ਬਰਤਾਨੀਆ ਦੇ ਸਿੱਖ ਐਮਪੀ ਸਮੇਤ 36 ਸੰਸਦ ਮੈਂਬਰਾਂ ਦੇ ਭਾਰਤ ਦਾਖਲੇ 'ਤੇ ਰੋਕ ਲਾਉਣ ਦੀ ਵਿਉਂਤਬੰਦੀ (ਖ਼ਾਸ ਰਿਪੋਰਟ)

ਬਰਤਾਨੀਆ ਦੇ ਸਿੱਖ ਐਮਪੀ ਸਮੇਤ 36 ਸੰਸਦ ਮੈਂਬਰਾਂ ਦੇ ਭਾਰਤ ਦਾਖਲੇ 'ਤੇ ਰੋਕ ਲਾਉਣ ਦੀ ਵਿਉਂਤਬੰਦੀ (ਖ਼ਾਸ ਰਿਪੋਰਟ)

ਅੰਮ੍ਰਿਤਸਰ ਟਾਈਮਜ਼ ਬਿਊਰੋ
ਬਰਤਾਨੀਆ ਵਿਚ ਰਹਿੰਦੇ ਭਾਰਤੀ ਨਾਗਰਿਕਾਂ ਦੇ ਇਕ ਸਮੂਹ ਨੇ ਬਰਤਾਨੀਆ ਦੇ ਲੰਡਨ ਵਿਚ ਭਾਰਤ ਦੀ ਉੱਚ ਕਮਿਸ਼ਨਰ ਗਾਇਤਰੀ ਇਸਰ ਕੁਮਾਰ ਨੂੰ ਚਿੱਠੀ ਲਿਖ ਕੇ ਬਰਤਾਨਵੀ ਸੰਸਦ ਮੈਂਬਰਾਂ ਦੇ ਭਾਰਤੀ ਵੀਜ਼ੇ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਚਿੱਠੀ ਵਿਚ 36 ਸੰਸਦ ਮੈਂਬਰਾਂ ਦੇ ਨਾਂ ਸ਼ਾਮਲ ਕਰਦਿਆਂ ਲਿਖਿਆ ਗਿਆ ਹੈ ਕਿ ਇਹ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਵਾਰ-ਵਾਰ ਦਖਲਅੰਦਾਜ਼ੀ ਕਰਦੇ ਹਨ। ਅੰਮ੍ਰਿਤਸਰ ਟਾਈਮਜ਼ ਦੇ ਹੱਥ ਲੱਗੀ ਇਹ ਚਿੱਠੀ "ਇੰਡੀਅਨ ਡਾਇਸਪੋਰਾ ਯੂਕੇ" ਦੇ ਲੈਟਰ ਹੈੱਡ 'ਤੇ 10 ਦਸੰਬਰ 2020 ਨੂੰ ਲਿਖੀ ਗਈ ਸੀ। 
ਇਹ ਵੀ ਪਤਾ ਨਹੀਂ ਕਿ ਇਹ ਕੋਈ ਜੱਥੇਬੰਦੀ ਹੈ ਵੀ ਕਿ ਨਹੀਂ ਕਿਉਂ ਕਿ ਲੈਟਰਹੈਡ ਤੇ ਨਾਂ ਤਾਂ ਕੋਈ ਫ਼ੋਨ , ਐਡਰੈਸ ਜਾਂ ਈਮੇਲ ਹੈ।

ਇਸ ਸੂਚੀ ਵਿਚ ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸਿੱਖ ਐਮਪੀ ਤਨਮਨਜੀਤ ਸਿੰਘ ਢੇਸੀ ਦਾ ਨਾਂ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਬਰਤਾਨੀਆ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਲੇਬਰ ਪਾਰਟੀ ਵੱਲੋਂ ਚੋਣ ਲੜਨ ਵਾਲੇ ਜੇਰੇਮੀ ਕੋਰਬੇਨ, ਡੇਬੀ ਅਬ੍ਰਾਹਮਸ, ਅਪਸਾਨਾ ਬੇਗਮ, ਸਰ ਪੀਟਰ ਬੋਟਮਲੇ, ਸਾਰਾਹ ਚੈਂਪੀਅਨ, ਜੋਨ ਕਰੂਡਸ, ਵਿਰੇਂਦਰ ਸ਼ਰਮਾ, ਸੀਮਾ ਮਲਹੋਤਰਾ, ਕਲਾਉਡੀਆ ਵੈਬੇ, ਨਾਡੀਆ ਵਾਈਟੋਮ, ਮਯੂਨੀਰਾ ਵਿਲਸਨ, ਮੋਹੱਮਦ ਯਾਸਿਨ, ਖਾਲਿਦ ਮਹਿਮੂਦ, ਵੈਲੇਰੀ ਵਾਜ਼, ਜੋਹਨ ਕਰਾਇਰ, ਜੀਰੇਂਟ ਡੇਵਿਸ, ਮਾਰਟਿਨ ਡੋਚਰਟੀ-ਹਿਊਸ, ਐਲਨ ਡੋਰਨਸ, ਐਂਡਰਿਊ, ਅਫਜ਼ਲ ਖਾਨ, ਇਆਨ ਲੇਵਰੀ, ਇਮਾ ਲੇਵੇਲ-ਬਕ, ਕਲਾਈਵ ਲੇਵਿਸ, ਟੋਨੀ ਲੋਇਡ, ਜੋਹਨ ਸਪੈਲਰ, ਜ਼ਾਰਾਹ ਸੁਲਤਾਨਾ, ਸੈਮ ਟੈਰੀ, ਐਲੀਸਨ ਥਿਉਲਿਸ, ਸਟੀਫਨ ਟਿਮਸ, ਸਟੀਵ ਮੈਕਕੈਬ, ਜੋਹਨ ਮੈਕਡੋਨਲ, ਪੈਟ ਮੈਕਫੈਡਨ, ਗ੍ਰਾਹਮ ਮੋਰਿਸ, ਕੈਰੋਲਿਨ ਨੋਕਸ, ਕੇਟ ਓਸਬੋਰਨ ਦੇ ਨਾਂ ਸ਼ਾਮਲ ਹਨ।

ਭਾਰਤ ਵਿਚ ਮਨੁੱਖੀ ਹੱਕਾਂ ਦੇ ਘਾਣ ਦੀਆਂ ਘਟਨਾਵਾਂ ਖਿਲਾਫ ਲਗਾਤਾਰ ਅਵਾਜ਼ ਚੁੱਕਣ ਵਾਲੇ ਤਨਮਨਜੀਤ ਸਿੰਘ ਢੇਸੀ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਗਿਆ ਹੈ ਕਿ ਉਹ ਅਤੇ ਸੂਚੀ ਵਿਚ ਸ਼ਾਮਲ ਕਈ ਹੋਰ ਸੰਸਦ ਮੈਂਬਰ ਖਾਲਿਸਤਾਨ ਲਹਿਰ ਦੇ ਸਮਰਥਕ ਹਨ। ਸਿੱਖਾਂ ਦੇ ਅਜ਼ਾਦੀ ਸੰਘਰਸ਼ ਖਾਲਿਸਤਾਨ ਨੂੰ ਇਸ ਚਿੱਠੀ ਵਿਚ ਪਾਕਿਸਤਾਨ ਦੀ ਸਾਜਿਸ਼ ਵਜੋਂ ਪੇਸ਼ ਕੀਤਾ ਗਿਆ ਹੈ। 

ਚਿੱਠੀ ਵਿਚ ਕਿਹਾ ਗਿਆ ਹੈ ਕਿ ਜਦੋਂ ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਦੇ ਖਿੱਤੇ ਨੂੰ ਸੁਰੱਖਿਆ ਦਿੰਦੀ ਧਾਰਾ 370 ਨੂੰ ਖਤਮ ਕੀਤਾ ਸੀ ਤਾਂ ਵੀ ਇਹਨਾਂ ਸੰਸਦ ਮੈਂਬਰਾਂ ਨੇ ਧਾਰਾ ਖਤਮ ਕਰਨ ਦੇ ਖਿਲਾਫ ਅਵਾਜ਼ ਚੁੱਕ ਕੇ ਭਾਰਤ ਦੇ ਅੰਦਰੂਨੀ ਮਾਮਲੇ ਵਿਚ ਦਖਲ ਦਿੱਤੀ ਸੀ। 

ਚਿੱਠੀ ਵਿਚ ਕੈਨੇਡਾ ਦੇ ਵਿਵਾਦਤ ਪੱਤਰਕਾਰ ਟੈਰੀ ਮਿਲਸਕੀ ਦੀ ਖਾਲਿਸਤਾਨ ਸਬੰਧੀ ਵਿਵਾਦਤ ਰਿਪੋਰਟ ਦਾ ਵੀ ਜ਼ਿਕਰ ਕੀਤਾ ਗਿਆ ਹੈ। ਬਰਤਾਨਵੀ ਸੰਸਦ ਮੈਂਬਰਾਂ ਵੱਲੋਂ ਮਨੁੱਖੀ ਹੱਕਾਂ ਲਈ ਚੁੱਕੀ ਜਾਂਦੀ ਅਵਾਜ਼ ਨੂੰ ਸੰਯੁਕਤ ਰਾਸ਼ਟਰ ਚਾਰਟਰ ਦਾ ਹਵਾਲਾ ਦਿੰਦਿਆਂ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇ ਨਾਂ ਹੇਠ ਗਲਤ ਐਲਾਨਿਆ ਗਿਆ ਹੈ। 

ਚਿੱਠੀ ਲਿਖਣ ਵਾਲਿਆਂ ਨੇ ਕਿਹਾ ਹੈ ਕਿ ਇਹਨਾਂ ਸੰਸਦ ਮੈਂਬਰਾਂ ਦੀਆਂ ਕਾਰਵਾਈਆਂ ਭਾਰਤ ਵਿਰੋਧੀ ਅਤੇ ਭਾਰਤ ਤੋਂ ਵੱਖ ਹੋਣ ਦੀ ਇੱਛਾ ਰੱਖਦੇ ਲੋਕਾਂ ਦੀ ਹਮਾਇਤ ਵਿਚ ਹੁੰਦੀਆਂ ਹਨ ਜਿਸ ਨਾਲ ਕਿ ਬਰਤਾਨੀਆ ਅਤੇ ਭਾਰਤ ਦੇ ਸਬੰਧ ਖਰਾਬ ਹੋ ਸਕਦੇ ਹਨ। ਉਹਨਾਂ ਕਿਹਾ ਕਿ ਇਹਨਾਂ ਸੰਸਦ ਮੈਂਬਰਾਂ ਨੂੰ ਭਾਰਤ ਵਿਚ ਦਾਖਲ ਨਾ ਹੋਣ ਦਿੱਤਾ ਜਾਵੇ। ਇਸ ਲਈ ਇਹਨਾਂ ਲੋਕਾਂ ਨੇ ਭਾਰਤੀ ਉੱਚ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਮੈਂਬਰਾਂ ਦੀ ਭਾਰਤ ਵਿਚ ਕਿਸੇ ਵੀ ਤਰ੍ਹਾਂ ਦੀ ਆਰਥਿਕ ਗਤੀਵਿਧੀ 'ਤੇ ਰੋਕ ਲਾਈ ਜਾਵੇ ਅਤੇ ਇਹਨਾਂ ਦੇ ਭਾਰਤ ਦਾਖਲ ਹੋਣ ਦੇ ਵੀਜ਼ੇ ਰੱਦ ਕੀਤੇ ਜਾਣ। 

ਦੱਸ ਦਈਏ ਕਿ ਭਾਰਤ ਦੀ ਮੋਜੂਦਾ ਸਰਕਾਰ ਵੱਲੋਂ ਕਿਸਾਨਾਂ ਖਿਲਾਫ ਤਿੰਨ ਨਵੇਂ ਕਾਨੂੰਨ ਬਣਾਏ ਗਏ ਹਨ ਜਿਹਨਾਂ ਖਿਲਾਫ ਪ੍ਰਦਰਸ਼ਨ ਕਰਦਿਆਂ ਲੱਖਾਂ ਦੀ ਗਿਣਤੀ 'ਚ ਕਿਸਾਨਾਂ ਨੇ ਭਾਰਤ ਦੀ ਰਾਜਧਾਨੀ ਦਿੱਲੀ ਨੂੰ ਘੇਰਾ ਪਾਇਆ ਹੋਇਆ ਹੈ ਅਤੇ ਸ਼ਾਂਤਮਈ ਤਰੀਕੇ ਨਾਲ ਇਹਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੇ ਇਸ ਸੰਘਰਸ਼ ਨੂੰ ਹੋਰ ਕਈ ਦੇਸ਼ਾਂ ਵਾਂਗ ਬਰਤਾਨੀਆ ਵਿਚੋਂ ਵੀ ਵੱਡਾ ਸਮਰਥਨ ਮਿਲਿਆ ਹੈ।