ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ
ਕੈਪਸ਼ਨ- ਭਾਈ ਦਿਲਾਵਰ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੀ ਭਰਜਾਈ ਦਾ ਸਨਮਾਨ ਕੀਤੇ ਜਾਣ ਦਾ ਦ੍ਰਿਸ਼।

ਅੰਮ੍ਰਿਤਸਰ/ਬਿਊਰੋ ਨਿਊਜ਼ :
ਮਨੁੱਖੀ ਬੰਬ ਬਣ ਕੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨ ਵਾਲੇ ਭਾਈ ਦਿਲਾਵਰ ਸਿੰਘ ਦਾ 22ਵਾਂ ਸ਼ਹੀਦੀ ਦਿਹਾੜਾ ਪੰਥਕ ਜਥੇਬੰਦੀਆਂ ਵੱਲੋਂ ਅਕਾਲ ਤਖ਼ਤ ‘ਤੇ ਮਨਾਇਆ ਗਿਆ। ਇਸ ਮੌਕੇ ਪਰਿਵਾਰ ਵੱਲੋਂ ਰਖਵਾਏ ਗਏ ਅਖੰਡ ਪਾਠ ਦਾ ਭੋਗ ਪਾਇਆ ਗਿਆ ਤੇ ਰਾਗੀ ਸਿੰਘਾਂ ਨੇ ਕੀਰਤਨ ਕੀਤਾ। ਇਸ ਸਮਾਗਮ ਵਿੱਚ ਜਿੱਥੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਮੁਤਵਾਜ਼ੀ ਜਥੇਦਾਰ ਗੈਰਹਾਜ਼ਰ ਰਹੇ, ਉੱਥੇ ਸ਼੍ਰੋਮਣੀ ਕਮੇਟੀ ਨੇ ਵੀ ਦੂਰੀ ਬਣਾਈ ਰੱਖੀ। ਗਰਮਖਿਆਲੀ ਆਗੂਆਂ ਨੇ ਭਾਈ ਦਿਲਾਵਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਵੱਲੋਂ 2011 ਵਿੱਚ ਭਾਈ ਦਿਲਾਵਰ ਸਿੰਘ ਨੂੰ ਮਹਾਨ ਸ਼ਹੀਦ ਦਾ ਖ਼ਿਤਾਬ ਦਿੱਤਾ ਗਿਆ ਸੀ। ਇਸ ਮੌਕੇ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਆਇਆ ਸੰਦੇਸ਼ ਗੁਰਚਰਨ ਸਿੰਘ ਬਹਾਦਰਗੜ੍ਹ ਨੇ ਪੜ੍ਹ ਕੇ ਸੁਣਾਇਆ। ਸਮਾਗਮ ਵਿੱਚ ਹਾਜ਼ਰ ਆਗੂਆਂ ਨੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਿੱਖ ਸੰਘਰਸ਼ ਜਾਰੀ ਰੱਖਣ ਦੀ ਵਚਨਬੱਧਤਾ ਦੁਹਰਾਈ। ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਬੁਲਾਰੇ ਕੰਵਰਪਾਲ ਸਿੰਘ ਨੇ ਭਾਈ ਦਿਲਾਵਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ ਵੱਡੀ ਪੱਧਰ ‘ਤੇ ਮਨਾਉਣਾ ਚਾਹੀਦਾ ਹੈ। ਇਸ ਮੌਕੇ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੇ ਭਾਈ ਦਿਲਾਵਰ ਸਿੰਘ ਦੇ ਭਰਾ ਚਮਕੌਰ ਸਿੰਘ ਅਤੇ ਭਰਜਾਈ ਤੇ ਭਤੀਜੇ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਅਕਾਲੀ ਦਲ ਮਾਨ ਦੇ ਆਗੂ ਜਰਨੈਲ ਸਿੰਘ ਸਖੀਰਾ, ਦਲ ਖ਼ਾਲਸਾ ਦੇ ਸਰਬਜੀਤ ਸਿੰਘ ਘੁਮਾਣ, ਅਮਰੀਕ ਸਿੰਘ ਈਸੜੂ, ਬਲਦੇਵ ਸਿੰਘ ਸਿਰਸਾ ਤੇ ਪਰਮਜੀਤ ਸਿੰਘ ਟਾਂਡਾ ਮੌਜੂਦ ਸਨ।