ ਜਾਣਾ ਚਾਹੀਦਾ?

ਦੁਨੀਆਂ ਭਰ ਵਿਚ ਵੱਸਦੇ ਸਿੱਖ ਗੁਰਪੁਰਬ ਅਤੇ ਸ਼ਹੀਦੀ ਦਿਹਾੜਿਆਂ ਨੂੰ ਪੂਰਨ ਸ਼ਰਧਾ ਭਾਵ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ।

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਵਿਸ਼ੇਸ ਤਿਆਰੀਆਂ ਕੀਤੀਆਂ ਜਾਂਦੀਆਂ ਹਨ। ਦੁਨੀਆਂ ਦੇ ਹਰ ਕੋਨੇ ਵਿਚ ਬੈਠਾ ਸਿੱਖ ਇਸ ਦਿਨ ਦਾ ਆਮ ਦਿਨਾਂ ਨਾਲੋਂ ਅਲੱਗ ਹੋਣ ਦਾ ਫਰਕ ਮਹਿਸੂਸ ਕਰਦਾ ਹੈ। ਹੋਵੇ ਵੀ ਕਿਉਂ ਨਾ ਸਿੱਖਾਂ ਦੇ ਪ੍ਰਥਮ ਗੁਰੂ ਨਾਨਕ ਸਾਹਿਬ ਇਸ ਦਿਨ ਧਰਤੀ ਉਪਰ ਪ੍ਰਗਟ ਹੋਏ ਸਨ। ਜਿਨ੍ਹਾਂ ਦੀ ਕਮਾਈ ਤੋਂ ਇਕੱਲੀ ਸਿੱਖ ਵਸੋਂ ਹੀ ਨਹੀਂ, ਬਲਕਿ ਸਰਬੱਤ ਲੋਕਾਈ ਵੀ ਬਰਕਤਾਂ ਪ੍ਰਾਪਤ ਕਰ ਰਹੀ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਉਚਾਰਨ ਕੀਤੀ, ਸੰਭਾਲੀ ਅਤੇ ਗੁਰਸਿੱਖਾਂ ਨੂੰ ਗੁਰਬਾਣੀ ਦ੍ਰਿੜ ਕਰਵਾਈ। ਮਨੁੱਖਤਾ ਨੂੰ ਸੱਚੇ ਕਰਤਾਰੀ ਨਾਮ ਦੇ ਅਮੁੱਕ ਖਜਾਨੇ ਨਾਲ ਜੋੜਿਆ।  

ਗੁਰਪੁਰਬ ਸਬੰਧੀ ਭਾਈ ਵੀਰ ਸਿੰਘ ਜੀ ਨੇ ਬੜੇ ਸੁੰਦਰ ਬਚਨ ਸੰਨ 1901 ਅਤੇ ਸੰਨ 1902 ਵਿਚ ਗੁਰਪੁਰਬ ਮੌਕੇ ਲੇਖਾਂ ਵਿਚ ਲਿਖੇ ਹਨ। ਗੁਰਪੁਰਬ ਦਾ ਦਿਨ ਮਨਾਉਣ ਬਾਰੇ ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਗੁਰਪੁਰਬ ਦਾ ਦਿਨ ਖੁਸ਼ੀਆਂ ਭਰਿਆ ਹੈ, ਇਹ ਇਸ ਲਈ ਖੁਸ਼ੀਆਂ ਭਰਿਆ ਸਮਾਂ ਨਹੀਂ ਹੈ ਕਿ ਇਸ ਦਿਨ ਕੋਈ ਸੂਰਜ ਦੀ ਗਤੀ ਵੱਖਰੀ ਹੋ ਗਈ ਹੈ, ਜਾਂ ਕੋਈ ਵੱਖਰਾ ਚੰਦ ਚੜਿਆ ਹੈ ਜਾਂ ਧਰਤੀ ਦਾ ਧੁਰਾ ਪਲਟਿਆ ਹੈ। ਸਤਿਗੁਰਾਂ ਦੇ ਸ਼ੁੱਧ ਪਰਉਪਕਾਰ ਲਈ ਸ਼ੁਕਰ ਗੁਜ਼ਾਰ ਹੋਣ ਦਾ ਸਮਾਂ ਹੈ। ਗੁਰਪੁਰਬ ਦਾ ਦਿਨ ਆਪਣੇ ਦਿਲਾਂ ਅੰਦਰ ਪਵਿਤ੍ਰ ਯਾਦਗਾਰ ਕਾਇਮ ਕਰਨੇ ਦਾ ਦਿਨ ਹੈ। ਇਹ ਇਸ ਲਈ ਨਹੀਂ ਕਿ ਸਤਿਗੁਰਾਂ ਨੂੰ ਇਸਦੀ ਕੋਈ ਲੋੜ ਹੈ, ਬਲਕਿ ਇਹ ਦਿਨ ਸਤਿਗੁਰਾਂ ਦੇ ਸ਼ੁਕਰ ਗੁਜ਼ਾਰ ਹੁੰਦਿਆਂ ਉਸਦੀਆਂ ਦਿਆਲਤਾਂਵਾ ਦਾ ਹੋਰ ਪਾਤਰ ਬਣਨ ਦਾ ਸਮਾਂ ਹੈ। 

ਗੁਰਪੁਰਬ ਮਨਾਉਣ ਦੇ ਤਰੀਕੇ ਬਾਰੇ ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਗੁਰਪੁਰਬ ਦਾ ਦਿਨ ਉਹ ਦਿਨ ਹੈ ਜੋ ਸਚੇ ਦਿਨ ਦੀ ਯਾਦ ਕਰਵਾਉਣ ਵਾਲਾ ਹੈ ਜਿਸ ਦਿਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਵਿਚ ਪ੍ਰਗਟ ਹੋਏ ਸਨ। ਉਸ ਦਿਨ ਦਾ ਦਰਸ਼ਨ ਭਾਵੇਂ ਅਸੀਂ ਨਹੀਂ ਕਰ ਸਕੇ, ਪਰ ਅੱਜ ਦਾ ਦਿਨ ਸਾਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ। ਇਸ ਦਿਨ ਦੇ ਅੱਠੇ ਪਹਿਰ ਧੰਨ ਸ੍ਰੀ ਗੁਰੂ ਨਾਨਕ ਉਚਾਰਦੇ ਹੋਏ ਪ੍ਰਸੰਨਤਾ ਵਿਚ ਗੁਜ਼ਾਰਨੇ ਚਾਹੀਦੇ ਹਨ। 

ਅੱਜ ਦੇ ਸਮੇਂ ਦਿਖਾਵੇ ਨੂੰ ਜਿਆਦਾ ਥਾਂ ਦਿੱਤੀ ਜਾਣ ਲੱਗੀ ਹੈ, ਜਦਕਿ ਅਮਲ ਅਤੇ ਬਚਨ ਪਾਲਣ ਦੀ ਗੱਲ ਦੋਇਮ ਦਰਜੇ ਉਤੇ ਧੱਕ ਦਿੱਤੀ ਗਈ ਹੈ। ਅਜਿਹਾ ਵਰਤਾਰਾ ਚਾਹੇ ਆਧੁਨਿਕ ਸਿੱਖਿਆ ਦੇ ਪ੍ਰਬੰਧ ਰਾਹੀਂ ਵਧਿਆ ਹੋਵੇ ਜਾਂ ਬਿਜਲਈ ਜਗਤ ਦੇ ਸੋਸ਼ਲ ਮੀਡੀਆ ਵਰਗੇ ਸਾਧਨ ਹੋਣ, ਇਹ ਗੁਰਮਤਿ ਦੇ ਅਨੁਸਾਰੀ ਨਹੀਂ ਹੈ। ਗੁਰਮਤਿ ਸਹਿਜ ਦਾ ਰਾਹ ਦੱਸਦੀ ਹੈ ਅਤੇ ਨਤੀਜਿਆਂ ਲਈ ਅਕਾਲ ਪੁਰਖ ’ਤੇ ਟੇਕ ਰੱਖਣੀ ਸਿਖਾਉਂਦੀ ਹੈ। ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਕਈ ਵਾਰ ਕਾਹਲ ਵਿਚ ਅਸੀਂ ਗੁਰਮਤ ਤੋਂ ਉਲਟ ਭੁਗਤ ਜਾਂਦੇ ਹਾਂ। ਸਮਾਗਮਾਂ ਅਤੇ ਸੋਸ਼ਲ ਮੀਡੀਆ ਦੇ ਸੁਨੇਹਿਆਂ ਵਿੱਚ ਸਤਿਗੁਰਾਂ ਦੇ ਕਾਲਪਨਿਕ ਸਰੂਪ ਨੂੰ ਤਸਵੀਰਾਂ ਦੇ ਰੂਪ ਵਿੱਚ ਪ੍ਰਵਾਨ ਕਰਨਾ ਅਤੇ ਅੱਗੇ ਭੇਜਣਾ, ਆਪਸੀ ਪਾੜੇ ਵਧਾਉਣੇ ਕਿਸੇ ਵੀ ਪੱਖੋਂ ਯੋਗ ਨਹੀਂ ਹੈ। ਨਗਰ ਕੀਰਤਨ ਦੇ ਜਲੌਅ ਵਿੱਚ ਖਾਲਸਾਈ ਰੰਗਤ ਦੀ ਥਾਂ ’ਤੇ ਦੁਨਿਆਵੀ ਕਿਸਮ ਦੇ ਤਰੀਕੇ ਅਖ਼ਤਿਆਰ ਕਰਨੇ ਸਤਗੁਰਾਂ ਦੀ ਸ਼ਾਨ ਵਿੱਚ ਵਾਧਾ ਨਹੀਂ ਕਰਦੇ। ਭਾਈ ਵੀਰ ਸਿੰਘ ਜੀ ਨੇ ਬਹੁਤ ਸੋਹਣਾ ਦਰਜ ਕੀਤਾ ਹੈ ਕਿ ਗੁਰਪੁਰਬ ਵਾਲੇ ਦਿਨ ਆਪਸੀ ਪਾੜਿਆਂ ਨੂੰ ਘਟਾਉਣ ਦਾ ਯਤਨ ਕਰਨਾ ਚਾਹੀਦਾ ਹੈ। ਅਲੱਗ ਹੋਈਆਂ ਸਭਾਵਾਂ, ਭਰਾਵਾਂ ਨੂੰ ਇਕੱਠਿਆਂ ਕਰਨ ਦੇ ਯਤਨ ਹੋਣੇ ਚਾਹੀਦੇ ਹਨ। ਕਿਸੇ ਦੇ ਵਿਗੜੇ ਕਾਰਜ ਨੂੰ ਸਵਾਰ ਦੇਣਾ ਚਾਹੀਦਾ ਹੈ। ਮਾੜੇ ਅਮਲ ਅਤੇ ਆਦਤਾਂ ਨੂੰ ਛੱਡਣ ਦੇ ਪ੍ਰਣ ਕਰਨੇ ਚਾਹੀਦੇ ਹਨ। ਖਿਮਾ ਮੰਗਣ ’ਤੇ ਮੁਆਫ ਕਰਨਾ ਚਾਹੀਦਾ ਹੈ। ਸਭ ਤੋਂ ਜਰੂਰੀ ਭਜਨ ਸਿਮਰਨ, ਨਾਮ ਬਾਣੀ ਨਾਲ ਜੁੜਨਾ ਚਾਹੀਦਾ ਹੈ। ਇਹੋ ਹੀ ਕੁਝ ਸੌਖੇ ਕਾਰਜ ਹਨ, ਜਿਨ੍ਹਾਂ ਨਾਲ ਗੁਰਪੁਰਬ ਮਨਾਉਂਦਿਆਂ ਅਸੀਂ ਗੁਰੂ ਨੂੰ ਵਧੇਰੇ ਚੰਗੇ ਲੱਗ ਸਕਾਂਗੇ। ਬਾਹਰੀ ਤਸਵੀਰਾਂ ਅਤੇ ਹੋਰ ਦਿਖਾਵੇ ਦੇ ਅਮਲਾਂ ਨਾਲੋਂ ਗੁਰਬਾਣੀ ਦੇ ਲੜ ਲੱਗਣਾ ਚਾਹੀਦਾ ਹੈ।   

ਮਸ਼ਹੂਰੀਆਂ ਵਾਲੀ ਸਰਕਾਰ 

ਪਿਛਲੇ ਸਮਿਆਂ ਵਿਚ ਪੰਜਾਬ ਦੇ ਲੋਕਾਂ ਨੇ ਬਾਦਲ, ਕਪਤਾਨ ਦੀਆਂ ਸਰਕਾਰਾਂ ਦੇਖੀਆਂ ਹਨ। ਸਰਕਾਰ ਨੇ ਜਦੋਂ ਕਿਸਾਨਾਂ ਦੇ ਬਿਜਲੀ ਬਿਲ ਮਾਫ ਕੀਤੇ ਸਨ ਤਾਂ ਅਖਬਾਰਾਂ ਅਤੇ ਟੈਲੀਵੀਜਨ ਦੇ ਸਾਧਨਾਂ ਰਾਹੀਂ ਆਪਣੀ ਪਿੱਠ ਥਾਪੜੀ ਸੀ। ਅਗਾਂਹ ਚੱਲ ਕੇ ਜਦੋਂ ਵੀ ਕਿਸੇ ਸਰਕਾਰ ਨੇ ਕੋਈ ਕੰਮ ਕੀਤਾ ਤਾਂ ਮਸ਼ਹੂਰੀ ਖੱਟਣ ਲਈ ਲਗਦੀ ਵਾਹ ਲਾਈ। ਭਾਵੇਂ ਕਿ ਕਪਤਾਨ ਦੀ ਸਰਕਾਰ ਨੇ ਵੀ ਕੋਸ਼ਿਸ ਕੀਤੀ ਪਰ ਬਾਦਲ ਸਰਕਾਰ ਇਸ ਮਾਮਲੇ ਵਿੱਚ ਨਵੇਂ ਤਰੀਕੇ ਲੈਕੇ ਆਈ। ਲੋੜਵੰਦਾਂ ਨੂੰ ਵੰਡੇ ਜਾਣ ਵਾਲੇ ਸਾਇਕਲਾਂ ਤੋਂ ਲੈ ਕੇ ਐਂਬੂਲੈਂਸ ਤੱਕ, ਰਾਸ਼ਨ ਵਾਲੇ ਗੱਟਿਆਂ ਤੱਕ ਹਰ ਚੀਜ਼ ਵਸਤ ਉਪਰ ਆਪਣੀ ਫੋਟੋ ਚਿਪਕਾ ਦਿੱਤੀ। ਬਾਦਲ ਸਰਕਾਰ ਦੀ ਸੋਚ ਸਿੱਧੀ ਸੀ, ਉਨ੍ਹਾਂ ਨੇ ਪਿੰਡਾਂ ਦੇ ਉਨ੍ਹਾਂ ਲੋਕਾਂ ਨੂੰ ਵੀ ਦਿਖਾਉਣਾ ਸੀ, ਜੋ ਪੜ ਲਿਖ ਨਹੀਂ ਸੀ ਸਕਦੇ ਕਿ ਅਸੀਂ ਇਹ ਕੰਮ ਕੀਤਾ। ਇਸ ਲਈ ਉਨ੍ਹਾਂ ਦਾ ਬਹੁਤ ਮਖੌਲ ਵੀ ਉੱਡਦਾ ਰਿਹਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਖੁਦ ਇਹੀ ਗੱਲ ’ਤੇ ਜ਼ੋਰ ਦਿੰਦਾ ਰਿਹਾ ਕਿ ਇਹ ਬਾਦਲ ਦਲ ਵਾਲੇ ਹਰ ਚੀਜ ’ਤੇ ਆਪਣੀ ਫੋਟੋ ਲਾ ਕੇ ਮਸ਼ਹੂਰੀ ਕਰ ਰਹੇ ਹਨ, ਲੋਕਾਂ ਦੇ ਭਾਂਡਿਆਂ ਤੱਕ ਨਹੀਂ ਛੱਡਣੇ ਇਹਨਾਂ ਨੇ ਆਦਿ।   

ਹੁਣ ਜਦੋਂ ਕਹਿਣ ਨੂੰ ਆਮ ਆਦਮੀ ਦੀ ਸਰਕਾਰ ਆਈ ਤਾਂ ਇਹਨਾਂ ਨੇ ਉਸ ਤੋਂ ਵੀ ਅਗਾਂਹ ਦੀ ਗੱਲ ਕਰ ਦਿਖਾਈ। ਤੀਰਥ ਯਾਤਰਾ ਸਕੀਮ ਤਹਿਤ ਧਾਰਮਕ ਸਥਾਨ ਦੀ ਯਾਤਰਾ ’ਤੇ ਜਾਣ ਵਾਲਿਆਂ ਦੇ ਹੱਥਾਂ ਵਿੱਚ ਜੋ ਝੋਲੇ ਫੜਾਏ ਗਏ ਉਹਨਾਂ ’ਤੇ ਸਰਕਾਰ ਦੀ ਮਸ਼ਹੂਰੀ ਲਈ ਮੁੱਖ ਮੰਤਰੀ ਦੀਆਂ ਤਸਵੀਰਾਂ ਲਗਵਾਈਆਂ ਗਈਆਂ। ਮਸ਼ਹੂਰੀ ਲਈ ਕਿਸ ਪੱਧਰ ਤੱਕ ਜਾਇਆ ਜਾ ਸਕਦਾ ਹੈ ਸ਼ਾਇਦ ਇਸ ਦੀ ਹੁਣ ਕੋਈ ਹੱਦ ਨਹੀਂ ਰਹੀ। ਜਿਹੜੇ ਪਹਿਲੀਆਂ ਸਰਕਾਰਾਂ ਨੂੰ ਓਹਨਾ ਦੇ ਗਲਤ ਅਮਲਾਂ ਲਈ ਭੰਡਦੇ ਹਨ, ਜਦੋਂ ਆਪ ਸੱਤਾ ਵਿੱਚ ਆਉਂਦੇ ਹਨ ਤਾਂ ਖੁਦ ਵੀ ਓਹੀ ਅਮਲ ਤੇ ਸਗੋਂ ਉਸ ਤੋਂ ਵੀ ਗਲਤ ਅਮਲ ਬਿਨਾਂ ਕਿਸੇ ਝਿਜਕ ਤੋਂ ਕਰਦੇ ਹਨ। ਇਸੇ ਲਈ ਸ਼ਾਇਦ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਦੀ ਵਿਸ਼ਵਾਸ਼ਯੋਗਤਾ ਹੁਣ ਖਤਮ ਹੋ ਗਈ ਹੈ। 

 

​​​​​​ਸੰਪਾਦਕ 

ਭਾਈ ਮਲਕੀਤ ਸਿੰਘ