ਭਾਜਪਾ ਵਿਧਾਇਕ ਪੈਗੰਬਰ ਮੁਹੰਮਦ ਖ਼ਿਲਾਫ਼ ਵਿਵਾਦਿਤ ਟਿੱਪਣੀ ਕਰਨ ਬਾਅਦ ਗਿ੍ਫ਼ਤਾਰ

ਭਾਜਪਾ ਵਿਧਾਇਕ ਪੈਗੰਬਰ ਮੁਹੰਮਦ ਖ਼ਿਲਾਫ਼ ਵਿਵਾਦਿਤ ਟਿੱਪਣੀ ਕਰਨ ਬਾਅਦ ਗਿ੍ਫ਼ਤਾਰ

  *ਪਾਰਟੀ ਨੇ ਕੀਤਾ ਮੁਅੱਤਲ ,ਨੋਟਿਸ ਜਾਰੀ ਕਰਕੇ 10 ਦਿਨਾਂ ਵਿਚ  ਮੰਗਿਆ ਜਵਾਬ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ-ਤੇਲੰਗਾਨਾ ਵਿਚ ਪੈਗੰਬਰ ਮੁਹੰਮਦ ਨੂੰ ਨਿਸ਼ਾਨਾ ਬਣਾ ਕੇ ਵਿਵਾਦਿਤ ਟਿੱਪਣੀ ਕਰਨ ਵਾਲੇ ਭਾਜਪਾ ਵਿਧਾਇਕ ਟੀ. ਰਾਜਾ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਗਿਆ । ਜਿਸ ਤੋਂ ਬਾਅਦ ਭਾਜਪਾ ਨੇ ਰਾਜਾ ਸਿੰਘ ਨੂੰ ਮੁਅੱਤਲ ਕਰ ਦਿੱਤਾ ਅਤੇ ਉਸ ਨੂੰ ਨੋਟਿਸ ਜਾਰੀ ਕਰਕੇ 10 ਦਿਨਾਂ ਵਿਚ ਜਵਾਬ ਮੰਗਿਆ ਹੈ ਕਿ ਉਸ ਨੂੰ ਪਾਰਟੀ ਵਿਚੋਂ ਕਿਉਂ ਨਾ ਕੱਢਿਆ ਜਾਵੇ । ਹਾਲਾਂਕਿ ਬਾਅਦ ਵਿਚ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਵਲੋਂ ਹਟਾ ਦਿੱਤਾ ਗਿਆ, ਜਿਸ 'ਤੇ ਇਸ ਨੂੰ ਅਪਲੋਡ ਕੀਤਾ ਗਿਆ ਸੀ । ਰਾਜਾ ਸਿੰਘ ਦੀ ਵਿਵਾਦਿਤ ਟਿੱਪਣੀ ਤੋਂ ਬਾਅਦ ਤੇਲੰਗਾਨਾ ਵਿਚ ਮੁਸਲਿਮ ਭਾਈਚਾਰੇ ਵਲੋਂ ਕਈ ਥਾਈਂ ਪ੍ਰਦਰਸ਼ਨ ਸ਼ੁਰੂ ਹੋ ਗਏ ।  ਪੁਲਿਸ ਅਨੁਸਾਰ ਭਾਜਪਾ ਵਿਧਾਇਕ ਖ਼ਿਲਾਫ਼ ਕਈ ਪੁਲਿਸ ਥਾਣਿਆਂ ਵਿਚ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ । ਉਨ੍ਹਾਂ ਦੱਸਿਆ ਕਿ ਉਕਤ ਭਾਜਪਾ ਵਿਧਾਇਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ । ਹਾਲਾਂਕਿ ਭਾਜਪਾ ਵਿਧਾਇਕ ਦੇ ਸਮਰਥਕਾਂ ਨੇ ਦਲੀਲ ਦਿੱਤੀ ਕਿ ਉਸ ਨੇ ਕਿਸੇ ਧਰਮ ਜਾਂ ਧਾਰਮਿਕ ਸ਼ਖਸੀਅਤ ਦਾ ਨਾਂਅ ਨਹੀਂ ਲਿਆ ।