ਸਰਕਾਰ ਨੇ ਕਿਸਾਨਾਂ ਨੂੰ ਗੱਲਬਾਤ ਵਾਸਤੇ ਆਪਣੀ ਮਰਜ਼ੀ ਦੀ ਤਰੀਕ ਤੈਅ ਕਰਨ ਲਈ ਕਿਹਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸਰਕਾਰ ਨੇ ਕਿਸਾਨਾਂ ਨੂੰ ਅਗਲੀ ਬੈਠਕ ਲਈ ਸੁਨੇਹਾ ਭੇਜਦਿਆਂ ਬੈਠਕ ਦੀ ਤਰੀਕ ਖੁਦ ਨਿਯਤ ਕਰਨ ਲਈ ਕਿਹਾ ਹੈ। ਭਾਰਤ ਸਰਕਾਰ ਦੇ ਖੇਤੀ ਮਹਿਕਮੇ ਦੇ ਸਕੱਤਰ ਵਿਵੇਕ ਅਗ੍ਰਵਾਲ ਵੱਲੋਂ ਕਿਸਾਨ ਆਗੂ ਡਾ. ਦਰਸ਼ਨਪਾਲ ਨੂੰ ਭੇਜੇ ਗਏ ਪੰਜ ਸਫਿਆਂ ਦੇ ਪੱਤਰ ਵਿਚ ਕਿਹਾ ਗਿਆ ਹੈ ਕਿ ਕਿਸਾਨ ਜਥੇਬੰਦੀਆਂ ਪਿਛਲੀਆਂ ਬੈਠਕਾਂ ਦੇ ਇਤਰਾਜ਼ਾਂ ਸਬੰਧੀ ਸਰਕਾਰ ਨਾਲ ਅਗਲੀ ਬੈਠਕ ਕਰਨ ਲਈ ਸਮਾਂ ਤੈਅ ਕਰਨ ਤਾਂ ਕਿ ਮਸਲੇ ਦਾ ਹੱਲ ਕੀਤਾ ਜਾ ਸਕੇ ਅਤੇ ਇਹ ਸੰਘਰਸ਼ ਛੇਤੀ ਖਤਮ ਹੋ ਸਕੇ।
ਦੱਸ ਦਈਏ ਕਿ ਸਰਕਾਰ ਅਤੇ ਕਿਸਾਨਾਂ ਦਰਮਿਆਨ ਗੱਲਬਾਤ ਟੁੱਟਣ ਮਗਰੋਂ ਸਰਕਾਰ ਨੇ ਕਿਹਾ ਸੀ ਕਿ ਕਿਸਾਨ ਜਥੇਬੰਦੀਆਂ ਨੇ ਸਰਕਾਰ ਵੱਲੋਂ ਸਮਝੌਤੇ ਲਈ ਭੇਜੀ ਤਜਵੀਜ਼ ਦਾ ਕੋਈ ਲਿਖਤੀ ਜਵਾਬ ਨਹੀਂ ਮਿਲਿਆ ਸੀ। ਇਸ ਟਿੱਪਣੀ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਡਾ. ਦਰਸ਼ਨਪਾਲ ਨੇ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰੀ ਤਜਵੀਜ਼ ਰੱਦ ਕਰਨ ਸਬੰਧੀ ਇਕ ਚਿੱਠੀ ਭਾਰਤ ਸਰਕਾਰ ਨੂੰ 16 ਦਸੰਬਰ ਵਾਲੇ ਦਿਨ ਭੇਜੀ ਸੀ। ਇਸ ਤੋਂ ਬਾਅਦ ਹੁਣ ਸਰਕਾਰ ਦੀ ਇਹ ਚਿੱਠੀ ਆਈ ਹੈ।
ਸੰਘਰਸ਼ ਦੌਰਾਨ ਵਿਛੋੜਾ ਦੇ ਗਈਆਂ ਰੂਹਾਂ ਨੂੰ ਯਾਦ ਕੀਤਾ ਗਿਆ
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਸਿੰਘੂ ਤੇ ਟਿਕਰੀ ਬਾਰਡਰਾਂ ’ਤੇ ਕਿਸਾਨ ਅੰਦੋਲਨ ਦੌਰਾਨ ਵੱਖ-ਵੱਖ ਕਾਰਨਾਂ ਕਰਕੇ ਜਾਨ ਗੁਆਉਣ ਵਾਲੇ ਕਿਸਾਨਾਂ ਨੂੰ ਅੱਜ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ’ਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਪਿੰਡ ਤੇ ਬਲਾਕ ਪੱਧਰ ’ਤੇ ਸਵੇਰੇ 11 ਵਜੇ ਤੋਂ ਇਕ ਵਜੇ ਤੱਕ ਸ਼ਰਧਾਂਜਲੀ ਸਮਾਗਮ ਕੀਤੇ ਗਏ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਰੱਜ ਕੇ ਭੰਡਿਆ।
ਪੰਜਾਬ ਵਿਚ ਵੀ ਥਾਂ-ਥਾਂ ਇਹਨਾਂ ਵਿਛੜੀਆਂ ਰੂਹਾਂ ਦੀ ਯਾਦ ਵਿਚ ਅਰਦਾਸ ਕੀਤੀ ਗਈ ਅਤੇ ਸ਼ਾਮ ਨੂੰ ਕਈ ਥਾਵਾਂ 'ਤੇ ਮੋਮਬੱਤੀ ਮਾਰਚ ਕੀਤੇ ਗਏ।
Comments (0)